ਕਰੋਨਾਵਾਇਰਸ ਦਾ ਉਦਯੋਗਪਤੀਆਂ ‘ਤੇ ਕਿੰਨਾ ਕੁ ਪੈ ਰਿਹਾ ਅਸਰ

TeamGlobalPunjab
4 Min Read

-ਅਵਤਾਰ ਸਿੰਘ

ਨਿਊਜ਼ ਡੈਸਕ : ਭਾਰਤ ਵਿਚ ਕਰੋਨਾਵਾਇਰਸ ਦਾ ਤੀਜਾ ਕੇਸ ਸਾਹਮਣੇ ਆਇਆ ਹੈ। ਵੁਹਾਨ ਯੂਨੀਵਰਸਿਟੀ ਤੋਂ ਪਰਤਿਆ ਕੇਰਲ ਦਾ ਇਕ ਹੋਰ ਵਿਦਿਆਰਥੀ ਵਾਇਰਸ ਤੋਂ ਪੀੜਤ ਪਾਇਆ ਗਿਆ ਹੈ। ਮੈਡੀਕਲ ਦੇ ਇਸ ਵਿਦਿਆਰਥੀ ਨੂੰ ਵੱਖਰੇ ਵਾਰਡ ਵਿਚ ਨਿਗਰਾਨੀ ਹੇਠ ਰੱਖਿਆ ਜਾ ਰਿਹਾ ਹੈ।

ਇਸ ਮਹਾਂਮਾਰੀ ਵਿੱਚ 390 ਤੋਂ ਵੱਧ ਮੌਤਾਂ ਹੋਣ ਦੀਆਂ ਰਿਪੋਰਟਾਂ ਮਗਰੋਂ ਲੁਧਿਆਣਾ ਦੇ ਉਦਯੋਗਪਤੀਆਂ ਨੂੰ ਚੀਨ ਵਿੱਚ ਅਗਲੇ ਚਾਰ ਮਹੀਨਿਆਂ ਦੌਰਾਨ ਹੋਣ ਵਾਲੇ ਵਪਾਰਕ ਪ੍ਰੋਗਰਾਮ ਰੱਦ ਕਰਨੇ ਪੈ ਗਏ ਹਨ। ਇਸ ਕਰਨ ਉਨ੍ਹਾਂ ਨੂੰ ਕਾਫੀ ਆਰਥਿਕ ਨੁਕਸਾਨ ਵੀ ਝੱਲਣਾ ਪੈ ਰਿਹਾ ਹੈ।

ਰਿਪੋਰਟਾਂ ਮੁਤਾਬਿਕ ਫੈਡਰੇਸ਼ਨ ਆਫ ਇੰਡਸਟਰੀਅਲ ਐਂਡ ਕਮਰਸ਼ੀਅਲ ਆਰਗੇਨਾਈਜ਼ੇਸ਼ਨ (ਐਫ ਆਈ ਸੀ ਓ) ਦੇ ਪ੍ਰਧਾਨ ਗੁਰਮੀਤ ਸਿੰਘ ਕੁਲਾਰ ਅਤੇ ਜਨਰਲ ਸਕੱਤਰ ਰਾਜੀਵ ਜੈਨ ਨੇ ਦੱਸਿਆ ਕਿ ਕਰੋਨਾਵਾਇਰਸ ਦੀ ਮਹਾਮਾਰੀ ਦੇ ਡਰ ਕਾਰਨ ਉਨ੍ਹਾਂ ਨੂੰ ਚੀਨ ਅਤੇ ਤਾਇਵਾਨ ਦੇ ਪੰਜ ਦੌਰੇ ਰੱਦ ਕਰਨੇ ਪੈ ਰਹੇ ਹਨ।

- Advertisement -

ਲੁਧਿਆਣਾ ਦੇ ਉਦਯੋਗਪਤੀਆਂ ਨੇ ਤੇਪਾਈ ਵਿੱਚ 4 ਤੋਂ 7 ਮਾਰਚ ਨੂੰ ਹੋਣ ਵਾਲਾ ਸਾਈਕਲ ਸ਼ੋਅ, 21 ਤੋਂ 24 ਅਪ੍ਰੈਲ ਨੂੰ ਹੋਣ ਵਾਲਾ ਚਾਈਨਾਪਲਾਸ ਅਤੇ ਤਿੰਨ ਗੇੜਾ ਵਿੱਚ ਹੋਣ ਵਾਲਾ ਕੈਂਟਨ ਫੇਅਰ ਜੋ 15-19 ਅਪ੍ਰੈਲ, 23-27 ਅਪ੍ਰੈਲ ਅਤੇ 1-5 ਮਈ ਤਕ ਹੋਣ ਵਾਲੇ ਵਪਾਰਕ ਪ੍ਰੋਗਰਾਮਾਂ ਨੂੰ ਰੱਦ ਕਰਨਾ ਪਿਆ ਹੈ।

ਉਦਯੋਗਪਤੀ ਕੁਲਾਰ ਦਾ ਕਹਿਣਾ ਹੈ ਕਿ ਫੈਡਰੇਸ਼ਨ ਦੇ ਲਗਪਗ 40 ਮੈਂਬਰਾਂ ਨੇ ਤੇਪਾਈ ਦੇ ਸਾਈਕਲ ਸ਼ੋਅ ਅਤੇ 50 ਦੇ ਕਰੀਬ ਨੇ ਚਾਈਨਾਪਲਾਸ ਵਿੱਚ ਹਿੱਸਾ ਲੈਣ ਲਈ ਐਡਵਾਂਸ ਵਿੱਚ ਬੁਕਿੰਗ ਕਰਵਾਈ ਹੋਈ ਸੀ। ਇਸ ਤੋਂ ਇਲਾਵਾ 80 ਤੋਂ ਵੱਧ ਉਦਯੋਗਪਤੀਆਂ ਵਲੋਂ ਕੌਂਟਨ ਫੇਅਰ ਲਈ ਟਿਕਟਾਂ ਬੁੱਕ ਕਰਵਾਈਆਂ ਗਈਆਂ ਸਨ, ਜੋ ਰੱਦ ਕਰਵਾਣੀਆਂ ਪਈਆਂ ਹਨ। ਉਨ੍ਹਾਂ ਦਾ ਕਹਿਣਾ ਕਿ ਉਨ੍ਹਾਂ ਨੂੰ ਪਤਾ ਕਿ ਇਸ ਨਾਲ ਉਨ੍ਹਾਂ ਦਾ ਆਰਥਿਕ ਨੁਕਸਾਨ ਹੋਇਆ ਹੈ ਪਰ ਸਿਹਤ ਤੋਂ ਵੱਧ ਕੁਝ ਨਹੀਂ ਹੈ।
ਕਾਰੋਬਾਰੀਆਂ ਦਾ ਮੰਨਣਾ ਹੈ ਕਿ ਕਰੋਨਾਵਾਇਰਸ ਕਾਰਨ ਭਾਰਤ ਤੋਂ ਬਰਾਮਦ ਹੋਣ ਵਾਲੇ ਸਾਮਾਨ ਤੇ ਚੀਨ ਨੂੰ ਕਾਫੀ ਫਰਕ ਪਵੇਗਾ। ਚੀਨ ਕੋਲ ਸਭ ਤੋਂ ਵਧੀਆ ਬਦਲ ਹੈ। ਇਕ ਹੋਰ ਕਾਰੋਬਾਰੀ ਸਾਹਿਲ ਅਗਰਵਾਲ ਦਾ ਕਹਿਣਾ ਹੈ ਕਿ ਕੌਮਾਂਤਰੀ ਕੰਪਨੀਆਂ ਨੇ ਨਵੇਂ ਆਰਡਰ ਦੇਣ ਲਈ ਭਾਰਤੀ ਬਰਾਮਦਕਾਰਾਂ ਨਾਲ ਸੰਪਰਕ ਬਣਾਉਣਾ ਸ਼ੁਰੂ ਕਰ ਦਿੱਤਾ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਬਰਾਮਦਕਾਰਾਂ ਨੂੰ ਨਵੇਂ ਆਰਡਰਾਂ ਲਈ ਯੂਰਪ, ਅਮਰੀਕਾ ਅਤੇ ਦੁਬਈ ਦੀਆਂ ਕੰਪਨੀਆਂ ਵਲੋਂ ਸੰਪਰਕ ਕੀਤਾ ਜਾ ਰਿਹਾ ਹੈ। ਮੰਗ ਵਧਣ ‘ਤੇ ਉਹ ਪ੍ਰੋਡਕਸ਼ਨ ਵਿੱਚ ਵਾਧਾ ਕਰ ਦੇਣਗੇ।

ਫੈਡਰੇਸ਼ਨ ਆਫ ਪੰਜਾਬ ਸਮਾਲ ਇੰਡਸਟਰੀਜ਼ ਐਸੋਸੀਏਸ਼ਨ ਦੇ ਪ੍ਰਧਾਨ ਬੰਦਿਸ਼ ਜਿੰਦਲ ਦਾ ਕਹਿਣਾ, ”ਆਪਣੇ ਉਦਯੋਗ ਵੱਲ ਧਿਆਨ ਖਿੱਚਣ ਦਾ ਸਹੀ ਮੌਕਾ ਹੈ। ਬਹੁਤ ਸਾਰੇ ਉਦਯੋਗਪਤੀ ਬਾਹਰਲੇ ਦੇਸ਼ਾਂ ਵਿਚ ਫਾਸਟਨਰਜ, ਮਸ਼ੀਨਾਂ ਅਤੇ ਖੇਤੀ ਦੀ ਵਰਤੋਂ ਵਿਚ ਆਉਣ ਵਾਲੀ ਮਸ਼ੀਨਰੀ ਦੇ ਆਰਡਰ ਲੈਣ ਲਈ ਰਾਬਤਾ ਕਾਇਮ ਕਰ ਰਹੇ ਹਨ। ਇਸ ਤੋਂ ਪਹਿਲਾਂ ਇਹ ਸਾਰਾ ਕੁਝ ਚੀਨ ਤੋਂ ਜਾਂਦਾ ਸੀ।”

ਚੈਂਬਰ ਆਫ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗ ਦੇ ਪ੍ਰਧਾਨ ਉਪਕਾਰ ਸਿੰਘ ਦਾ ਕਹਿਣਾ, ”ਜੇ ਕੇਂਦਰ ਅਤੇ ਰਾਜ ਸਰਕਾਰ ਉਦਯੋਗਪਤੀਆਂ ਨੂੰ ਸਹਾਰਾ ਦੇਣ ਤਾਂ ਉਹ ਇਸ ਕੰਮ ਵਿੱਚ ਅੱਗੇ ਵੱਧ ਸਕਦੇ ਹਨ। ਇਸ ਵੇਲੇ ਬਾਕੀ ਏਸ਼ੀਆਈ ਦੇਸ਼ਾਂ ਜਿਨ੍ਹਾਂ ਵਿੱਚ ਵੀਅਤਨਾਮ, ਬੰਗਲਾਦੇਸ਼ ਅਤੇ ਥਾਈਲੈਂਡ ਦੂਜੇ ਦੇਸ਼ਾਂ ਤੋਂ ਆਰਡਰ ਲੈਣ ਲਈ ਜਿਹੜੇ ਪਹਿਲਾਂ ਚੀਨ ਨੂੰ ਮਿਲਦੇ ਸੀ, ਲੈਣ ਦੀਆਂ ਕੋਸ਼ਿਸ਼ਾਂ ਵਿਚ ਜੁਟੇ ਹੋਏ ਹਨ। ਭਾਰਤ ਵੱਡੀ ਮਾਤਰਾ ਵਿੱਚ ਸਾਮਾਨ ਤਿਆਰ ਕਰਨ ਦੀ ਸਮਰੱਥਾ ਰੱਖਦਾ ਹੈ। ਇਸ ਮੌਕੇ ਨੂੰ ਅਜਾਈਂ ਨਹੀਂ ਜਾਣ ਦੇਣਾ ਚਾਹੀਦਾ।” ਭਾਰਤ ਕੋਲ ਚੀਨ ਦੇ ਸਾਮਾਨ ਨੂੰ ਨਕਾਰਨ ਦਾ ਵਧੀਆ ਮੌਕਾ ਹੈ। ਸਰਕਾਰਾਂ ਨੂੰ ਉਦਯੋਗਪਤੀਆਂ ਦਾ ਸਾਥ ਦੇ ਕੇ ਦੇਸ਼ ਦੇ ਉਦਯੋਗ ਨੂੰ ਪ੍ਰਫੁਲਤ ਕਰਨਾ ਚਾਹੀਦਾ ਹੈ।

- Advertisement -
Share this Article
Leave a comment