ਅਮਰੀਕਾ ’ਚ ਗਰਮਾਇਆ ਪੰਜਾਬੀਆਂ ਦੀ ਸੁਰੱਖਿਆ ਦਾ ਮੁੱਦਾ, ਭਾਈਚਾਰੇ ਨੇ ਕੀਤੀ ਇਨਸਾਫ ਦੀ ਮੰਗ

Prabhjot Kaur
2 Min Read

ਫਰਿਜ਼ਨੋ : ਕੈਲੀਫੋਰਨੀਆ ‘ਚ ਪੰਜਾਬੀ ਪਰਿਵਾਰ ਦੇ 4 ਜੀਆਂ ਦੇ ਕਤਲ ਦੀ ਘਟਨਾ ਤੋਂ ਬਾਅਦ ਪੰਜਾਬੀ ਭਾਈਚਾਰੇ ਦੀ ਸੁਰੱਖਿਆ ਦਾ ਮੁੱਦਾ ਗਰਮਾ ਗਿਆ ਹੈ। ਇਸ ਦੇ ਚਲਦਿਆਂ ਫਰਿਜ਼ਨੋ ‘ਚ ਸਿੱਖ ਭਾਈਚਾਰੇ ਨੇ ਵੱਡਾ ਇਕੱਠ ਕੀਤਾ, ਜਿਨ੍ਹਾਂ ਵੱਲੋਂ ਇਨਸਾਫ਼ ਦੀ ਮੰਗ ਕੀਤੀ ਗਈ।

ਫਰਿਜ਼ਨੋ ਵਿਖੇ ਸਾਅ ਐਵੇਨਿਊ ਅਤੇ ਗੋਲਡਨ ਸਟੇਟ ਦੇ ਐਂਟਰ-ਸੈਕਸ਼ਨ ‘ਤੇ ਹੱਥਾਂ ‘ਚ ਬੈਨਰ ਫੜ ਕੇ ਪਰਿਵਾਰ ਲਈ ਇਨਸਾਫ ਮੰਗਿਆ ਗਿਆ। ਇਸ ਤੋਂ ਬਾਅਦ ਫਰਿਜ਼ਨੋ ਦੇ ‘ਸ਼ਹੀਦ ਜਸਵੰਤ ਸਿੰਘ ਖਾਲੜਾ ਪਾਰਕ’ ਵਿਖੇ ਸ਼ਾਮ ਨੂੰ ਇਕੱਠ ਹੋਇਆ, ਜਿੱਥੇ ਮੋਮਬੱਤੀਆਂ ਜਗਾ ਕੇ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਨ੍ਹਾਂ ਦੋਵੇਂ ਪ੍ਰੋਗਰਾਮਾਂ ਦੌਰਾਨ ਫਰਿਜ਼ਨੋ ਦੇ ਪੰਜਾਬੀ ਭਾਈਚਾਰੇ ਤੋਂ ਇਲਾਵਾ ਵੱਖ-ਵੱਖ ਜੱਥੇਬੰਦੀਆਂ ਦੇ ਨੁਮਾਇੰਦੇ ਵੀ ਹਾਜ਼ਰ ਹੋਏ। ਜਿਨਾਂ ਨੇ ਇਨਸਾਫ਼ ਦੀ ਮੰਗ ਅਤੇ ਸਮੁੱਚੇ ਭਾਈਚਾਰੇ ਦੀ ਸੁਰੱਖਿਆ ਨੂੰ ਲੈ ਕੇ ਕੈਲੀਫੋਰਨੀਆਂ ਦੇ ਸਰਕਾਰੀ ਸਿਸਟਮ ‘ਤੇ ਚਿੰਤਾ ਪ੍ਰਗਟਾਉਂਦੇ ਹੋਏ ਇਨਸਾਫ ਦੀ ਮੰਗ ਕੀਤੀ।

- Advertisement -

ਇਕੱਠ ਵਿੱਚ ਸ਼ਾਮਲ ਲੋਕਾਂ ਨੇ ਕਿਹਾ ਕਿ ਕੈਲੀਫੋਰਨੀਆਂ ਵਿੱਚ ਇਸ ਤੋਂ ਪਹਿਲਾ ਵੀ ਬਹੁਤ ਸਾਰੇ ਪਰਿਵਾਰਾਂ ਦੇ ਮੈਂਬਰ ਅਜਿਹੀਆਂ ਘਟਨਾਵਾਂ ਕਰਕੇ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਖੋਹ ਚੁੱਕੇ ਹਨ। ਇਸ ਸਮੇਂ ਬਹੁਤ ਸਾਰੇ ਬੁਲਾਰਿਆਂ ਨੇ ਵੀ ਇਕੱਠ ਨੂੰ ਸੰਬੋਧਨ ਕੀਤਾ ਅਤੇ ਮੀਡੀਆ ਨਾਲ ਗੱਲਬਾਤ ਕੀਤੀ। ਸਮੂਹ ਭਾਈਚਾਰੇ ਵੱਲੋਂ ਭਵਿੱਖ ਵਿੱਚ ਪੰਜਾਬੀ ਪਰਿਵਾਰਾਂ ਦੀ ਸੁਰੱਖਿਆ ਅਤੇ ਮਰਸਡ ਸ਼ਹਿਰ ਦੇ ਪਰਿਵਾਰ ਦੇ ਇਨਸਾਫ ਦਾ ਮੁੱਦਾ ਚੁੱਕਿਆ ਗਿਆ।

 

ਕੈਲੀਫੋਰਨੀਆ ਦੇ ਸ਼ਹਿਰ ਮਰਸਡ ਵਿੱਚ ਬੀਤੇ ਦਿਨੀਂ 8 ਮਹੀਨੇ ਦੀ ਬੱਚੀ ਆਰੋਹੀ ਢੇਰੀ, ਉਸ ਦੇ ਪਿਤਾ ਜਸਦੀਪ ਸਿੰਘ ਅਤੇ ਮਾਤਾ ਜਸਲੀਨ ਕੌਰ ਅਤੇ ਤਾਇਆ ਅਮਨਦੀਪ ਸਿੰਘ ਨੂੰ ਅਗਵਾ ਕਰਨ ਤੋਂ ਬਾਅਦ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਇਹ ਪਰਿਵਾਰ ਪੰਜਾਬ ਦੇ ਹੁਸ਼ਿਆਰਪੁਰ ਜ਼ਿਲੇ ਦੇ ਹਰਸੀ ਪਿੰਡ ਦੇ ਨਾਲ ਸਬੰਧਤ ਸੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment