ਨਵਜੋਤ ਸਿੱਧੂ ਨੂੰ ਭਗਵੰਤ ਮਾਨ ਨੇ ਕਿਉਂ ਮਾਰੀਆਂ ਆਵਾਜ਼ਾਂ?

TeamGlobalPunjab
5 Min Read

ਜਗਤਾਰ ਸਿੰਘ ਸਿੱਧੂ

 

ਚੰਡੀਗੜ੍ਹ : ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੱਧੂ ਨੂੰ ਆਪ ਵੱਲੋਂ ਕਿਉਂ ਵਾਰ-ਵਾਰ ਅਵਾਜ਼ਾਂ ਮਾਰੀਆਂ ਜਾ ਰਹੀਆਂ ਹਨ? ਸਭ ਤੋਂ ਤਾਜ਼ਾ ਆਵਾਜ਼ ਪੰਜਾਬ ਦੀ ‘ਆਪ’ ਇਕਾਈ ਦੇ ਪ੍ਰਧਾਨ ਭਗਵੰਤ ਮਾਨ ਨੇ ਮਾਰੀ ਹੈ। ਭਗਵੰਤ ਮਾਨ ਨੇ ਚੰਡੀਗੜ੍ਹ ਵਿਖੇ ਪ੍ਰੈਸ ਕਲੱਬ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਕਿ ਜੇਕਰ ਨਵਜੋਤ ਸਿੱਧੂ ਆਪ ‘ਚ ਸ਼ਾਮਲ ਹੁੰਦਾ ਹੈ ਤਾਂ ਉਹ ਸਭ ਤੋਂ ਪਹਿਲਾਂ ਸਿੱਧੂ ਦਾ ਸਵਾਗਤ ਕਰਨਗੇ। ਆਪ ਦੇ ਪੰਜਾਬ ਇਕਾਈ ਦੇ ਪ੍ਰਧਾਨ ਨੇ ਇਹ ਵੀ ਆਖਿਆ ਹੈ ਕਿ ਰਵਾਇਤੀ ਪਾਰਟੀਆਂ ਕਾਂਗਰਸ ਤੇ ਅਕਾਲੀ ਭਾਜਪਾ ਗਠਜੋੜ ਤੋਂ ਪੰਜਾਬ ਨੂੰ ਬਚਾਉਣ ਲਈ ਚੰਗੇ ਲੋਕਾਂ ਨੂੰ ਇਕੱਠੇ ਹੋਣ ਦੀ ਲੋੜ ਹੈ। ਉਂਝ ਭਗਵੰਤ ਮਾਨ ਪਹਿਲਾਂ ਨੇਤਾ ਨਹੀਂ ਹੈ ਜਿਸ ਨੇ ਨਵਜੋਤ ਸਿੱਧੂ ਨੂੰ ਆਵਾਜ਼ ਮਾਰੀ ਹੈ। ਇਸ ਤੋਂ ਪਹਿਲਾਂ ਅਕਾਲੀ ਦਲ, ਟਕਸਾਲੀ ਦੇ ਆਗੂਆਂ ਵੱਲੋਂ ਵੀ ਨਵਜੋਤ ਸਿੱਧੂ ਨਾਲ ਮੀਟਿੰਗਾਂ ਬਾਰੇ ਮੀਡੀਆ ‘ਚ ਚਰਚਾ ਹੋ ਚੁੱਕੀ ਹੈ? ਸਿੱਧੂ ਨੇ ਅਜੇ ਤੱਕ ਇਨ੍ਹਾਂ ਸਾਰੇ ਸੱਦਿਆਂ ਬਾਰੇ ਕੋਈ ਪ੍ਰਤੀਕਰਮ ਨਹੀਂ ਦਿੱਤਾ ਹੈ।

ਐਨਾ ਜ਼ਰੂਰ ਹੈ ਕਿ ਨਵਜੋਤ ਸਿੱਧੂ ਵੱਲੋਂ ਕੁਝ ਦਿਨ ਪਹਿਲਾਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਕਾਂਗਰਸ ਦੀ ਯੁਵਾ ਨੇਤਾ ਪ੍ਰਿਅੰਕਾ ਗਾਂਧੀ ਨਾਲ ਦਿੱਲੀ ਵਿਖੇ ਮੁਲਾਕਾਤਾਂ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਮੀਟਿੰਗਾਂ ‘ਚ ਸਿੱਧੂ ਨੇ ਪੰਜਾਬ ਦੀ ਸਮੁੱਚੀ ਸਥਿਤੀ ਬਾਰੇ ਪਾਰਟੀ ਲੀਡਰਸ਼ਿਪ ਨੂੰ ਜਾਣਕਾਰੀ ਦਿੱਤੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਿਛਲੇ ਕਾਫੀ ਸਮੇਂ ਤੋਂ ਸਰਕਾਰ ਦੀ ਕਾਰਗੁਜ਼ਾਰੀ ਨੂੰ ਲੈ ਕੇ ਵਿਰੋਧੀਆਂ ਅਤੇ ਆਪਣਿਆਂ ਦੇ ਨਿਸ਼ਾਨੇ ‘ਤੇ ਹਨ। ਇੱਥੋਂ ਤੱਕ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨਾਲ ਵੀ ਮਤਭੇਦ ਦੀਆਂ ਖਬਰਾਂ ਹਨ। ਇਹੋ ਜਿਹੀ ਹਾਲਤ ‘ਚ ਨਵਜੋਤ ਸਿੱਧੂ ਵੱਲੋਂ ਕਾਂਗਰਸ ਹਾਈਕਮਾਂਡ ਨਾਲ ਮੁਲਾਕਾਤ ਦੀ ਅਹਿਮੀਅਤ ਸੁਭਾਵਿਕ ਹੈ। ਨਵਜੋਤ ਸਿੱਧੂ ਵਜ਼ਾਰਤ ਤੋਂ ਅਸਤੀਫਾ ਦੇਣ ਤੋਂ ਬਾਅਦ ਕਿਸੇ ਵੀ ਰਾਜਸੀ ਸਰਗਰਮੀ ‘ਚ ਨਜ਼ਰ ਨਹੀਂ ਆਏ। ਇੱਥੋਂ ਤੱਕ ਕਿ ਪੰਜਾਬ ਵਿਧਾਨ ਸਭਾ ਦੇ ਸੈਸ਼ਨ ‘ਚ ਵਿਧਾਇਕ ਵਜੋਂ ਵੀ ਉਨ੍ਹਾਂ ਦੀ ਗੈਰ-ਹਾਜ਼ਰੀ ਹੈ।

- Advertisement -

ਇਹੋ  ਜਿਹੀ ਹਾਲਤ ‘ਚ ਆਪ ਨੂੰ ਨਵਜੋਤ ਸਿੱਧੂ ਦਾ ਮੋਹ ਵਾਰ-ਵਾਰ ਕਿਉਂ ਜਾਗ ਰਿਹਾ ਹੈ। ਉਹ ਹੀ ਭਗਵੰਤ ਮਾਨ ਅਤੇ ਸੁੱਚਾ ਸਿੰਘ ਛੋਟੇਪੁਰ ਨੇ ਪਿਛਲੀ ਵਿਧਾਨ ਸਭਾ ਚੋਣ ਤੋਂ ਪਹਿਲਾਂ ਨਵਜੋਤ ਸਿੱਧੂ ਦਾ ਆਪ ‘ਚ ਸ਼ਾਮਲ ਹੋਣ ਤੋਂ ਰਾਹ ਰੋਕਿਆ ਸੀ ਅਤੇ ਉਸ ਦੇ ਦਾਖਲੇ ਲਈ ਅਜੀਬ ਸ਼ਰਤਾਂ ਮੀਡੀਆ ‘ਚ ਲਾਈਆਂ ਸਨ। ਹੁਣ ਦਿੱਲੀ ਵਿਧਾਨ ਸਭਾ ਦੀ ਚੋਣ ਬਾਅਦ ਪੰਜਾਬ ਦੀ ਲੀਡਰਸ਼ਿਪ ਮੁੜ ਹੌਸਲੇ ‘ਚ ਨਜ਼ਰ ਆ ਰਹੀ ਹੈ ਅਤੇ ਉਨ੍ਹਾਂ ਨੂੰ ਲੱਗਦਾ ਹੈ ਕਿ ਜੇਕਰ ਨਵਜੋਤ ਸਿੱਧੂ ਵਰਗੇ ਨੇਤਾ ਪਾਰਟੀ ‘ਚ ਆ ਜਾਂਦੇ ਹਨ ਤਾਂ ਪੰਜਾਬ ‘ਚ ਵਿਧਾਨ ਸਭਾ ਚੋਣਾਂ ਵੇਲੇ ਗੱਲ ਬਣ ਸਕਦੀ ਹੈ। ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਇਹ ਸਾਰਾ ਕੁਝ ਚੋਣਾ ਜਿੱਤਣ ਲਈ ਕੀਤਾ ਜਾ ਰਿਹਾ ਹੈ ਜਾਂ ਪਾਰਟੀ ਕਿਸੇ ਸਿਧਾਂਤ ‘ਤੇ ਖੜ੍ਹੀ ਹੈ। ਨਵਜੋਤ ਸਿੱਧੂ ਨੇ ਪਾਰਲੀਮੈਂਟ ਚੋਣਾ ਵੇਲੇ ਭਾਜਪਾ ਦੇ ਨੇਤਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਜ਼ਬਰਦਸਤ ਰਾਜਸੀ ਹਮਲੇ ਕੀਤੇ ਸਨ ਪਰ ਦਿੱਲੀ ‘ਚ ਵਾਪਰੀਆਂ ਹਿੰਸਕ ਘਟਨਾਵਾਂ ਦੇ ਮੱਦੇਨਜ਼ਰ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵਿਰੁੱਧ ਜੁਬਾਨ ਨਹੀਂ ਖੋਲ੍ਹੀ।

ਦਿੱਲੀ ਹਾਈਕੋਰਟ ਦੇ ਇੱਕ ਜੱਜ ਨੇ ਇੱਥੋਂ ਤੱਕ ਆਖ ਦਿੱਤਾ ਕਿ ਦਿੱਲੀ ਦੀ ਹਿੰਸਾ ਨੇ 1984 ਦਾ ਕਤਲੇਆਮ ਚੇਤੇ ਕਰਵਾ ਦਿੱਤਾ। ਰਾਜਸੀ ਹਲਕਿਆਂ ‘ਚ ਸੁਆਲ ਉੱਠ ਰਹੇ ਹਨ ਕਿ ਦਿੱਲੀ ਦਾ ਮੁੱਖ ਮੰਤਰੀ ਕੇਜਰੀਵਾਲ ਭਾਜਪਾ ਦੇ ਏਜੰਡੇ ਦਾ ਹਮਾਇਤੀ ਹੈ। ਇੱਕ ਹੋਰ ਖੱਬੇ ਪੱਖੀ ਯੁਵਾ ਨੇਤਾ ਕਨ੍ਹੱਈਆ ਕੁਮਾਰ ‘ਤੇ ਦੇਸ਼ ਧ੍ਰੋਹ ਦਾ ਮੁਕੱਦਮਾ ਚਲਾਉਣ ਦੀ ਆਗਿਆ ਵੀ ਦਿੱਲੀ ਸਰਕਾਰ ਨੇ ਦਿੱਤੀ ਹੈ। ਇਹ ਸਾਰੇ ਮਾਮਲੇ ਆਉਣ ਵਾਲੇ ਦਿਨਾਂ ‘ਚ ਪੰਜਾਬ ਦੇ ਰਾਜਸੀ ਮੰਚ ‘ਤੇ ਵੀ ਉੱਠਣਗੇ। ਨਵਜੋਤ ਸਿੱਧੂ ਘੱਟ ਗਿਣਤੀਆਂ ਦੇ ਹੱਕ ‘ਚ ਡਟ ਕੇ ਖੜ੍ਹਦਾ ਹੈ। ਇਸ ਤਰ੍ਹਾਂ ਦੇ ਟਕਰਾਅ ਵਾਲੇ ਵਿਚਾਰਾਂ ਨਾਲ ਸਿੱਧੂ ਦੇ ਆਪ ‘ਚ ਜਾਣ ‘ਤੇ ਵੀ ਸੁਆਲ ਖੜ੍ਹੇ ਹੁੰਦੇ ਹਨ?

ਭਗਵੰਤ ਮਾਨ ਨੇ ਚੰਗੇ ਲੋਕਾਂ ਨੂੰ ਇਕੱਠੇ ਹੋਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਨੇ ਚੰਗੇ ਲੋਕਾਂ ਦੀ ਪਰਿਭਾਸ਼ਾ ਨਹੀਂ ਦੱਸੀ। ਕੀ ਚੰਗੇ ਲੋਕਾਂ ‘ਚ ਸੁਖਪਾਲ ਖਹਿਰਾ, ਕੰਵਰ ਸੰਧੂ, ਬੈਂਸ ਭਰਾ, ਧਰਮਵੀਰ ਗਾਂਧੀ ਤੇ ਪ੍ਰਗਟ ਸਿੰਘ ਵਰਗੇ ਲੋਕ ਵੀ ਸ਼ਾਮਲ ਹਨ? ਜਾਂ ਅਜਿਹੇ ਚੰਗੇ ਲੋਕ ਚਾਹੀਦੇ ਹਨ ਜਿਹੜੇ ਕਿ ਕੇਜਰੀਵਾਲ ਦੀ ਹਾਂ ‘ਚ ਹਾਂ ਮਿਲਾਉਣ। ਇਸ ਤਰ੍ਹਾਂ ਆਮ ਆਦਮੀ ਪਾਰਟੀ ਨੂੰ ਪਿਛਲੀ ਵਿਧਾਨ ਸਭਾ ਦੀਆਂ ਚੋਣਾਂ ‘ਚ ਗਲਤੀਆਂ/ਹਉਮੈ ਤੋਂ ਸਬਕ ਸਿੱਖਣਾ ਪਵੇਗਾ। ਇਹ ਵੀ ਸਪਸ਼ਟ ਹੈ ਕਿ ਬਗੈਰ ਕਿਸੇ ਠੋਸ ਵਿਚਾਰਧਾਰਾ ਦੇ ਇਕੱਠਾ ਹੋਇਆ ਟੱਬਰ ਖਿੰਡਣ ਲੱਗਾ ਦੇਰ ਨਹੀਂ ਲਾਏਗਾ। ਭਾਜਪਾ ਅੰਦਰ ਵੀ ਦੂਜੀਆਂ ਪਾਰਟੀਆਂ ਦੇ ਨੇਤਾ ਆਏ ਹਨ ਪਰ ਉਨ੍ਹਾਂ ਨੂੰ ਭਗਵੇਂ ਰੰਗ ‘ਚ ਰੰਗਿਆਂ ਜਾਂਦਾ ਹੈ ਅਤੇ ਉਹ ਇਕੋ ਬੋਲੀ ਬੋਲਦੇ ਹਨ। ਆਪ ਦੀ ਲੀਡਰਸ਼ਿਪ ਦੇਸ਼ ਨੂੰ ਕਿਹੜੇ ਰੰਗ ‘ਚ ਰੰਗਣਾ ਚਾਹੁੰਦੀ ਹੈ? ਇਹ ਦੱਸਣਾ ਪਏਗਾ। ਜਾਂ ਕੇਵਲ ਚੋਣ ਜਿੱਤਣ ਦਾ ਹੀ ਏਜੰਡਾ ਹੋਵੇਗਾ?

Share this Article
Leave a comment