ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੀਨ ਨਾਲ ਅਜਿਹਾ ਸਮਝੌਤਾ ਕਰਨ ਦੀ ਗੱਲ ਕਹੀ ਹੈ, ਜਿਸ ਵਿੱਚ ਫੈਂਟਾਨਿਲ ਬਣਾਉਣ ਅਤੇ ਅਮਰੀਕਾ ਭੇਜਣ ਵਾਲਿਆਂ ਨੂੰ ਸਿੱਧੀ ਮੌਤ ਦੀ ਸਜ਼ਾ ਦਿੱਤੀ ਜਾਵੇ। ਟਰੰਪ ਦਾ ਦੋਸ਼ ਹੈ ਕਿ ਚੀਨ ਦੀਆਂ ਕੰਪਨੀਆਂ ਜਾਣਬੁੱਝ ਕੇ ਅਜਿਹੇ ਕੈਮੀਕਲ ਸਪਲਾਈ ਕਰਦੀਆਂ ਹਨ, ਜਿਨ੍ਹਾਂ ਨਾਲ ਇਹ ਜਾਨਲੇਵਾ ਨਸ਼ਾ ਤਿਆਰ ਹੁੰਦਾ ਹੈ। ਉਨ੍ਹਾਂ ਨੇ ਚੀਨ ‘ਤੇ ਲਗਾਏ 20% ਟੈਰਿਫ ਨੂੰ “ਫੈਂਟਾਨਿਲ ਪੈਨਲਟੀ” ਦੱਸਿਆ ਹੈ।
ਟਰੰਪ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਪਿਛਲੇ ਕਾਰਜਕਾਲ ਵਿੱਚ ਚੀਨ ਨਾਲ ਇਸ ਮੁੱਦੇ ‘ਤੇ ਸਮਝੌਤਾ ਹੋਣ ਵਾਲਾ ਸੀ, ਪਰ “ਚੋਣ ਚੋਰੀ” ਕਾਰਨ ਇਹ ਸੰਭਵ ਨਹੀਂ ਹੋਇਆ। ਹੁਣ ਉਹ ਮੁੜ ਸੱਤਾ ਵਿੱਚ ਆਉਣ ‘ਤੇ ਫੈਂਟਾਨਿਲ ਵਿਰੁੱਧ ਯੁੱਧ ਪੱਧਰ ‘ਤੇ ਕਾਰਵਾਈ ਦੀ ਗੱਲ ਕਰ ਰਹੇ ਹਨ। ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਜੇ ਚੀਨ ਨੇ ਸੁਧਾਰ ਨਾ ਕੀਤਾ, ਤਾਂ ਅਮਰੀਕਾ ਇਕੱਲਿਆਂ ਹੀ ਇਸ ਨਸ਼ੇ ਵਿਰੁੱਧ ਵੱਡੀ ਕਾਰਵਾਈ ਕਰੇਗਾ।
ਫੈਂਟਾਨਿਲ ਕੀ ਹੈ ਅਤੇ ਕਿਉਂ ਹੈ ਇੰਨੀ ਖਤਰਨਾਕ?
ਫੈਂਟਾਨਿਲ ਇੱਕ ਸਿੰਥੈਟਿਕ ਓਪੀਔਇਡ (ਨਸ਼ੀਲੀ ਦਵਾਈ) ਹੈ, ਜਿਸ ਨੂੰ 1960 ਦੇ ਦਹਾਕੇ ਵਿੱਚ ਮੈਡੀਕਲ ਪੇਨਕਿਲਰ ਵਜੋਂ ਮਨਜ਼ੂਰੀ ਮਿਲੀ ਸੀ। ਡਾਕਟਰ ਇਸ ਦੀ ਸੀਮਤ ਮਾਤਰਾ ਨੂੰ ਸਰਜਰੀ ਦੌਰਾਨ ਵਰਤਦੇ ਹਨ। ਪਰ ਸਮੱਸਿਆ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਇਹ ਦਵਾਈ ਮੈਡੀਕਲ ਸਿਸਟਮ ਤੋਂ ਬਾਹਰ ਨਿਕਲ ਕੇ ਗੈਰ-ਕਾਨੂੰਨੀ ਬਜ਼ਾਰ ਵਿੱਚ ਪਹੁੰਚ ਜਾਂਦੀ ਹੈ। ਇਹ ਇੰਨੀ ਜ਼ਹਿਰੀਲੀ ਹੈ ਕਿ ਸਿਰਫ 2 ਮਿਲੀਗ੍ਰਾਮ ਦੀ ਮਾਤਰਾ—ਯਾਨੀ ਪੈਨਸਿਲ ਦੀ ਨੋਕ ਜਿੰਨੀ—ਇਨਸਾਨ ਦੀ ਜਾਨ ਲੈ ਸਕਦੀ ਹੈ। ਅਮਰੀਕਾ ਵਿੱਚ ਇਸ ਕਾਰਨ ਮੌਤਾਂ ਦਾ ਅੰਕੜਾ ਹਰ ਸਾਲ ਵਧ ਰਿਹਾ ਹੈ। 2022 ਅਤੇ 2023 ਵਿੱਚ 1 ਲੱਖ ਤੋਂ ਵੱਧ ਲੋਕਾਂ ਦੀ ਮੌਤ ਫੈਂਟਾਨਿਲ ਮਿਸ਼ਰਿਤ ਨਸ਼ਿਆਂ ਕਾਰਨ ਹੋਈ।
ਅਮਰੀਕਾ ਲਈ ਮਹਾਮਾਰੀ ਬਣਿਆ ਫੈਂਟਾਨਿਲ
ਸੈਂਟਰ ਫਾਰ ਡਿਜ਼ੀਜ਼ ਕੰਟਰੋਲ (CDC) ਦੇ ਅਨੁਸਾਰ, 2022 ਵਿੱਚ ਅਮਰੀਕਾ ਵਿੱਚ 74,000 ਲੋਕ ਸਿੰਥੈਟਿਕ ਓਪੀਔਇਡਜ਼, ਜਿਵੇਂ ਕਿ ਫੈਂਟਾਨਿਲ, ਕਾਰਨ ਮਰੇ। ਇਹ ਅੰਕੜਾ ਵੀਅਤਨਾਮ, ਇਰਾਕ ਅਤੇ ਅਫਗਾਨਿਸਤਾਨ ਦੀਆਂ ਜੰਗਾਂ ਵਿੱਚ ਮਾਰੇ ਗਏ ਅਮਰੀਕੀਆਂ ਦੀ ਗਿਣਤੀ ਤੋਂ ਵੀ ਵੱਧ ਹੈ। 2012 ਤੋਂ ਬਾਅਦ ਫੈਂਟਾਨਿਲ ਅਮਰੀਕੀ ਨੌਜਵਾਨ ਪੀੜ੍ਹੀ ਵਿੱਚ ਮੌਤ ਦਾ ਸਭ ਤੋਂ ਵੱਡਾ ਕਾਰਨ ਬਣ ਗਿਆ ਹੈ। 25 ਤੋਂ 34 ਸਾਲ ਦੀ ਉਮਰ ਦੇ ਲੋਕਾਂ ਵਿੱਚ ਲਗਭਗ ਇੱਕ-ਤਿਹਾਈ ਮੌਤਾਂ ਫੈਂਟਾਨਿਲ ਨਾਲ ਜੁੜੀਆਂ ਹਨ। ਸਭ ਤੋਂ ਖਤਰਨਾਕ ਗੱਲ ਇਹ ਹੈ ਕਿ ਕਈ ਵਾਰ ਲੋਕ ਅਣਜਾਣੇ ਵਿੱਚ ਇਸ ਦਾ ਸ਼ਿਕਾਰ ਹੋ ਜਾਂਦੇ ਹਨ। ਉਹ ਸੋਚਦੇ ਹਨ ਕਿ ਉਹ ਜ਼ੈਨੈਕਸ ਜਾਂ ਆਕਸੀਕੋਡੋਨ ਵਰਗੀਆਂ ਦਵਾਈਆਂ ਲੈ ਰਹੇ ਹਨ, ਜੋ ਤਣਾਅ ਅਤੇ ਚਿੰਤਾ ਨਾਲ ਨਜਿੱਠਣ ਲਈ ਵਰਤੀਆਂ ਜਾਂਦੀਆਂ ਹਨ, ਪਰ ਉਨ੍ਹਾਂ ਵਿੱਚ ਫੈਂਟਾਨਿਲ ਮਿਲਿਆ ਹੁੰਦਾ ਹੈ।