ਨਵੀਂ ਦਿੱਲੀ: ਅੱਜ ਤੋਂ ਸਾਰੇ ਰਾਜਾਂ ਦੇ ਪੁਲਿਸ ਡਾਇਰੈਕਟਰ ਜਨਰਲ ਅਤੇ ਪੁਲਿਸ ਇੰਸਪੈਕਟਰ ਜਨਰਲ (ਡੀਜੀਪੀ/ਆਈਜੀਪੀ) ਦਿੱਲੀ ਵਿੱਚ ਦੇਸ਼ ਦੀ ਅੰਦਰੂਨੀ ਸੁਰੱਖਿਆ ‘ਤੇ ਵਿਚਾਰ ਕਰਨਗੇ। ਇਹ ਕਾਨਫਰੰਸ 20, 21 ਅਤੇ 22 ਜਨਵਰੀ ਨੂੰ ਕੇਂਦਰੀ ਦਿੱਲੀ ਦੇ ਪੂਸਾ ਵਿਖੇ ਹੋਵੇਗੀ। ਇਸ ਬੈਠਕ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਹਿੱਸਾ ਲੈਣਗੇ। ਮੀਟਿੰਗ ਵਿੱਚ ਸਾਰੀਆਂ ਖੁਫੀਆ ਏਜੰਸੀਆਂ ਦੇ ਉੱਚ ਅਧਿਕਾਰੀ ਵੀ ਮੌਜੂਦ ਰਹਿਣਗੇ।
ਬੈਠਕ ‘ਚ ਸਰਹੱਦ ‘ਤੇ ਡਰੋਨ ਦੇ ਖਤਰੇ, ਜੰਮੂ-ਕਸ਼ਮੀਰ ‘ਚ ਅੱਤਵਾਦ, ਨਕਸਲੀ ਸਮੱਸਿਆ ਸਮੇਤ ਸਾਈਬਰ ਸੁਰੱਖਿਆ ‘ਤੇ ਨਵੇਂ ਬਲਿਊ ਪ੍ਰਿੰਟ ‘ਤੇ ਚਰਚਾ ਕੀਤੀ ਜਾਵੇਗੀ। ਇਸ ਤੋਂ ਇਲਾਵਾ ਇਸ ਕਾਨਫਰੰਸ ਦਾ ਏਜੰਡਾ ਰੈਡੀਕਲਾਈਜ਼ੇਸ਼ਨ, ਕ੍ਰਿਪਟੋ ਕਰੰਸੀ ਦੀ ਦੁਰਵਰਤੋਂ, ਡਾਰਕ ਵੈੱਬ ਰਾਹੀਂ ਤਸਕਰੀ ਅਤੇ ਅੱਤਵਾਦੀ ਕਾਰਵਾਈਆਂ, ਉੱਤਰ ਪੂਰਬ ‘ਚ ਕੱਟੜਪੰਥੀ ਸਮੱਸਿਆ, ਸਰਹੱਦ ਪ੍ਰਬੰਧਨ ਸਮੇਤ ਕਈ ਹੋਰ ਮੁੱਦਿਆਂ ‘ਤੇ ਚਰਚਾ ਕਰਕੇ ਭਵਿੱਖ ਦਾ ਰੋਡਮੈਪ ਤਿਆਰ ਕਰੇਗਾ।
ਨਸ਼ੀਲੇ ਪਦਾਰਥਾਂ ਦੇ ਕਾਰੋਬਾਰ ਨੂੰ ਰੋਕਣ ਅਤੇ ਨਸ਼ੀਲੇ ਪਦਾਰਥਾਂ ‘ਤੇ ਸ਼ਿਕੰਜਾ ਕੱਸਣ ਲਈ ਵੀ ਯੋਜਨਾਵਾਂ ਬਣਾਈਆਂ ਜਾਣਗੀਆਂ। ਸਮੁੰਦਰ ਦੀ ਤੱਟੀ ਸੁਰੱਖਿਆ ‘ਤੇ ਵੀ ਗੰਭੀਰ ਚਰਚਾ ਹੋਵੇਗੀ। ਮੀਟਿੰਗ ਵਿੱਚ ਡੀਜੀਪੀ ਅਤੇ ਆਈਜੀਪੀ ਸਮੇਤ ਸਾਰੇ ਸੀਨੀਅਰ ਅਧਿਕਾਰੀ ਆਪਣੇ ਵਿਚਾਰ ਅਤੇ ਭਵਿੱਖ ਦੀਆਂ ਯੋਜਨਾਵਾਂ ਸਾਂਝੀਆਂ ਕਰਨਗੇ। ਮੀਟਿੰਗ ‘ਚ ਗੈਂਗਸਟਰਾਂ ਅਤੇ ਅੱਤਵਾਦੀ ਗਠਜੋੜ ‘ਤੇ ਸ਼ਿਕੰਜਾ ਕੱਸਣ ਲਈ ਵੱਡੀ ਐਕਸ਼ਨ ਪਲਾਨ ਵੀ ਬਣਾਈ ਜਾਵੇਗੀ।