ਨਿਊਜ਼ ਡੈਸਕ: ਪੰਜਾਬੀ ਗਾਇਕ ਇੰਦਰਜੀਤ ਨਿੱਕੂ ਆਪਣੀ ਇੱਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਚਰਚਾ ਵਿੱਚ ਆ ਗਏ ਹਨ। ਜਿਸ ‘ਚ ਨਿੱਕੂ ਇੱਕ ਸਾਧ ਕੋਲ ਆਪਣੇ ਦੁੱਖ ਦੱਸਦਿਆਂ ਰੋਂਦੇ ਹੋਏ ਨਜ਼ਰ ਆ ਰਹੇ ਸਨ। ਵੀਡੀਓ ‘ਚ ਇੰਦਰਜੀਤ ਨਿੱਕੂ ਸਾਧ ਨੂੰ ਦੱਸਦੇ ਹਨ ਕਿ ਉਨ੍ਹਾਂ ਦੀ ਸਿਹਤ ਠੀਕ ਨਹੀਂ ਰਹਿੰਦੀ ਤੇ ਉਹ ਬਹੁਤ ਤਣਾਅ ‘ਚ ਰਹਿੰਦੇ ਹਨ। ਨਿੱਕੂ ਨੇ ਦੱਸਿਆ ਕਿ ਗਾਇਕ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਕੋਈ ਕੰਮ ਨਹੀਂ ਮਿਲ ਰਿਹਾ। ਪੈਸਿਆਂ ਦੀ ਬਹੁਤ ਤੰਗੀ ਹੈ ਅਤੇ ਸਿਰ ‘ਤੇ ਕਰਜ਼ ਹੈ। ਆਪਣੀਆਂ ਪਰੇਸ਼ਾਨੀਆਂ ਦੱਸਦੇ ਹੋਏ ਨਿੱਕੂ ਇਸ ਦੌਰਾਨ ਭਾਵੁਕ ਵੀ ਹੋਏ।
ਇਸ ਨੂੰ ਲੈ ਕੇ ਲੋਕਾਂ ਵਲੋਂ ਨਿੱਕੂ ਨੂੰ ਰਲ਼ੀਆਂ-ਮਿਲੀਆਂ ਪ੍ਰਤੀਕਿਰਿਆਵਾਂ ਮਿਲਣੀਆਂ ਸ਼ੁਰੂ ਹੋ ਗਈਆਂ। ਨਿੱਕੂ ‘ਤੇ ਕਈ ਤਰ੍ਹਾਂ ਦੇ ਸਵਾਲ ਵੀ ਚੁੱਕੇ ਜਾ ਰਹੇ ਸਨ। ਕੁਝ ਲੋਕਾਂ ਨੇ ਉਨ੍ਹਾਂ ਨੂੰ ਇਸ ਗੱਲ ‘ਤੇ ਟਰੋਲ ਕੀਤਾ ਕਿ ਉਨ੍ਹਾਂ ਨੂੰ ਇਸ ਤਰ੍ਹਾਂ ਦੇ ਸਮਾਗਮ ‘ਚ ਅਤੇ ਬਿਨਾਂ ਦਸਤਾਰ ਦੇ ਨਹੀਂ ਜਾਣਾ ਚਾਹੀਦਾ ਸੀ, ਜਦਕਿ ਕਈਆਂ ਨੇ ਉਨ੍ਹਾਂ ਨੂੰ ਹੌਸਲਾ ਰੱਖਣ ਦੀ ਗੱਲ ਕਹੀ।
ਇੰਦਰਜੀਤ ਨਿੱਕੂ ਦਾ ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ, ਪੰਜਾਬ ਦੇ ਕਈ ਕਲਾਕਾਰ ਉਨ੍ਹਾਂ ਦਾ ਹੌਸਲਾ ਵਧਾਉਣ ਲਈ ਅੱਗੇ ਆਏ। ਜਿਸ ਤੋਂ ਬਾਅਦ ਹੁਣ ਨਿੱਕੂ ਨੇ ਵੀ ਇੱਕ ਸੋਸ਼ਲ ਮੀਡੀਆ ਪੋਸਟ ਰਾਹੀਂ ਹੌਸਲਾ ਵਧਾਉਣ ਵਾਲੇ ਸਾਥੀ ਕਲਾਕਾਰਾਂ ਅਤੇ ਆਪਣੇ ਫੈਨਜ਼ ਦਾ ਧੰਨਵਾਦ ਕੀਤਾ।
ਨਿੱਕੂ ਨੇ ਪੋਸਟ ਕਰਕੇ ਲਿਖਿਆ, ‘ਸਭ ਪਿਆਰ ਕਰਨ ਵਾਲਿਆਂ ਨੂੰ ਦਿਲੋਂ ਪਿਆਰ ਤੇ ਸਤਿਕਾਰ, ਜਿਵੇਂ ਤੁਸੀਂ ਪਿਆਰ ਤੇ ਸਾਥ ਦੇ ਰਹੇ ਓਂ, ਮੇਰਾ ਪੂਰਾ ਪਰਿਵਾਰ ਇਹ ਖੁਸ਼ੀ ਤੇ ਹੌਸਲੇ ਦਾ ਅਹਿਸਾਸ ਬਿਆਨ ਨੀ ਕਰ ਸਕਦਾ। ਮੇਰੀ ਆਪਣੀ ਸਾਰੀ ਇੰਡਸਟਰੀ ਦਾ ਸਾਥ, ਸਿੰਗਰਸ, ਰਾਈਟਰਸ, ਮਿਊਜਿਕ ਡਾਇਰੈਕਟਰਸ, ਮਿਊਜਿਕ ਕੰਪਨੀਜ, ਪਰਦੇਸਾਂ ‘ਚ ਬੈਠੇ ਮੇਰੇ ਪਰਮੋਟਰ ਭਰਾ, ਦੇਸਾਂ ਪ੍ਰਦੇਸਾਂ ਚ’ ਬੈਠੇ ਮੇਰੇ ਚਾਹੁਣ ਵਾਲੇ ਮੇਰੇ ਮਿੱਤਰ ਪਿਆਰੇ, ਟੀ.ਵੀ ਚੈਨਲਸ, ਸੋਸ਼ਲ ਨੈਟਵਰਕ, ਪਰਿੰਟ ਮੀਡੀਆ ਤੇ ਪ੍ਰੈਸ ਮੀਡੀਆ, ਸਭ ਦਾ ਬਹੁਤ ਬਹੁਤ ਧੰਨਵਾਦ’
ਇਸ ਤੋਂ ਅੱਗੇ ਉਨ੍ਹਾਂ ਲਿਖਿਆ, ‘ਦੂਜੀ ਮੇਰੇ ਦਿਲ ਦੀ ਗੱਲ: ਮੇਰੀ ਸਭ ਨੂੰ ਹੱਥ ਜੋੜਕੇ ਬੇਨਤੀ ਐ, ਕਿ ਮੈਨੂੰ ਪੈਸੇ ਨਹੀਂ, ਤੁਹਾਡਾ ਸਭ ਦਾ ਸਾਥ ਚਾਹੀਦੈ । ਆਪਣੀਆਂ ਖੁਸ਼ੀਆਂ ‘ਚ ਪਹਿਲਾਂ ਵਾਂਗੂੰ ਫੇਰ ਸ਼ਾਮਿਲ ਕਰ ਲਓ, ਦੇਸ਼ਾਂ ਪ੍ਰਦੇਸ਼ਾਂ ਚ’ ਫਿਰ ਪੰਜਾਬੀਆਂ ਦੇ ਆਹਮਣੇ ਸਾਹਮਣੇ ਰੂਬ-ਰੂ ਹੋ ਕੇ, ਪੰਜਾਬੀ ਵਿਰਸਾ ਤੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਦਾ ਮੌਕਾ ਦੇ ਦਿਓ’
View this post on Instagram
ਦਿਲਜੀਤ ਦੁਸਾਂਝ ਨੇ ਨਿੱਕੂ ਲਈ ਪੋਸਟ ਕਰਦੇ ਲਿਖਿਆ, ‘ਵੀਰੇ ਨੂੰ ਦੇਖ ਕੇ ਪਤਾ ਨੀ ਕਿੰਨੇ ਮੁੰਡਿਆਂ ਨੇ ਪੱਗ ਬੰਨ੍ਹਣੀ ਸ਼ੁਰੂ ਕੀਤੀ, ਜਿਨ੍ਹਾਂ ‘ਚੋਂ ਮੈਂ ਵੀ ਇੱਕ ਹਾਂ।ਅਸੀਂ ਤੁਹਾਨੂੰ ਪਿਆਰ ਕਰਦੇ ਹਾਂ ਵੀਰੇ। ਮੇਰੀ ਅਗਲੀ ਫ਼ਿਲਮ ਜੋ ਵੀ ਸ਼ੂਟ ਕਰਾਂਗੇ ਅਸੀਂ, ਪਲੀਜ਼ ਇੱਕ ਗਾਣਾ ਸਾਡੇ ਲਈ ਜ਼ਰੂਰ।’
ਅਦਾਕਾਰ ਗਿੱਪੀ ਗਰੇਵਾਲ ਨੇ ਲਿਖਿਆ, ‘ਭਾਜੀ, ਹਮੇਸ਼ਾ ਤੁਹਾਡੇ ਨਾਲ। ਗਾਣੇ ਤੇ ਗਾਣੇ ਆਉਣਗੇ।’
ਹਰਭਜਨ ਮਾਨ ਨੇ ਲਿਖਿਆ, ‘ਛੋਟੇ ਵੀਰ ਡੋਲਣਾ ਨਹੀਂ। ਅਕਾਲ ਪੁਰਖ, ਦਸ਼ਮੇਸ਼ ਪਿਤਾ ਦਾ ਓਟ ਆਸਰਾ ਲੈਣਾ, ਵਾਹਿਗੁਰੂ ‘ਚ ਵਿਸ਼ਵਾਸ ਰੱਖਣਾ, ਹਰ ਪੱਖ ਤੋਂ ਤੇਰੇ ਨਾਲ ਹਾਂ।’
ਇਸ ਤੋਂ ਇਲਾਵਾ ਗਾਇਕ ਰਣਜੀਤ ਬਾਵਾ ਨੇ ਨਿੱਕੂ ਨੂੰ ਹਿੰਮਤ ਰੱਖਣ ਦੀ ਗੱਲ ਆਖੀ ਤੇ ਗਾਇਕ ਰੇਸ਼ਮ ਸਿੰਘ ਅਨਮੋਲ ਨੇ ਆਪਣੇ ਫੇਸਬੁੱਕ ਪੇਜ ‘ਤੇ ਇੱਕ ਵੀਡੀਓ ਜਾਰੀ ਕਰਕੇ ਲੋਕਾਂ ਨੂੰ ਸਲਾਹ ਦਿੱਤੀ ਕਿ ਉਹ ਨਿੱਕੂ ਨੂੰ ਲੈ ਕੇ ਨਕਾਰਾਤਮਕ ਵਿਚਾਰ ਨਾ ਰੱਖਣ। ਉਨ੍ਹਾਂ ਕਿਹਾ, ‘ਜਿਸ ‘ਤੇ ਪੈਂਦੀ ਹੈ ਉਸ ਨੂੰ ਪਤਾ ਹੁੰਦਾ ਹੈ।’