ਨਵੀ ਦਿੱਲੀ : ਭਾਰਤ ਨੇ ਪਾਕਿਸਤਾਨੀ ਜਹਾਜ਼ਾਂ ਲਈ ਆਪਣਾ ਹਵਾਈ ਖੇਤਰ (ਏਅਰਸਪੇਸ) ਵਰਤਣ ‘ਤੇ ਲੱਗੀ ਪਾਬੰਦੀ ਨੂੰ 24 ਮਈ ਤੱਕ ਵਧਾ ਦਿੱਤਾ ਹੈ। ਭਾਰਤ ਨੇ ਪਾਕਿਸਤਾਨੀ ਜਹਾਜ਼ਾਂ ਲਈ ਇਹ ਪਾਬੰਦੀ ਕਰੀਬ ਇੱਕ ਸਾਲ ਤੋਂ ਲਗਾਈ ਹੋਈ ਹੈ। ਇਸੇ ਤਰ੍ਹਾਂ ਪਾਕਿਸਤਾਨ ਨੇ ਵੀ ਭਾਰਤੀ ਜਹਾਜ਼ਾਂ ਦੇ ਆਪਣੇ ਹਵਾਈ ਖੇਤਰ ਦੀ ਵਰਤੋਂ ਕਰਨ ‘ਤੇ ਰੋਕ ਲਗਾਈ ਹੋਈ ਹੈ।
ਦੱਸ ਦਈਏ ਕਿ ਪਿਛਲੇ ਸਾਲ 22 ਅਪ੍ਰੈਲ ਨੂੰ ਜੰਮੂ-ਕਸ਼ਮੀਰ ਵਿੱਚ ਹੋਏ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਪੈਦਾ ਹੋਏ ਹਾਲਾਤਾਂ ਕਾਰਨ ਭਾਰਤ ਅਤੇ ਪਾਕਿਸਤਾਨ ਦੋਵਾਂ ਨੇ ਇੱਕ-ਦੂਜੇ ਲਈ ਆਪਣਾ ਏਅਰਸਪੇਸ ਬੰਦ ਕਰਨ ਵਾਲਾ ਕਦਮ ਚੁੱਕਿਆ ਸੀ। 22 ਅਪ੍ਰੈਲ, 2025 ਨੂੰ ਪਹਿਲਗਾਮ ਦੀ ਬੈਸਰਨ ਘਾਟੀ ਵਿੱਚ ਪਾਕਿਸਤਾਨੀ ਅੱਤਵਾਦੀਆਂ ਨੇ 26 ਨਿਰਦੋਸ਼ਾਂ ਨੂੰ ਧਰਮ ਪੁੱਛ ਕੇ ਬੇਰਹਿਮੀ ਨਾਲ ਮਾਰ ਦਿੱਤਾ ਸੀ।
ਭਾਰਤ ਵੱਲੋਂ ਸੰਭਾਵਿਤ ਫੌਜੀ ਕਾਰਵਾਈ ਦੇ ਡਰੋਂ ਪਾਕਿਸਤਾਨ ਨੇ 24 ਅਪ੍ਰੈਲ, 2025 ਤੋਂ ਹੀ ਆਪਣਾ ਏਅਰਸਪੇਸ ਭਾਰਤੀ ਜਹਾਜ਼ਾਂ ਲਈ ਬੰਦ ਕਰ ਦਿੱਤਾ ਸੀ। ਇਸ ਤੋਂ ਬਾਅਦ ਭਾਰਤ ਨੇ ਉਸੇ ਸਾਲ 30 ਅਪ੍ਰੈਲ ਤੋਂ ਪਾਕਿਸਤਾਨੀ ਜਹਾਜ਼ਾਂ ਲਈ ਇਹ ਪਾਬੰਦੀ ਲਗਾਈ ਸੀ।
ਉਦੋਂ ਤੋਂ ਲੈ ਕੇ ਹੁਣ ਤੱਕ ਦੋਵੇਂ ਦੇਸ਼ ਇਸ ਏਅਰਸਪੇਸ ਪਾਬੰਦੀ ਨੂੰ ਵਧਾਉਂਦੇ ਆ ਰਹੇ ਹਨ। ਭਾਰਤ ਤੋਂ ਪਹਿਲਾਂ ਪਾਕਿਸਤਾਨ ਨੇ ਵੀ 24 ਮਈ, 2026 ਤੱਕ ਲਈ ਭਾਰਤੀ ਜਹਾਜ਼ਾਂ ਲਈ ਆਪਣਾ ਹਵਾਈ ਖੇਤਰ ਬੰਦ ਰੱਖਣ ਦੀ ਮਿਆਦ ਵਧਾ ਦਿੱਤੀ ਹੈ।
ਭਾਰਤ ਵੱਲੋਂ ਪਾਕਿਸਤਾਨੀ ਉਡਾਣਾਂ ਲਈ ਆਪਣਾ ਹਵਾਈ ਖੇਤਰ ਬੰਦ ਰੱਖਣ ਦੀ ਸਮਾਂ-ਸੀਮਾ ਵਧਾਉਣ ਦਾ ਮਤਲਬ ਹੈ ਕਿ ਪਾਕਿਸਤਾਨ ਵਿੱਚ ਰਜਿਸਟਰਡ ਜਹਾਜ਼ ਭਾਰਤੀ ਹਵਾਈ ਖੇਤਰ ਵਿੱਚ ਅੱਗੇ ਦਾਖਲ ਨਹੀਂ ਹੋ ਸਕਣਗੇ। ਪਾਕਿਸਤਾਨੀ ਏਅਰਲਾਈਨਜ਼ ਜਾਂ ਪਾਕਿਸਤਾਨੀ ਆਪਰੇਟਰਾਂ ਦੁਆਰਾ ਚਲਾਏ ਜਾ ਰਹੇ ਜਹਾਜ਼ਾਂ ਦੇ ਵੀ ਭਾਰਤੀ ਏਅਰਸਪੇਸ ਵਿੱਚ ਵੜਨ ‘ਤੇ ਲੱਗੀ ਪਾਬੰਦੀ ਜਾਰੀ ਰਹੇਗੀ। ਪਾਕਿਸਤਾਨੀ ਫੌਜੀ ਜਹਾਜ਼ ਵੀ ਭਾਰਤੀ ਹਵਾਈ ਖੇਤਰ ਵਿੱਚ ਵੜਨ ਦੀ ਗੁਸਤਾਖ਼ੀ ਨਹੀਂ ਕਰ ਸਕਣਗੇ।ਇਸ ਸਬੰਧੀ ਨੋਟਿਸ ਟੂ ਏਅਰਮੈਨ (NOTAM) ਜਾਰੀ ਕੀਤਾ ਗਿਆ, ਜਿਸ ਵਿੱਚ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ ਇਹ ਪਾਬੰਦੀ 24 ਮਈ ਦੀ ਸਵੇਰ ਤੱਕ ਜਾਰੀ ਰਹੇਗੀ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

