ਨਿਊਜ਼ ਡੈਸਕ: ਪਾਕਿਸਤਾਨ ਵਿੱਚ ਸਿਆਸੀ ਤਣਾਅ ਇੱਕ ਵਾਰ ਫਿਰ ਵਧਦਾ ਨਜ਼ਰ ਆ ਰਿਹਾ ਹੈ। ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (PTI) ਨੇ ਸਰਕਾਰ ਨਾਲ ਗੱਲਬਾਤ ਨਾਕਾਮ ਰਹਿਣ ਤੋਂ ਬਾਅਦ ਐਤਵਾਰ ਨੂੰ ਇਸਲਾਮਾਬਾਦ ਵੱਲ ਲੌਂਗ ਮਾਰਚ ਸ਼ੁਰੂ ਕਰ ਦਿੱਤਾ। ਇਹ ਮਾਰਚ ਖੈਬਰ ਪਖਤੂਨਖਵਾ ਤੋਂ ਸ਼ੁਰੂ ਹੋਇਆ। ਸੂਬੇ ਦੇ ਮੁੱਖ ਮੰਤਰੀ ਸੋਹੇਲ ਅਫਰੀਦੀ ਗਾਂਦੀ ਚੌਕ ਤੋਂ ਪਾਰਟੀ ਦੇ ਕਾਫਲੇ ਨਾਲ ਰਵਾਨਾ ਹੋਏ। ਇਸ ਮੌਕੇ PTI ਦੇ ਖੈਬਰ ਪਖਤੂਨਖਵਾ ਪ੍ਰਧਾਨ ਜੁਨੈਦ ਅਕਬਰ ਖਾਨ ਵੀ ਮੌਜੂਦ ਸਨ।
8 ਅਕਤੂਬਰ ਨੂੰ ਖੈਰਾਬਾਦ ਪਹੁੰਚਣ ਦਾ ਟੀਚਾ
ਸੋਹੇਲ ਅਫਰੀਦੀ ਨੇ ਕਿਹਾ ਕਿ ਉਹ 8 ਅਕਤੂਬਰ ਨੂੰ ਖੈਰਾਬਾਦ ਪਹੁੰਚਣ ਤੋਂ ਬਾਅਦ ਅੰਦੋਲਨ ਦੀ ਅਗਲੀ ਰਣਨੀਤੀ ਦਾ ਐਲਾਨ ਕਰਨਗੇ। ਉਨ੍ਹਾਂ ਮੁਤਾਬਕ ਐਤਵਾਰ ਦੁਪਹਿਰ 1 ਵਜੇ ਗਾਂਦੀ ਚੌਕ ਤੋਂ ਮਾਰਚ ਸ਼ੁਰੂ ਕੀਤਾ ਗਿਆ।
PTI ਮੁਤਾਬਕ ਟੈਂਕ, ਡੇਰਾ ਇਸਮਾਈਲ ਖਾਨ, ਦੱਖਣੀ ਵਜ਼ੀਰਿਸਤਾਨ, ਉੱਤਰੀ ਵਜ਼ੀਰਿਸਤਾਨ, ਬੰਨੂ ਅਤੇ ਲੱਕੀ ਮਰਵਤ ਤੋਂ ਵੀ ਸਮਰਥਕ ਕਾਫਲਿਆਂ ਵਿੱਚ ਸ਼ਾਮਲ ਹੋਏ ਹਨ। ਲੱਕੀ ਮਰਵਤ ਵਿੱਚ ਮਾਰਚ ਨੂੰ ਸੰਬੋਧਨ ਕਰਦਿਆਂ ਅਫਰੀਦੀ ਨੇ ਕਿਹਾ ਕਿ ਉਨ੍ਹਾਂ ਦੀ ਸੂਬਾਈ ਸਰਕਾਰ ਪਸ਼ਤੂਨਾਂ ਦੇ ਹਿੱਤਾਂ ਦੇ ਖ਼ਿਲਾਫ਼ ਕੋਈ ਨੀਤੀ ਸਵੀਕਾਰ ਨਹੀਂ ਕਰੇਗੀ।
ਉਨ੍ਹਾਂ ਕਿਹਾ ਕਿ ਖੈਬਰ ਪਖਤੂਨਖਵਾ ਵਿੱਚ ਇਮਰਾਨ ਖਾਨ ਦੀ ਸੋਚ ਅਤੇ ਨੀਤੀ ਹੀ ਚੱਲੇਗੀ। ਅਫਰੀਦੀ ਨੇ ਸਮਰਥਨ ਦੇਣ ਲਈ ਪਸ਼ਤੂਨ ਭਾਈਚਾਰੇ ਦਾ ਧੰਨਵਾਦ ਵੀ ਕੀਤਾ।
ਸਰਕਾਰ ’ਤੇ ਬੰਦ ਦਰਵਾਜ਼ਿਆਂ ਪਿੱਛੇ ਫੈਸਲੇ ਲੈਣ ਦੇ ਦੋਸ਼
ਅਫਰੀਦੀ ਨੇ ਦੋਸ਼ ਲਾਇਆ ਕਿ ਇੱਕ ਅਜਿਹੀ ਸੋਚ ਵਾਲਾ ਧੜਾ ਲੋਕਾਂ ’ਤੇ ਇੱਕ ਹੋਰ ਫੈਸਲਾ ਥੋਪਣ ਦੀ ਤਿਆਰੀ ਕਰ ਰਿਹਾ ਹੈ, ਜੋ ਬੰਦ ਦਰਵਾਜ਼ਿਆਂ ਪਿੱਛੇ ਫੈਸਲੇ ਲੈਂਦਾ ਹੈ। ਉਨ੍ਹਾਂ ਕਿਹਾ ਕਿ PTI ਇਸ ਤਰ੍ਹਾਂ ਦੇ ਕਿਸੇ ਵੀ ਕਦਮ ਦਾ ਵਿਰੋਧ ਕਰੇਗੀ।
ਉਨ੍ਹਾਂ ਖੈਬਰ ਪਖਤੂਨਖਵਾ ਵਿੱਚ ਗਵਰਨਰ ਰਾਜ ਅਤੇ ਐਮਰਜੈਂਸੀ ਲਾਗੂ ਕਰਨ ਦੀ ਸੰਭਾਵਨਾ ਨੂੰ ਵੀ ਰੱਦ ਕੀਤਾ। ਅਫਰੀਦੀ ਨੇ ਦਾਅਵਾ ਕੀਤਾ ਕਿ ਸੂਬਾ ਸਰਕਾਰ ਨੇ ਕੇਂਦਰ ਨੂੰ ਸ਼ਾਂਤੀ ਬਹਾਲ ਕਰਨ ਲਈ ਸਪੱਸ਼ਟ ਨੀਤੀ ਦਿੱਤੀ ਹੈ ਅਤੇ ਜੇਕਰ ਉਸ ਨੂੰ ਲਾਗੂ ਕੀਤਾ ਜਾਵੇ ਤਾਂ 100 ਦਿਨਾਂ ਵਿੱਚ ਸੂਬੇ ਵਿੱਚ ਸ਼ਾਂਤੀ ਵਾਪਸ ਆ ਸਕਦੀ ਹੈ।
ਇਮਰਾਨ ਖਾਨ ਨਾਲ ਮੁਲਾਕਾਤ ਮੁੱਖ ਮੰਗ
ਸਰਕਾਰ ਅਤੇ PTI ਵਿਚਾਲੇ ਗੱਲਬਾਤ ਵਿੱਚ ਇਮਰਾਨ ਖਾਨ ਨਾਲ ਜੇਲ੍ਹ ਵਿੱਚ ਤੁਰੰਤ ਮੁਲਾਕਾਤ ਦੀ ਮੰਗ ਵੀ ਸ਼ਾਮਲ ਸੀ। ਪਾਰਟੀ ਚਾਹੁੰਦੀ ਹੈ ਕਿ ਇਮਰਾਨ ਨੂੰ ਅਜਿਹੇ ਹਸਪਤਾਲ ਵਿੱਚ ਭੇਜਿਆ ਜਾਵੇ ਜਿੱਥੇ ਉਨ੍ਹਾਂ ਦੇ ਨਿੱਜੀ ਡਾਕਟਰ ਜਾਂਚ ਅਤੇ ਇਲਾਜ ਕਰ ਸਕਣ।
ਸ਼ੁੱਕਰਵਾਰ ਨੂੰ ਗੱਲਬਾਤ ਦਾ ਪਹਿਲਾ ਦੌਰ ਹੋਇਆ ਸੀ, ਜਿਸ ਵਿੱਚ ਦੋਵਾਂ ਧਿਰਾਂ ਨੇ ਆਪਣੀਆਂ ਮੰਗਾਂ ਰੱਖੀਆਂ ਅਤੇ ਗੱਲਬਾਤ ਜਾਰੀ ਰੱਖਣ ’ਤੇ ਸਹਿਮਤੀ ਬਣੀ ਸੀ। ਹਾਲਾਂਕਿ ਸਮਝੌਤਾ ਨਹੀਂ ਹੋ ਸਕਿਆ। ਸ਼ਨੀਵਾਰ ਸ਼ਾਮ ਕਰੀਬ 5 ਵਜੇ ਦੂਜੇ ਦੌਰ ਦੀ ਗੱਲਬਾਤ ਸ਼ੁਰੂ ਹੋਈ, ਜੋ ਕਈ ਘੰਟਿਆਂ ਬਾਅਦ ਐਤਵਾਰ ਤੜਕੇ ਬਿਨਾਂ ਕਿਸੇ ਹੱਲ ਦੇ ਖ਼ਤਮ ਹੋ ਗਈ।
PTI ਨੇ ਪਹਿਲਾਂ 27 ਸਤੰਬਰ ਨੂੰ ਲੌਂਗ ਮਾਰਚ ਦਾ ਐਲਾਨ ਕੀਤਾ ਸੀ, ਪਰ ਬਾਅਦ ਵਿੱਚ ਇਸ ਨੂੰ ਟਾਲ ਕੇ 4 ਅਕਤੂਬਰ ਕਰ ਦਿੱਤਾ ਗਿਆ। ਪਾਰਟੀ ਵੱਲੋਂ ਗ੍ਰਿਫ਼ਤਾਰ ਕੀਤੀਆਂ ਇਮਰਾਨ ਖਾਨ ਦੀਆਂ ਭੈਣਾਂ ਅਤੇ ਸਮਰਥਕਾਂ ਦੀ ਰਿਹਾਈ, ਬੁਸ਼ਰਾ ਬੀਬੀ ਦੀ ਮੈਡੀਕਲ ਜਾਂਚ ਅਤੇ ਮਾਮਲਿਆਂ ਦੀ ਬਿਨਾਂ ਦਖ਼ਲਅੰਦਾਜ਼ੀ ਸੁਣਵਾਈ ਦੀਆਂ ਮੰਗਾਂ ਵੀ ਰੱਖੀਆਂ ਗਈਆਂ ਹਨ।

