‘ਇਕੋ ਮਿੱਕੇ’ ਤੇ ‘ਚੱਲ ਮੇਰਾ ਪੁੱਤ-2’ : ਇਕੋ ਦਿਨ ਰਿਲੀਜ਼ ਹੋ ਰਹੀਆਂ ਦੋ ਪੰਜਾਬੀ ਫ਼ਿਲਮਾਂ

TeamGlobalPunjab
6 Min Read

ਨਿਊਜ਼ ਡੈਸਕ : 13 ਦਾ ਅੰਕੜਾ ਅਸ਼ੁਭ ਮੰਨਿਆ ਜਾਂਦਾ ਹੈ। ਮਹੀਨੇ ਦੀ ਹਰ 13 ਤਾਰੀਕ ਨੂੰ ਆਮ ਤੌਰ ‘ਤੇ ਲੋਕ ਸ਼ੁਭ ਕੰਮ ਘਟ ਹੀ ਕਰਦੇ ਹਨ। ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਤੇ ਕੇਂਦਰ ਸ਼ਾਸ਼ਿਤ ਪ੍ਰਦੇਸ਼ ਚੰਡੀਗੜ੍ਹ ਦੀ ਇਮਾਰਤਸਾਜ਼ੀ ਕਰਨ ਵਾਲੇ ਫਰਾਂਸੀਸੀ ਆਰਕੀਟੈਕਟ ਲੀ ਕਾਰਬੂਜ਼ਿਏ ਨੇ ਵੀ ਇਸ ਨੂੰ ਅਸ਼ੁਭ ਸਮਝਦਿਆਂ ਚੰਡੀਗੜ੍ਹ ਵਿਚ ਸੈਕਟਰ 13 ਤਿਆਰ ਨਹੀਂ ਕੀਤਾ। ਕਈ ਲੋਕ ਤਰਕਸ਼ੀਲਤਾ ਨੂੰ ਮੁੱਖ ਰੱਖਦਿਆਂ ਇਸ ਵੱਲ ਘਟ ਹੀ ਗੌਰ ਕਰਦੇ ਹਨ, ਪਰ ਫਿਰ ਵੀ ਕਿਸੇ ਵੀ ਨਵੀਂ ਚੀਜ਼ ਦੀ ਸ਼ੁਰੂਆਤ ‘ਤੇ ਤਾਂ ਸ਼ੁਭ ਸ਼ਗਨ ਮੰਨਿਆ ਹੀ ਜਾਂਦਾ ਹੈ।

ਪੰਜਾਬੀ ਗਾਇਕੀ ਵਿਚ ਲੋਹਾ ਮਨਵਾਉਣ ਵਾਲੀਆਂ ਦੋ ਪ੍ਰਸਿੱਧ ਹਸਤੀਆਂ ਵੱਲੋਂ ਵੀ ਤਿਆਰ ਕੀਤੀਆਂ ਗਈਆਂ ਦੋ ਪੰਜਾਬੀ ਫ਼ਿਲਮਾਂ 13 ਮਾਰਚ 2020 ਨੂੰ ਰਿਲੀਜ਼ ਹੋਣ ਜਾ ਰਹੀਆਂ ਹਨ।
ਇਨ੍ਹਾਂ ਵਿਚ ਪੰਜਾਬੀ ਸੂਫੀ ਗਾਇਕੀ ਤੋਂ ਬਾਅਦ ਆਪਣੀ ਫਿਲਮ ਬਲੈਕ ਪ੍ਰਿੰਸ ਨਾਲ ਹੌਲੀਵੁਡ ਵਿੱਚ ਧਮਾਕੇਦਾਰ ਸਫਲਤਾ ਤੋਂ ਬਾਅਦ ਨਵੀਂ ਪੰਜਾਬੀ ਫਿਲਮ ‘ਇਕੋ ਮਿੱਕੇ’ ਲੈ ਕੇ ਹਾਜ਼ਿਰ ਹੋ ਰਹੇ ਹਨ ਸਤਿੰਦਰ ਸਰਤਾਜ + ਅਦਿੱਤੀ ਸ਼ਰਮਾ ਅਤੇ ਦੂਜੀ ਫਿਲਮ ਸਾਫ ਸੁਥਰੀ ਪੰਜਾਬੀ ਗਾਇਕੀ ਦੇ ਸਿਰਮੌਰ ਗਾਇਕ ਤੇ ਅਦਾਕਾਰ ਅਮਰਿੰਦਰ ਗਿੱਲ+ਸਿੱਮੀ ਚਾਹਲ ਦੀ ‘ਚੱਲ ਮੇਰਾ ਪੁੱਤ-2’ ਸ਼ਾਮਿਲ ਹਨ।

ਫ਼ਿਲਮ ‘ਇਕੋ ਮਿੱਕੇ’ ਵਿੱਚ ਬਤੌਰ ਹੀਰੋਇਨ ਅਦਿੱਤੀ ਸ਼ਰਮਾ ਹੈ ਤੇ ਫਿਲਮ ਦੇ ਡਾਇਰੈਕਟਰ ਪੰਕਜ ਵਰਮਾ ਹਨ। ਬਾਕੀ ਕਲਾਕਾਰਾਂ ਵਿੱਚ ਸਰਦਾਰ ਸੋਹੀ, ਮਹਾਂਵੀਰ ਭੁੱਲਰ, ਸ਼ਿਵਾਨੀ ਸੈਣੀ, ਬੰਦਨਾ ਸ਼ਰਮਾ, ਬਿੱਗੋ ਬਲਵਿੰਦਰ, ਵਿਜੈ ਕੁਮਾਰ ਨਵਦੀਪ ਕਲੇਰ, ਮਨਿੰਦਰ ਵੈਲੀ, ਰਾਜ ਧਾਲੀਵਾਲ ਨੂਰ ਚਾਹਲ ਅਤੇ ਉਮੰਗ ਸ਼ਰਮਾ ਆਦਿ ਕਲਾਕਾਰ ਆਪਣੀ ਵਧੀਆ ਭੂਮਿਕਾ ਨਿਭਾਉਣਗੇ। ਫ਼ਿਲਮ ਵਿੱਚ ਸਤਿੰਦਰ ਸਰਤਾਜ ਦੇ ਖੁਦ ਦੇ ਗਾਏ ਹੋਏ ਸੱਤ ਗੀਤ ਵੀ ਦਰਸ਼ਕਾਂ ਨੂੰ ਸੁਣਨ ਨੂੰ ਮਿਲਣਗੇ।

- Advertisement -

ਇਸ ਫ਼ਿਲਮ ਦੀ ਕਹਾਣੀ ਪਰਿਵਾਰਕ ਰਿਸ਼ਤਿਆਂ ‘ਤੇ ਆਧਾਰਿਤ ਹੈ। ਇਸ ਵਿੱਚ ਇਕ ਸੰਦੇਸ਼ ਵੀ ਹੈ ਕਿ ਪਿਆਰ ਵਿੱਚ ਕਾਹਲੀ ਨਾਲ ਲਏ ਗਏ ਫ਼ੈਸਲਿਆਂ ਦਾ ਪਤੀ ਪਤਨੀ ਦੇ ਰੂਪ ਵਿੱਚ ਆਪਸੀ ਵਿਸ਼ਵਾਸ ਅਤੇ ਜ਼ਿੰਮੇਵਾਰੀਆਂ ਦੀ ਨੋਕ ਝੋਕ ਦਾ ਨਤੀਜਾ ਕੀ ਨਿਕਲਦਾ ਹੈ। ਸਤਿੰਦਰ ਸਰਤਾਜ ਦੇ ਸਰੋਤਿਆਂ ਅਤੇ ਦਰਸ਼ਕਾਂ ਨੂੰ ਉਨ੍ਹਾਂ ਦੀ ਇਸ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਹੈ।

ਇਸੇ ਤਰ੍ਹਾਂ ਸਿਰਮੌਰ ਗਾਇਕ/ਅਦਾਕਾਰ ਅਮਰਿੰਦਰ ਗਿੱਲ ਦੇ ਚਾਹਵਾਨ/ਦਰਸ਼ਕਾਂ ਤੇ ਸਰੋਤਿਆਂ ਦਾ ਘੇਰਾ ਆਪਣਾ ਹੈ। ਉਨ੍ਹਾਂ ਦੀ 13 ਮਾਰਚ ਨੂੰ ਰਿਲੀਜ਼ ਹੋ ਰਹੀ ਫਿਲਮ ‘ਚੱਲ ਮੇਰਾ ਪੁੱਤ-2’ ਦੇ ਚਾਹਵਾਨ ਵੀ ਇੰਤਜ਼ਾਰ ਵਿੱਚ ਹਨ। ਪਰ ਪੰਜਾਬੀ ਸਿਨੇਮੇ ਵਿੱਚ ਸ਼ਾਇਦ ਇਹ ਪਹਿਲਾ ਮੌਕਾ ਹੈ ਕਿ ਪੰਜਾਬੀ ਦੇ ਆਪਣੇ ਆਪਣੇ ਮੁਕਾਮ ‘ਤੇ ਪਹੁੰਚੇ ਦੋ ਚੋਟੀ ਦੇ ਅਦਾਕਾਰਾਂ ਦੀਆਂ ਫ਼ਿਲਮਾਂ ਇਕੋ ਦਿਨ ਰਿਲੀਜ਼ ਹੋ ਰਹੀਆਂ ਹੋਣ।

https://www.instagram.com/p/B80QJ3AHwNB/?utm_source=ig_web_copy_link

ਲੰਬੇ ਅਰਸੇ ਬਾਅਦ ਪੰਜਾਬੀ ਸਿਨਮਾ ਆਪਣੇ ਪੈਰਾਂ ਸਿਰ ਆਉਂਦਾ ਨਜ਼ਰ ਆ ਰਿਹਾ ਸੀ। ਪੰਜਾਬੀ ਵਿਚ ਬਹੁਤ ਘਟ ਫ਼ਿਲਮਾਂ ਹਨ ਜੋ ਲੋਕਾਂ ਦੇ ਚੇਤਿਆਂ ਵਿਚੋਂ ਅਜੇ ਤਕ ਕਿਰੀਆਂ ਨਹੀਂ। ਅਵਾਰਡ ਜਿੱਤਣ ਵਾਲੀ ਪੰਜਾਬੀ ਫਿਲਮ ‘ਚੰਨ ਪਰਦੇਸੀ’ ਤੇ ਹੋਰ ਅਜੇ ਤਕ ਵੀ ਲੋਕਾਂ ਨੂੰ ਯਾਦ ਹਨ। ਇਸ ਦਾ ਕਾਰਨ ਇਹ ਵੀ ਸੀ ਕਿ ਉਦੋਂ ਇਕ ਸਾਲ ਵਿਚ ਸ਼ਾਇਦ ਇਕ ਫਿਲਮ ਹੀ ਰਿਲੀਜ਼ ਹੁੰਦੀ ਸੀ। ਚੰਗੀ ਪੰਜਾਬੀ ਫਿਲਮ ਨੂੰ ਦਰਸ਼ਕ ਕਈ ਕਈ ਵਾਰ ਦੇਖਦੇ ਸਨ।

ਪੰਜਾਬੀ ਫ਼ਿਲਮਾਂ ਦਾ ਸ਼ਹਿਰੀ ਦਰਸ਼ਕ ਵੱਖਰਾ ਹੈ। ਉਹ ਥੀਏਟਰ ਵਿਚੋਂ ਬਾਹਰ ਨਿਕਲਦੇ ਸਾਰ ਹੀ ਕਹਾਣੀ ਭੁੱਲ ਜਾਂਦਾ ਹੈ। ਉਨ੍ਹਾਂ ਲਈ ਇਹ ਸਿਰਫ ਟਾਈਮ ਪਾਸ ਵਾਲਾ ਮਨੋਰੰਜਨ ਹੈ। ਪਰ ਪੇਂਡੂ ਖੇਤਰ ਦੇ ਦਰਸ਼ਕਾਂ ਨੂੰ ਇਨ੍ਹਾਂ ਫ਼ਿਲਮਾਂ ਨੇ ਇਕ ਸੇਧ ਵੀ ਦੇਣੀ ਹੁੰਦੀ ਹੈ। ਪੰਜਾਬੀ ਫਿਲਮ ਪਿੰਡਾਂ ਦੇ ਨੌਜਵਾਨ ਮੁੰਡੇ ਕੁੜੀਆਂ ਨੂੰ ਆਪਣੇ ਜੀਵਨ ‘ਚ ਸੇਧ ਦੇਣ ਵਿਚ ਸਹਾਈ ਹੁੰਦੀਆਂ ਹਨ। ਪਰ ਜੇ ਸਹੀ ਸੋਚ ਵਾਲੇ ਫ਼ਿਲਮਾਂ ਦੇ ਹੀਰੋ ਆਪਸੀ ਮੁਕਾਬਲੇਬਾਜ਼ੀ ਵਿੱਚ ਪੈ ਜਾਣ ਤਾਂ ਇਹ ਸਭ ਕੁਝ ਖਤਮ ਹੋ ਜਾਂਦਾ ਹੈ। ਕੀ ਸਤਿੰਦਰ ਸਰਤਾਜ ਅਤੇ ਅਮਰਿੰਦਰ ਗਿੱਲ ਵੀ ਆਪਸ ਵਿਚ ਮੁਕਾਬਲੇਬਾਜ਼ੀ ਤੇ ਰੰਜਿਸ਼ ਵਿਚ ਇਕੋ ਦਿਨ ਦੋ ਮਿਆਰੀ ਫ਼ਿਲਮਾਂ ਰਿਲੀਜ਼ ਕਰ ਰਹੇ ਹਨ ਜਾਂ ਕੋਈ ਤਕਨੀਕੀ ਮਜਬੂਰੀ ਹੈ।

- Advertisement -

ਫਿਲਮਾਂ ਦੀ ਨਬਜ਼ ਪਛਾਨਣ ਵਾਲੇ ਉਘੇ ਲੇਖਕ ਮਨਦੀਪ ਸਿੱਧੂ ਦਾ ਕਹਿਣਾ ਹੈ ਕਿ ਅੱਜ ਪੰਜਾਬੀ ਸਿਨੇਮਾ ਇਕ ਆਹਲਾ ਮੁਕਾਮ ‘ਤੇ ਆਣ ਖਲੋਤਾ ਹੈ, ਜਿਸਦਾ ਦਰਸ਼ਕ ਵਰਗ ਵੀ ਬਹੁਤ ਵੱਡਾ ਹੈ ਤੇ ਫ਼ਿਲਮਾਂ ਦਾ ਬਜਟ ਵੀ ਲੱਖਾਂ ਤੋਂ ਕਰੋੜਾਂ ਵਿਚ ਪਹੁੰਚ ਚੁੱਕਿਆ ਹੈ, ਪੰਜਾਬੀ ਫ਼ਿਲਮਾਂ ਦੀ ਤਾਦਾਦ ਵੀ ਦਿਨ ਬ ਦਿਨ ਵੱਧ ਰਹੀ ਹੈ, ਪਰ ਇੱਥੇ ਅੱਜ ਸੋਚਣ ਵਾਲੀ ਗੱਲ ਇਹ ਬਣ ਗਈ ਕਿ ਹੇਠ ਉੱਤੇ ਫ਼ਿਲਮਾਂ ਦਾ ਬਣੀ ਜਾਣਾ ਤੇ ਖ਼ਾਸ ਕਰਕੇ ਇਕੋ ਦਿਨ ਸਿਨੇਮਾਘਰਾਂ ‘ਚ ਫ਼ਿਲਮਾਂ ਦਾ ਰਿਲੀਜ਼ ਹੋਣਾ ਪੰਜਾਬੀ ਸਿਨੇਮਾ ਦਰਸ਼ਕਾਂ ਨੂੰ ਜਿੱਥੇ ਭੰਬਲਭੂਸੇ ‘ਚ ਪਾ ਰਿਹਾ ਹੈ ਕਿ ਉਹ ਕਿਹੜੀ ਫ਼ਿਲਮ ਵੇਖਣ ਕਿਹੜੀ ਨਾ ਵੇਖਣ। ਦੂਜਾ ਇਸਦਾ ਖ਼ਮਿਆਜ਼ਾ ਤੇ ਘਾਟਾ ਫ਼ਿਲਮਾਂ ਦੇ ਨਿਰਮਾਤਾਵਾਂ ਨੂੰ ਝੱਲਣਾ ਪੈ ਰਿਹਾ ਹੈ, ਲਿਹਾਜ਼ਾ ਇਹਨਾਂ ਗੱਲਾਂ ਵੱਲ ਫ਼ਿਲਮ ਸੰਸਥਾਵਾਂ ਨੂੰ ਭਰਵੀਂ ਤਵੱਜੋ ਦਿੰਦਿਆਂ ਇਕਜੁੱਟ ਹੋ ਕੇ ਫ਼ੈਸਲਾ ਲੈਣਾ ਚਾਹੀਦਾ ਹੈ ਕਿ ਇਕ ਦਿਨ ‘ਚ ਸਿਰਫ਼ ਇਕ ਫ਼ਿਲਮ ਹੀ ਵਿਖਾਈ ਜਾਵੇ ਤਾਂ ਕਿ ਫ਼ਿਲਮ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਤੇ ਨਿਰਮਾਤਾਵਾਂ ਨੂੰ ਵਪਾਰਕ ਹੁਲਾਰਾ ਮਿਲ ਸਕੇ। “ਪੰਜਾਬੀ ਸਿਨੇਮਾ ਕਰੇ ਤਰੱਕੀ ਇਹੋ ਸਾਡੀ ਧੁੰਨ ਹੈ ਪੱਕੀ”

ਦੋਵਾਂ ਪੰਜਾਬੀ ਫ਼ਿਲਮਾਂ ਦਾ ਸਮੁਚੇ ਪੰਜਾਬੀ ਦਰਸ਼ਕਾਂ ਵਲੋਂ ਸਵਾਗਤ ਹੈ। ਪਰ ਇਸ ਉੱਚਪਾਏ ਦੇ ਕਲਾਕਾਰ ਆਪਣੇ ਪੰਜਾਬੀ ਚਾਹਵਾਨਾਂ, ਦਰਸ਼ਕਾਂ ਅਤੇ ਸਰੋਤਿਆਂ ਨਾਲ ਇਨਸਾਫ ਕਰਦੇ ਨਜ਼ਰ ਨਹੀਂ ਆ ਰਹੇ। ਇਹ ਹੁਣ ਸਮਾਂ ਦਸੇਗਾ ਕਿ 13 ਦਾ ਅੰਕੜਾ ਕਿਸ ਨੂੰ ਸਹੀ ਬੈਠਦਾ।
– ਅਵਤਾਰ ਸਿੰਘ ਭੰਵਰਾ

Share this Article
Leave a comment