ਨਿਊਜ਼ ਡੈਸਕ: ਭਾਰਤ ਅਤੇ ਨਿਊਜ਼ੀਲੈਂਡ ਨੇ ਸੋਮਵਾਰ ਨੂੰ ਇੱਕ ਇਤਿਹਾਸਕ ਮੁਕਤ ਵਪਾਰ ਸਮਝੌਤੇ (FTA) ‘ਤੇ ਦਸਤਖ਼ਤ ਕੀਤੇ ਹਨ। ਇਸ ਸਮਝੌਤੇ ਨਾਲ ਦੋਵਾਂ ਦੇਸ਼ਾਂ ਦੇ ਆਰਥਿਕ ਸਬੰਧਾਂ ਵਿੱਚ ਇੱਕ ਨਵਾਂ ਅਧਿਆਏ ਸ਼ੁਰੂ ਹੋਵੇਗਾ। ਨਿਊਜ਼ੀਲੈਂਡ ਦੀ ਸੰਸਦ ਦੀ ਮਨਜ਼ੂਰੀ ਤੋਂ ਬਾਅਦ, ਇਸ ਦੇ ਇਸੇ ਸਾਲ ਦੇ ਅੰਤ ਤੱਕ ਲਾਗੂ ਹੋਣ ਦੀ ਉਮੀਦ ਹੈ।
100 ਫੀਸਦੀ ਨਿਰਯਾਤ ਹੋਵੇਗਾ ਡਿਊਟੀ ਫ੍ਰੀ
ਇਸ ਸਮਝੌਤੇ ਤਹਿਤ ਨਿਊਜ਼ੀਲੈਂਡ ਵਿੱਚ ਭਾਰਤ ਦਾ 100 ਫੀਸਦੀ ਨਿਰਯਾਤ ਡਿਊਟੀ ਫ੍ਰੀ ਯਾਨੀ ਟੈਕਸ ਮੁਕਤ ਰਹੇਗਾ। ਇਸ ਵਿੱਚ ਮੁੱਖ ਤੌਰ ‘ਤੇ ਕੱਪੜਾ, ਚਮੜੇ ਦੇ ਜੁੱਤੇ, ਰਤਨ ਅਤੇ ਗਹਿਣੇ ਸ਼ਾਮਲ ਹਨ। ਪਹਿਲਾਂ ਇਨ੍ਹਾਂ ਉਤਪਾਦਾਂ ‘ਤੇ 10 ਫੀਸਦੀ ਤੱਕ ਦੀ ਡਿਊਟੀ ਲੱਗਦੀ ਸੀ।
ਭਾਰਤ ਵਿੱਚ ਨਿਊਜ਼ੀਲੈਂਡ ਦੇ 70 ਫੀਸਦੀ ਉਤਪਾਦਾਂ ‘ਤੇ ਟੈਰਿਫ ਵਿੱਚ ਛੋਟ ਮਿਲੇਗੀ, ਜੋ ਕਿ ਕੁੱਲ ਵਪਾਰਕ ਮੁੱਲ ਦਾ 95 ਫੀਸਦੀ ਹੈ। ਹਾਲਾਂਕਿ, ਭਾਰਤ ਨੇ ਆਪਣੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ 30 ਫੀਸਦੀ ਸੰਵੇਦਨਸ਼ੀਲ ਉਤਪਾਦਾਂ ਜਿਵੇਂ ਕਿ ਡੇਅਰੀ, ਪਿਆਜ਼, ਛੋਲੇ, ਮੱਕੀ, ਬਾਦਾਮ, ਖੰਡ ਅਤੇ ਤੇਲ ਨੂੰ ਇਸ ਸਮਝੌਤੇ ਤੋਂ ਬਾਹਰ ਰੱਖਿਆ ਹੈ।
ਵਪਾਰ ਅਤੇ ਨਿਵੇਸ਼ ਦਾ ਨਵਾਂ ਟੀਚਾ
ਅਗਲੇ 5 ਸਾਲਾਂ ਵਿੱਚ ਦੁਵੱਲੇ ਵਪਾਰ ਨੂੰ ਵਧਾ ਕੇ 5 ਅਰਬ ਡਾਲਰ ਯਾਨੀ ਕਰੀਬ 47,065 ਕਰੋੜ ਰੁਪਏ ਕਰਨ ਦਾ ਟੀਚਾ ਹੈ। ਸਾਲ 2024 ਵਿੱਚ ਇਹ ਵਪਾਰ 2.4 ਅਰਬ ਡਾਲਰ ਰਿਹਾ ਸੀ। ਅਗਲੇ 15 ਸਾਲਾਂ ਵਿੱਚ ਭਾਰਤ ਵਿੱਚ 20 ਅਰਬ ਡਾਲਰ ਦਾ ਸਿੱਧਾ ਵਿਦੇਸ਼ੀ ਨਿਵੇਸ਼ ਆਉਣ ਦੀ ਉਮੀਦ ਹੈ। ਇਸ ਦੇ ਨਾਲ ਹੀ ਭਾਰਤ ਨੂੰ 139 ਉਪ ਖੇਤਰਾਂ ਵਿੱਚ ਮੋਸਟ ਫੇਵਰਡ ਨੇਸ਼ਨ ਦਾ ਦਰਜਾ ਮਿਲੇਗਾ।
ਭਾਰਤੀ ਪੇਸ਼ੇਵਰਾਂ ਅਤੇ ਵਿਦਿਆਰਥੀਆਂ ਲਈ ਖੁਸ਼ਖਬਰੀ
ਇਸ ਸਮਝੌਤੇ ਦਾ ਸਭ ਤੋਂ ਵੱਧ ਫਾਇਦਾ ਭਾਰਤੀ ਨੌਜਵਾਨਾਂ ਨੂੰ ਹੋਵੇਗਾ। ਭਾਰਤੀ ਪੇਸ਼ੇਵਰਾਂ ਨੂੰ ਹਰ ਸਾਲ 5,000 ਅਸਥਾਈ ਵਰਕ ਵੀਜ਼ਾ ਦਿੱਤੇ ਜਾਣਗੇ, ਜਿਸ ਤਹਿਤ ਉਹ 3 ਸਾਲ ਤੱਕ ਉੱਥੇ ਰਹਿ ਸਕਣਗੇ। ਭਾਰਤੀ ਵਿਦਿਆਰਥੀਆਂ ਲਈ ਪੋਸਟ ਸਟੱਡੀ ਵਰਕ ਵੀਜ਼ਾ ਦੀ ਸਹੂਲਤ ਹੋਵੇਗੀ। ਗ੍ਰੈਜੂਏਟ ਜਾਂ ਮਾਸਟਰਜ਼ ਲਈ 3 ਸਾਲ ਅਤੇ ਪੀਐਚਡੀ ਲਈ 4 ਸਾਲ ਦਾ ਵਰਕ ਵੀਜ਼ਾ ਮਿਲੇਗਾ। ਇਸ ਤੋਂ ਇਲਾਵਾ 1,000 ਭਾਰਤੀ ਨੌਜਵਾਨਾਂ ਨੂੰ ਹਰ ਸਾਲ ਵਰਕਿੰਗ ਹੌਲੀਡੇ ਵੀਜ਼ਾ ਦੀ ਸਹੂਲਤ ਵੀ ਦਿੱਤੀ ਜਾਵੇਗੀ।
ਸਰਵਿਸ ਸੈਕਟਰ ਵਿੱਚ ਵੱਡੀ ਪਹੁੰਚ
ਆਈਟੀ, ਸਿੱਖਿਆ, ਸੈਰ ਸਪਾਟਾ ਅਤੇ ਵਿੱਤੀ ਸੇਵਾਵਾਂ ਸਮੇਤ 118 ਸੈਕਟਰਾਂ ਦੇ ਬਾਜ਼ਾਰਾਂ ਤੱਕ ਭਾਰਤ ਦੀ ਪਹੁੰਚ ਹੋਵੇਗੀ। ਨਿਊਜ਼ੀਲੈਂਡ ਦੇ ਵਪਾਰ ਮੰਤਰੀ ਮੈਕਲੇ ਨੇ ਇਸ ਨੂੰ ਪੀੜ੍ਹੀਆਂ ਵਿੱਚ ਇੱਕ ਵਾਰ ਮਿਲਣ ਵਾਲਾ ਮੌਕਾ ਦੱਸਿਆ ਹੈ, ਜੋ ਦੋਵਾਂ ਦੇਸ਼ਾਂ ਵਿੱਚ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰੇਗਾ। ਪਿਛਲੇ ਸਾਢੇ ਤਿੰਨ ਸਾਲਾਂ ਵਿੱਚ ਭਾਰਤ ਦਾ ਇਹ ਸੱਤਵਾਂ ਮੁਕਤ ਵਪਾਰ ਸਮਝੌਤਾ ਹੈ।

