ਫਲਸਤੀਨੀ ਲੋਕਾਂ ਦੀ ਹਕੀਕੀ ਆਜ਼ਾਦੀ ਦਾ ਸਵਾਲ

TeamGlobalPunjab
16 Min Read

-ਜਗਦੀਸ਼ ਸਿੰਘ ਚੋਹਕਾ;

ਮੱਧ-ਪੂਰਬ ਏਸ਼ੀਆ ਵਿੱਚ ਕਈ ਦਹਾਕਿਆਂ ਅਤੇ ਮੁੱਢ ਤੋਂ ਹੀ ਫਲਸਤੀਨੀ ਲੋਕ ਆਪਣੀ ਹੀ ਜਨਮ-ਭੂਮੀ ਤੋਂ ਬਦਰ ਹੋਣ ਕਰਕੇ ਵਤਨ ਵਾਪਸੀ ਅਤੇ ਹੋਂਦ ਲਈ ਸੰਘਰਸ਼ ਕਰ ਰਹੇ ਹਨ। ਫਲਸਤੀਨ ਖਿਤਾ, ‘ਪੂਰਬ ਵਿੱਚ ਜਾਰਡਨ ਦਰਿਆ ਪੱਛਮ ‘ਚ ਰੋਮ ਸਾਗਰ, ਲਿਬਨਾਨ ਅਤੇ ਸੀਰੀਆ ਵਿਚਕਾਰ, ‘ਜਿਸ ਤੇ ਕਈ ਸਾਮਰਾਜ ਰਾਜ ਕਰਦੇ ਰਹੇ। ਇਹ ਇਲਾਕਾ ਕਦੀ ਅਸੀਰੀਆ, ਬੈਬੇਲੋਨੀਆ, ਰੋਮਨ, ਸਿਕੰਦਰ ਅਤੇ ਨੈਪੋਲੀਅਨ ਅਧੀਨ ਵੀ ਰਿਹਾ। ਬਾਈਬਲ ਦੀ ਇਕ ਕਹਾਵਤ ਮੁਤਾਬਿਕ ਇਕ ਨੂੰ ‘‘ਹੋਲੀ-ਲੈਂਡ“ ਵੀ ਕਿਹਾ ਜਾਂਦਾ ਸੀ। 1920 ਤੋਂ 1948 ਤੱਕ ਇਹ (ਫਲਸਤੀਨ) ਅਰਬੀ ਲੋਕਾਂ ਦੀ ਜਨਮ ਭੂਮੀ ਸੀ। ਇਸ ਖਿਤੇ ਵਿੱਚ 630-1918 ਈਸਵੀਂ ਤੱਕ ਇਸਲਾਮਿਕ ਪੀਰੀਅਡ ਦੌਰਾਨ ਅਰਬ ਖਲੀਫਾ-ਉਮੇਦ ਰਾਜ, ਅਬਾਜ਼ਿਦ ਰਾਜ, ਫੀਤੀਮਿਡ ਅਤੇ ਫਿਰ ਇਸਾਈ-ਕਰੂਸੇਡਰ, ਮਾਪਲੂਕ, ਉਟੂਮਾਨ (ਟਰਕੀ) ਦਾ ਰਾਜ ਰਿਹਾ। 1831 ਤੋਂ 1841 ਤੱਕ ਮਿਸਰ ਅਤੇ 1841 ਤੋਂ 1917 ਤੱਕ ਉਟੂਮਾਨ (ਟਰਕੀ) ਦਾ ਰਾਜ ਰਿਹਾ। ਬਸਤੀਵਾਲੀ ਬਰਤਾਨੀਆ ਨੇ 1920 ਤੋਂ 1948 ਤੱਕ ਆਪਣੇ ਸਾਮਰਾਜ ਵੇਲੇ ਇਥੋਂ ਟਰਕੀ ਰਾਜ ਨੂੰ ਖਤਮ ਕਰਕੇ, ‘ਬੜੀ ਹੀ ਚਲਾਕੀ ਨਾਲ ਫਲਸਤੀਨ ਨੂੰ ਤਿੰਨ ਹਿਸਿਆ ‘ਚ ਵੰਡ ਕੇ ਜਾਰਡਨ ਨਦੀ ਦਾ ਪੱਛਮੀ ਕਿਨਾਰਾ ਆਪਣੇ ਕਬਜ਼ੇ ਵਿੱਚ ਰੱਖਕੇ ਉਸ ਵਿੱਚ ਯਹੂਦੀਆ ਨੂੰ ਵੱਸਣ ਦੀ ਆਜਾਦੀ ਦੇ ਦਿੱਤੀ। ਪਹਿਲੀ ਜੰਗ ਸਮੇਂ ਇਸ ਹਲਕੇ ਵਿੱਚੋ ਰਾਮਲੇ ਉਟੂਮਾਨ ਹਾਕਮ (ਟਰਕੀ) ਜੋ ਜਰਮਨੀ ਪੱਖੀ ਸੀ, ਨੂੰ ਭਜਾ ਕੇ, 1916 ਨੂੰ ਇਕ ਸਮਝੌਤਾ- ‘‘ਸਾਈਕਜ਼ ਪੀਕਟ“ ਦੀ ਆੜ ਅਧੀਨ, ‘‘ਬਰਤਾਨੀਆਂ ਨੇ ਇਹ ਫੈਸਲਾ ਦੇ ਦਿੱਤਾ ਕਿ ਇਹ ਇਕ ਕੌਮਾਂਤਰੀ ਖਿਤਾ“ ਹੈ। ਇਹ ਖਿਤਾ, ਨਾ ਫਰਾਂਸ ਅਤੇ ਨਾ ਹੀ ਬਰਤਾਨੀਆ ਦਾ ਸਗੋਂ ਇਹ ਯਹੂਦੀਆਂ ਦੀ ਜਨਮ ਭੂਮੀ ਹੈ। ਬਸਤੀਵਾਦੀ ਸਾਮਰਾਜੀਆਂ ਨੇ ਇਸ ਖਿਤੇ ਵਿੱਚੋ ਜਰਮਨੀ ਨੂੰ ਦੂਰ ਰੱਖਣ ਅਤੇ ਯਹੂਦੀ ਧਨਾਢਾਂ ਦੀ ਹਮਾਇਤ ਦੇ ਇਵਜ਼ ਵਜੋ ਖਾਸ ਕਰਕੇ ਬਰਤਾਨੀਆਂ ਨੇ ਆਪਣੀ ਦਖਲ-ਅੰਦਾਜੀ ਮਜਬੂਤ ਕਰਨ ਲਈ ਇਸ ਵਿੱਚ ਯਹੂਦੀ ਰਾਜ ਦੀ ਸਥਾਪਨਾ ਲਈ ਰਾਹ ਖੋਲ੍ਹ ਦਿੱਤਾ।

ਬਰਤਾਨੀਆਂ ਦੀ ਵਿਸਥਾਰਵਾਦੀ ਨੀਤੀ: ਪਹਿਲੀ ਸੰਸਾਰ ਜੰਗ ਬਾਦ ਬਸਤੀਵਾਦੀ ਸਾਮਰਾਜੀਆਂ ਨੇ ਆਪਣੇ ਕਬਜ਼ੇ ਵਧਾਉਣ ਅਤੇ ਪਕੜ ਮਜ਼ਬੂਤ ਕਰਨ ਲਈ ਅਪ੍ਰੈਲ 1920 ਵਿੱਚ ਇਕ ਸਮਝੌਤਾ ‘‘ਯੂ.ਕੇ., ਫਰਾਂਸ, ਇਟਲੀ, ਜਾਪਾਨ ਅਤੇ ਅਮਰੀਕਾ ਨੇ ਮਿਲਕੇ ਮੱਧ-ਪੂਰਬ ਏਸ਼ੀਆ ਸਬੰਧੀ ਕੀਤਾ। ਜਿਸ ਅਨੁਸਾਰ ਫਲਸਤੀਨ ਖਿਤੇ ‘ਚੋ ਸੀਰੀਆ ਨੂੰ ਕੱਢ ਕੇ ਫਰਾਂਸ ਹਵਾਲੇ ਕਰ ਦਿੱਤਾ ਅਤੇ ਬਾਕੀ ਹਿੱਸੇ ਬਰਤਾਨੀਆ ਹਵਾਲੇ ਕਰ ਦਿੱਤੇ ਗਏ। ਇਸ ਸਮਝੌਤੇ ਅਨੁਸਾਰ ਕੋਈ ਸਰਹੱਦਾ ਤੈਅ ਨਹੀਂ ਕੀਤੀਆਂ, ਸਗੋਂ ਇਸ ਨੂੰ ਸੁਲਗਦਾ ਰੱਖਿਆ ਗਿਆ। ਜੁਲਾਈ-1920 ਨੂੰ ਫਰਾਂਸ ਨੇ ਸੀਰੀਆ ਵਿਚੋ ਫਾਜਲ-ਬਿਨ-ਹੂਸੈਨ ਨੂੰ ਭਜਾ ਦਿੱਤਾ ਪਰ ਦੂਜੇ ਪਾਸੇ ਇਥੋ ਦੇ ਮੱਕੇ ਪੱਖੇ ਸ਼ੇਖਾਂ ਨੇ ਬਰਤਾਨੀਆ ਨਾਲ ਅੰਦਰ-ਖਾਤੇ ਗੰਢ-ਤੁਪ ਕਰਕੇ ਬਰਤਾਨੀਆਂ ਨੂੰ ਕਬਜ਼ਾ ਕਰਨ ਲਈ ਹਮਾਇਤ ਕੀਤੀ। 24-ਜੁਲਾਈ 1920 ਨੂੰ ਲੀਗ ਆਫ ਨੇਸ਼ਨਜ਼ ਨੇ ਬਰਤਾਨੀਆ ਦੇ ਉਸ ‘‘ਮੈਡੇਟ“ ਨੂੰ ਮੰਨ ਲਿਆ ਜਿਸ ਅਧੀਨ ਇਸ ਖਿਤੇ ਨੂੰ ਦੋ ਹਿੱਸਿਆ, ‘ਫਲਸਤੀਨ ਅਤੇ ਟਰਾਂਸ-ਜਾਰਡਨ` ਵਿੱਚ ਵੰਡ ਦਿੱਤਾ ਗਿਆ। ਇਸ ਮੈਂਡੇਟ ਦੀ ਧਾਰਾ 25-ਅਧੀਨ ਜਾਰਡਨ ਦੇ ਪੂਰਬ ‘ਚ ਯਹੂਦੀਆ ਨੂੰ ਇਥੇ ਆਉਣ, ਵਸੇਬਾ ਕਰਨ ਅਤੇ ਰਹਿਣ ਦੀ ਆਜ਼ਾਦੀ ਹੋਵੇਗੀ। ਇਕ ਹੋਰ ਸਮਝੌਤੇ ਰਾਹੀ ਗੋਲਾਨ ਪਹਾੜੀਆ ਸੀਰੀਆ ਨੂੰ ਅਤੇ ਜਾਰਡਨ ਘਾਟੀ ਬਰਤਾਨੀਆ ਨੂੰ ਸੌਂਪ ਦਿੱਤੀ ਗਈ। ਇਸ ਤਰ੍ਹਾਂ ਜਰਮਨੀ ਤੇ ਬਾਦ ਅਮਰੀਕਾ ਨੂੰ ਇਸ ਖਿਤੇ ਤੋਂ ਦੂਰ ਰੱਖਿਆ ਗਿਆ। ਅਮਰੀਕਾ ਦੇ ਜ਼ੋਰ ਦੇਣ, ‘ਤੇ 1923 ਨੂੰ ਇਕ ਦੁਬਾਰਾ ਮੈਂਡੇਟ ਹੋਇਆ, ‘ਜਿਸ ਅਨੁਸਾਰ ਜਾਰਡਨ ਨਦੀ ਦੇ ਪੱਛਮੀ ਹਿੱਸੇ ‘ਚ ਇਕ ਫਲਸਤੀਨ ਰਾਜ ਨੂੰ ਮਾਨਤਾ ਦਿੱਤੀ ਗਈ। ਇਸ ਖਿਤੇ ਵਿੱਚ ਫਲਸਤੀਨੀ ਅਤੇ ਇਸਾਈ ਮੱਤ ਦੇ ਲੋਕ ਸਨ। ਇਸ ਤਰ੍ਹਾਂ ਪਹਿਲੀ ਜੰਗ ਦੇ ਬਾਦ ਸਾਮਰਾਜੀਆਂ ਨੇ ਮੱਧ ਪੂਰਬ ਏਸ਼ੀਆ ਵਿੱਚ ਆਪਣੀ ਪਕੜ ਮਜ਼ਬੂਤ ਕਰਨ ਲਈ ‘ਅਰਬਾਂ ਨੂੰ ਵੰਡ ਕੇ, ‘ਯਹੂਦੀ ਰਾਜ ਨੂੰ ਮਾਨਤਾ ਦੇ ਕੇ ਇਕ ਮੋਹਰੇ ਵਜੋਂ ਵਰਤਨ ਲਈ ਯਹੂਦੀ ਰਾਜ ਨੂੰ ਪੱਕਾ ਕਰ ਦਿੱਤਾ ਅਤੇ ਫਲਸਤੀਨੀਆ ਨੂੰ ਘਰੋਂ ਬੇਘਰ ਦਿੱਤਾ।

- Advertisement -

ਯਹੂਦੀ ਰਾਜ ਦੀ ਸਥਾਪਨਾ: ਦੂਸਰੀ ਸੰਸਾਰ ਜੰਗ ਬਾਦ ਇਸ ਖਿਤੇ ਵਿੱਚ ਅਮਰੀਕਾ ਨੇ ਆਪਣਾ ਦਬ-ਦਬਾ ਤੇ ਪ੍ਰਭਾਵ ਵਧਾਉਣ ਲਈ, ‘ਬਰਤਾਨੀਆਂ ਦੇ ਦਬਾਅ ਨੂੰ ਘਟਾਉਣ ਲਈ , ‘29-ਨਵੰਬਰ 1947 ਨੂੰ ਸੰਯੁਕਤ-ਰਾਸ਼ਟਰ ਰਾਹੀਂ ਬਰਤਾਨਵੀ ਮੈਂਡੇਟ ਨੂੰ ਤੁੜਵਾ ਦਿੱਤਾ। ਇਸ ਤਰ੍ਹਾਂ ਫਲਸਤੀਨ ‘ਤੇ ਯੂ.ਐਨ. ਦਾ ਕੰਟਰੋਲ ਹੋ ਗਿਆ। ਫਲਸਤੀਨ ਰਾਜ ਨੂੰ ਤੋੜ ਕੇ ਯਹੂਦੀ ਅਤੇ ਅਰਬ ਰਾਜ, ਗਰੇਟਰ-ਯੇਰੋਸ਼ਲੱਮ (ਬੈਥਲਮ) ਨੂੰ ਕੌਮਾਂਤਰੀ ਕੰਟਰੋਲ ਹੇਠ ਲੈ ਲਿਆ ਗਿਆ। ਇਸ ਤਰ੍ਹਾਂ ਯਹੂਦੀ ਰਾਜ ਨੂੰ ਮਾਨਤਾ ਦੇ ਦਿੱਤੀ ਗਈ। ਇਸ ਫੈਸਲੇ ਨੂੰ ਫਲਸਤੀਨੀ ਗਰੁਪਾਂ ਅਤੇ ਅਰਬਾਂ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ। 15-ਮਈ 1948 ਨੂੰ ਅਮਰੀਕਾ ਅਤੇ ਬਰਤਾਨੀਆ ਨੇ ਆਪਣੇ ਹਿਤਾਂ ਲਈ ਯੂ.ਐਨ. ਰਾਹੀ ਹੋਇਆ ਇਹ ਸਮਝੌਤਾ ਖਤਮ ਕਰਕੇ ਯਹੂਦੀ ਰਾਜ ਲਈ ਰਾਹ ਖੋਲ੍ਹ ਦਿੱਤਾ। ਇਸ ਵਿਰੁੱਧ ਲੈਬਨਾਨ, ਮਿਸਰ, ਸੀਰੀਆ, ਇਰਾਕ ਟਰਾਂਸ ਜਾਰਡਨ ਅਰਬ ਲੋਕਾਂ ਤੇ ਫਲਸਤੀਨੀਆਂ ਵੱਲੋ ਇਸਰਾਈਲ ਤੇ ਹਮਲਾ ਕਰ ਦਿੱਤਾ। ਸਾਮਰਾਜੀਆ ਦੀ ਹਮਾਇਤ ਪ੍ਰਾਪਤ ਯਹੂਦੀਆਂ ਨੇ ਅਰਬਾਂ ਨੂੰ ਹਰਾ ਦਿੱਤਾ ਅਤੇ ਫਲਸਤੀਨੀ ਲੋਕਾਂ ਨੂੰ ਇਥੋਂ ਭਜਾ ਦਿੱਤਾ। 1949 ਨੂੰ ਇਕ ਹੋਰ ਸਮਝੌਤੇ ਅਨੁਸਾਰ ਫਲਸਤੀਨ ਰਾਜ ਖਤਮ ਕਰਕੇ, ‘ਇਸਰਾਈਲ ਵਿੱਚ ਯਹੂਦੀ ਰਾਜ ਸਥਾਪਤ ਕੀਤਾ ਗਿਆ। ਬਾਕੀ ਹਿੱਸੇ ਅਰਬਾਂ ਨੇ ਵੰਡ ਲਏ ਅਤੇ ਫਲਸਤੀਨੀ ਲੋਕ ਵੈਸਟ ਬੈਂਕ ਤੇ ਪੂਰਬੀ ਯੇਰੋਸ਼ਲਮ ਵਿੱਚ ਵਸਾਏ ਜਾਣਗੇ, ਫੈਸਲਾ ਹੋਇਆ।

ਫਲਸਤੀਨੀ ਲੋਕਾਂ ਦੀ ਹੋਣੀ ਦੀ ਸ਼ੁਰੂਆਤ: ਇਸਰਾਈਲ ਵੱਜੋ ‘‘ਯਹੂਦੀ ਰਾਜ“ ਦੇ ਸਥਾਪਤ ਹੋਣ ਨਾਲ ਲੱਖਾਂ ਫਲਸਤੀਨੀਆਂ ਦੇ ਉਜਾੜੇ ਅਤੇ ਦੁੱਖਾਂ ਦਾ ਇਤਿਹਾਸ ਸ਼ੁਰੂ ਹੋ ਗਿਆ। 12-ਜਨਵਰੀ, 1947 ਤੋਂ ਮਾਰਚ 1949 ਤੱਕ ਬਰਤਾਨਵੀ ਮੈਂਡੇਟ ਸਮੇਂ 7.11 ਲੱਖ ਫਲਸਤੀਨੀ ਇਸਰਾਈਲ ਰਾਜ ਵਿੱਚੋ ਬਾਹਰ ਕੱਢ ਦਿੱਤੇ ਗਏ। ਮੈਂਡੇਟ ਦੌਰਾਨ ਗਰੀਬੀ, ਬੇ-ਰੁਜ਼ਗਾਰ, ਖੇਤੀ ਸੰਕਟ ਅਤੇ ਯਹੂਦੀਆ ਦੇ ਦਬਾਅ ਅਧੀਨ ਫਲਸਤੀਨੀ ਲੋਕਾਂ ਨੂੰ ਆਪਣੀ ਜਨਮ ਭੂਮੀ ਛੱਡਣ ਲਈ ਮਜਬੂਰ ਕਰ ਦਿੱਤਾ ਗਿਆ। 30-ਪਿੰਡਾਂ ਵਿਚੋਂ ਲੱਖਾਂ ਫਲਸਤੀਨੀ ਅਰਬ ਦੇਸ਼ਾਂ ‘ਚ ਭੱਜਣ ਲਈ ਮਜਬੂਰ ਹੋ ਗਏ। ਅਸਲ ਵਿੱਚ 1890 ਤੋਂ ਲੈ ਕੇ ਫਰਵਰੀ 1948 ਤੱਕ ਯਹੂਦੀਆ ਨੇ ‘‘ਪਲੈਨ ਮੇ ਬਾਈ ਦੀ ਜਿਓਨਿਸਟ“ ਅਤੇ ਓਪਰੇਸ਼ਨ ‘‘ਜ਼ਾਰਜ਼ੀਰ“ ਅਧੀਨ ਫਲਸਤੀਨੀ ਲੋਕਾਂ ਤੇ ਹਰ ਤਰ੍ਹਾਂ ਦੇ ਜ਼ੁਲਮ ਢਾਹੇ ਜੋ ਪਹਿਲੀ ਫੇਜ਼ ਵੱਜੋ ਜਾਣਿਆ ਜਾਂਦਾ ਫਲਸਤੀਨੀਆ ਦਾ ਉਜਾੜਾ ਸੀ। ਦੂਜੀ ਫੇਜ਼ ਵੱਜੋ ਅਪ੍ਰੈਲ-1948 ਤੋਂ ਜੂਨ-1948 ਤੱਕ ਆਬਾਦੀ ਦੀ ਅਦਲਾ-ਬਦਲੀ ਵਜੋ ਯਹੂਦੀਆਂ ਨੇ 1.75 ਲੱਖ ਫਲਸਤੀਨੀਆਂ ਨੂੰ ਯੇਰੋਸ਼ਲਮ, ਟੇਲਅਵੀਵ, ਟਿਬੇਰੀਅਸ, ਹੈਫਾ, ਜਾਫਾ ਸ਼ਹਿਰਾਂ ਵਿੱਚੋ ਭਜਾ ਦਿੱਤਾ। ਫੇਜ਼ ਤੀਜੀ ਅਤੇ ਚੌਥੀ ਦੌਰਾਨ ਜੁਲਾਈ 1948 ਅਤੇ ਅਕਤੂਬਰ 1948 ਤੋਂ ਮਾਰਚ 1949 ਤੱਕ 2.30 ਲੱਖ ਯਹੂਦੀ ਇਸਰਾਈਲ ਵਿੱਚੋ ਭਜਾ ਦਿੱਤੇ ਗਏ। ਇਸ ਤਰ੍ਹਾਂ ਯਹੂਦੀ ਵਿਸਥਾਰਵਾਦ ਨੇ ਪੂਰੇ ਇਸਰਾਈਲ ਵਿੱਚ ਕਬਜ਼ਾ ਕਰਕੇ ਬਹੁ-ਸੰਮਤੀ ਬਣਾ ਲਈ।

ਯੂ.ਐਨ. ਦਾ ਮੰਤਾ ਨੰ: 194: ਸੋਵੀਅਤ ਰੂਸ ਅਤੇ ਹੋਰ ਦੇਸ਼ਾਂ ਦੇ ਦਬਾਅ ਅਧੀਨ, ‘11-ਦਸੰਬਰ 1949` ਨੂੰ ਯੂ.ਐਨ. ਨੇ ਇਕ ਮੱਤੇ ਰਾਹੀਂ, ‘ਇਸਰਾਈਲ ਨੂੰ, ਜੋ ਫਲਸਤੀਨੀ ਭੱਜ ਗਏ ਸਨ, ਉਨ੍ਹਾਂ ਨੂੰ ਮੁੜ ਵਾਪਸ ਆਉਣ ਅਤੇ ਵਸਾਉਣ ਲਈ ਕਿਹਾ। ਪਰ ਇਸਰਾਈਲ ਨੇ 1.00 ਲੱਖ ਫਲਸਤੀਨੀਆਂ ਨੂੰ ਮੁੜ-ਵਸਾਉਣ ਤੋਂ ਨਾਂਹ ਕਰ ਦਿੱਤੀ ਅਤੇ ਇਸ ਤਰ੍ਹਾਂ ਮੱਤਾ ਨੰ: 194 ਠੁੱਸ ਹੋ ਗਿਆ। 1949 ਦੇ ਅੰਤ ਤਕ ਯਹੂਦੀਆਂ ਨੇ,` 10-ਕਸਬਿਆਂ, 419 ਪਿੰਡਾਂ, 531 ਕਬੀਲਿਆਂ ਜੋ 20,350 ਕਿਲੋਮੀਟਰ ਵਰਗ ਦੇ ਮਾਲਕ ਸਨ ਅਤੇ ਜਿਨ੍ਹਾਂ ਦੀ ਆਬਾਦੀ 8.04 ਲੱਖ ਸੀ, ‘ਫਲਸਤੀਨੀ-ਇਸਰਾਈਲ ਧਰਤੀ ਵਿਚੋਂ ਭਜਾ ਦਿੱਤੇ।
ਯੂ.ਐਨ.ਆਰ.ਡਬਲਯੂ.ਏ.ਦੀ ਰਿਪੋਰਟ ਅਨੁਸਾਰ 10.00 ਲੱਖ ਰਿਫੂਜੀ ਇਸਰਾਈਲ ਛੱਡ ਗਏ। ਇਸਰਾਈਲ ਵੱਲੋ ਫਲਸਤੀਨੀਆਂ ਦੀ ਮੁੜ ਵਾਪਸੀ ਰੋਕਣ ਲਈ, ਘੁਸਪੈਠ ਰੋਕੂ ਕਨੂੰਨ, ਜਮੀਨ ਤੇ ਜਾਇਦਾਦ ਖਰੀਦਣ ਰੋਕੂ ਕਨੂੰਨ, ਗੈਰ ਹਾਜਰ ਵਿਅੱਕਤੀ ਦੀ ਜਾਇਦਾਦ ਕੁਰਕ ਕਰਨ ਆਦਿ ਕਨੂੰਨ ਬਣਾ ਕੇ ਉਨਾਂ ਦਾ ਰਾਹ ਬੰਦ ਕਰ ਦਿੱਤਾ। ਇਸ ਵੇਲੇ ਤੋਂ 4.90 ਮਿਲੀਅਨ ਫਲਸਤੀਨੀ, ‘ਜੋ ਗਾਜਾ ਪੱਟੀ, ਜਾਰਡਨ, ਪੱਛਮੀ ਕਿਨਾਰਾ, ਲੈਬਨਾਨ, ਸੀਰੀਆ, ਮਿਸਰ, ਲੀਬੀਆ ਤੇ ਹੋਰ ਦੇਸ਼ਾਂ ਵਿੱਚ ਵੱਸੇ ਹੋਏ ਹਨ। ਇਹ ਅਰਬੀ ਬੋਲਣ ਵਾਲੇ ਇਸਲਾਮਿਕ ਅਤੇ ਇਸਾਈ ਧਰਮ ਦੇ ਅਨੁਆਈ ਫਲਸਤੀਨੀ ਲੋਕ ਹਨ।

ਅਰਬ-ਇਸਰਾਈਲ 1967 ਜੰਗ: ਇਸ ਜੰਗ ਵਿੱਚ ਅਰਬ ਦੇਸ਼ਾਂ ਦੇ ਹਾਰ ਜਾਣ ਕਾਰਨ ਸਭ ਤੋਂ ਵੱਧ ਮਾਰ ਪਈ ਫਲਸਤੀਨੀ ਲੋਕਾਂ ਨੂੰ। ਇਸਰਾਈਲ ਜਿਸ ਦੀ ਪਿੱਠ ਤੇ ਸਾਰਾ ਸਾਮਰਾਜ ਸੀ, ਨੇ ਮਿਸਰ ਦਾ ਸਿਨਾਈ, ਸੀਰੀਆ ਦਾ ਗੌਲਾਨ ਪਹਾੜੀਆਂ, ਗਾਜ਼ਾ ਪੱਟੀ, ਪੱਛਮੀ ਤੱਟ-ਜਾਰਡਨ ਦੇ ਇਲਾਕੇ ਹੜੱਪ ਕਰ ਲਏ। ਇਸ ਤਰ੍ਹਾਂ ਇਸਰਾਈਲ ਨੇ 1948 ਤੋਂ 1967 ਤੱਕ ਆਪਣੇ ਇਲਾਕਿਆਂ ‘ਚ ਅਥਾਹ ਵਾਧਾ ਕਰਕੇ ਵਿਦੇਸ਼ਾਂ ਤੋਂ ਯਹੂਦੀਆਂ ਨੂੰ ਸੱਦ ਕੇ ਇਥੇ ਵਸਾ ਕੇ ਆਪਣੀ ਬਹੁ-ਗਿਣਤੀ ਨੂੰ ਮਜ਼ਬੂਤ ਕੀਤਾ। ਬੇ-ਘਰ ਹੋਏ ਫਲਸਤੀਨੀਆਂ ਨੂੰ ਸਿਵਾਏ ਸੰਘਰਸ਼ਸ਼ੀਲ ਅਤੇ ਹਥਿਆਰ ਬੰਦ ਹੋਣ ਦੇ ਹੋਰ ਕੋਈ ਰਾਹ ਨਾ ਬੱਚਿਆ ? ਫਲਸਤੀਨੀ ਲੋਕਾਂ ਦੇ ਵੱਖੋ-ਵੱਖ ਗਰੁਪਾਂ ਨੇ ਆਪਣੀਆਂ ਜੱਥੇਬੰਦੀਆਂ ਬਣਾ ਕੇ, ‘ਆਪਣੀ ਮਾਤ-ਭੂਮੀ ਦੀ ਪ੍ਰਾਪਤੀ ਲਈ ਵੱਖੋ-ਵੱਖ ਦੇਸ਼ਾਂ ਅੰਦਰ ਅੱਡੇ ਕਾਇਮ ਕਰਕੇ ਇਸਰਾਈਲ ਵਿਰੁਧ ਸੰਘਰਸ਼ ਅਰੰਭ ਦਿੱਤਾ।

ਫਲਸਤੀਨੀ ਲੋਕਾਂ ਦਾ ਰਾਜਨੀਤਕ ਉਭਾਰ: ਫਲਸਤੀਨੀ ਲੋਕਾਂ ਨੂੰ ਜੱਥੇਬੰਦ ਕਰਨ ਲਈ ਅਤੇ ਦੁਨੀਆ ਦੇ ਨਕਸ਼ੇ ਤੇ ਲਿਆਉਣ ਲਈ ਪੀ.ਐਲ.ਓ., ਪੀ.ਐਨ.ਸੀ., ਪੀ.ਐਲ.ਸੀ., ਪੀ.ਐਨ.ਏ. ਆਦਿ ਜੱਥੇਬੰਦੀਆ ਨੇ ਯਾਸਰ ਅਰਾਫਾਤ, ਮਹਿਮੂਦ ਆਬਾਸ, ਇਬਰਾਹਮ ਅਬੂ-ਲੂਘੋਦ, ਮਹਿਮੂਦ ਦਰਵੇਸ਼, ਇਮਾਇਲ ਹਬੀਬੀ, ਅਸਰਾਵੀ, ਖਾਲਿਦ ਮਸ਼ਾਲ, ਆਦਿ ਆਗੂਆਂ ਦੀ ਅਗਵਾਈ ਹੇਠ ਸੰਘਰਸ਼ ਸ਼ੁਰੂ ਹੋਏ। ਪੀ.ਐਲ.ਓ. ਜੋ ਖੱਬੇ-ਪੱਖੀ ਅਤੇ ਧਰਮ-ਨਿਰਪੱਖ ਜੱਥੇਬੰਦੀ ਹੈ ਨੇ (ਮਰਹੂਮ) ਯਾਸਰ-ਅਰਾਫਾਤ ਦੀ ਅਗਵਾਈ ਵਿੱਚ ਫਲਸਤੀਨੀ ਲੋਕਾਂ ਨੂੰ ਕੌਮਾਂਤਰੀ ਪੱਧਰ ਤੇ ‘‘ਇਕ ਕੌਮ“ ਵੱਜੋ ਮਾਨਤਾ ਦਿਵਾਈ। ਵਿਸਥਾਰਵਾਦੀ ਇਸਰਾਈਲ ਵਲੋ ਸਾਮਰਾਜੀ ਅਮਰੀਕਾ ਦੀ ਸਹਾਇਤਾ ਨਾਲ ਫਲਸਤੀਨੀ ਅੱਡਿਆਂ ਨੂੰ, ‘ਪਹਿਲਾ ਜਾਰਡਨ, ਲਿਬਨਾਨ ਅਤੇ ਫਿਰ ਬਾਕੀ ਅਰਬ ਦੇਸ਼ਾਂ ਤੇ ਦਬਾਅ ਪਾ ਕੇ ਉਨ੍ਹਾਂ ਨੂੰ ਤਹਿਸ-ਨਹਿਸ ਕੀਤਾ ਗਿਆ ਤਾਂ ਜੋ ਫਲਸਤੀਨੀ ਲੋਕਾਂ ਨੂੰ ਅਲੱਗ-ਥਲੱਗ ਰੱਖਿਆ ਜਾਵੇ।

- Advertisement -

ਯਾਸਰ ਅਰਾਫਾਤ ਦੀ ਮੌਤ ਬਾਦ ਪੀ.ਐਲ.ਓ. ਕਮਜ਼ੋਰ ਹੋ ਗਿਆ ਅਤੇ ਹਮਾਸ ਧੜਾ ਅੱਗੇ ਆ ਗਿਆ। ਹਮਾਸ-ਇਸਲਾਮਿਕ ਰਜਿਸਟੈਂਟ ਮੂਵਮੈਂਟ, ਸੂੰਨੀ ਪੈਰਾ ਮਿਲਟਰੀ ਸੋਚ ਵਾਲਾ ਧੜਾ ਹੈ। 2006 ਦੀਆਂ ਚੋਣਾਂ ਦੌਰਾਨ ਹਮਾਸ ਨੇ ਗਾਜਾ ਪੱਟੀ ਵਿੱਚ ਨਰਮ ਪੰਥੀ ਫਤਿਹ ਗਰੁੱਪ ਨੂੰ ਹਰਾ ਕੇ ਕਬਜਾ ਕੀਤਾ ਸੀ। ਪਰ 2007 ਦੌਰਾਨ ਹਮਾਸ ਧੜੇ ਨੇ ਕੁਲ ‘‘76-ਸੀਟਾਂ“ ਅਤੇ 43 ਸੀਟਾਂ ਤੇ ‘‘ਫਤਹਿ“ ਕਾਬਜ ਹੋਣ ‘ਤੇ ਵੀ ਰਾਸ਼ਟਰਪਤੀ ਮਹਿਮੂਦ ਆਬਾਸ ਨੇ ਹਮਾਸ ਨੂੰ ਹਟਾ ਕੇ ਫਤਹਿ ਨੂੰ ਅੱਗੇ ਲੈ ਆਂਦਾ ਅਤੇ ਹਮਾਸ ਨੂੰ ਬੈਨ ਕਰ ਦਿੱਤਾ ਗਿਆ। ਇਸ ਕਾਰਵਾਈ ਨੇ ਪਹਿਲਾ ਹੀ ਪੱਖੜੀਆਂ-ਪੱਖੜੀਆਂ ਹੋਏ ਫਲਸਤੀਨੀ ਧੜਿਆਂ ਨੂੰ ਹੋਰ ਅੱਗੋ ਵੰਡ ਕੇ ਕਮਜ਼ੋਰ ਕਰ ਦਿੱਤਾ ਹੈ।

ਬੁਨਿਆਦੀ ਝਗੜੇ ਦਾ ਕਾਰਨ: 1949 ਦੇ ਸਮਝੌਤੇ ਅਨੁਸਾਰ ਵੈਸਟ ਬੈਂਕ ਅਤੇ ਪੂਰਬੀ ਯੈਰੋਸਲਮ ਸ਼ਹਿਰ, ‘ਤੇ ਫਲਸਤੀਨੀਆਂ ਨੂੰ ਪੂਰਨ ਅਧਿਕਾਰ ਦੇਣਾ ਮੰਨਿਆ ਗਿਆ ਸੀ। ਇਸਰਾਈਲ ਨੇ ਇਹ ਅਧਿਕਾਰ ਅਮਲ ਵਿੱਚ ਤਾਂ ਕੀ ਲਿਆਉਣੇ ਸਨ, ‘ਸਗੋਂ 1967 ਦੀ ਜੰਗ ਦੌਰਾਨ ਅਰਬ ਇਲਾਕਿਆ ਤੇ ਕੀਤਾ ਕਬਜਾ ਵੀ ਨਹੀਂ ਛੱਡਿਆ ? ਜਿਸ ਕਾਰਨ ਇਸ ਖਿਤੇ ਵਿੱਚ ਤਨਾਅ ਬਣਿਆ ਹੋਇਆ ਹੈ। ਗਾਜਾ ਪੱਟੀ, ਵਿਖੇ 15-ਲੱਖ ਫਲਸਤੀਨੀ ਲੋਕ ਅਤੇ ਪੱਛਮੀ ਤਟ ਜਿਥੇ 25 ਲੱਖ ਫਲਸਤੀਨੀ ਵਸੇ ਹੋਏ ਹਨ। ਇਨ੍ਹਾਂ ਦੋਹਾਂ ਇਲਾਕਿਆਂ, ਜਿਥੇ ਫਲਸਤੀਨੀ ਲੋਕਾਂ ਦੀ ਖੁਦ-ਮੁਖਤਾਰੀ ਹੈ, ‘ਨੂੰ ਵੀ ਇਸਰਾਈਲ ਮਾਨਤਾ ਨਹੀਂ ਦਿੰਦਾ। ਆਏ ਦਿਨ ਆਨੇ-ਬਹਾਨੇ ਇਸਰਾਈਲ ਵੱਲੋ ਇਨ੍ਹਾਂ ਇਲਾਕਿਆ ਵਿੱਚ ਦਾਖਲ ਹੋ ਕੇ ਫਲਸਤੀਨੀ ਲੋਕਾਂ ਤੇ ਜ਼ਬਰ ਢਾਹੇ ਜਾਂਦੇ ਹਨ। ਇਸਰਾਈਲ ਅਧੀਨ ਉਹ ਖਿਤੇ ਜਿਥੇ ਫਲਸਤੀਨੀ ਰਹਿ ਸਕਦੇ ਹਨ, ਜਿਵੇਂ ਪੂਰਬੀ ਯੇਰੋਸ਼ਲਮ ਤੇ ਹੋਰ ਸ਼ਹਿਰ ਜਿਥੇ ਇਨ੍ਹਾਂ ਦੀ ਬਹੁ ਗਿਣਤੀ ਹੈ, ਵੋਟ ਦਾ ਅਧਿਕਾਰੀ ਬਣਾਉਣ ਤੋਂ ਇਨਕਾਰ ਕੀਤਾ ਜਾਂਦਾ ਰਿਹਾ ਹੈ। ਇਨ੍ਹਾਂ ਇਲਾਕਿਆਂ ਤੇ ਹੁਣ ਇਸਰਾਈਲ ਨੇ ਮੁਕੰਮਲ ਕਬਜ਼ੇ ਕਰਕੇ ਫਲਸਤੀਨੀਆਂ ਨੂੰ ਦੂਸਰੇ ਦਰਜੇ ਦੇ ਨਾਗਰਿਕ ਬਣਾ ਦਿੱਤਾ ਹੋਇਆ ਹੈ। ਇਕ ਪਾਸੇ ਫਲਸਤੀਨੀ ਲੋਕਾਂ ਵੱਲੋ ਆਪਣੀ ਮਾਤਰ-ਭੂਮੀ ਲਈ ਅਤੇ ਦੂਸਰਾ ਹੋਂਦ ਲਈ ਸੰਘਰਸ਼ ਕਰਨਾ ਪੈ ਰਿਹਾ ਹੈ। ਦੂਸਰੇ ਪਾਸੇ ਵਿਸਥਾਰਵਾਦੀ ਇਸਰਾਈਲ ਆਏ ਦਿਨ ਇਨ੍ਹਾਂ ਤੇ ਬਰਬਰਤਾ ਭਰਪੂਰ ਹਮਲੇ ਕਰ ਰਿਹਾ ਹੈ ਤੇ ਹਜ਼ਾਰਾਂ ਫਲਸਤੀਨੀ ਮਾਰੇ ਜਾ ਸਕੇ ਹਨ।

ਪੱਛਮੀ ਅਤੇ ਮੱਧ-ਪੂਰਬ ਏਸ਼ੀਆ ਦਾ ਸੰਕਟ: 1991 ਦੇ ਸੋਵੀਅਤ ਰੂਸ ਦੇ ਟੁਟਣ ਬਾਦ, ਸਾਮਰਾਜੀ ਅਮਰੀਕਾ ਤੇ ਉਸ ਦੇ ਨਾਟੋ ਭਾਈਵਾਲਾਂ ਨੇ ਆਪਣੇ ਪਾਸਾਰਵਾਦ, ਲੁੱਟ ਤੇ ਧੱਕੇਸ਼ਾਹੀ ਨੂੰ ਤੇਜ਼ ਕੀਤਾ ਹੈ। ਜਿਸ ਕਾਰਨ ਸਾਮਰਾਜੀ ਵਿਸ਼ਵੀਕਰਨ ਅਤੇ ਵਿਤੀ ਖੁਲ੍ਹਾਂ ਦੇ ਨਤੀਜੇ ਵੱਜੋ ਆਰਥਿਕ ਸਾਧਨਾਂ ਦਾ ਵਹਾ ਵਿਕਾਸਸ਼ੀਲ ਦੇਸ਼ਾਂ ਵੱਲੋ ਵਿਕਸਤ ਦੇਸ਼ਾਂ ਦੀ ਆਰਥਿਕਤਾ ਵੱਲ ਜਾ ਰਿਹਾ ਹੈ। ਜੋ ਅੰਤਰ ਵਿਰੋਧਤਾਈਆਂ ਨੂੰ ਜਨਮ ਦਿੰਦਾ ਹੈ। ਇਸ ਸੰਦਰਭ ਵਿੱਚ ਅਮਰੀਕਾ ਨੇ ਪੱਛਮੀ ਅਤੇ ਮੱਧ ਪੂਰਬ ਏਸ਼ੀਆ ਨੂੰ ਆਪਣੀ ਯੁਧਨੀਤੀ ਦਾ ਕੇਂਦਰ ਬਣਾਇਆ ਹੋਇਆ ਹੈ। ਊਰਜਾ ਸਾਧਨਾਂ ਦਾ ਕੰਟਰੋਲ ਉਸ ਦਾ ਮੁੱਖ ਮੁੱਦਾ ਹੈ। ਦੂਸਰਾ ਇਨ੍ਹਾਂ ਖਿਤਿਆ ਵਿੱਚ ਜਮਹੂਰੀਅਤ ਕਾਇਮ ਕਰਨ ਦੇ ਬਹਾਨੇ, ਲੁਕਵੇਂ ਮਨਸੂਬਿਆਂ ਰਾਹੀਂ ਅਮੀਰ ‘ਤੇਲ ਖਿਤਿਆ` ਤੇ ਆਪਣੀ ਸਰਦਾਰੀ ਕਾਇਮ ਕਰਨੀ ਹੈ। ਜਿਸ ਲਈ ਇਰਾਕ ਤੇ ਅਫਗਾਨਿਸਤਾਨ ਉਪਰ ਹਮਲੇ ਅਤੇ ਇਸਰਾਈਲ ਦੀ ਪਿੱਠ ਥਾਪ ਕੇ ਇਸ ਨੂੰ ਆਪਣਾ ਮਜ਼ਬੂਤ ਅੱਡਾ ਬਣਾਉਣਾ ਉਸ ਦਾ ਮਨਸੂਬਾ ਹੈ। ਸਾਮਰਾਜੀ ਅਮਰੀਕ ਨੇ ‘‘ਫਲਸਤੀਨੀ ਲੋਕਾਂ ਅਤੇ ਲਿਬਨਾਨ“ ਦੋਨਾਂ ਅੰਦਰ ਫੁੱਟ ਪਾ ਕੇ ਫਲਸਤੀਨੀ ਲਹਿਰ ਨੂੰ ਅਲੱਗ-ਥਲੱਗ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਹਮਾਸ ਸਰਕਾਰ ਨੂੰ ਕਮਜ਼ੋਰ ਕਰਨਾ, ਆਰਥਿਕ ਨਾਕਾਬੰਦੀ ਅਤੇ ਇਸਰਾਈਲ ਵੱਲੋਂ 27-ਦਸੰਬਰ 2008 ਤੋਂ 18-ਜਨਵਰੀ 2009 ਤੱਕ ਕੰਘਾਕਰੂੂ ਆਏ ਦਿਨ ਕਾਰਵਾਈ ਰਾਹੀਂ, ‘ਇਕ ਵਾਰ ਫਿਰ ਫਲਸਤੀਨੀ ਲੋਕਾਂ ਨੂੰ ਨਾ-ਬਰਾਬਰੀ ਵਾਲਾ ਸਮਝੌਤਾ ਕਰਾਉਣ ਲਈ ਮਜਬੂਰ ਕਰਨਾ ਸੀ। ਇਸ ਹਮਲੇ ਵਿੱਚ ਜੰਗ ਅਤੇ ਜੰਗਬੰਦੀ ਦੀਆਂ ਸਾਰੀਆਂ ਪਾਬੰਦੀਆਂ ਦੀ ਉਲੰਘਣਾ ਕਰਕੇ ਹਜ਼ਾਰਾਂ ਸਿਵਲੀਆਂ ਅਤੇ ਬੱਚਿਆਂ ਦਾ ਨਰ-ਸੰਘਾਰ ਅਤੇ ਜਨਤਕ ਤਬਾਹੀ ਦਾ ਬੋਲਬਾਲਾ ਕੀਤਾ ਗਿਆ ਹੈ। ਸਕੂਲਾਂ ‘ਤੇ ਹਮਲੇ, ਸੰਯੁਕਤ ਰਾਸ਼ਟਰ ਅਤੇ ਰੈਡ ਕਰਾਸ ਨੂੰ ਸਹਾਇਤਾ ਦੇਣ ਤੋਂ ਰੋਕਣਾ, ਫਾਸਫੋਰਸ ਯੁਕਟ ਬੰਬ ਜੋ ਮਨ੍ਹਾਂ ਕੀਤੇ ਹੋਏ ਹਨ ਰਾਕੇਟ, ਮਿਜ਼ਾਈਲਾ ਦੀ ਵਰਤੋਂ ਕਰਕੇ ਅੱਤਵਾਦੀਆਂ ਨੂੰ ਖਤਮ ਕਰਨ ਦੇ ਨਾਂ ਤੇ ਫਲਸਤੀਨੀ ਜਨ-ਸਮੂਹ ਨੂੰ ਇਕ ਸਬਕ ਦੇਣ ਦੇ ਬਹਾਨੇ ਹਮਲੇ ਕੀਤੇ ਜਾਂਦੇ ਹਨ। ‘‘ਐਨਾ ਪੋਲਿਸ“ ਅਤੇ ਦੋਵੱਲੀ ਕਾਨਫਰੰਸਾਂ ਨੂੰ ਫੇਲ੍ਹ ਕਰਾਉਣਾਂ ਤਾਂ ਕਿ ਇਸਰਾਈਲ ਪੱਛਮੀ ਕੰਢੇ ਦੀਆਂ ਕਲੋਨੀਆਂ ਖਾਲੀ ਨਾ ਕਰੇ ਅਤੇ ਫੌਜੀ ਵਾਧਾ ਕਰਨਾ ਜਾਰੀ ਰੱਖਿਆ ਜਾਵੇ। ਇਸ ਖਿਤੇ ਵਿੱਚ ਸਾਮਰਾਜੀ ਸ਼ਕਤੀਆਂ ਨੂੰ ਮਜ਼ਬੂਤ ਕਰਨਾ ਮੁੱਖ ਮੰਤਵ ਹੈ।

ਯਹੂਦੀ ਸਾਮਰਾਜ ਦੀ ਚੜ੍ਹਤ ਤੇ ਅਰਬ ਭਾਈਚਾਰੇ ਵਿੱਚ ਫੁੱਟ ਕਾਰਨ ਇਹ ਮੱਸਲਾ ਹੱਲ ਨਹੀਂ ਹੋ ਰਿਹਾ ਹੈ।ਦੂਸਰੀ ਸੰਸਾਰ ਜੰਗ ਬਾਦ ਯਹੂਦੀ ਭਾਈਚਾਰੇ ਨੇ ਆਪਣਾ ਰੁਖ ਯੂਰਪ ਦੀ ਥਾਂ ਅਮਰੀਕਾ ਵੱਲ ਕਰਕੇ ਉਥੋਂ ਦੀ ਰਾਜਨੀਤੀ ਨੂੰ ਪ੍ਰਭਾਵਤ ਕੀਤਾ ਹੈ।ਇਸ ਵੇਲੇ ਅਮਰੀਕੀ ਕਾਂਗਰਸ ਅੰਦਰ ਸੈਨੈਟ ਮੈਂਬਰ ਯਹੂਦੀ 10 ਅਤੇ 27-ਮੈਂਬਰ ਲੋਕਸਭਾ ਅੰਦਰ (2021) ਹਨ। ਜਦਕਿ ਮੁਸਲਮਾਨ ਜੋ ਗਿਣਤੀ ‘ਚ ਯਹੂਦੀਆਂ ਨਾਲੋ ਦੁਗਣੇ ਹਨ, ‘ਦੇ ਕੇਵਲ ‘3` ਹੀ ਮੈਂਬਰ ਹਨ। ਯਹੂਦੀ ਅਮਰੀਕਾ ਵਿੱਚ ਡਾਕਟਰ, ਇੰਜੀਨੀਅਰ, ਪ੍ਰੋਫੈਸਰ, ਵਪਾਰੀ, ਮੀਡੀਆ ਤੇ ਭਾਰੂ (ਫਾਕਸ ਟੀ.ਵੀ.) ਅਤੇ ਸਮਾਜ ਦੇ ਹੋਰ ਹਿੱਸਿਆਂ ਵਿੱਚ ਦਾਖਲ ਹੋ ਕੇ ਸਮਾਜ ਅਤੇ ਅਰਥਚਾਰੇ` ਤੇ ਪੂਰੀ ਤਰ੍ਹਾਂ ਕਾਬਜ਼ ਹਨ। ਅਰਬ ਦੇਸ਼ਾਂ ਵਿੱਚ ਫੁੱਟ ਅਤੇ ਫਲਸਤੀਨੀ ਧੜ੍ਹਿਆ ਦੀ ਆਪਸੀ ਖਹਿਬਾਜੀ ਕਾਰਨ ਫਲਸਤੀਨੀ ਲੋਕ, ‘ਇਸਰਾਈਲ ਦੇ ਵਿਸਥਾਰਵਾਦ ਦਾ ਸ਼ਿਕਾਰ ਹੋ ਰਹੇ ਹਨ। ਅੱਜ ਦੁਨੀਆ ਅੰਦਰ ਸਮਾਰਾਜੀ ਅਮਰੀਕਾ ਤੇ ਉਸ ਦੇ ਭਾਈਵਾਲਾਂ ਦੀ ਧੱਕੇਸ਼ਾਹੀ ਵਿਰੁੱਧ, ਅਰਬ ਦੇਸ਼ਾਂ ਦੀ ਮੌਕਾ ਪ੍ਰਸਤੀ ਕਾਰਨ ‘ਤੀਸਰੀ ਦੁਨੀਆਂ ਅਤੇ ਨਿਰਪੱਖ ਲਹਿਰ ਵਾਲੇ ਦੇਸ਼ਾਂ ਦੀ ਮਜ਼ਬੂਤ ਇਛਾਂ ਸ਼ਕਤੀ ਰਾਂਹੀ ਹੀ ਲੜਿਆ ਜਾ ਸਕਦਾ ਹੈ। ਇਸ ਵੇਲੇ ਸੰਯੁਕਤ ਰਾਸ਼ਟਰ ਸਾਮਰਾਜੀਆਂ ਦਾ ਦੁੱਮ-ਛੱਲਾ ਬਣਿਆ ਹੋਇਆ ਹੈ, ਜਿਸ ਤੋਂ ਭਵਿੱਖ ਵਿੱਚ ਕਮਜ਼ੋਰ ਕੌਮਾਂ ਅਤੇ ਦੇਸ਼, ‘ਕੌਮਾਂਤਰੀ ਪੱਧਰ ‘ਤੇ ਕੋਈ ਇਨਸਾਫ ਨਹੀਂ ਲੈ ਸੱਕਣਗੇ ! ਦੁਨੀਆਂ ਦੇ ਜਮਹੂਰੀਅਤ ਪਸੰਦ, ਅਮਨ ਦੇ ਹਾਮੀਆਂ ਸਾਮਰਾਜ ਵਿਰੋਧੀ ਲੋਕਾਂ ਨੂੰ ਹੁਣ ਫਲਸਤੀਨੀ ਲੋਕਾਂ ਦੀ ਹਕੀਕੀ ਆਜ਼ਾਦੀ ਅਤੇ ਹੱਕਾਂ ਦੀ ਰਾਖੀ ਲਈ ਅਤੇ ਇਸਰਾਈਲ ਦੀਆਂ ਵਧੀਕੀਆਂ ਵਿਰੁਧ ਆਵਾਜ਼ ਉਠਾਉਣੀ ਚਾਹੀਦੀ ਹੈ। ਫਲਸਤੀਨ ਦੇਸ਼ ਨੂੰ ਸੰਯੁਕਤ ਰਾਸ਼ਟਰ ਅੰਦਰ ਸਥਾਈ ਮੈਂਬਰਸ਼ਿਪ ਦਿਵਾਉਣਾ, ਰਾਜ ਨੂੰ ਪੂਰਨ ਮਾਨਤਾ ਤੇ 1967 ਸਮੇਂ ਜੋ ਰਾਜ ਦੀ ਹੱਦਬੰਦੀ ਸੀ, ਕਾਇਮ ਕਰਨੀ ਚਾਹੀਦੀ ਹੈ। ਮੱਲੇ ਇਲਾਕੇ ਖਾਲੀ ਕਰਨੇ ਚਾਹੀਦੇ ਹਨ। ਫਲਸਤੀਨੀ ਲੋਕਾਂ ਨੂੰ ਆਪਣੇ ਦੇਸ਼ ਅੰਦਰ ਜਿਊਣ ਦਾ ਪੂਰਾ ਅਧਿਕਾਰ ਤੇ ਇਸਰਾਈਲ ਦੇ ਧਾੜਵੀ ਹਮਲਿਆ ਨੂੰ ਬੰਦ ਕਰਨਾ ਚਾਹੀਦਾ ਹੈ।

ਸੰਪਰਕ: 91-9217997445
001-403-285-4208 ਕੈਲਗਰੀ (ਕੈਨੇਡਾ)

Share this Article
Leave a comment