ਟੋਰਾਂਟੋ: ਕੈਨੇਡਾ ਦੇ ਮੁਸਲਿਮ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਆਖਰੀ ਵਿਦਾਈ ਦੇ ਲਈ ਓਂਟਾਰੀਓ ਦੇ ਲੰਡਨ ਸ਼ਹਿਰ ਵਿਚ ਸਥਿਤ ਇਸਲਾਮਿਕ ਸੈਟਰ ਵਿਚ ਸੈਂਕੜੇ ਲੋਕ ਇਕੱਠੇ ਹੋਏ।ਇਹਨਾਂ ਚਾਰੇ ਮੈਂਬਰਾਂ ਦੇ ਤਾਬੂਤਾਂ ਨੂੰ ਕੈਨੇਡਾ ਦੇ ਝੰਡੇ ਨਾਲ ਲਪੇਟਿਆ ਗਿਆ ਸੀ। ਦਸ ਦਈਏ ਇਕ ਹਫ਼ਤਾ ਪਹਿਲਾਂ ਇੱਕ 20 ਸਾਲਾ ਨੌਜਵਾਨ ਨੇ ਕੈਨੇਡਾ ‘ਚ ਪੈਦਲ ਜਾ ਰਹੇ ਮੁਸਲਮਾਨ ਪਰਿਵਾਰ ਦੇ ਪੰਜ ਮੈਂਬਰਾਂ ’ਤੇ ਪਿੱਕਅੱਪ ਟਰੱਕ ਚੜ੍ਹਾ ਦਿੱਤਾ, ਜਿਸ ਕਾਰਨ ਪਰਿਵਾਰ ਦੇ ਚਾਰ ਜੀਆਂ ਦੀ ਮੌਤ ਹੋ ਗਈ। ਉੱਥੇ ਹੀ ਇਸ ਘਟਨਾ ‘ਚ ਜ਼ਖਮੀ ਹੋਏ 9 ਸਾਲਾ ਬੱਚੇ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਇਸ ਘਟਨਾ ‘ਚ 74 ਸਾਲਾ ਮਹਿਲਾ, 46 ਸਾਲਾ ਵਿਅਕਤੀ, 44 ਸਾਲਾ ਇੱਕ ਹੋਰ ਮਹਿਲਾ ਤੇ 15 ਸਾਲਾ ਲੜਕੀ ਦੀ ਮੌਤ ਹੋ ਗਈ ਸੀ।
ਮੁਸਲਿਮ ਪਰਿਵਾਰ ਦੇ ਚਾਰ ਮੈਂਬਰਾਂ ਦੇ ਸਨਮਾਨ ਵਿਚ ਪ੍ਰੋਗਰਾਮ ਇਕ ਘੰਟੇ ਤੱਕ ਚੱਲਿਆ। ਸਾਊਥ ਵੈਸਟ ਓਂਟਾਰੀਓ ਦੇ ਇਸਲਾਮਿਕ ਸੈਂਟਰ ‘ਤੇ ਕੈਨੇਡਾ ਦੇ ਝੰਡੇ ਵਿਚ ਲਪੇਟੇ ਚਾਰ ਤਬੂਤਾਂ ਨੂੰ ਲਿਆਂਦਾ ਗਿਆ। ਸੋਗ ਸਭਾ ਦੇ ਬਾਅਦ ਚਾਰਾਂ ਨੂੰ ਕਬਰਸਤਾਨ ਵਿਚ ਸਪੁਰਦ ਏ ਖਾਕ ਕੀਤਾ ਗਿਆ। ਇਸ ਮੌਕੇ ‘ਤੇ ਪਰਿਵਾਰ ਦੇ ਰਿਸ਼ਤੇਦਾਰ ਅਤੇ ਕਰੀਬੀ ਦੋਸਤ ਮੌਜੂਦ ਸਨ।
ਪੁਲਿਸ ਨੇ ਇਸ ਘਟਨਾ ਦੀ ਜਾਣਕਾਰੀ ਦਿੱਤੀ ਸੀ ਕਿ ਇਹ ਘਟਨਾ ਰਾਤ 8:40 ‘ਤੇ ਹਾਈਡ ਪਾਰਕ ਤੇ ਸਾਊਥ ਕੈਰੇਜ ਰੋਡ ‘ਤੇ ਵਾਪਰੀ। ਪੁਲਿਸ ਦਾ ਕਹਿਣਾ ਸੀ ਕਿ ਨਫਰਤ ਨਾਲ ਭਰੇ ਟਰੱਕ ਚਾਲਕ ਨੇ ਜਾਣਬੁੱਝ ਕੇ ਮੁਸਲਮਾਨ ਪਰਿਵਾਰ ਨੂੰ ਨਿਸ਼ਾਨਾ ਬਣਾਇਆ ਸੀ। ਉਨ੍ਹਾਂ ਨੇ ਇਸ ਗੱਲ ਦੀ ਵੀ ਪੁਸ਼ਟੀ ਕੀਤੀ ਕਿ ਵਿਅਕਤੀ ਨੇ ਘਟਨਾ ਸਮੇਂ ਬੁਲੇਟ ਪਰੂਫ ਜੈਕੇਟ ਵੀ ਪਾਈ ਹੋਈ ਸੀ।
ਇਹ ਪਰਿਵਾਰ 14 ਸਾਲ ਪਹਿਲਾਂ ਪਾਕਿਸਤਾਨ ਤੋਂ ਕੈਨੇਡਾ ਆਇਆ ਸੀ। ਸੋਗ ਸਭਾ ਵਿਚ ਮਦੀਹਾ ਸਲਮਾਨ ਦੇ ਮਾਮਾ ਅਲੀ ਇਸਲਾਮ ਨੇ ਕਿਹਾ,”ਰੰਗ ਅਤੇ ਨਸਲ ਤੋਂ ਉੱਪਰ ਉੱਠ ਕੇ ਇੱਥੇ ਭਾਵਨਾਵਾਂ ਦਾ ਪ੍ਰਗਟਾਵਾ, ਖਾਮੋਸ਼ ਹੰਝੂ ਹੀ ਸਭ ਕਹਿੰਦੇ ਹਨ ਜਿਹਨਾਂ ਨੂੰ ਅਸੀਂ ਜਾਣਦੇ ਹਾਂ ਅਤੇ ਜਿਹਨਾਂ ਤੋਂ ਅਸੀਂ ਅਜਨਬੀ ਹਾਂ। ਉਹਨਾਂ ਨੇ ਕਿਹਾ ਕਿ ਸਾਰਿਆਂ ਦੇ ਸਾਨੂੰ ਸੰਦੇਸ਼ ਮਿਲਣਾ ਸਾਡੇ ਜ਼ਖਮਾਂ ਦੇ ਭਰਨ ਵੱਲ ਪਹਿਲਾ ਕਦਮ ਹੈ।”
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਘਟਨਾ ਦੀ ਆਲੋਚਨਾ ਕਰਦਿਆਂ ਸੰਸਦ ਵਿਚ ਕਿਹਾ ਸੀ ਕਿ , ‘‘ਇਹ ਇਕ ਅਤਿਵਾਦੀ ਹਮਲਾ ਸੀ, ਜਿਸ ਨੂੰ ਨਸਲੀ ਨਫ਼ਰਤ ਕਰ ਕੇ ਅੰਜਾਮ ਦਿੱਤਾ ਗਿਆ। ਜੇਕਰ ਕਿਸੇ ਨੂੰ ਅਜਿਹਾ ਲੱਗਦਾ ਹੈ ਕਿ ਇਸ ਦੇਸ਼ ਵਿਚ ਨਸਲਵਾਦ ਤੇ ਨਸਲੀ ਨਫ਼ਰਤ ਨਹੀਂ ਹੈ ਤਾਂ ਮੈਂ ਕਹਿਣਾ ਚਾਹਾਂਗਾ ਕਿ ਹਸਪਤਾਲ ਵਿਚ ਭਰਤੀ ਬੱਚੇ ਨੂੰ ਅਸੀਂ ਇਸ ਹਿੰਸਾ ਬਾਰੇ ਕੀ ਸਮਝਾਵਾਂਗੇ? ਅਸੀਂ ਪਰਿਵਾਰਾਂ ਨਾਨ ਅੱਖਾਂ ਮਿਲਾ ਕੇ ਇਹ ਕਿਵੇਂ ਕਹਿ ਸਕਾਂਗੇ ਕਿ ‘ਇਸਲਾਮ ਤੋਂ ਖ਼ੌਫ਼’ ਅਸਲੀਅਤ ਵਿਚ ਨਹੀਂ ਹੈ। ਹਿੰਸਾ ਦੀ ਕਾਇਰਾਨਾ ਤੇ ਕਰੂਰ ਘਟਨਾ ਵਿਚ ਉਕਤ ਪਰਿਵਾਰ ਦੀ ਜਾਨ ਲੈ ਲਈ ਗਈ। ਇਹ ਘਟਨਾ ਕੋਈ ਹਾਦਸਾ ਨਹੀਂ ਸੀ। ਜੋ ਹੋਇਆ ਉਸ ਨਾਲ ਕੈਨੇਡਾ ਦੇ ਲੋਕਾਂ ਵਿਚ ਨਾਰਾਜ਼ਗੀ ਹੈ ਅਤੇ ਕੈਨੇਡਾ ਦੇ ਮੁਸਲਿਮ ਲੋਕ ਡਰੇ ਹੋਏ ਹਨ।’’ ਇਸ ਦੌਰਾਨ ਪ੍ਰਧਾਨ ਮੰਤਰੀ ਟਰੂਡੋ ਨੇ ਓਂਟਾਰੀਓ ’ਚ ਮੁਸਲਿਮ ਭਾਈਚਾਰੇ ਦੇ ਲੋਕਾਂ ਨਾਲ ਮਿਲ ਕੇ ਮੰਦਭਾਗੀ ਘਟਨਾ ’ਤੇ ਅਫ਼ਸੋਸ ਜ਼ਾਹਿਰ ਕੀਤਾ ਸੀ ।
ਸ਼ਨੀਵਾਰ ਨੂੰ ਕੈਨੇਡਾ ਦੇ ਸਿਟੀ ਆਫ ਲੰਡਨ ਵਿਚ ਟਰੱਕ ਹਮਲੇ ਵਿਚ ਮਾਰੇ ਮੁਸਲਿਮ ਪਰਿਵਾਰ ਦੇ ਸਮਰਥਨ ਵਿਚ 7 ਕਿਲੋਮੀਟਰ ਲੰਬੀ ਰੈਲੀ ਕੱਢੀ ਗਈ। ਇਸ ਵਿਚ ਹਜ਼ਾਰਾਂ ਲੋਕ ਸ਼ਾਮਲ ਹੋਏ। ਰੈਲੀ ਵਿਚ ਕੁਝ ਲੋਕ ਪੋਸਟਰ ਲੈ ਕੇ ਵੀ ਚੱਲ ਰਹੇ ਸਨ। ਉਹਨਾਂ ‘ਤੇ ‘ਨਫਰਤ ਦਾ ਕੋਈ ਘਰ ਨਹੀਂ ਹੁੰਦਾ’ ਅਤੇ ‘ਨਫਰਤ ‘ਤੇ ਪਿਆਰ’ ਜਿਹੇ ਨਾਅਰੇ ਲਿਖੇ ਹੋਏ ਸਨ। ਲੋਕਾਂ ਦਾ ਕਹਿਣਾ ਸੀ ਕਿ ਦੋਸ਼ੀ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ।