ਮੁੜ ਵਧੀ ਪ੍ਰਵਾਸੀਆਂ ਦੀ ਕੈਨੇਡਾ ਆਮਦ, ਜੂਨ ਮਹੀਨੇ ‘ਚ ਪੁੱਜੇ 35 ਹਜ਼ਾਰ ਤੋਂ ਵੱਧ ਪ੍ਰਵਾਸੀ

TeamGlobalPunjab
2 Min Read

ਟੋਰਾਂਟੋ : ਇੱਕ ਵਾਰ ਮੁੜ ਤੋਂ ਨਵੇਂ ਪ੍ਰਵਾਸੀਆਂ ਦੀ ਕੈਨੇਡਾ ਆਮਦ ਵਿੱਚ ਤੇਜ਼ੀ ਆਉਣ ਲੱਗੀ ਹੈ। ਕੋਰੋਨਾ ਮਹਾਂਮਾਰੀ ਕਾਰਨ ਜਾਰੀ ਬੰਦਿਸ਼ਾਂ ਦੇ ਚਲਦਿਆਂ ਕੈਨੇਡਾ ਆਉਣ ਵਾਲਿਆਂ ਦੀ ਗਿਣਤੀ ਬੀਤੇ ਸਾਲ ਤੋਂ ਘੱਟ ਹੀ ਰਹੀ ਹੈ । ਮਹਾਂਮਾਰੀ ਕਾਲ ਵਿੱਚ ਵੱਡੇ ਵਕਫੇ ਤੋਂ ਬਾਅਦ ਬੀਤੇ ਜੂਨ ਮਹੀਨੇ ਦੌਰਾਨ 35 ਹਜ਼ਾਰ ਤੋਂ ਵੱਧ ਪ੍ਰਵਾਸੀਆਂ ਨੇ ਕੈਨੇਡਾ ਦੀ ਧਰਤੀ ਤੇ ਕਦਮ ਰੱਖਿਆ।

ਮਹਾਂਮਾਰੀ ਦੌਰਾਨ ਨਵੇਂ ਪ੍ਰਵਾਸੀਆਂ ਦੀ ਗਿਣਤੀ ਇੱਕ ਮਹੀਨੇ ਦੌਰਾਨ ਪਹਿਲੀ ਵਾਰ 25 ਹਜ਼ਾਰ ਤੋਂ ਟੱਪ ਸਕੀ ਹੈ। ਉਧਰ ਇੰਮੀਗ੍ਰੇਸ਼ਨ ਵਿਭਾਗ ਦਾ ਮੌਜੂਦਾ ਵਰ੍ਹੇ ਦੌਰਾਨ ਚਾਰ ਲੱਖ ਪ੍ਰਵਾਸੀਆਂ ਨੂੰ ਕੈਨੇਡਾ ਸੱਦਣ ਦਾ ਟੀਚਾ ਪੂਰਾ ਹੁੰਦਾ ਨਜ਼ਰ ਆ ਰਿਹਾ ਹੈ।

ਇੰਮੀਗ੍ਰੇਸ਼ਨ ਵਿਭਾਗ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਜੂਨ ਵਿਚ 35 ਹਜ਼ਾਰ 700 ਨਵੇਂ ਪ੍ਰਵਾਸੀਆਂ ਦਾ ਸਵਾਗਤ ਕੀਤਾ ਗਿਆ ਜੋ ਮਈ ਦੇ ਮੁਕਾਬਲੇ ਤਕਰੀਬਨ ਦੁੱਗਣਾ ਅੰਕੜਾ ਹੈ। ਇਸ ਸਾਲ ਦੇ ਪਹਿਲੇ ਛੇ ਮਹੀਨੇ ਦੌਰਾਨ 1 ਲੱਖ 43 ਹਜ਼ਾਰ ਨਵੇਂ ਪਰਮਾਨੈਂਟ ਰੈਜ਼ੀਡੈਂਟ ਕੈਨੇਡਾ ਪਹੁੰਚ ਚੁੱਕੇ ਹਨ ਅਤੇ ਤੈਅ ਟੀਚਾ ਪੂਰਾ ਕਰਨ ਲਈ ਸਾਲ ਦੇ ਬਾਕੀ ਛੇ ਮਹੀਨੇ ਦੌਰਾਨ 43 ਹਜ਼ਾਰ ਦੀ ਔਸਤ ਨਾਲ ਪ੍ਰਵਾਸੀਆਂ ਦੀ ਆਮਦ ਲਾਜ਼ਮੀ ਹੈ।

ਮਹਾਂਮਾਰੀ ਤੋਂ ਪਹਿਲਾਂ ਹਰ ਮਹੀਨੇ ਕੈਨੇਡਾ ਪਹੁੰਚਣ ਵਾਲੇ ਨਵੇਂ ਪ੍ਰਵਾਸੀਆਂ ਦੀ ਔਸਤ 25 ਹਜ਼ਾਰ ਤੋਂ 35 ਹਜ਼ਾਰ ਦਰਮਿਆਨ ਦਰਜ ਕੀਤੀ ਜਾਂਦੀ ਰਹੀ ਹੈ, ਪਰ ਕੌਮਾਂਤਰੀ ਵਿਦਿਆਰਥੀਆਂ ਨੂੰ ਪੀ.ਆਰ. ਦੇਣ ਲਈ ਆਰੰਭੀ ਵਿਸ਼ੇਸ਼ ਯੋਜਨਾ ਦੇ ਸਿਰ ‘ਤੇ ਟੀਚੇ ਦੇ ਨਜਦੀਕ ਪਹੁੰਚਿਆ ਜਾ ਸਕਦਾ ਹੈ।

- Advertisement -

ਸਾਲ 2019 ਦੇ ਦੂਜੇ ਅੱਧ ਦੌਰਾਨ ਸਭ ਤੋਂ ਜ਼ਿਆਦਾ 1 ਲੱਖ 80 ਹਜ਼ਾਰ ਨਵੇਂ ਪ੍ਰਵਾਸੀ ਕੈਨੇਡਾ ਪੁੱਜੇ ਸਨ । ਜੇਕਰ ਇਸ ਅੰਕੜੇ ਨੂੰ ਇੰਨ-ਬਿੰਨ ਲਾਗੂ ਕਰ ਦਿਤਾ ਜਾਵੇ ਤਾਂ ਮੌਜੂਦਾ ਵਰ੍ਹੇ ਦੌਰਾਨ 3 ਲੱਖ 20 ਹਜ਼ਾਰ ਪ੍ਰਵਾਸੀਆਂ ਦਾ ਸਵਾਗਤ ਕੀਤਾ ਜਾ ਸਕਦਾ ਹੈ। ਪਰ ਇਹ ਗਿਣਤੀ ਵੀ ਤੈਅ ਟੀਚੇ ਤੋਂ 80 ਹਜ਼ਾਰ ਘੱਟ ਹੋਵੇਗੀ।

Share this Article
Leave a comment