ਮਜ਼ਦੂਰਾਂ ਨੇ ਸੁਰੰਗ ‘ਚ ਕਿਵੇਂ ਗੁਜ਼ਾਰੇ 17 ਦਿਨ, PM ਮੋਦੀ ਨੇ ਜਾਣਿਆ ਹਾਲ-ਚਾਲ

Rajneet Kaur
3 Min Read

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਤਰਾਖੰਡ ਦੇ ਸਿਲਕਿਆਰਾ ਸੁਰੰਗ ਤੋਂ ਸੁਰੱਖਿਅਤ ਬਾਹਰ ਕੱਢੇ ਗਏ ਮਜ਼ਦੂਰਾਂ ਨਾਲ ਫ਼ੋਨ ‘ਤੇ ਗੱਲਬਾਤ ਕੀਤੀ। ਪੀਐਮ ਮੋਦੀ ਨੇ ਗੱਲਬਾਤ ਦੌਰਾਨ  ਸਭ ਤੋਂ ਪਹਿਲਾਂ ਵਰਕਰਾਂ ਨੂੰ ਵਧਾਈ ਦਿੱਤੀ ਕਿ 17 ਦਿਨਾਂ ਬਾਅਦ ਸਾਰੇ 41 ਵਰਕਰ ਸੁਰੱਖਿਅਤ ਸੁਰੰਗ ਤੋਂ ਬਾਹਰ ਆ ਸਕੇ।ਉਨ੍ਹਾਂ ਨੇ  ਸੁਰੰਗ ‘ਚ ਫਸੇ ਮਜ਼ਦੂਰਾਂ ਦੀ ਅਗਵਾਈ ਕਰਨ ਵਾਲੇ ਸ਼ਬਾ ਅਹਿਮਦ ਤੇ ਗੱਭਰ ਸਿੰਘ ਨਾਲ ਫ਼ੋਨ ‘ਤੇ ਗੱਲ ਕੀਤੀ। ਪੀਐੱਮ ਮੋਦੀ ਨੇ ਕਿਹਾ ਕਿ ਇਹ ਕੇਦਾਰਨਾਥ ਬਾਬਾ ਤੇ ਭਗਵਾਨ ਬਦਰੀਨਾਥ ਦਾ ਆਸ਼ੀਰਵਾਦ ਸੀ ਕਿ ਸਾਰੇ ਵਰਕਰ ਸੁਰੰਗ ‘ਚੋਂ ਸੁਰੱਖਿਅਤ ਬਾਹਰ ਆ ਸਕੇ। ਤੁਸੀਂ ਲੋਕਾਂ (ਮਜ਼ਦੂਰਾਂ) ਨੇ ਸੁਰੰਗ ‘ਚ ਇੱਕ ਦੂਜੇ ਦਾ ਮਨੋਬਲ ਬਣਾਈ ਰੱਖਿਆ। ਇਹ ਬਹੁਤ ਵੱਡੀ ਗੱਲ ਹੈ।

ਬਚਾਅ ਕਾਰਜ ਲੋਕਾਂ ਦੀ ਤਾਰੀਫ਼ ਕਰਦਿਆਂ PM ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਬਹਾਦਰੀ ਅਤੇ ਦ੍ਰਿੜ ਇਰਾਦੇ ਨੇ ਸਾਡੇ ਮਜ਼ਦੂਰ ਭਰਾਵਾਂ ਨੂੰ ਨਵਾਂ ਜੀਵਨ ਦਿੱਤਾ ਹੈ। ਇਸ ਮਿਸ਼ਨ ਵਿੱਚ ਸ਼ਾਮਿਲ ਹਰ ਵਿਅਕਤੀ ਨੇ ਮਨੁੱਖਤਾ ਅਤੇ ਟੀਮ ਵਰਕ ਦੀ ਇੱਕ ਸ਼ਾਨਦਾਰ ਮਿਸਾਲ ਕਾਇਮ ਕੀਤੀ ਹੈ।

 ਮਜ਼ਦੂਰ ਸੁਰੰਗ ‘ਚ ਕਰਦੇ ਸੀ ਯੋਗਾ ਅਭਿਆਸ

ਸ਼ਬਾ ਅਹਿਮਦ ਨੇ ਸੁਰੰਗ ‘ਚ ਬਿਤਾਏ 17 ਦਿਨਾਂ ਦਾ ਆਪਣਾ ਅਨੁਭਵ ਸਾਂਝਾ ਕਰਦੇ ਹੋਏ ਪੀਐਮ ਮੋਦੀ ਨੂੰ ਕਿਹਾ ਕਿ ਸਰ, ਅਸੀਂ ਲਗਪਗ 18 ਦਿਨਾਂ ਤਕ ਸੁਰੰਗ ‘ਚ ਫਸੇ ਰਹੇ, ਪਰ ਕਦੇ ਘਬਰਾਏ ਨਹੀਂ। ਅਸੀਂ ਸੁਰੰਗ ਵਿੱਚ 41 ਲੋਕ ਫਸੇ ਹੋਏ ਸੀ। ਉਨ੍ਹਾਂ ਅੱਗੇ ਕਿਹਾ ਕਿ ਜਦੋਂ ਖਾਣਾ ਮਿਲਦਾ ਸੀ ਤਾਂ ਅਸੀਂ ਸਾਰੇ ਇਸ ਨੂੰ ਵੰਡ ਕੇ ਖਾਂਦੇ ਸੀ। ਰਾਤ ਨੂੰ ਖਾਣਾ ਖਾਣ ਤੋਂ ਬਾਅਦ ਸਾਰੇ ਲੋਕ ਪੈਦਲ ਹੀ ਸੈਰ ਕਰਦੇ ਸਨ। ਇਹ ਸੁਰੰਗ 2.5 ਕਿਲੋਮੀਟਰ ਲੰਬੀ ਸੀ। ਇਸ ਦੇ ਨਾਲ ਹੀ ਅਸੀਂ ਸਾਰੇ ਮਜ਼ਦੂਰ ਸਵੇਰੇ ਯੋਗਾ ਕਰਦੇ ਸੀ।

- Advertisement -

ਵਰਕਰਾਂ ਨੇ ਸੀਐਮ ਧਾਮੀ ਦਾ ਵੀ ਕੀਤਾ ਧੰਨਵਾਦ

ਮੁੱਖ ਮੰਤਰੀ ਪੁਸ਼ਕਰ ਧਾਮੀ ਨੇ ਸਾਰੇ ਮਜ਼ਦੂਰਾਂ ਨੂੰ ਇੱਕ-ਇੱਕ ਲੱਖ ਰੁਪਏੇ ਦੇਣ ਦਾ ਐਲਾਨ ਕੀਤਾ। ਮਜ਼ਦੂਰਾਂ ਨੇ ਕਿਹਾ ਕਿ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਤੇ ਸੜਕੀ ਆਵਾਜਾਈ ਅਤੇ ਰਾਜਮਾਰਗ ਰਾਜ ਮੰਤਰੀ ਜਨਰਲ ਵੀਕੇ ਸਿੰਘ ਦਾ ਧੰਨਵਾਦ ਕਰਦੇ ਹਨ। ਉਨ੍ਹਾਂ ਕਿਹਾ ਕਿ  ਦੋਵੇਂ ਹਮੇਸ਼ਾ ਵਰਕਰਾਂ ਦੇ ਸੰਪਰਕ ਵਿੱਚ ਰਹੇ। ਉਹ ਲਗਾਤਾਰ ਸਾਡਾ ਹਾਲ-ਚਾਲ ਪੁੱਛਦੇ ਰਹੇ। ਜਦੋਂ ਅਸੀਂ ਸੁਰੰਗ ਤੋਂ ਬਾਹਰ ਆਏ ਤਾਂ ਧਾਮੀ ਸਾਹਿਬ ਨੇ ਸਾਨੂੰ ਜੱਫੀ ਪਾ ਲਈ।’

ਇਸ ‘ਤੇ ਪੀਐਮ ਮੋਦੀ ਨੇ ਕਿਹਾ, ‘ਹਾਂ, ਵੀਕੇ ਸਾਹਬ ਵੀ ਪੂਰਾ ਦਿਨ ਉਥੇ ਰਹੇ ਤੇ ਇਕ ਜਨਰਲ ਵਾਂਗ ਪੂਰੇ ਅਨੁਸ਼ਾਸਨ ਨਾਲ ਫੌਜ ਦੇ ਜਵਾਨ ਦੀ ਤਰ੍ਹਾਂ ਉਥੇ ਮੌਜੂਦ ਸਨ।’

ਇਸ ਤੋਂ ਇਲਾਵਾ ਪੀਐਮ ਮੋਦੀ ਨੇ ਆਪਣੇ ਐਕਸ ‘ਚ ਲਿਖਿਆ, ‘ਮੈਂ ਤੁਹਾਡੇ ਸਾਰਿਆਂ ਦੀ ਤੰਦਰੁਸਤੀ ਅਤੇ ਚੰਗੀ ਸਿਹਤ ਦੀ ਕਾਮਨਾ ਕਰਦਾ ਹਾਂ। ਇਹ ਬਹੁਤ ਤਸੱਲੀ ਵਾਲੀ ਗੱਲ ਹੈ ਕਿ ਲੰਬੇ ਇੰਤਜ਼ਾਰ ਤੋਂ ਬਾਅਦ ਹੁਣ ਸਾਡੇ ਇਹ ਦੋਸਤ ਆਪਣੇ ਸਨੇਹੀਆਂ ਨੂੰ ਮਿਲਣਗੇ। ਇਸ ਔਖੀ ਘੜੀ ਵਿੱਚ ਇਨ੍ਹਾਂ ਸਾਰੇ ਪਰਿਵਾਰਾਂ ਨੇ ਜੋ ਸਬਰ ਅਤੇ ਦਲੇਰੀ ਦਿਖਾਈ ਹੈ, ਉਸ ਦੀ ਜਿੰਨੀ ਵੀ ਤਾਰੀਫ ਕੀਤੀ ਜਾਵੇ ਉਹ ਘੱਟ ਹੈ।’

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

 

 

 

 

 

Share this Article
Leave a comment