ਸਰਕਾਰੀ ਸਕੂਲ ‘ਚ ਵਿਦਿਆਰਥੀਆਂ ਦੇ ਕੜੇ ਲਹਾਉਣ ਦਾ ਮਾਮਲਾ, ਸ਼੍ਰੋਮਣੀ ਕਮੇਟੀ ਨੇ ਭੇਜੀ ਜਾਂਚ ਟੀਮ

Rajneet Kaur
3 Min Read

ਬਠਿੰਡਾ: ਜ਼ਿਲ੍ਹੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਰਸ ਰਾਮ ਨਗਰ ਤੋਂ ਇਕ ਵੀਡੀਓ ਵਾਇਰਲ ਹੋਈ ਹੈ। ਸਕੂਲ ਵਿਚ ਵਿਦਿਆਰਥੀਆਂ ਨੂੰ ਕੜਾ ਪਾਉਣ ਤੋਂ ਰੋਕਿਆ ਜਾਂਦਾ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ  ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਕਹਿਣਾ  ਹੈ ਕਿ ਵਾਇਰਲ ਵੀਡੀਉ ਵਿਚ ਕੋਈ ਸੱਚਾਈ ਨਹੀਂ ਹੈ।

ਉਨ੍ਹਾਂ ਆਪਣਾ ਪੱਖ ਰੱਖਦਿਆਂ ਕਿਹਾ ਕਿ ਸਕੂਲ ‘ਚ ਗੁਰਸਿੱਖ ਬੱਚੇ ਹੋਣ ਜਾਂ ਫਿਰ ਕਿਸੇ ਹੋਰ ਧਰਮ ਦੇ, ਉਨ੍ਹਾਂ ਨੂੰ ਕੜੇ ਪਾਉਣ ਦੀ ਮਨਾਹੀ ਨਹੀਂ ਹੈ ਪਰ ਸਾਰੇ ਅਧਿਆਪਕਾਂ ਅਤੇ ਮਾਪਿਆਂ ਦੀ ਸਹਿਮਤੀ ਨਾਲ ਸਾਰੇ ਬੱਚਿਆਂ ਨੂੰ ਮੋਟੇ ਅਤੇ ਤਿੱਖੇ ਕੜੇ ਨਾ ਪਾਉਣ ਲਈ ਪ੍ਰੇਰਿਆ ਗਿਆ ਹੈ। ਉਨ੍ਹਾ ਕਿਹਾ ਕਿ  ਆਮ ਤੌਰ ’ਤੇ ਸ਼ਰਾਰਤਾਂ ਦੌਰਾਨ ਬੱਚਿਆਂ ਦੇ ਇਨ੍ਹਾਂ ਭਾਰੀ ਤੇ ਤਿੱਖੇ ਕੜਿਆਂ ਨਾਲ ਸੱਟ ਲੱਗ ਸਕਦੀ ਹੈ। ਦਸ ਦਈਏ ਕਿ ਸਕੂਲ ਦੀ ਇੱਕ ਵੀਡੀਓ ਬੀਤੇ ਦਿਨ ਤੋਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ   ਇੱਕ ਸੁਰੱਖਿਆ ਗਾਰਡ ਆਪਣੇ ਹੱਥ ਵਿੱਚ ਰੱਸੀ ਨਾਲ ਬੰਨ੍ਹੇ ਸੈਂਕੜੇ ਕੜੇ ਲੈ ਕੇ ਜਾਂਦਾ ਨਜ਼ਰ ਆ ਰਿਹਾ ਹੈ। ਵੀਡੀਓ ਬਣਾਉਣ ਵਾਲੇ ਨੇ ਇਹ ਦਾਅਵਾ ਕੀਤਾ ਹੈ ਕਿ ਸਿੱਖ ਬੱਚਿਆਂ ਦੇ ਕੜੇ ਲੁਆਹੇ ਜਾ ਰਹੇ ਹਨ।

ਵੀਡੀਓ ਵਾਇਰਲ ਹੋਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਬਾਦਲ ਨੇ ਕਿਹਾ  ਕਿ ਪੰਜਾਬ ਦੀ ਧਰਤੀ ਜਿੱਥੇ ਦਸਮ ਗੁਰੂ ਸਾਹਿਬ ਨੇ ਖਾਲਸਾ ਪੰਥ ਦੀ ਸਿਰਜਣਾ ਕਰਕੇ ਸਿੱਖਾਂ ਨੂੰ ਪੰਜ ਕੱਕਾਰਾਂ ਦੀ ਅਦੁੱਤੀ ਦਾਤ ਰਾਹੀਂ ਵਿਲੱਖਣ ਪਹਿਚਾਣ ਬਖ਼ਸ਼ੀ ਸੀ, ਅੱਜ ਉਸੇ ਪੰਜਾਬ ਦੀ ਧਰਤੀ ਉੱਤੇ ਕੱਕਾਰਾਂ ‘ਤੇ ਹਮਲੇ ਹੋ ਰਹੇ ਹਨ। ਪਿਛਲੇ ਦਿਨੀਂ ਸਿੱਖ ਖਿਡਾਰੀਆਂ ਨੂੰ ਦਸਤਾਰ ਉੱਤੇ ਹੈਲਮੇਟ ਨਾ ਪਹਿਨਣ ਕਰਕੇ ਖੇਡ ਮੁਕਾਬਲੇ ਵਿੱਚੋਂ ਬਾਹਰ ਕੱਢਿਆ ਗਿਆ ਸੀ। ਬਠਿੰਡਾ ਦੇ ਸ਼ਹੀਦ ਕਾਂਸਟੇਬਲ ਸੰਦੀਪ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅੰਦਰ ਵਿਦਿਆਰਥੀਆਂ ਦੇ ਕੜੇ ਉਤਾਰਨ ਦਾ ਵੀਡੀਓ ਵਾਇਰਲ ਹੋਣ ਮਗਰੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਾਂਚ ਟੀਮ ਭੇਜੀ ਗਈ ਹੈ।

- Advertisement -

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਇਹ ਸਿੱਖ ਭਾਵਨਾਵਾਂ ਨਾਲ ਜੁੜਿਆ ਮਾਮਲਾ ਹੈ।  ਜਦੋਂ ਵੀ ਕਕਾਰਾਂ ਨਾਲ ਸਬੰਧਤ ਕੋਈ ਅਜਿਹਾ ਮਾਮਲਾ ਆਉਂਦਾ ਹੈ ਤਾਂ ਸੰਗਤਾਂ ਅੰਦਰ ਰੋਸ ਫੈਲਣਾ ਸੁਭਾਵਿਕ ਹੈ। ਉਨ੍ਹਾਂ ਕਿਹਾ ਕਿ  ਬਠਿੰਡਾ ਦੇ ਸਕੂਲ ਵੱਲੋਂ ਵਿਦਿਆਰਥੀਆਂ ਦੇ ਕੜੇ ਉਤਾਰਨ ਦੀ ਸੰਜੀਦਗੀ ਨੂੰ ਦੇਖਦਿਆਂ ਰਿਪੋਰਟ ਮੰਗੀ ਜਾ ਰਹੀ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment