ਕੋਵਿਡ ਮਹਾਂਮਾਰੀ: ਖੇਤੀ ਵਿਕਾਸ ਦਾ ਮੌਜੂਦਾ ਪੜਾਅ-ਵੰਗਾਰਾਂ ਅਤੇ ਨਵੀਆਂ ਤਕਨਾਲੋਜੀਆਂ

TeamGlobalPunjab
12 Min Read

-ਬਲਦੇਵ ਸਿੰਘ ਢਿੱਲੋਂ,

-ਨਵਤੇਜ ਸਿੰਘ ਬੈਂਸ

 

ਅਸੀਂ ਅਣਸੁਖਾਵੇਂ ਸਮੇਂ ਵਿੱਚੋਂ ਲੰਘ ਰਹੇ ਹਾਂ। ਕੋਵਿਡ ਮਹਾਂਮਾਰੀ ਨੇ ਖੇਤੀਬਾੜੀ ਦੇ ਵੱਖ-ਵੱਖ ਪਹਿਲੂਆਂ ਉਪਰ ਅਸਰ ਪਾਇਆ ਹੈ। ਦੂਜੇ ਪਾਸੇ ਮੌਸਮੀ ਤਬਦੀਲੀ ਦੇ ਪ੍ਰਭਾਵ ਕਾਰਨ ਟਿੱਡੀ ਦਲ ਦਾ ਖਤਰਾ ਲਗਾਤਾਰ ਮੰਡਰਾ ਰਿਹਾ ਹੈ। ਮੰਡੀਕਰਨ ਅਤੇ ਹੋਰ ਸੰਬੰਧਤ ਮਸਲਿਆਂ ਬਾਰੇ ਜਾਰੀ ਆਰਡੀਨੈਂਸਾਂ ਸੂਬੇ ਦੇ ਖੇਤੀ ਪ੍ਰਬੰਧ ਲਈ ਇੱਕ ਨਵੀਂ ਚੁਣੌਤੀ ਬਣ ਗਏ ਹਨ। ਇਹ ਵੰਗਾਰਾਂ ਸਾਡੀਆਂ ਧਾਰਨਾਵਾਂ ਅਤੇ ਸੋਚ ਉਪਰ ਸਵਾਲ ਖੜ੍ਹੇ ਕਰ ਰਹੀਆਂ ਹਨ। ਇਸ ਹਾਲਤ ਵਿੱਚ ਸਮੇਂ ਦੀ ਨਬਜ਼ ਪਛਾਣ ਕੇ ਨਵੀਆਂ ਸੰਭਾਵਨਾਵਾਂ ਦੀ ਤਲਾਸ਼ ਕਰਨੀ ਪਵੇਗੀ। ਲੌਕਡਾਊਨ ਦੌਰਾਨ ਪੰਜਾਬ ਵਿੱਚ ਕਣਕ ਦੀ ਵਾਢੀ ਤੇ ਵਿਕਰੀ ਨੇ ਕਿਸਾਨਾਂ, ਮਜ਼ਦੂਰਾਂ ਅਤੇ ਸਰਕਾਰੀ ਏਜੰਸੀਆਂ ਵਿਚਕਾਰ ਮਿਸਾਲੀ ਸਹਿਯੋਗ ਤੇ ਵਿਸ਼ਵਾਸ਼ ਦੀ ਉਦਾਹਰਣ ਪੇਸ਼ ਕੀਤੀ ਸੀ। ਉਸ ਮੌਕੇ ਵਾਢੀ ਅਤੇ ਵਿਕਰੀ ਲਈ ਬਣੇ ਨਿਯਮਾਂ ਵਿੱਚ ਪੀ.ਏ.ਯੂ. ਦਾ ਯੋਗਦਾਨ ਵੀ ਸੀ।

- Advertisement -

ਇਸ ਤੋਂ ਬਾਅਦ ਝੋਨੇ ਦੀ ਲਵਾਈ, ਜੋ ਕਿ ਪੂਰੀ ਤਰ੍ਹਾਂ ਮਜ਼ਦੂਰਾਂ ਉਪਰ ਨਿਰਭਰ ਹੈ, ਵਿੱਚ ਇੱਕ ਵੱਡੀ ਚੁਣੌਤੀ ਦੇ ਰੂਪ ਵਿੱਚ ਸਾਹਮਣੇ ਆਈ ਸੀ। ਇਸ ਚੁਣੌਤੀ ਦੇ ਟਾਕਰੇ ਵਜੋਂ ਪੰਜਾਬ ਵਿੱਚ ਝੋਨੇ ਦੀ ਸਿੱਧੀ ਬਿਜਾਈ ਹੇਠ ਰਕਬੇ ਦਾ ਵਧਣਾ ‘ਸੀਮਾ ਨੂੰ ਸੰਭਾਵਨਾ’ ਵਿੱਚ ਬਦਲਣ ਦੀ ਇੱਕ ਮਿਸਾਲ ਵਜੋਂ ਸਾਹਮਣੇ ਆਇਆ ਹੈ। ਇਸ ਬਦਲਾਅ ਦਾ ਇੱਕ ਪਹਿਲੂ, ਸਾਲ 2019 ਵਿੱਚ ਕਿਸਾਨਾਂ ਦੇ ਖੇਤਾਂ ਵਿੱਚ ਵੱਡੀ ਪੱਧਰ ‘ਤੇ ਅਜ਼ਮਾਈ ਗਈ ‘ਤਰ-ਵੱਤਰ ਸਿੱਧੀ ਬਿਜਾਈ ਤਕਨਾਲੋਜੀ’ ਸੀ, ਜੋ ਕਿ ਇਸ ਵਰ੍ਹੇ ਤੋਂ ਆਮ ਵਰਤੋਂ ਲਈ ਤਜਵੀਜ਼ ਕੀਤੀ ਗਈ। ਇਸ ਤਕਨਾਲੋਜੀ ਦੇ ਕਈ ਅਹਿਮ ਪੱਖ ਜਿਵੇਂ ਕਿ ਸੁੱਕੇ ਵਾਹਣ ਵਿੱਚ ਬਿਜਾਈ ਦੀ ਥਾਂ ਰੌਣੀ ਕਰਕੇ ਬਿਜਾਈ ਕਰਨੀ, ਪਹਿਲਾ ਪਾਣੀ ਬਿਜਾਈ ਤੋਂ ਦੇਰੀ (21 ਦਿਨ) ਬਾਅਦ ਲਾਉਣਾ, ਆਦਿ ਨਾਲ ਪਾਣੀ ਦੀ ਬੱਚਤ ਅਤੇ ਨਦੀਨਾਂ ਦਾ ਘੱਟ ਜੰਮ ਵਰਗੇ ਲਾਭ ਪਹੁੰਚੇ ਹਨ । ਇਸ ਵਰ੍ਹੇ ਇਸ ਤਕਨਾਲੋਜੀ ਨੂੰ ਇੱਕ ਵੱਡੇ ਪੱਧਰ ਤੇ ਅਪਨਾਉਣ ਦੇ ਸਿੱਟੇ ਵਜੋਂ ਭਵਿੱਖ ਲਈ ਨਵੀਆਂ ਸੇਧਾਂ ਮਿਲਣ ਦੀ ਵੀ ਉਮੀਦ ਹੈ।

ਅਗਲੇ ਫ਼ਸਲੀ ਪੜ੍ਹਾਅ ਵਿੱੱਚ ਪਰਾਲੀ ਦੀ ਸੰਭਾਲ ਨਾਲ ਸੰਬੰਧਿਤ ਧਿਰਾਂ ਤੱਕ ਪਹੁੰਚ ਕਰਨ ਦਾ ਸਮਾਂ ਤੇਜ਼ੀ ਨਾਲ ਆ ਰਿਹਾ ਹੈ। ਇਹ ਸਮੱਸਿਆ ਹੋਰ ਵੀ ਵੱਡੀ ਲੱਗਦੀ ਹੈ ਜਦੋਂ ਅਸੀਂ ਕੋਵਿਡ-19 ਦੀ ਰੌਸ਼ਨੀ ਵਿੱਚ ਸਾਹ ਲੈਣ ਦੀਆਂ ਸਮੱਸਿਆਵਾਂ ਨਾਲ ਪਰਾਲੀ ਸਾੜਨ ਨੂੰ ਜੋੜ ਕੇ ਦੇਖਦੇ ਹਾਂ। ਪਰਾਲੀ ਦੀ ਸੰਭਾਲ ਦੀ ਤਕਨਾਲੋਜੀ ਵਿੱਚ ਬਹੁਤ ਸਾਰੀਆਂ ਸੋਧਾਂ ਹੋਈਆਂ ਹਨ ਜਿਨ੍ਹਾਂ ਨਾਲ ਤਕਨਾਲੋਜੀ ਪ੍ਰਵਾਨ ਹੋਈ ਤੇ ਇਸ ਨੇ ਸੰਬੰਧਿਤ ਧਿਰਾਂ ਦਾ ਭਰੋਸਾ ਵੀ ਜਿੱਤਿਆ ਹੈ। ਇਸ ਨਾਲ ਨਿੱਜੀ ਖੇਤਰ ਵੀ ਸੁਪਰ ਸੀਡਰ ਵਰਗੀਆਂ ਨਵੀਆਂ ਮਸ਼ੀਨਾਂ ਸਾਹਮਣੇ ਲਿਆਉਣ ਲਈ ਉਤਸ਼ਾਹਿਤ ਹੋਇਆ ਹੈ। ਸੁਪਰ ਸੀਡਰ ਇੱਕੋ ਵੇਲੇ ਪਰਾਲੀ ਨੂੰ ਜ਼ਮੀਨ ਵਿੱਚ ਵਾਹ ਕੇ ਬੀਜ ਪੋਰਦਾ ਹੈ ਜਦਕਿ ਹੈਪੀਸੀਡਰ ਪਰਾਲੀ ਨੂੰ ਜ਼ਮੀਨ ਉਪਰ ਮਲਚ ਵਾਂਗ ਵਿਛਾਉਦਾ ਹੈ। ਸੁਪਰ ਸੀਡਰ ਨਾਲ ਬੀਜੇ ਮਲਚ ਰਹਿਤ ਖੇਤਾਂ ਵਿੱਚ ਖਾਦ ਪੁਰਾਣੇ ਢੰਗ ਨਾਲ ਪਾਈ ਜਾ ਸਕਦੀ ਹੈ। ਪ੍ਰੰਤੂ ਇਸ ਲਈ ਵੱਡੇ ਟਰੈਕਟਰ ਦੀ ਲੋੜ ਹੈ, ਸੋ ਇਸਦੀ ਵਰਤੋਂ ਕਸਟਮ ਹਾਇਰਿੰਗ ਦੇ ਤਰੀਕੇ ਨਾਲ ਜ਼ਿਆਦਾ ਕਾਰਗਰ ਹੋਵੇਗੀ।

ਕਣਕ-ਝੋਨੇ ਦੇ ਫਸਲੀ ਚੱਕਰ ਵਿੱਚ ਕਈ ਸਾਲਾਂ ਤੋਂ ਪਰਾਲੀ ਖੇਤ ਵਿੱਚ ਮਿਲਾਉਣ ਦੇ ਤਜਰਬਿਆਂ ਤੋਂ ਖਾਦ ਦੀ ਵਰਤੋਂ ਸੰਬੰਧੀ ਪੀ.ਏ.ਯੂ. ਨੇ ਨਵੀਂ ਸਿਫ਼ਾਰਸ਼ ਜਾਰੀ ਕੀਤੀ ਹੈ । ਇਸ ਤਹਿਤ ਜਿੱਥੇ ਪਿਛਲੇ ਤਿੰਨ ਸਾਲਾਂ ਤੋਂ ਝੋਨੇ ਦੀ ਪਰਾਲੀ ਖੇਤ ਵਿੱਚ ਮਿਲਾਈ ਜਾ ਰਹੀ ਸੀ ਉਥੇ ਕਣਕ-ਝੋਨੇ ਲਈ ਨਾਈਟ੍ਰੋਜਨ ਦੀ ਵਰਤੋਂ 10 ਕਿੱਲੋ/ਏਕੜ ਤੱਕ ਘਟਾਈ ਜਾ ਸਕਦੀ ਹੈ।

ਮੌਜੂਦਾ ਮਹਾਂਮਾਰੀ ਦੌਰਾਨ ਵੀ ਪੀ.ਏ.ਯੂ. ਦੇ ਵਿਗਿਆਨੀ ਆਪਣੇ ਖੋਜ ਕਾਰਜ ਨਾਲ ਜੁੜੇ ਰਹੇ ਹਨ। ਨਤੀਜੇ ਵਜੋਂ ਆਉਂਦੇ ਫ਼ਸਲੀ ਸੀਜ਼ਨ ਲਈ ਬਹੁਤ ਸਾਰੀਆਂ ਨਵੀਆਂ ਸਿਫ਼ਾਰਸ਼ਾਂ ਜਾਰੀ ਹੋਈਆਂ ਹਨ। ਨਵੀਆਂ ਕਿਸਮਾਂ ਵਿੱਚ ਕਨੋਲਾ ਗੋਭੀ ਸਰ੍ਹੋਂ ਦੀ ਹਾਈਬ੍ਰਿਡ ਕਿਸਮ ਪੀ ਜੀ ਐਸ ਐਫ-1707 ਹੈ ਜੋ ਝਾੜ ਦੇ ਮਾਮਲੇ ਵਿੱਚ ਪ੍ਰਚਲਿਤ ਕਨੋਲਾ ਕਿਸਮ ਜੀ ਐਸ ਸੀ-7 ਅਤੇ ਨਿੱਜੀ ਖੇਤਰ ਦੀ ਹਾਈਬ੍ਰਿਡ ਕਿਸਮ ਪੀ ਏ ਸੀ 405 ਨਾਲੋਂ ਬਿਹਤਰ ਹੈ। ਇਸੇ ਤਰ੍ਹਾਂ ਰਾਇਆ ਸਰ੍ਹੋਂ ਦੀਆਂ ਦੋ ਹਾਈਬ੍ਰਿਡ ਕਿਸਮਾਂ ਜਾਰੀ ਹੋਈਆਂ ਹਨ। ਇੱਕ ਕਨੋਲਾ ਟਾਈਪ, ਆਰ ਸੀ ਐਫ-1 ਅਤੇ ਦੂਜੀ ਰਵਾਇਤੀ ਤੇਲ ਵਾਲੀ ਪੀ ਆਰ ਐਫ-1 ਹੈ। ਸਰ੍ਹੋਂ ਦੀਆਂ ਉਪਰੋਕਤ ਕਿਸਮਾਂ ਜੋ ਕਿ ਭਾਰਤ ਵਿੱਚ ਪਹਿਲੀ ਵਾਰ ਤਿਆਰ ਕੀਤੀਆਂ ਗਈਆਂ ਹਨ, ਇੱਕ ਲੰਮੀ ਅਤੇ ਵਿਕਸਿਤ ਖੋਜ ਦਾ ਨਤੀਜਾ ਹਨ। ਸੂਰਜਮੁਖੀ ਦੀ ਵੱਧ ਝਾੜ ਅਤੇ ਘੱਟ ਮਿਆਦ ਵਾਲੀ ਬਿਹਤਰ ਹਾਈਬ੍ਰਿਡ ਕਿਸਮ ਪੀ ਐਸ ਐਚ-2080 ਜਿਸ ਵਿੱਚ ਤੇਲ ਦੀ ਭਰਪੂਰ ਮਾਤਰਾ (43.7%) ਹੈ, ਦੀ ਵੀ ਸਿਫ਼ਾਰਸ਼ ਕੀਤੀ ਗਈ ਹੈ।

ਛੋਲਿਆਂ ਦੀ ਕਿਸਮ ਪੀ ਬੀ ਜੀ-8 ਜਿਸ ਨੂੰ ਜੰਗਲੀ ਕਿਸਮਾਂ ਦੇ ਸੁਮੇਲ ਨਾਲ ਵਿਕਸਿਤ ਕੀਤਾ ਗਿਆ ਹੈ, ਭੂਰਾ ਸਾੜਾ ਅਤੇ ਫ਼ਲ-ਛੇਦਕ ਸੁੰਡੀ ਦਾ ਟਾਕਰਾ ਕਰਨ ਦੀ ਸਮਰੱਥਾ ਰੱਖਦੀ ਹੈ। ਦਾਲਾਂ ਵਿੱਚ ਇੱਕ ਮਸਰਾਂ ਦੀ ਕੁੰਗੀ ਮੁਕਤ ਕਿਸਮ ਐਲ ਐਲ-1373 ਜਾਰੀ ਕੀਤੀ ਗਈ ਹੈ। ਇਹਨਾਂ ਕਿਸਮਾਂ ਰਾਹੀਂ ਦਾਲਾਂ ਦੇ ਵਿਸ਼ੇਸ਼ ਖੇਤਰਾਂ (Niches) ਦਾ ਵਿਕਾਸ ਸੰਭਵ ਹੈ। ਜਵੀ ਦੀਆਂ ਦੋ ਕਿਸਮਾਂ ਵਿੱਚ ਇੱਕ ਲੌਅ ਵਾਲੀ ਕਿਸਮ ਓ ਐਲ-13 ਅਤੇ ਦੋ ਲੌਆਂ ਵਾਲੀ ਓ ਐਲ-14 ਜਾਰੀ ਕੀਤੀਆਂ ਗਈਆਂ ਹਨ। ਇਹ ਕਿਸਮਾਂ ਪਹਿਲਾ ਪ੍ਰਚਲਿਤ ਕਿਸਮਾਂ ਨਾਲੋਂ ਵਧੇਰੇ ਝਾੜ ਵਾਲੀਆਂ ਹਨ। ਚਾਰਿਆਂ ਵਿੱਚ ਰਾਈ ਘਾਹ-2, ਵੀ ਡੇਅਰੀ ਉਤਪਾਦਕਾਂ ਦੀ ਲੋੜ ਅਨੁਸਾਰ ਵਿਕਸਿਤ ਕੀਤੀ ਗਈ ਹੈ।

- Advertisement -

ਪਿਛਲੇ ਛੇ ਮਹੀਨਿਆਂ ਦੌਰਾਨ ਸਬਜ਼ੀਆਂ ਦੀਆਂ ਜਾਰੀ ਕੀਤੀਆਂ ਕਿਸਮਾਂ ਵਿੱਚ ਪਿਆਜ਼ ਦੀ ਕਿਸਮ ਪੀ ਓ ਐਚ-1 ਹੈ, ਜੋ ਕਿ ਪੀ.ਏ.ਯੂ. ਵੱਲੋਂ ਹਾਈਬ੍ਰਿਡ ਪਿਆਜ਼ ਦੀ ਤਿਆਰ ਕੀਤੀ ਪਹਿਲੀ ਕਿਸਮ ਹੈ। ਇਹ ਕਿਸਮ ਪਿਆਜ਼ ਦੀ ਫ਼ਸਲ ਦੇ ਸਮੇਂ ਤੋਂ ਪਹਿਲਾਂ ਨਿਸਰਨ ਪ੍ਰਤੀ ਰੋਧਿਕਤਾ ਰੱਖਦੀ ਹੈ, ਇਸਨੂੰ ਲੰਬੇ ਸਮੇਂ ਤੱਕ ਭੰਡਾਰ ਕੀਤਾ ਜਾ ਸਕਦਾ ਹੈ ਅਤੇ ਇਸਦਾ ਝਾੜ ਵੀ ਵੱਧ ਹੈ। ‘ਪੰਜਾਬ ਭਰਪੂਰ’ ਬੈਂਗਣ ਦੀ ਇੱਕ ਬਹੁਤ ਹੀ ਲੁਭਾਣੀ ਅਤੇ ਵਿਲਟ ਦਾ ਟਾਕਰਾ ਕਰਨ ਵਾਲੀ ਕਿਸਮ ਹੈ, ਜਿਸਨੂੰ ਕਿ ਫ਼ਲ ਗੁੱਛਿਆਂ ਵਿੱਚ ਲੱਗਦੇ ਹਨ । ਰਾਮ ਤੋਰੀ ‘ਪੰਜਾਬ ਨਿਖਾਰ’ ਸਬਜ਼ੀਆਂ ਵਿੱਚ ਇਸ ਸਮੇਂ ਦੌਰਾਨ ਸਿਫ਼ਾਰਸ਼ ਕੀਤੀਆਂ ਕਿਸਮਾਂ ਵਿੱਚੋਂ ਇੱਕ ਹੈ। ਯੂਨੀਵਰਸਿਟੀ ਵੱਲੋਂ ‘ਕਿੰਗ ਓਇਸਟਰ ਖੁੰਬ’ ਦੀ ਪੀ-135 ਕਿਸਮ ਦੀ ਵੀ ਸਿਫ਼ਾਰਸ਼ ਕੀਤੀ ਗਈ ਹੈ।

ਉਤਪਾਦਨ ਅਤੇ ਸੁਰੱਖਿਆ ਤਕਨੀਕਾਂ ਸਿਰਫ਼ ਫ਼ਸਲਾਂ ਦੀਆਂ ਕਿਸਮਾਂ ਲਈ ਹੀ ਮਹੱਤਤਾ ਨਹੀਂ ਰੱਖਦੀਆਂ ਬਲਕਿ ਵਾਤਾਵਰਨ ਅਤੇ ਕੁਦਰਤੀ ਸਰੋਤਾਂ ਦੀ ਸਾਂਭ-ਸੰਭਾਲ ਵਿੱਚ ਵੀ ਇਨ੍ਹਾਂ ਦਾ ਵਿਸ਼ੇਸ਼ ਯੋਗਦਾਨ ਹੁੰਦਾ ਹੈ । ਇਸਦੇ ਤਹਿਤ ਯੂਨੀਵਰਸਿਟੀ ਵੱਲੋਂ ਨਰਮੇ-ਕਣਕ ਦੇ ਫ਼ਸਲੀ ਚੱਕਰ ਲਈ ਜ਼ਮੀਨਦੋਜ਼ ਤੁਪਕਾ ਸਿੰਚਾਈ ਜਿਸ ਨਾਲ ਪਾਣੀ (40%) ਅਤੇ ਖਾਦਾਂ (20%) ਦੀ ਬੱਚਤ ਹੁੰਦੀ ਹੈ ਅਤੇ 21% ਵਧੇਰੇ ਝਾੜ ਹਾਸਲ ਹੁੰਦਾ ਹੈ, ਦੀ ਸਿਫ਼ਾਰਸ਼ ਕੀਤੀ ਗਈ। ਗੋਭੀ ਸਰ੍ਹੋਂ ਦੀ ਜੈਵਿਕ ਕਾਸ਼ਤ ਲਈ ਪੈਕੇਜ ਆਫ਼ ਪ੍ਰੈਕਟਿਸ ਤਿਆਰ ਕੀਤੀ ਗਈ ਹੈ । ਚਾਰ ਫੁੱਟ ਚੌੜੇ ਅੰਤਰ-ਕਤਾਰੀ ਰਕਬੇ ਦਾ ਪੂਰਾ ਲਾਹਾ ਲੈਣ ਲਈ ਪਤਝੜ ਦੀ ਕਮਾਦ ਦੀ ਫ਼ਸਲ ਵਿੱਚ ਹਾੜ੍ਹੀ ਦੇ ਪਿਆਜ਼ ਅਤੇ ਟਮਾਟਰ ਨੂੰ ਅੰਤਰ ਫ਼ਸਲ ਵਜੋਂ ਕਾਸ਼ਤ ਕਰਨ ਦੀ ਵਿਧੀ ਦੀ ਸਿਫ਼ਾਰਸ਼ ਕੀਤੀ ਗਈ ਹੈ ।

ਬਾਗਬਾਨੀ ਫ਼ਸਲਾਂ ਲਈ ਵਿਕਸਿਤ ਕੀਤੀਆਂ ਕੁਝ ਮਹੱਤਵਪੂਰਨ ਨਵੀਆਂ ਉਤਪਾਦਨ ਤਕਨੀਕਾਂ ਵਿੱਚੋਂ ਅਮਰੂਦ ਦੇ ਬਾਗਾਂ ਲਈ ਤੁਪਕਾ ਸਿੰਚਾਈ ਹੈ, ਜਿਸ ਨਾਲ 30% ਸਿੰਚਾਈ ਯੁਕਤ ਪਾਣੀ ਦੀ ਬੱਚਤ ਹੁੰਦੀ ਹੈ ਅਤੇ ਫ਼ਲ ਦੇ ਝਾੜ ਅਤੇ ਗੁਣਵਤਾ ਵਿੱਚ ਵਾਧਾ ਹੁੰਦਾ ਹੈ। ਨਾਸ਼ਪਾਤੀ, ਆੜੂ ਅਤੇ ਆਲੂ ਬੁਖਾਰੇ ਵਿੱਚ ਫ਼ਲ ਪੈਣ ਤੇ ਅਤੇ ਅਜੈਵਿਕ ਖਾਦਾਂ ਦੀ ਦੂਜੀ ਖੁਰਾਕ ਤੋਂ ਬਾਅਦ ਝੋਨੇ ਦੀ ਪਰਾਲੀ ਦੀ ਮਲਚ (5.5 ਟਨ/ਏਕੜ) ਦੀ 10 ਸੈ.ਮੀ. ਮੋਟੀ ਤਹਿ ਵਿਛਾਉਣ ਨਾਲ ਨਦੀਨਾਂ ਦੀ ਰੋਕਥਾਮ ਅਤੇ ਝਾੜ ਵਿੱਚ ਵਾਧਾ ਮਿਲਦਾ ਹੈ । ਬਰਸਾਤੀ ਰੁੱਤ ਵਿੱਚ ਅਮਰੂਦ ਦੇ ਫ਼ਲ ਦੇ ਰੰਗ ਬਦਲਣ ਤੋਂ ਪਹਿਲਾਂ ਬਿਨਾਂ ਬੁਣੇ ਬੈਗਾਂ ਵਿੱਚ ਲਪੇਟਣ ਨਾਲ ਫ਼ਲ ਦੀ ਮੱਖੀ ਦੀ ਲਾਗ ਤੋਂ ਪੂਰੀ ਤਰ੍ਹਾਂ ਰੋਕਥਾਮ ਮਿਲਦੀ ਹੈ । ਬੇਰਾਂ ਦੀ ਛੰਗਾਈ ਉਪਰੰਤ ਮੂੰਗਫਲੀ ਦੀ ਅੰਤਰ ਫ਼ਸਲ ਪੂਰਾ ਝਾੜ ਦੇ ਦਿੰਦੀ ਹੈ । ਦੱਖਣ-ਪੱਛਮੀ ਪੰਜਾਬ ਦੀਆਂ ਹਲਕੀਆਂ ਜ਼ਮੀਨਾਂ ਵਿੱਚ ਆਲੂ ਦੀ ਕਾਸ਼ਤ ਲਈ ਨਹਿਰੀ ਅਤੇ ਖਾਦ ਪਾਣੀ ਨੂੰ ਰਲਾ ਕੇ ਤੁਪਕਾ ਸਿੰਚਾਈ ਕਰਨ ਦੀ ਸਿਫ਼ਾਰਸ਼ ਕੀਤੀ ਗਈ ਹੈ। 713 ਦਾ 200ppm ਛਿੜਕਾਅ ਕਰਨ ਨਾਲ ਗਲੈਡੀਓਲਜ਼ ਦੀਆਂ ਗੰਢੀਆਂ ਚਾਰ ਸਾਲ ਦੀ ਬਜਾਏ ਦੋ ਸਾਲ ਵਿੱਚ ਹੀ ਫੁੱਲ ਦੇਣ ਦੇ ਸਮਰੱੱਥ ਹੋ ਜਾਂਦੀਆਂ ਹਨ।

ਖੇਤ ਅਤੇ ਬਾਗਬਾਨੀ ਫ਼ਸਲਾਂ ਦੀਆਂ ਸੁਰੱਖਿਆ ਤਕਨੀਕਾਂ ਵਿੱਚ ਵਧੇਰੇ ਜ਼ੋਰ ਆਈ ਪੀ ਐਮ (ਸਰਵਪੱਖੀ ਕੀਟ ਪ੍ਰਬੰਧਨ) ਤੇ ਦਿੱਤਾ ਗਿਆ ਹੈ । ਕਣਕ ਦੇ ਚੇਪੇ ਅਤੇ ਅਰਹਰ ਦੀਆਂ ਫ਼ਲੀਆਂ ਦਾ ਰਸ ਚੂਸਣ ਵਾਲੇ ਕੀਟਾਂ ਦੀ ਰੋਕਥਾਮ ਲਈ ਘਰ ਤਿਆਰ ਕੀਤਾ ਨਿੰਮ ਦਾ ਸਤ ਵਰਤਣ ਦੀ ਸਿਫ਼ਾਰਸ਼ ਕੀਤੀ ਗਈ ਹੈ । ਨਿੰਮ ਅਧਾਰਿਤ ਇਨ੍ਹਾਂ ਨੁਸਖਿਆਂ ਨੂੰ ਨਰਮੇ ਦੀ ਚਿੱਟੀ ਮੱਖੀ ਅਤੇ ਸ਼ਿਮਲਾ ਮਿਰਚ ਦੀ ਜੂੰ ਦੀ ਰੋਕਥਾਮ ਲਈ ਵੀ ਸਿਫ਼ਾਰਸ਼ ਕੀਤਾ ਗਿਆ ਹੈ। ਖੀਰੇ ਦੇ ਨੀਮਾਟੋਡ ਦੀ ਰੋਕਥਾਮ ਲਈ ਮਿੱਟੀ ਦੀ ਜੈਵਿਕ ਸੋਧ ਕਰਨ ਦੀ ਸਿਫ਼ਾਰਸ਼ ਕੀਤੀ ਗਈ ਹੈ। ਨਿੰਬੂ ਜਾਤੀ ਦੀ ਨਰਸਰੀ ਵਿੱਚ ਘੋਗਿਆਂ ਦੀ ਰੋਕਥਾਮ ਲਈ ਸਰਵਪੱਖੀ ਪ੍ਰਬੰਧਨ ਅਤੇ ਛੋਲਿਆਂ ਦੀ ਸੁੰਡੀ ਲਈ ਈ ਟੀ ਐਲ ਪ੍ਰਮਾਣਤ ਕਰਨ ਨਾਲ ਇਨ੍ਹਾਂ ਫ਼ਸਲਾਂ ਦੇ ਸਰਵਪੱਖੀ ਕੀਟ ਪ੍ਰਬੰਧਨ ਵਿੱਚ ਮਦਦ ਮਿਲੇਗੀ। ਕਣਕ ਦੀ ਪੀਲੀ ਕੁੰਗੀ ਅਤੇ ਨਰਮੇ ਦੀ ਚਿੱਟੀ ਮੱਖੀ, ਜੂੰ ਅਤੇ ਤੇਲੇ ਦੀ ਰੋਕਥਾਮ ਲਈ ਨਵੇਂ ਕੀਟ ਨਾਸ਼ਕ/ਕੀਟਨਾਸ਼ਕ ਬਰੈਂਡ ਸਿਫ਼ਾਰਸ਼ ਕੀਤੇ ਗਏ ਹਨ।

ਕਿਸਾਨਾਂ ਦੇ ਆਪਣੇ ਪੱੱਧਰ ਤੇ ਅਪਨਾਉਣ ਯੋਗ ਮੁੱਲ ਵਾਧੇ ਵਾਲੀਆਂ ਕਈ ਤਕਨੀਕਾਂ ਸਿਫ਼ਾਰਸ਼ ਕੀਤੀਆਂ ਗਈਆਂ ਹਨ ਜੋ ਕਿ ਫ਼ਸਲ ਤੋਂ ਮਿਲਣ ਵਾਲੀ ਆਮਦਨ ਵਿੱਚ ਇਜ਼ਾਫ਼ਾ ਕਰ ਸਕਦੀਆਂ ਹਨ। ਸਾਉਣੀ ਦੇ ਪਿਆਜ਼ ਨੂੰ ਸੂਰਜੀ ਊਰਜਾ ਨਾਲ ਸੋਧਣ ਤੇ ਇਸ ਦੀ ਭੰਡਾਰਨਯੋਗ ਮਿਆਦ ਨੂੰ ਤਿੰਨ ਮਹੀਨਿਆਂ ਤੱਕ ਵਧਾਇਆ ਜਾ ਸਕਦਾ ਹੈ, ਜਿਸ ਨਾਲ ਤੰਗੀ ਦੇ ਸਮੇਂ ਦੌਰਾਨ ਵੀ ਪਿਆਜ਼ ਉਪਲਬਧ ਹੋ ਸਕੇਗਾ।

ਹਲਦੀ ਅਤੇ ਆਂਵਲੇ ਤੋਂ ਅਚਾਰ ਅਤੇ ਖਮੀਰੇ ਪੇਅ ਪਦਾਰਥ ਤਿਆਰ ਕਰਨ ਲਈ ਸਟ੍ਰਾਟਰ ਕਲਚਰ ਜਾਂ ਜਾਗ ਵਜੋਂ ਦਸ ਲੈਕਟਿਕ ਐਸਿਡ ਬੈਕਟੀਰੀਆ ਦਾ ਮਿਸ਼ਰਣ ਵਿਕਸਿਤ ਕੀਤਾ ਗਿਆ ਹੈ । ਵੀਟ ਗ੍ਰਾਸ ਪਾਊਡਰ ਨੂੰ ਤਿਆਰ ਕਰਨ ਲਈ 6reee 4rying ਕਰਨ ਜਾਂ ਛਾਵੇਂ ਸੁਕਾਉਣ ਵਾਲੀ ਤਕਨੀਕ ਵਿਕਸਿਤ ਕੀਤੀ ਗਈ ਹੈ ਜੋ ਵਧੇਰੇ ਵਰਤੋਂ ਵਿੱਚ ਆਉਣ ਵਾਲੇ ਭੋਜਨ ਪਦਾਰਥਾਂ ਜਿਵੇਂ ਕਿ ਡਬਲਰੋਟੀ, ਬਿਸਕੁਟ ਆਦਿ ਵਿੱਚ ਇਸਤੇਮਾਲ ਕੀਤੀ ਜਾ ਸਕਦੀ ਹੈ । ਕਰੌਂਦਾ ਅਤੇ ਸ਼ਹਿਤੂਤ ਵਰਗੇ ਰਵਾਇਤੀ ਫ਼ਲਾਂ ਦੀ ਪੌਸ਼ਟਿਕ ਭਰਪੂਰਤਾ ਦਾ ਲਾਹਾ ਲੈਣ ਲਈ ਫੂਡ ਪ੍ਰੋਸੈਸਿੰਗ ਦੀਆਂ ਨਵੀਆਂ ਤਕਨੀਕਾਂ ਵਿਕਸਿਤ ਕੀਤੀਆਂ ਗਈਆਂ ਹਨ । ਪੰਜੀਰੀ, ਮੱਠੀ ਅਤੇ ਬਿਸਕੁਟ ਵਿੱਚ ਪੇਠੇ ਦੇ ਕੱਚੇ ਜਾਂ ਭੁੰਨੇ ਹੋਏ ਬੀਜਾਂ ਦਾ ਆਟਾ ਰਲਾਉਣ ਨਾਲ ਪੌਸ਼ਟਿਕ ਤੱਤਾਂ ਦੀ ਵਰਤੋਂ ਜਿਵੇਂ ਕਿ ਪ੍ਰੋਟੀਨ, ਰੇਸ਼ੇ, ਲੋਹਾ, ਜ਼ਿੰਕ, 3aretonoids ਅਤੇ 1ntioxidant ਗਤੀਵਿਧੀ ਵਿੱਚ ਮਹੱਤਵਪੂਰਨ ਵਾਧਾ ਵੇਖਣ ਨੂੰ ਮਿਲਿਆ। ਸਾਡੀ ਆਬਾਦੀ ਵਿੱਚ ਵਿਟਾਮਿਨ ਡੀ ਦੀ ਮੌਜੂਦਾ ਘਾਟ ਨੂੰ ਮੱਦੇਨਜ਼ਰ ਰੱਖਦਿਆਂ ਬਟਨ ਅਤੇ ਓਇਸਟਰ ਖੁੰਭ ਨੂੰ ਤੁੜਾਈ ਉਪਰੰਤ ੂੜ ਕਿਰਨਾਂ ਨਾਲ ਸੋਧਣ ਦੀ ਸਿਫ਼ਾਰਸ਼ ਕੀਤੀ ਗਈ ਜਿਸ ਨਾਲ ਵਿਟਾਮਿਨ ਡੀ ਦੀ ਮਾਤਰਾ ਵਿੱਚ ਭਾਰੀ ਵਾਧਾ ਹੁੰਦਾ ਹੈ।

ਯੂਨੀਵਰਸਿਟੀ ਵੱਲੋਂ ਸਿਫ਼ਾਰਸ਼ ਹੋਰ ਲਾਹੇਵੰਦ ਤਕਨੀਕਾਂ ਵਿੱਚ ਖੇਤ ਕਾਮਿਆਂ ਲਈ ਬੁਣਤੀ ਕੀਤੇ ਕੱਪੜੇ ਤੋਂ ਪੂਰੀ ਬਾਂਹ ਦੇ ਦਸਤਾਨੇ ਤਿਆਰ ਕਰਨਾ ਸ਼ਾਮਲ ਹੈ ਜਿਨ੍ਹਾਂ ਦੀ ਵਰਤੋਂ ਭਿੰਡੀ ਤੋੜਣ ਵੇਲੇ ਕੀਤੀ ਜਾ ਸਕਦੀ ਹੈ। ਇਸੇ ਤਰ੍ਹਾਂ ਸਫ਼ੈਦੇ ਦੇ ਤੇਲ ਨਾਲ ਸੋਧਿਆ ਹੋਇਆ ਕੱਪੜਾ ਤਿਆਰ ਕਰਨ ਦੀ ਤਕਨੀਕ ਵੀ ਵਿਕਸਿਤ ਕੀਤੀ ਗਈ ਹੈ ਜੋ ਕਿ ਮੱੱਛਰਾਂ ਤੋਂ ਬਚਾਅ ਲਈ ਕਾਰਗਰ ਹੈ।

ਨਵੀਆਂ ਵਿਕਸਿਤ ਕੀਤੀਆਂ ਖੇਤ ਮਸ਼ੀਨਾਂ ਵਿੱਚ ਟਰੈਕਟਰ ਨਾਲ ਚੱਲਣ ਵਾਲਾ ਟ੍ਰਾਂਸਪਲਾਂਟਰ ਹੈ ਜਿਸ ਨੂੰ ਟਮਾਟਰ, ਬੈਂਗਣ, ਮਿਰਚ ਆਦਿ ਦੀ ਨਰਸਰੀ ਦੀ ਬਿਜਾਈ ਲਈ ਸਿਫ਼ਾਰਸ਼ ਕੀਤਾ ਗਿਆ ਹੈ। ਪੰਜਾਬ ਲਈ ਨਵੀਆਂ ਫ਼ਸਲਾਂ ਦੀ ਕਾਸ਼ਤ ਵਜੋਂ ਸਟਰਾਅਬੇਰੀ ਨੂੰ ਖੇਤ ਹਾਲਤਾਂ ਵਿੱਚ ਅਤੇ ਵੈਨੀਲਾ ਨੂੰ ਹਾਈਟੈਕ ਪੌਲੀਹਾਊਸ ਅਧੀਨ ਕਾਸ਼ਤ ਕਰਨ ਲਈ ਪੈਕੇਜ ਤਿਆਰ ਕੀਤੇ ਗਏ ਹਨ।

ਵਾਢੀ ਅਤੇ ਆਉਣ ਵਾਲੇ ਫ਼ਸਲੀ ਸੀਜ਼ਨ ਲਈ ਸ਼ੁਭ ਕਾਮਨਾਵਾਂ। ਸੁਰੱਖਿਅਤ ਰਹੋ, ਸਿਹਤਮੰਦ ਰਹੋ।

Share this Article
Leave a comment