‘ਬੁੱਧੂ ਬਕਸਾ’ ਹੁਣ ‘ਸਮਾਰਟ’ ਹੋ ਕੇ ਬਣ ਗਿਆ ਹੈ ਕਰੋੜਾਂ ਦਿਲਾਂ ਦਾ ਪਿਆਰਾ

TeamGlobalPunjab
3 Min Read

-ਪ੍ਰੋ.ਪਰਮਜੀਤ ਸਿੰਘ ਨਿੱਕੇ ਘੁੰਮਣ

ਅੱਜ ਤੋਂ ਠੀਕ ਸੌ ਸਾਲ ਪਹਿਲਾਂ ਟੈਲੀਵਿਜ਼ਨ ਬਾਰੇ ਦੁਨੀਆਂ ਦੇ ਲੋਕਾਂ ਨੂੰ ਪਤਾ ਤੱਕ ਵੀ ਨਹੀਂ ਸੀ ਪਰ ਅੱਜ ਦੁਨੀਆ ਭਰ ਵਿੱਚ ਅਰਬਾਂ ਟੀ.ਵੀ.ਵਰਤੇ ਜਾਂਦੇ ਹਨ। ਕਿਸੇ ਵੇਲੇ ‘ ਬੁੱਧੂ ਬਕਸਾ ‘ ਆਖਿਆ ਜਾਣ ਵਾਲਾ ਟੀ.ਵੀ.ਅਜੋਕੇ ਯੁਗ ਵਿੱਚ ਕੇਵਲ ਮਨੋਰੰਜਨ ਦਾ ਹੀ ਸਾਧਨ ਨਹੀਂ ਰਹਿ ਗਿਆ ਹੈ ਸਗੋਂ ਮਹੱਤਵਪੂਰਨ ਸੂਚਨਾਵਾਂ ਲੋਕਾਂ ਤੱਕ ਪਹੁੰਚਾਉਣ ਅਤੇ ਕਿਸੇ ਸਮੱਸਿਆ ਬਾਰੇ ਲੋਕ ਰਾਇ ਬਣਾਉਣ ਵਿੱਚ ਮਹੱਤਵਪੂਰਨ ਜ਼ਰੀਆ ਵੀ ਹੋ ਨਿੱਬੜਿਆ ਹੈ। ਵਿਗਿਆਨ ਅਤੇ ਤਕਨਾਲੋਜੀ ਦੇ ਇਸ ਯੁਗ ਵਿੱਚ ਟੈਲੀਵਿਜ਼ਨ ਵੀ ਹੁਣ ‘ਸਮਾਰਟ ‘ ਬਣ ਗਿਆ ਹੈ ਤੇ ਅੱਜ ਸਮਾਜ ਦੇ ਹਰ ਵਰਗ ਦੇ ਰੋਜ਼ਾਨਾ ਜੀਵਨ ਵਿੱਚ ਕੁਝ ਘੰਟੇ ਟੀ.ਵੀ.ਨੂੰ ਹੀ ਸਮਰਪਿਤ ਹੁੰਦੇ ਹਨ।

ਟੀ.ਵੀ.ਦੇ ਜਨਮ ਦਾ ਜਿੱਥੋਂ ਤੱਕ ਸਬੰਧ ਹੈ ਤਾਂ ਇਹ ਦੱਸਣਾ ਬਣਦਾ ਹੈ ਕਿ ਟੀ.ਵੀ. ਦੀ ਖੋਜ ਦੀਆਂ ਗੱਲਾਂ ਸੰਨ 1900 ਵਿੱਚ ਹੀ ਹੋਣੀਆਂ ਸ਼ੁਰੂ ਹੋ ਗਈਆਂ ਸਨ ਤੇ ਫ਼ਰਡੀਨਾਂਡ ਬਰਾਨ ਨੇ ਪਹਿਲਾ ਕੈਥੋਡ ਕਿਰਨ ਟੀ.ਵੀ. ਖੋਜਣ ਦਾ ਦਾਅਵਾ ਸੰਨ 1907 ਵਿੱਚ ਕਰ ਦਿੱਤਾ ਸੀ। ਪਹਿਲਾ ਸਫ਼ਲ ਟੀ.ਵੀ.ਪ੍ਰਰਦਰਸ਼ਨ ਕਰਨ ਦੀ ਕੋਸ਼ਿਸ ਜੇ.ਐਲ.ਬੇਅਰਡ ਨੇ ਸੰਨ 1926 ਵਿੱਚ ਕਰ ਦਿੱਤੀ ਸੀ ਪਰ ਪਹਿਲਾ ਇਲੈਕਟ੍ਰੌਨਿਕ ਤੇ ਮਕੈਨੀਕਲ ਟੀ.ਵੀ.ਸੰਨ 1927 ਵਿੱਚ ਫ਼ਿਲੋ ਟੇਲਰ ਟਰਾਂਸਵਰਥ ਨਾਂ ਦੇ ਨੌਜਵਾਨ ਨੇ ਖੋਜਿਆ ਸੀ ਜਦੋਂਕਿ ਉਸ ਵੇਲੇ ਉਸਦੀ ਉਮਰ ਕੇਵਲ 21 ਸਾਲ ਦੀ ਸੀ। ਇਹ ਤੱਥ ਹੋਰ ਵੀ ਦਿਲਚਸਪ ਹੈ ਕਿ ਫ਼ਿਲੋ ਟੇਲਰ ਨਾਂ ਦਾ ਇਸ ਨੌਜਵਾਨ ਨੇ ਆਪਣੀ ਉਮਰ ਦੇ ਪਹਿਲੇ ਚੌਦ੍ਹਾਂ ਸਾਲ ਉਸ ਘਰ ਵਿੱਚ ਗੁਜ਼ਾਰੇ ਸਨ ਜਿਸ ਘਰ ਵਿੱਚ ਬਿਜਲੀ ਤੱਕ ਦਾ ਕੁਨੈਕਸ਼ਨ ਵੀ ਨਹੀਂ ਸੀ।

ਭਾਰਤ ਵਿੱਚ ਟੀ.ਵੀ.ਦੇ ਸਾਹਮਣੇ ਆਉਣ ਦੀ ਖ਼ਬਰ ਸਭ ਤੋਂ ਪਹਿਲਾਂ ਇੰਡੀਅਨ ਐਕਸਪ੍ਰੈੱਸ ਵਿੱਚ ਸੰਨ 1950 ਵਿੱਚ ਛਪੀ ਸੀ। ਇਸ ਖ਼ਬਰ ਵਿੱਚ ਮਦਰਾਸ ਵਾਸੀ ਬੀ.ਸ਼ਿਵਕੁਮਾਰ ਨਾਮਕ ਨੌਜਵਾਨ ਵੱਲੋਂ ਟੀ.ਵੀ.ਨੁਮਾ ਯੰਤਰ ਦਾ ਪ੍ਰਦਰਸ਼ਨ ਕੀਤੇ ਜਾਣ ਬਾਰੇ ਦੱਸਿਆ ਗਿਆ ਸੀ। ਕਿਹਾ ਗਿਆ ਸੀ ਕਿ ਉਹ ਇਲੈਕਟ੍ਰੀਕਲ ਇੰਜੀਨਿਅਰਿੰਗ ਵਿਸ਼ੇ ਦਾ ਇੱਕ ਵਿਦਿਆਰਥੀ ਸੀ। ਭਾਰਤ ਵਿੱਚ ਟੀ.ਵੀ.ਪ੍ਰਸਾਰਨ ਦਾ ਅਰੰਭ 15 ਸਤੰਬਰ,ਸੰਨ 1959 ਨੂੰ ਹੋਇਆ ਸੀ। ਇਹ ਪ੍ਰਸਾਰਨ ਇੱਕ ਅਸਥਾਈ ਸਟੂਡੀਓ ਵਿੱਚ ਤੇ ਇੱਕ ਛੋਟੇ ਜਿਹੇ ਟਰਾਂਸਮੀਟਰ ਦੀ ਮਦਦ ਨਾਲ ਕੀਤਾ ਗਿਆ ਸੀ। ਭਾਰਤ ਵਿੱਚ ਰੋਜ਼ਾਨਾ ਪ੍ਰਸਾਰਨ ਦੀ ਸ਼ੁਰੂਆਤ ਸੰਨ 1965 ਵਿੱਚ ਆਲ ਇੰਡੀਆ ਰੇਡੀਓ ਦੇ ਸਹਿਯੋਗ ਨਾਲ ਕੀਤੀ ਗਈ ਸੀ ਤੇ ਸੰਨ 1978 ਵਿੱਚ ਇਸਨੂੰ ਆਲ ਇੰਡੀਆ ਰੇਡੀਓ ਤੋਂ ਵੱਖ ਕਰਕੇ ਆਜ਼ਾਦਾਨਾ ਪ੍ਰਸਾਰਨ ਸ਼ੁਰੂ ਕਰ ਦਿੱਤਾ ਗਿਆ ਸੀ। ਸੰਨ 1980 ਵਿੱਚ ਇੱਕਲੌਤਾ ਟੀ.ਵੀ.ਚੈਨਲ ‘ਦੂਰਦਰਸ਼ਨ’ ਸੀ ਜਦੋਂ ਕਿ ਸੰਨ 2019 ਵਿੱਚ ਟੀ.ਵੀ.ਚੈਨਲਾਂ ਦੀ ਸੰਖਿਆ ਇੱਕ ਹਜ਼ਾਰ ਦਾ ਅੰਕੜਾ ਪਾਰ ਕਰ ਚੁੱਕੀ ਹੈ। ਭਾਰਤੀ ਟੀ.ਵੀ.ਚੈਨਲਾਂ ‘ਤੇ ਰਾਸ਼ਟਰੀ ਪ੍ਰਸਾਰਨ ਦੀ ਸ਼ੁਰੂਆਤ ਸੰਨ 1982 ਵਿੱਚ ਹੋਈ ਸੀ ਤੇ ਦਿਲਚਸਪ ਗੱਲ ਇਹ ਵੀ ਸੀ ਕਿ ਰੰਗਦਾਰ ਪ੍ਰਸਾਰਨ ਦੀ ਸ਼ੁਰੂਆਤ ਦਾ ਵਰ੍ਹਾ ਵੀ 1982 ਹੀ ਸੀ।

- Advertisement -

ਸੰਪਰਕ : 97816-46008

Share this Article
Leave a comment