E20 ਪੈਟਰੋਲ ਨਾਲ ਗੱਡੀਆਂ ‘ਤੇ ਕਿੰਨਾ ਪਵੇਗਾ ਅਸਰ? ਖ਼ੁਦ ਨਿਤਿਨ ਗਡਕਰੀ ਨੇ ਦਿੱਤੀ ਜਾਣਕਾਰੀ

Global Team
3 Min Read

ਨਵੀ ਦਿੱਲੀ : E20 ਪੈਟਰੋਲ ਨੂੰ ਲੈ ਕੇ ਲੰਬੇ ਸਮੇਂ ਤੋਂ ਉੱਠ ਰਹੇ ਸਵਾਲਾਂ ਵਿਚਕਾਰ ਕੇਂਦਰ ਸਰਕਾਰ ਨੇ ਸੰਸਦ ਵਿੱਚ ਵੱਡਾ ਬਿਆਨ ਦਿੱਤਾ ਹੈ। ਸਰਕਾਰ ਦਾ ਕਹਿਣਾ ਹੈ ਕਿ E20 ਪੈਟਰੋਲ ਨਾਲ ਕਾਰ ਅਤੇ ਬਾਈਕ-ਸਕੂਟੀ ਦੇ ਇੰਜਣ ਵਿੱਚ ਕਿਸੇ ਤਰ੍ਹਾਂ ਦੇ ਬਦਲਾਅ ਦੀ ਲੋੜ ਨਹੀਂ ਹੈ। ਹਾਲਾਂਕਿ, 1 ਅਪ੍ਰੈਲ 2005 ਤੋਂ ਲਾਗੂ BS-III ਸਟੈਂਡਰਡ ਵਾਲੀਆਂ ਅਤੇ ਸਾਲ 2016 ਤੋਂ ਪਹਿਲਾਂ ਬਣੀਆਂ ਕੁਝ ਗੱਡੀਆਂ ਵਿੱਚ ਰਬੜ ਦੇ ਕੁਝ ਪਾਰਟਸ ਅਤੇ ਗੈਸਕੇਟ ਬਦਲਣ ਦੀ ਲੋੜ ਪੈ ਸਕਦੀ ਹੈ। ਸਰਕਾਰ ਮੁਤਾਬਕ ਇਹ ਕੰਮ ਰੈਗੂਲਰ ਸਰਵਿਸਿੰਗ ਦੇ ਦੌਰਾਨ ਆਸਾਨੀ ਨਾਲ ਕੀਤਾ ਜਾ ਸਕਦਾ ਹੈ।

ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਬੀਤੇ ਦਿਨ ਰਾਜ ਸਭਾ ਵਿੱਚ ਲਿਖਤੀ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ- BS-3 ਮਿਆਰ ਵਾਲੀਆਂ ਕੁਝ ਪੁਰਾਣੀਆਂ ਗੱਡੀਆਂ ਵਿੱਚ E-20 ਦੇ ਕਾਰਨ ਕੁਝ ਰਬੜ ਦੇ ਪਾਰਟਸ ਅਤੇ ਗੈਸਕੇਟ ਬਦਲਣੇ ਪੈ ਸਕਦੇ ਹਨ। ਇਹ ਗੱਡੀਆਂ ਮੁੱਖ ਤੌਰ ‘ਤੇ 2005 ਤੋਂ 2016 ਦੇ ਵਿਚਕਾਰ ਬਣੀਆਂ ਹਨ। ਇਹ ਪਾਰਟਸ ਨਿਯਮਤ ਸਰਵਿਸਿੰਗ ਦੇ ਦੌਰਾਨ ਆਸਾਨੀ ਨਾਲ ਬਦਲੇ ਜਾ ਸਕਦੇ ਹਨ।

ਗਡਕਰੀ ਨੇ ਕਿਹਾ ਕਿ ਅਧਿਐਨਾਂ ਵਿੱਚ E-20 ਨਾਲ ਗੱਡੀਆਂ ਦੀ ਕੁੱਲ ਕਾਰਗੁਜ਼ਾਰੀ ਜਾਂ ਟਿਕਾਊਪਣ ‘ਤੇ ਕੋਈ ਵੱਡਾ ਅਸਰ ਨਹੀਂ ਪਾਇਆ ਗਿਆ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹਨਾਂ ਗੱਡੀਆਂ ਦੇ ਇੰਜਣ ਵਿੱਚ ਕਿਸੇ ਤਰ੍ਹਾਂ ਦਾ ਬਦਲਾਅ ਕਰਵਾਉਣ ਦੀ ਲੋੜ ਨਹੀਂ ਹੈ। ਇਹ ਪਹਿਲੀ ਵਾਰ ਹੈ, ਜਦੋਂ ਗਡਕਰੀ ਨੇ ਇਸ ਤਰ੍ਹਾਂ ਦੀ ਗੱਲ ਕਹੀ ਹੈ।

ਉਨ੍ਹਾਂ ਨੇ ਦੱਸਿਆ ਕਿ ਇੰਡੀਅਨ ਆਇਲ, ਇੰਡੀਅਨ ਇੰਸਟੀਚਿਊਟ ਆਫ਼ ਪੈਟਰੋਲੀਅਮ, ਸੋਸਾਇਟੀ ਆਫ਼ ਇੰਡੀਅਨ ਆਟੋਮੋਬਾਈਲ ਮੈਨੂਫੈਕਚਰਰਜ਼ (SIAM) ਅਤੇ ਆਟੋਮੋਟਿਵ ਰਿਸਰਚ ਅਲਾਇੰਸ ਆਫ਼ ਇੰਡੀਆ ਨੇ ਦੋ-ਪਹੀਆ ਅਤੇ ਚਾਰ-ਪਹੀਆ ਵਾਹਨਾਂ ‘ਤੇ E-20 ਬਾਲਣ ਦੀ ਸਟੱਡੀ ਕੀਤੀ ਸੀ।

ਗਡਕਰੀ ਨੇ ਇਹ ਵੀ ਕਿਹਾ ਕਿ ਵਾਹਨ ਦੀ ਮਾਈਲੇਜ ਸਿਰਫ਼ ਬਾਲਣ ‘ਤੇ ਨਿਰਭਰ ਨਹੀਂ ਕਰਦੀ, ਸਗੋਂ ਡਰਾਈਵਿੰਗ ਦੇ ਤਰੀਕੇ , ਸੜਕ ਦੀ ਸਥਿਤੀ, ਦੇਖਭਾਲ ਅਤੇ ਹੋਰ ਕਾਰਕਾਂ ਤੋਂ ਵੀ ਪ੍ਰਭਾਵਿਤ ਹੁੰਦੀ ਹੈ। ਇਸ ਦੀ ਵਰਤੋਂ ਦੁਨੀਆ ਵਿੱਚ ਇੱਕ ਸਦੀ ਤੋਂ ਵੀ ਵੱਧ ਸਮੇਂ ਤੋਂ ਹੋ ਰਹੀ ਹੈ।

 

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment