ਦਲ ਖਾਲਸਾ ਕਿਵੇਂ ਹੋਂਦ ਵਿੱਚ ਆਇਆ; ਤਰਨਾ ਦਲ ਤੇ ਬੁੱਢਾ ਦਲ ਦੀ ਕੀ ਸੀ ਜ਼ਿੰਮੇਵਾਰੀ

TeamGlobalPunjab
27 Min Read

-ਡਾ. ਚਰਨਜੀਤ ਸਿੰਘ ਗੁਮਟਾਲਾ

ਜਦ ਅਸੀਂ ਸ. ਜੱਸਾ ਸਿੰਘ ਰਾਮਗੜ੍ਹੀਆ ਦੇ ਪਿਛੋਕੜ ਬਾਰੇ ਝਾਤ ਪਾਉਂਦੇ ਹਾਂ ਤਾਂ ਪਤਾ ਲੱਗਦਾ ਹੈ ਕਿ ਇਹ ਸਾਰਾ ਪਰਿਵਾਰ ਹੀ ਗੁਰੂ ਘਰ ਨੂੰ ਸਮਰਪਿਤ ਸੀ। ਇਨ੍ਹਾਂ ਦੇ ਦਾਦਾ ਭਾਈ ਹਰਦਾਸ ਸਿੰਘ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸੋਂ ਅੰਮ੍ਰਿਤ ਪਾਨ ਕੀਤਾ। ਉਹ ਪਹਿਲਾਂ ਗੁਰੂ ਜੀ ਦੀ ਫ਼ੌਜ ਵਿੱਚ ਇੱਕ ਜੁਝਾਰੂ ਸਿਪਾਹੀ ਦੇ ਰੂਪ ਵਿੱਚ ਲੜਦਾ ਰਿਹਾ ਅਤੇ ਫਿਰ ਬੰਦਾ ਸਿੰਘ ਬਹਾਦਰ ਦੀ ਫ਼ੌੌਜ ਵਿੱਚ ਜਾ ਮਿਲਿਆ ਅਤੇ ਅੰਤ ਵਿੱਚ ਬੰਦਾ ਸਿੰਘ ਬਹਾਦਰ ਦੀ ਬਜਵਾੜੇ ਦੀ ਲੜਾਈ ਵਿੱਚ ਸ਼ਹੀਦੀ ਪ੍ਰਾਪਤ ਕੀਤੀ।

ਹਰਦਾਸ ਸਿੰਘ ਦਾ ਆਪਣੇ ਪੁੱਤਰ ਗਿਆਨੀ ਭਗਵਾਨ ਸਿੰਘ ਉਪਰ ਡੂੰਘਾ ਪ੍ਰਭਾਵ ਸੀ। ਉਹ ਆਪਣੇ ਸਮਿਆਂ ਸਮੇਂ ਮੰਨਿਆ ਹੋਇਆ ਧਾਰਮਿਕ ਪ੍ਰਚਾਰਕ ਸੀ। ਅਬਦੁੱਸ ਸਮਦ ਦੀ 1727 ਈ. ਵਿੱਚ ਮੌਤ ਤੋਂ ਬਾਅਦ ਉਸ ਦਾ ਪੁੱਤਰ ਜ਼ਕਰੀਆ ਖਾਨ ਲਾਹੌਰ ਦਾ ਗਵਰਨਰ ਬਣਿਆ ਜੋ ਪਿਉ ਤੋਂ ਕਿਤੇ ਵੱਧ ਜ਼ਾਲਮ ਸੀ। ਉਸ ਸਮੇਂ ਗਿਆਨੀ ਭਗਵਾਨ ਸਿੰਘ ਵਰਗਿਆਂ ਦਾ ਜਿਊਣਾ ਬਹੁਤ ਮੁਸ਼ਕਲ ਸੀ। ਇਨ੍ਹਾਂ ਸਮਿਆਂ ਵਿੱਚ ਹੀ ਉਸ ਦੇ ਪਿਤਾ ਭਾਈ ਹਰਨਾਮ ਸਿੰਘ ਆਪਣੀ ਜੱਦੀ ਪਿੰਡ ਸੁਰ ਸਿੰਘ ਛੱਡ ਕੇ ਲਾਹੌਰ ਦੇ ਪੂਰਬ ਦੇ ਪਾਸੇ ਬਾਰਾਂ ਮੀਲਾਂ ਦੀ ਵਿੱਥ ਈਚੋਗਿੱਲ ਪਿੰਡ ਆ ਗਏ। ਭਾਈ ਹਰਦਾਸ ਸਿੰਘ ਗੁਰੂ ਗੋਬਿੰਦ ਸਿੰਘ ਦੀ ਫੌਜ ਲਈ ਸ਼ਸਤਰ ਬਣਾਉਂਦੇ ਰਹੇ ਤੇ ਹੋਰ ਸੇਵਾ ਵੀ ਕਰਦੇ ਰਹੇ।

ਗਿਆਨੀ ਭਗਵਾਨ ਸਿੰਘ ਦੇ ਘਰ ਪੰਜ ਪੁੱਤਰ ਜੱਸਾ ਸਿੰਘ, ਜੈ ਸਿੰਘ, ਖੁਸ਼ਹਾਲ ਸਿੰਘ, ਮਾਲੀ ਸਿੰਘ ਤੇ ਤਾਰਾ ਸਿੰਘ ਪੈਦਾ ਹੋਏ। ਇਨ੍ਹਾਂ ਵਿੱਚੋਂ ਜੱਸਾ ਸਿੰਘ ਸਭ ਤੋਂ ਵੱਡਾ ਸੀ ਤੇ ਉਸ ਦਾ ਜਨਮ 5 ਮਈ, 1723 ਈ. ਵਿੱਚ ਹੋਇਆ। ਘਰ ਵਿੱਚ ਹੀ ਉਨ੍ਹਾਂ ਨੇ ਆਪਣੇ ਪਿਤਾ ਪਾਸੋਂ ਗੁਰਮੁੱਖੀ ਸਿੱਖੀ, ਜਿਸ ਕਰਕੇ ਉਹ ਛੇਤੀ ਹੀ ਨਿਤਨੇਮ ਦਾ ਪਾਠ ਕਰਨਾ ਸਿੱਖ ਗਿਆ ਤੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨ ਦੇ ਯੋਗ ਹੋ ਗਿਆ। ਪ੍ਰੋ. ਪ੍ਰਿਥੀਪਾਲ ਸਿੰਘ ਕਪੂਰ ਆਪਣੀ ਪੁਸਤਕ ‘ਸ. ਜੱਸਾ ਸਿੰਘ ਰਾਮਗੜ੍ਹੀਆ’ ਵਿੱਚ ਲਿਖਦੇ ਹਨ ਕਿ ਉਨ੍ਹਾਂ ਨੇ ਸ. ਗੁਰਦਿਆਲ ਸਿੰਘ ਪੰਜਵੜ, ਹੱਥੋਂ ਪਾਹੁਲ ਲਈ ਸੀ। ਜੱਸਾ ਸਿੰਘ ਦੀ ਸ਼ਾਦੀ ਸ੍ਰੀਮਤੀ ਗੁਰਦਿਆਲ ਕੌਰ ਨਾਲ ਹੋਈ, ਜਿਸ ਤੋਂ ਉਸ ਦੇ ਘਰ ਦੋ ਪੁੱਤਰਾਂ ਜੋਧ ਸਿੰਘ ਤੇ ਵੀਰ ਸਿੰਘ ਨੇ ਜਨਮ ਲਿਆ।

- Advertisement -

1738 ਵਿੱਚ ਜਦ ਜ਼ਕਰੀਆ ਖਾਨ ਨੂੰ ਪਤਾ ਲੱਗਾ ਕਿ ਨਾਦਰਸ਼ਾਹ ਮਾਰੋਮਾਰ ਕਰਦਾ ਪੰਜਾਬ ਉੱਤੇ ਚੜ੍ਹਿਆ ਆ ਰਿਹਾ ਹੈ ਤਾਂ ਉਸ ਨੇ ਬਹਾਦਰ ਸਿੱਖਾਂ ਨਾਲ ਸੁਲਾਹ ਕਰਨ ਵਿੱਚ ਆਪਣਾ ਭਲਾ ਸਮਝਿਆ। ਉਸ ਨੇ ਸਿੱਖਾਂ ਨੂੰ ਇੱਕ ਜਗੀਰ ਤੇ ਖ਼ਿਲਅਤ ਪੇਸ਼ ਕੀਤੀ ਜੋ ‘ਦਲ ਖ਼ਾਲਸਾ’ ਨੇ ਸਰਬਸੰਮਤੀ ਨਾਲ ਪ੍ਰਵਾਨ ਕਰਕੇ ਨਵਾਬ ਕਪੂਰ ਸਿੰਘ ਦੇ ਹਵਾਲੇ ਕਰ ਦਿੱਤੀ। ਇਸ ਫੈਸਲੇ ਅਨੁਸਾਰ ਬਹੁਤ ਸਾਰੇ ਸਿੰਘ ਨਾਦਰਸ਼ਾਹ ਨੇ ਵਿਰੁੱਧ ਲੜਨ ਲਈ ਫੌਜ ਵਿੱਚ ਭਰਤੀ ਹੋ ਗਏ। ਭਾਈ ਭਗਵਾਨ ਸਿੰਘ ਤੇ ਜੱਸਾ ਸਿੰਘ ਵੀ ਇਨ੍ਹਾਂ ਵਿੱਚ ਸ਼ਾਮਲ ਸਨ।

ਨਾਦਰ ਸ਼ਾਹ ਤੇ ਜ਼ਕਰੀਆ ਖ਼ਾਨ ਦੀਆਂ ਫੌਜਾਂ ਦਾ ਟਾਕਰਾ 1738 ਈ. ਵਿੱਚ ਵਜ਼ੀਰਾਬਾਦ (ਜ਼ਿਲ੍ਹਾ ਗੁਜਰਾਂਵਾਲਾ ਪਾਕਿਸਤਾਨ) ਦੇ ਨੇੜੇ ਹੋਇਆ। ਇਸ ਲੜਾਈ ਵਿੱਚ ਭਗਵਾਨ ਸਿੰਘ ਤੇ ਜੱਸਾ ਸਿੰਘ ਨੇ ਬੜੀ ਬਹਾਦਰੀ ਵਿਖਾਈ, ਜਿਸ ਦਾ ਜ਼ਕਰੀਆ ਖ਼ਾਂ ਉੱਤੇ ਬੜਾ ਪ੍ਰਭਾਵ ਪਿਆ। ਅੰਤ ਵਿੱਚ ਗਿਆਨੀ ਭਗਵਾਨ ਸਿੰਘ ਨੇ ਸ਼ਹੀਦੀ ਪ੍ਰਾਪਤ ਕੀਤੀ। ਜ਼ਕਰੀਆ ਖਾਂ ਨੇ ਭਾਈ ਭਗਵਾਨ ਦੇ ਪਰਿਵਾਰ ਨੂੰ ਅੰਮ੍ਰਿਤਸਰ ਜ਼ਿਲ੍ਹੇ ਦੇ ਪੰਜ ਪਿੰਡ-ਵੱਲਾ, ਵੇਰਕਾ, ਸੁਲਤਾਨਵਿੰਡ, ਤੁੰਗ ਤੇ ਚੱਬਾ ਦੀ ਜਾਗੀਰ ਦੇ ਦਿੱਤੀ ਅਤੇ ਜੱਸਾ ਸਿੰਘ ਨੂੰ ਰਸਾਲਦਾਰ ਦੀ ਪਦਵੀ ਦੇ ਦਿੱਤੀ। ਜਾਗੀਰ ਵਿੱਚੋਂ ਵੱਲਾ ਪਿੰਡ ਜੱਸਾ ਸਿੰਘ ਦੇ ਹਿੱਸੇ ਆਇਆ। ਇਸ ਪਿੰਡ ਵਿੱਚ ਰਹਿੰਦਿਆਂ ਉਸ ਦੀ ਜਲੰਧਰ ਦੁਆਬੇ ਦੇ ਫ਼ੌੌਜਦਾਰ ਅਦੀਨਾ ਬੇਗ ਨਾਲ ਹੱਦਾਂ ਦੀ ਵੰਡ ਨੂੰ ਲੈ ਕੇ ਨੌਰੰਗਾਬਾਦ ਦੇ ਸਥਾਨ ‘ਤੇ ਲੜਾਈ ਹੋਈ ਜੋ ਕਿ ਵੱਲੇ ਦੀ ਲੜਾਈ ਕਰਕੇ ਮਸ਼ਹੂਰ ਹੈ।

1745 ਈ. ਵਿੱਚ ਜ਼ਕਰੀਆਂ ਖਾਂ ਦੀ ਮੌਤ ਹੋ ਗਈ। ਉਸ ਦੇ ਪੁੱਤਰ ਸ਼ਾਹ ਨਵਾਜ਼ ਖਾਂ ਤੇ ਯਹੀਆ ਖਾਂ ਪੰਜਾਬ ਦੇ ਹਾਕਮ ਬਣਨ ਲਈ ਆਪਸ ਵਿੱਚ ਲੜ ਪਏ। ਸਿੱਖਾਂ ਨੂੰ ਆਪਣੀ ਤਾਕਤ ਵਧਾਉਣ ਦਾ ਮੌਕਾ ਮਿਲ ਗਿਆ। ਉਹ ਜੰਗਲਾਂ ਵਿੱਚੋਂ ਛੋਟੇ ਛੋਟੇ ਜਥੇ ਬਣਾ ਕੇ ਥਾਂ ਥਾਂ ਛਾਪੇ ਮਾਰਨ ਲੱਗੇ। ਸਰਦਾਰ ਕਪੂਰ ਸਿੰਘ ਨੇ ਪਹਾੜਾਂ, ਜੰਗਲਾਂ ਤੇ ਬਰੇਤਿਆਂ ਵਿੱਚ ਲੁਕੇ ਸਮੂਹ ਸਿੱਖਾਂ ਨੂੰ ਅੰਮ੍ਰਿਤਸਰ ਇਕੱਤਰ ਹੋਣ ਲਈ ਖ਼ਬਰ ਪਹੁੰਚਾ ਦਿੱਤੀ। ਅੰਮ੍ਰਿਤਸਰ ਵਿੱਚ ਹੋਈ ਸਿੱਖਾਂ ਦੀ ਇਕੱਤਰਤਾ ਵਿੱਚ ਸਿੱਖਾਂ ਦੀ ਇੱਕ ਕੇਂਦਰੀ ਜਥੇਬੰਦੀ ਕਾਇਮ ਕੀਤੀ ਗਈ। ਜਿਸ ਦਾ ਨਾਂ ‘ਦਲ ਖ਼ਾਲਸਾ’ ਰੱਖਿਆ ਗਿਆ। ਦਲ ਖ਼ਾਲਸਾ ਨੂੰ ਦੋ ਭਾਗਾਂ ਵਿੱਚ ਵੰਡਿਆ ਗਿਆ। ਚਾਲੀ ਸਾਲ ਤੋਂ ਉਪਰ ਉਮਰ ਵਾਲਿਆਂ ਨੂੰ ‘ਬੁੱਢਾ ਦਲ’ ਦਾ ਨਾਂ ਤੇ ਚਾਲੀ ਸਾਲ ਤੋਂ ਘੱਟ ਵਾਲਿਆਂ ਨੂੰ ‘ਤਰੁਣਾ ਦਲ’ ਦਾ ਨਾਂ ਰੱਖਿਆ ਗਿਆ। ਬੁੱਢਾ ਦਲ ਦਾ ਕੰਮ ਪ੍ਰਚਾਰ ਕਰਨਾ ਸੀ ਤੇ ਇਸ ਦੀ ਜੁੰਮੇਵਾਰੀ ਨਵਾਬ ਕਪੂਰ ਸਿੰਘ ਨੂੰ ਸੌਂਪੀ ਗਈ। ਤਰੁਣਾ ਦਲ ਦਾ ਜਿੰਮਾ ਸਿੱਖਾਂ ਉਪਰ ਹੁੰਦੇ ਜ਼ੁਲਮਾਂ ਦਾ ਟਾਕਰਾ ਕਰਨਾ ਸੀ। ਜਦੋਂ ‘ਬੁੱਢਾ ਦਲ’ ਦੀ ਗਿਣਤੀ 12 ਹਜ਼ਾਰ ਤੱਕ ਵੱਧ ਗਈ ਤਾਂ ਇਸ ਨੂੰ ਪੰਜ ਭਾਗਾਂ ਵਿੱਚ ਵੰਡ ਦਿੱਤਾ ਗਿਆ ਤੇ ਇਨ੍ਹਾਂ ਦੇ ਵੱਖ ਵੱਖ ਆਗੂ ਥਾਪ ਦਿੱਤੇ ਗਏ। ਹੌਲੀ ਹੌਲੀ ਇਨ੍ਹਾਂ ਦੀ ਗਿਣਤੀ ਬਾਰਾਂ ਹੋ ਗਈ। ਹਰੇਕ ਜਥੇ ਦਾ ਆਪਣਾ ਝੰਡਾ ਤੇ ਨਗਾਰਾ ਹੁੰਦਾ ਸੀ। ਇਸ ਤੋਂ ਬਾਅਦ ਵਿੱਚ ਫੂਲਕੀਆ ਮਿਸਲ ਸਮੇਤ ਬਾਰਾਂ ਮਿਸਲਾਂ ਰੂਪਮਾਨ ਹੋਈਆਂ। ਇਨ੍ਹਾਂ ਮਿਸਲਾਂ ਵਿੱਚੋਂ ਸਰਦਾਰ ਜੱਸਾ ਸਿੰਘ ਦੀ ਇੱਕ ਮਿਸਲ ‘ਰਾਮਗੜ੍ਹੀਆ ਮਿਸਲ’ ਦੇ ਨਾਂ ਨਾਲ ਪ੍ਰਸਿੱਧ ਹੋਈ।

ਸਿੱਖ ਛੇਤੀ ਹੀ ਆਪਣੀ ਤਾਕਤ ਦਾ ਵਿਖਾਵਾ ਕਰਨ ਲਈ ਧਾਰਮਿਕ ਤਿਉਹਾਰ ਵੱਖ ਵੱਖ ਥਾਂਵਾਂ ‘ਤੇ ਮਨਾਉਣ ਲੱਗ ਪਏ। 1747 ਈ. ਵਿੱਚ ਆਨੰਦਪੁਰ ਸਾਹਿਬ (ਜ਼ਿਲ੍ਹਾ ਰੋਪੜ) ਹੋਲੇ ਮਹੱਲੇ ਦਾ ਤੇ ਇਸੇ ਸਾਲ ਵਿਸਾਖੀ ਦੇ ਪੁਰਬ ਉੱਤੇ ਅੰਮ੍ਰਿਤਸਰ ਵਿੱਚ ਬੜਾ ਭਾਰੀ ਇਕੱਠ ਹੋਇਆ, ਜਿਸ ਵਿੱਚ ਸਰਬਸੰਮਤੀ ਨਾਲ ਆਪਣੇ ਕਿਲ੍ਹੇ ਉਸਾਰਨ ਦਾ ਫੈਸਲਾ ਕੀਤਾ ਗਿਆ। ਸਥਾਨ ਬਾਰੇ ਮਤਭੇਦ ਹੋਣ ਕਰਕੇ ਅੰਤ ਮਾੜੀ ਕੰਬੋਕੇ ਵਾਲੇ ਸਰਦਾਰ ਸੁੱਖਾ ਸਿੰਘ ਨੇ ਪ੍ਰਭਾਵਸ਼ਾਲੀ ਭਾਸ਼ਣ ਦਿੱਤਾ ਤੇ ਪਹਿਲਾ ਕਿਲ੍ਹਾ ਗੁਰੂ ਕੀ ਨਗਰੀ ਅੰਮ੍ਰਿਤਸਰ ਵਿੱਚ ਬਨਾਉਣ ਦੀ ਅਪੀਲ ਕੀਤੀ। ਸਿੱਟੇ ਵਜੋਂ ਅੰਮ੍ਰਿਤਸਰ ਵਿੱਚ ਕਿਲ੍ਹਾ ਉਸਾਰਨ ਦਾ ਗੁਰਮਤਾ ਪਾਸ ਹੋ ਗਿਆ। ਇਹ ਕਿਲ੍ਹਾ ਛੇਤੀ ਹੀ ਉਸਰ ਗਿਆ ਤੇ ਇਸ ਦਾ ਨਾਂ ਅੰਮ੍ਰਿਤਸਰ ਦੇ ਬਾਣੀ ਸ੍ਰੀ ਗੁਰੂ ਰਾਮਦਾਸ ਜੀ ਦੇ ਨਾਂ ‘ਤੇ ‘ਰਾਮ ਰਾਉਣੀ’ ਰੱਖਿਆ ਗਿਆ। ਇਸ ਨੂੰ ਸਭ ਨੇ ਰਲ ਕੇ ਉਸਾਰਿਆ, ਜੱਸਾ ਸਿੰਘ ਤੇ ਉਸ ਦੇ ਕਈ ਕਿਰਤੀ (ਤਰਖਾਣ) ਸਾਥੀਆਂ ਦਾ ਵਿਸ਼ੇਸ਼ ਹੱਥ ਸੀ। ਇਸ ਵਿੱਚ ਪੰਜ ਸੌ ਸਿਪਾਹੀਆਂ ਦੇ ਰਹਿਣ ਲਈ ਜਗ੍ਹਾ ਸੀ।

ਸਿੱਖਾਂ ਦੀ ਵੱਧਦੀ ਤਾਕਤ ਵੇਖ ਕੇ ਮੀਰ ਮਨੂੰ ਸਿੱਖਾਂ ਨੂੰ ਆਪਣੇ ਲਈ ਖ਼ਤਰਾ ਸਮਝਦਾ ਸੀ। ਉਸ ਨੇ ਜ਼ਕਰੀਆ ਖ਼ਾਨ ਤੇ ਯਹੀਆ ਖ਼ਾਂ ਵਾਲਾ ਸਖ਼ਤੀ ਦਾ ਦੌਰ ਸ਼ੁਰੂ ਕੀਤਾ। ਸਿੱਖ ਪਹਾੜਾਂ ਤੇ ਜੰਗਲਾਂ ਨੂੰ ਨਿਕਲ ਗਏ। ਸਿੱਖਾਂ ਦੀ ਭਾਰੀ ਗਿਣਤੀ ਜਲੰਧਰ ਦੁਆਬੇ ਵਿੱਚ ਜਾ ਵੱਸੀ, ਜਿੱਥੋਂ ਦਾ ਫ਼ੌੌਜਦਾਰ ਅਦੀਨਾ ਬੇਗ ਸੀ। ਉਹ ਬਹੁਤ ਸਿਆਣਾ ਤੇ ਚਤਰ ਹਾਕਮ ਸੀ। ਉਸ ਦਾ ਖ਼ਿਆਲ ਸੀ ਕਿ ਸਿੱਖਾਂ ਦੇ ਖ਼ਤਮ ਹੁੰਦਿਆਂ ਲਾਹੌਰ ਦੇ ਸੂਬੇਦਾਰ ਦੀ ਤਾਕਤ ਬਹੁਤ ਵੱਧ ਜਾਵੇਗੀ। ਇਸ ਲਈ ਉਸ ਨੇ ਸਿੱਖਾਂ ਨੂੰ ਖ਼ਤਮ ਕਰਨ ਦੀ ਥਾਂ ‘ਤੇ ਸਿੱਖਾਂ ਨਾਲ ਸੁਲਾਹ ਕਰਨੀ ਸ਼ੁਰੂ ਕੀਤੀ। ਸ. ਜੱਸਾ ਸਿੰਘ ਆਹਲੂਵਾਲੀਏ ਨੇ ਤਾਂ ਨਾਂਹ ਕਰ ਦਿੱਤੀ ਪਰ ਜੱਸਾ ਸਿੰਘ ਈਚੋਗਿਲੀਏ ਉਸ ਦੀ ਨੌਕਰੀ ਕਰਨੀ ਪ੍ਰਵਾਨ ਕਰ ਲਈ। ਉਸ ਨੂੰ ਇੱਕ ਸੌ ਸਿੱਖਾਂ ਤੇ ਸੱਠ ਹਿੰਦੂਆਂ ਦੀ ਇੱਕ ਪਲਟਨ ਦਾ ਮੁਖੀਆ ਨਿਯੁਕਤ ਕਰ ਦਿੱਤਾ।

- Advertisement -

ਸਿੱਖਾਂ ਨੂੰ ਖ਼ਤਮ ਕਰਨ ਲਈ ਮਨੂੰ ਨੇ ਅਦੀਨਾ ਬੇਗ ਨੂੰ ਕੁਝ ਦਸਤੇ ਭੇਜਣ ਦੀ ਮੰਗ ਕੀਤੀ। ਅਦੀਨਾ ਬੇਗ ਨੇ ਜਿਹੜੇ ਦਸਤੇ ਭੇਜੇ ਉਨ੍ਹਾਂ ਵਿੱਚ ਜੱਸਾ ਸਿੰਘ ਦਾ ਦਸਤਾ ਵੀ ਸ਼ਾਮਲ ਸੀ।ਫ਼ੌਜ ਨੇ ਅੰਮ੍ਰਿਤਸਰ ਦੇ ‘ਰਾਮ ਰੌਣੀ’ ਨੂੰ ਘੇਰੇ ਵਿੱਚ ਲੈ ਲਿਆ। ਇਹ ਘੇਰਾ ਚਾਰ ਮਹੀਨੇ ਅਕਤੂਬਰ 1748 ਤੋਂ ਜਨਵਰੀ 1749 ਈ. ਤੀਕ ਰਿਹਾ। ਇੱਕ ਰਾਤ ਜੱਸਾ ਸਿੰਘ ਅਦੀਨਾ ਬੇਗ ਦੀਆਂ ਫੌਜਾਂ ਵਿੱਚੋਂ ਨਿਕਲ ਕੇ ਕਿਲ੍ਹੇ ਅੰਦਰ ਚਲਾ ਗਿਆ ਤੇ ਅੰਦਰਲੀ ਫ਼ੌਜ ਦੀ ਕਮਾਨ ਆਪਣੇ ਹੱਥ ਸੰਭਾਲ ਲਈ। ਉਸ ਨੇ ਦੀਵਾਨ ਕੌੜਾ ਮਲ ਨੂੰ ਕਈ ਸੁਨੇਹੇ ਭੇਜੇ ਕਿ ਉਹ ਮੀਰ ਮਨੂੰ ਨੂੰ ਕਿਲ੍ਹੇ, ਨਾ ਘੇਰੇ ਚੁੱਕਣ ਦੀ ਸਲਾਹ ਦੇਵੇ। ਉਸ ਵੇਲੇ ਮੀਰ ਮਨੂੰ ਦੀ ਇੱਕ ਪਾਸੇ ਮੁਲਤਾਨ ਦੇ ਸੂਬੇਦਾਰ ਸ਼ਾਹ ਨਿਵਾਜ਼ ਖਾਂ ਨਾਲ ਟੱਕਰ ਲੱਗੀ ਹੋਈ ਸੀ ਤੇ ਦੂਜੇ ਪਾਸੇ ਅਹਿਮਦ ਸ਼ਾਹ ਅਬਦਾਲੀ ਵੱਲੋਂ ਹਮਲੇ ਦਾ ਖ਼ਤਰਾ ਵੱਧ ਰਿਹਾ ਸੀ, ਇਸ ਲਈ ਦੀਵਾਨ ਕੌੜਾ ਮੱਲ ਨੇ ਸਲਾਹ ਦਿੱਤੀ ਕਿ ਉਹ ਸਿੱਖਾਂ ਨਾਲ ਸਮਝੌਤਾ ਕਰ ਲਵੇ। ਇਸ ਦਾ ਸਿੱਟਾ ਇਹ ਨਿਕਲਿਆ ਕਿ ਲਾਹੌਰ ਸਰਕਾਰ ਨੇ ਸਿੱਖਾਂ ਨਾਲ ਸਮਝੌਤਾ ਕਰਨ ‘ਤੇ ਰਾਮ ਰੌਣੀ ਦਾ ਘੇਰਾ ਚੁੱਕਣ ਦਾ ਫੈਸਲਾ ਕਰ ਲਿਆ। ਮੀਰ ਮਨੂੰ ਨੇ ਕੇਵਲ ਕਿਲ੍ਹੇ ਦਾ ਘੇਰਾ ਹੀ ਚੁੱਕਿਆ ਸਗੋਂ ਸਿੱਖਾਂ ਨੂੰ ਪੱਟੀ ਪਰਗਣੇ ਦਾ ਚੌਥਾ ਹਿੱਸਾ ਮਾਲੀਆ ਦੇਣਾ ਵੀ ਮਨਜ਼ੂਰ ਕਰ ਲਿਆ। ਇਸ ਤੋਂ ਬਾਅਦ ਰਾਮ ਰੌਣੀ ਦਾ ਨਾਂ ਬਦਲ ਕੇ ‘ਰਾਮਗੜ੍ਹ’ ਰੱਖ ਦਿੱਤਾ ਗਿਆ ਤੇ ਜੱਸਾ ਸਿੰਘ ਨੂੰ ਉਸ ਦਾ ਕਿਲ੍ਹੇਦਾਰ ਥਾਪਿਆ ਗਿਆ। ਉਸ ਦੇ ਸਾਥੀ ਉਸ ਨੂੰ ‘ਰਾਮਗੜ੍ਹੀਏ’ ਦੀ ਪਦਵੀ ਨਾਲ ਨਿਵਾਜੇ ਜਾਣ ਲੱਗੇ ਤੇ ਉਸ ਦੁਆਰਾ ਕਾਇਮ ਕੀਤੀ ਗਈ ਮਿਸਲ ‘ਰਾਮਗੜ੍ਹੀਆ ਮਿਸਲ’ ਦੇ ਨਾਂ ਨਾਲ ਮਸ਼ਹੂਰ ਹੋਈ ਅਤੇ ਸਭ ਤਰਖਾਣ ਇਸ ਨਾਂ ਨਾਲ ਸੰਬੋਧਨ ਹੋਣਾ ਫਖ਼ਰ ਤੇ ਸਤਿਕਾਰ ਦੀ ਗੱਲ ਸਮਝਣ ਲੱਗੇ।

ਰਾਮਗੜ੍ਹ ਦਾ ਕਿਲ੍ਹਾ ਜੋ ਅਠਾਰਵੀਂ ਸਦੀ ਵਿੱਚ ਸਿੱਖਾਂ ਦੀ ਸ਼ਾਨ ਤੇ ਸ਼ਕਤੀ ਦਾ ਪ੍ਰਤੀਕ ਬਣ ਚੁੱਕਾ ਸੀ, ਹਮੇਸ਼ਾਂ ਲਈ ਜੱਸਾ ਸਿੰਘ ਦੇ ਨਾਂ ਨਾਲ ਜੁੜ ਗਿਆ। ਇਸ ਤੋਂ ਬਾਅਦ ਕਈ ਵਾਰ ਮੁਗਲਾਂ ਤੇ ਪਠਾਣਾਂ ਨੇ ਇਸ ਕਿਲ੍ਹੇ ਨੂੰ ਧਰਤੀ ਨਾਲ ਮਿਲਾਇਆ ਪ੍ਰੰਤੂ ਹਰ ਵਾਰੀ ਜੱਸਾ ਸਿੰਘ ਨੇ ਪੂਰਨ ਲਗਨ ਤੇ ਪਿਆਰ ਨਾਲ ਇਸ ਦੀ ਮੁੜ ਉਸਾਰੀ ਕੀਤੀ ਅਤੇ ਇਸ ਦੇ ਨਾਂ ਅਤੇ ਹੋਂਦ ਨੂੰ ਕਾਇਮ ਰੱਖਣ ਦਾ ਮਾਣ ਉਸੇ ਨੂੰ ਮਿਲਦਾ ਰਿਹਾ।

ਭਾਰਤ ਉੱਤੇ ਅਹਿਮਦ ਸ਼ਾਹ ਅਬਦਾਲੀ ਦੇ ਤੀਸਰੇ ਹਮਲੇ ਦਾ ਇਹ ਅਸਰ ਹੋਇਆ ਕਿ ਪੰਜਾਬ ਮੁਗਲ ਸਾਮਰਾਜ ਦੇ ਹੱਥੋਂ ਨਿਕਲ ਕੇ ਪਠਾਣਾਂ ਦੇ ਕਬਜ਼ੇ ਵਿੱਚ ਆ ਗਿਆ। ਮੀਰ ਮਨੂੰ ਨੇ ਵੀ ਅਬਦਾਲੀ ਦੀ ਅਧੀਨਗੀ ਪ੍ਰਵਾਨ ਕਰ ਲਈ। ਕੌੜਾ ਮੱਲ ਜੋ ਲਾਹੌਰ ਸਰਕਾਰ ਵਿੱਚ ਸਿੱਖਾਂ ਦਾ ਮਿੱਤਰ ਸੀ, ਲੜਾਈ ਵਿੱਚ ਮਾਰਿਆ ਗਿਆ। ਮੀਰ ਮਨੂੰ ਨੇ ਸਿੱਖਾਂ ਦਾ ਨਾਮੋ ਨਿਸ਼ਾਨ ਮਿਟਾਉਣ ਦਾ ਬੀੜਾ ਚੁਕਿਆ। ਉਹ ਖੁਦ ਵੀ ਸਿੱਖਾਂ ਨੂੰ ਕਾਬੂ ਕਰਨ ਲਈ ਆਪ ਚੜਾਈ ਕਰਦਾ। ਜਿਹੜੇ ਸਿੱਖ ਉਸ ਦੇ ਹੱਥ ਆਉਂਦੇ ਉਹ ਉਨ੍ਹਾਂ ਨੂੰ ਫੜ ਕੇ ਲਾਹੌਰ ਲਿਆਉਂਦਾ ਤੇ ਬੜੀ ਬੇ-ਰਹਿਮੀ ਨਾਲ ਉਨ੍ਹਾਂ ਨੂੰ ਤਸੀਹੇ ਦੇ ਕੇ ਮਾਰਿਆ ਜਾਂਦਾ।
ਉਸਦਾ ਨਿਸ਼ਾਨਾ ਵੀ ਕਿਲ੍ਹਾ ਰਾਮਗੜ੍ਹ ਬਣਿਆ ਲਾਹੌਰ ਦੀਆਂ ਸਰਕਾਰੀ ਫੌਜਾਂ ਨੇ ਰਾਮਗੜ੍ਹ ਦੁਆਲੇ ਘੇਰਾ ਪਾ ਲਿਆ, ਉਸ ਸਮੇਂ ਕਿਲ੍ਹੇ ਵਿੱਚ 900 ਸਿੱਖ ਸਨ ਜਿਨ੍ਹਾਂ ਦੀ ਕਮਾਨ ਜੱਸਾ ਸਿੰਘ ਹੱਥ ਸੀ। ਸਿੱਖਾਂ ਨੇ ਡਟ ਕੇ ਮੁਕਾਬਲਾ ਕੀਤਾ, ਪਰ ਦੁਸ਼ਮਣ ਵੀ ਵੱਡੀ ਧਾੜ ਅੱਗੇ ਬਹੁਤਾ ਸਿਰ ਟਿਕ ਨਾ ਸਕੇ ਤੇ ਉਨ੍ਹਾਂ ਨੇ ਕਿਲ੍ਹੇ ਵਿੱਚੋਂ ਬਾਹਰ ਜਾਣਾ ਹੀ ਮੁਨਾਸਿਬ ਸਮਝਿਆ। ਕਿਲ੍ਹਾ ਸਰਕਾਰੀ ਕਬਜ਼ੇ ਵਿੱਚ ਆ ਗਿਆ। ਮੀਰ ਮਨੂੰ 1753 ਈ. ਵਿੱਚ ਮਰ ਗਿਆ। ਉਸ ਦੀ ਪਤਨੀ ਮੁਗਲਾਣੀ ਬੇਗਮ ਨੇ ਆਪਣੇ ਨਬਾਲਗ ਪੁੱਤਰ ਮੁਹੰਮਦ ਅਮੀਨ ਦੇ ਨਾਂ ਹੇਠ ਕਮਜ਼ੋਰ ਸਰਕਾਰ ਬਣਾਈ। ਇਸ ਨਾਲ ਪੰਜਾਬ ਵਿੱਚ ਅਸ਼ਾਂਤੀ ਵਰਤ ਗਈ ਤੇ ਸਿੱਖਾਂ ਨੂੰ ਆਪਣੀ ਤਾਕਤ ਵਧਾਉਣ ਦਾ ਮੌਕਾ ਮਿਲ ਗਿਆ ਤੇ ਜੱਸਾ ਸਿੰਘ ਨੇ ਆਪਣੇ ਸਾਥੀਆਂ ਦੀ ਸਹਾਇਤਾ ਨਾਲ ਮਜ਼ਬੂਤ ਕਿਲ੍ਹੇ ਦੀ ਉਸਾਰੀ ਮੁੜ ਸ਼ੁਰੂ ਕਰ ਦਿੱਤੀ ਤੇ ਥੋੜੇ ਦਿਨਾਂ ਵਿੱਚ ਹੀ ਇਹ ਕਿਲ੍ਹਾ ਉਸਰ ਗਿਆ। ਜੱਸਾ ਸਿੰਘ ਨੇ ਹੱਲਾ ਮਾਰ ਕੇ ਆਲੇ ਦੁਆਲੇ ਦੇ ਕੁਝ ਇਲਾਕੇ ਆਪਣੇ ਅਧਿਕਾਰ ਵਿੱਚ ਲੈ ਲਏ।

ਮੁਗਲਾਣੀ ਬੇਗਮ ਦੇ ਸੱਦੇ ‘ਤੇ ਅਬਦਾਲੀ ਨੇ 1756 ਈ. ਵਿੱਚ ਭਾਰਤ ‘ਤੇ ਫਿਰ ਹਮਲਾ ਕੀਤਾ ਅਤੇ 7 ਦਿਨ ਦਿੱਲੀ ਲੁੱਟਣ ਤੋਂ ਬਾਅਦ ਸਰਹੰਦ ਤੀਕ ਦਾ ਸਾਰਾ ਇਲਾਕਾ ਆਪਣੇ ਰਾਜ ਵਿੱਚ ਮਿਲਾ ਲਿਆ। ਉਸ ਨੇ ਆਪਣੇ ਪੁੱਤਰ ਤੈਮੂਰ ਖਾਂ ਨੂੰ ਗਵਰਨਰ ਨੀਯਤ ਕੀਤਾ ਤੇ ਜਹਾਨ ਖਾਂ ਨੂੰ ਨਾਇਬ ਥਾਪਿਆ। ਤੈਮੂਰ ਨੇ ਵੀ 1757ਈ. ਨੂੰ ਇਸ ਕਿਲ੍ਹੇ ਨੂੰ ਨਿਸ਼ਾਨਾ ਬਣਾਇਆ। ਜੱਸਾ ਸਿੰਘ ਦੀ ਅਗਵਾਈ ਵਿੱਚ ਸਿੱਖਾਂ ਡਟ ਕੇ ਮੁਕਾਬਲਾ ਕੀਤਾ ਪ੍ਰੰਤੂ ਵੈਰੀਆਂ ਦੀ ਵੱਡੀ ਗਿਣਤੀ ਹੋਣ ਕਰਕੇ ਪੇਸ਼ ਨਾ ਗਈ ਤੇ ਉਹ ਕਿਲ੍ਹਾ ਛੱਡ ਕੇ ਜੰਗਲਾਂ ਨੂੰ ਚਲੇ ਗਏ। ਫ਼ੌਜਾਂ ਨੇ ਨਾ ਕੇਵਲ ਕਿਲ੍ਹਾ ਢਾਹਿਆ, ਸਗੋਂ ਹਰਿਮੰਦਰ ਸਾਹਿਬ ਢੁਆ ਦਿੱਤਾ ਤੇ ਸਰੋਵਰ ਮਿੱਟੀ ਨਾਲ ਪੂਰ ਦਿੱਤਾ।

ਸਿੱਖਾਂ ਨੇ ਰਿਆਸਤ ਪਟਿਆਲਾ ਦੇ ਮੋਢੀ ਮਹਾਰਾਜਾ ਆਲਾ ਸਿੰਘ ਰਾਹੀਂ ਮਰਹੱਟਿਆਂ ਨੂੰ ਪੰਜਾਬ ਆਉਣ ਦਾ ਸੱਦਾ ਦਿੱਤਾ। ਮਰਹੱਟਿਆਂ ਦੇ ਆਗੂ ਰਘੁਨਾਥ ਰਾਓ ਦਿੱਲੀ ਪਹਿਲਾਂ ਹੀ ਫਤਹਿ ਕਰਨ ਦੇ ਬਾਅਦ ਪੰਜਾਬ ਨੂੰ ਆਉਣ ਦੀ ਸਲਾਹ ਕਰ ਰਿਹਾ ਸੀ। ਰਘੁਨਾਥ ਰਾਓ ਤੇ ਮਲ੍ਹਾਰ ਰਾਓ ਨੇ ਪੂਰਬੀ ਪੰਜਾਬ ਨੂੰ ਉਜਾੜ ਦਿੱਤਾ। ਸਿੱਖਾਂ ਨੇ ਮਰਹੱਟਿਆਂ ਦੀ ਮਦਦ ਕੀਤੀ। ਅੰਤ ਉਨ੍ਹਾਂ ਰਲ ਕੇ ਲਾਹੌਰ ਉੱਤੇ ਚੜ੍ਹਾਈ ਕੀਤੀ। ਤੈਮੂਰ ਖਾਂ ਤੇ ਉਸ ਦੇ ਨਾਇਬ ਜਹਾਨ ਖਾਂ ਨੂੰ ਭਾਰੀ ਹਾਰ ਹੋਈ ਤੇ ਉਨ੍ਹਾਂ ਨੂੰ ਵਾਪਸ ਆਪਣੇ ਦੇਸ਼ ਵੱਲ ਨੱਸਣਾ ਪਿਆ। ਮਰਹੱਟਿਆਂ ਨੇ ਅਦੀਨਾ ਬੇਗ ਨੂੰ ਪੰਜਾਬ ਦਾ ਹਾਕਮ ਥਾਪ ਦਿੱਤਾ। (ਕਪੂਰ ਪੰਨਾ 50) ਇਸ ਸਥਿਤੀ ਦਾ ਲਾਭ ਉਠਾਉਂਦੇ ਹੋਏ ਸਿੱਖਾਂ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਮੁੜ ਉਸਾਰੀ ਕੀਤੀ ਤੇ ਜੱਸਾ ਸਿੰਘ ਨੇ ਪਹਿਲਾ ਵਾਂਗ ਕਿਲ੍ਹਾ ਰਾਮਗੜ੍ਹ ਉਸਾਰ ਲਿਆ।

ਅਦੀਨਾ ਬੇਗ ਨੂੰ ਆਪਣੀ ਨਵੀਂ ਪਦਵੀ ਲਈ ਮਰਹੱਟਿਆਂ ਨੂੰ 75 ਲੱਖ ਰੁਪਏ ਦੇਣਾ ਪੈਂਦਾ ਸੀ ਜੋ ਕਿ ਉਸ ਸਮੇਂ ਅਸ਼ਾਂਤ ਮਾਹੌਲ ਵਿੱਚ ਇਕੱਠਾ ਕਰਨਾ ਮੁਸ਼ਕਿਲ ਸੀ। ਉਸ ਨੇ ਵੀ ਸਿੱਖਾਂ ਨੂੰ ਖ਼ਤਮ ਕਰਨ ਦਾ ਦੌਰ ਸ਼ੁਰੂ ਕੀਤਾ ਤੇ ਮੀਰ ਅਜੀਜ਼ ਬਖਸ਼ੀ ਨੂੰ ਇਸ ਮੁਹਿੰਮ ਦਾ ਆਗੂ ਨੀਯਤ ਕੀਤਾ। ਉਸ ਨੇ ਵੀ ਪਹਿਲਾ ਹਮਲਾ ਅੰਮ੍ਰਿਤਸਰ ‘ਤੇ ਕੀਤਾ ਤੇ ਕਿਲ੍ਹੇ ਨੂੰ ਆਪਣੇ ਘੇਰੇ ਵਿੱਚ ਲੈ ਲਿਆ। ਇਸ ਸਮੇਂ ਜੈ ਸਿੰਘ ਕਨ੍ਹਈਆ ਵੀ ਕਿਲ੍ਹੇ ਅੰਦਰ ਮੌਜੂਦ ਸੀ। ਸਿੱਖਾਂ ਨੇ ਡਟ ਕੇ ਮੁਕਾਬਲਾ ਕੀਤਾ, ਪਰ ਦੁਸ਼ਮਣ ਦੀ ਗਿਣਤੀ ਬਹੁਤ ਜ਼ਿਆਦਾ ਹੋਣ ਕਰਕੇ ਉਨ੍ਹਾਂ ਨੂੰ ਕਿਲ੍ਹਾ ਛੱਡਣਾ ਪਿਆ। ਮੀਰ ਅਜ਼ੀਜ਼ ਬਖਸ਼ੀ ਨੇ ਕਿਲ੍ਹਾ ਢਹਿ-ਢੇਰੀ ਕਰ ਦਿੱਤਾ।

ਅਦੀਨਾ ਬੇਗ ਦੀ 1758 ਈ. ਵਿੱਚ ਮੌਤ ਹੋ ਗਈ। 1759 ਤੋਂ 1767 ਈ. ਤੀਕ ਪੰਜਾਬ ਉੱਤੇ ਅਬਦਾਲੀ ਨੇ ਚਾਰ ਹਮਲੇ ਕੀਤੇ। ਫਰਵਰੀ 1762 ਈ. ਵਿੱਚ ਅਬਦਾਲੀ ਨੇ ਅਚਾਨਕ ਹਮਲਾ ਕਰਕੇ ਮਲੇਰ ਕੋਟਲਾ ਦੇ ਕੋਲ ਕੁੱਪ ਦੀ ਲੜਾਈ ਵਿੱਚ ਵੀਹ ਹਜ਼ਾਰ ਦੇ ਕਰੀਬ ਸਿੱਖਾਂ ਨੂੰ ਮਾਰ ਮੁਕਾਇਆ। ਰਤਨ ਸਿੰਘ ਭੰਗੂ ਨੇ ਸਿੱਖਾਂ ਦੇ ਇਸ ਇਕੱਠ ਦੀ ਗਿਣਤੀ 50 ਹਜ਼ਾਰ ਸੀ। (ਰਾਏ ਪੰਨਾ : 45) ਇਸ ਨੂੰ ਵੱਡਾ ਘਲੂਘਾਰਾ ਕਿਹਾ ਜਾਂਦਾ ਹੈ। ਦੋ ਸਾਲ ਬਾਅਦ ਸਿੱਖਾਂ ਨੇ ਅਬਦਾਲੀ ਦੇ ਨੀਅਤ ਹੋਏ ਸਰਹਿੰਦ ਦੇ ਹਾਕਮ ਜ਼ੈਨ ਖਾਂ ਨੂੰ ਮਾਰ ਕੇ ਇਸ ਦਾ ਬਦਲਾ ਲਿਆ।

ਜੱਸਾ ਸਿੰਘ ਨੇ ਮੁੜ ਕਿਲ੍ਹਾ ਰਾਮਗੜ੍ਹ ਉਸਾਰਿਆ ਤੇ ਕਿਲ੍ਹੇ ਦੇ ਨਜ਼ਦੀਕ ਇੱਕ ਬਸਤੀ ‘ਕਟੜਾ ਰਾਮਗੜ੍ਹੀਆ’ ਉਸਾਰੀ। ਮੁੜ ਮੁੜ ਕਿਲ੍ਹੇ ਦੀ ਉਸਾਰੀ ਕਾਰਨ ਜੱਸਾ ਸਿੰਘ ਦਾ ਨਾਂ ਸਤਿਕਾਰ ਨਾਲ ‘ਰਾਮਗੜ੍ਹੀਆ’ ਕਰਕੇ ਪ੍ਰਸਿੱਧ ਹੋ ਗਿਆ।

ਵੱਡੇ ਘਲੂਘਾਰੇ ਤੋਂ ਪਿੱਛੋਂ ਸਿੱਖਾਂ ਨੇ ਵੱਡੀ ਲੜਾਈ ਦੀ ਤਿਆਰੀ ਕੀਤੀ। 17 ਅਕਤੂਬਰ 1762 ਨੂੰ ਅਬਦਾਲੀ ਅਜੇ ਲਾਹੌਰ ਵਿੱਚ ਸੀ ਕਿ ਲਗਭਗ 60 ਹਜ਼ਾਰ ਸਿੱਖ ਅੰਮ੍ਰਿਤਸਰ ਇਕੱਠੇ ਹੋਏ ਤੇ ਅਬਦਾਲੀ ਨਾਲ ਟੱਕਰ ਲੈਣ ਦਾ ਪ੍ਰਣ ਕੀਤਾ। ਅਬਦਾਲੀ ਨੂੰ ਖ਼ਬਰ ਮਿਲਦਿਆਂ ਉਸ ਨੇ ਹਮਲਾ ਕਰ ਦਿੱਤਾ। ਸਵੇਰ ਤੋਂ ਸ਼ਾਮ ਤੀਕ ਜ਼ਬਰਦਸਤ ਲੜਾਈ ਹੋਈ ਜਿਸ ਵਿੱਚ ਅਬਦਾਲੀ ਨੂੰ ਹਾਰ ਹੋਈ ਤੇ ਉਹ ਰਾਤ ਦੇ ਹਨੇਰੇ ਵਿੱਚ ਜਾਨ ਬਚਾ ਕੇ ਨੱਸ ਗਿਆ। ਉਹ ਦਸੰਬਰ 1762 ਈ. ਵਿੱਚ ਅਫ਼ਗਾਨਿਸਤਾਨ ਵਿਖੇ ਗੜਬੜ ਹੋਣ ਕਰਕੇ ਕਾਬਲ ਵਾਪਿਸ ਚਲਾ ਗਿਆ।

1764 ਵਿੱਚ ਅਹਿਮਦਸ਼ਾਹ ਅਬਦਾਲੀ ਸਿੱਖਾਂ ਨੂੰ ਸੋਧਣ ਲਈ ਪੰਜਾਬ ਆਇਆ। ਸਤਲੁਜ ਪਾਰ ਕਰਦਿਆਂ ਹੀ ਅਹਿਮਦ ਸ਼ਾਹ ਨੂੰ ਸਿੱਖ ਫ਼ੌਜਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਸੱਤ ਦਿਨ ਲੜਾਈ ਹੁੰਦੀ ਰਹੀ। ਅਖ਼ੀਰ ਉਹ ਬੇਵਸ ਹੋ ਕੇ ਵਾਪਸ ਆਪਣੇ ਦੇਸ਼ ਨੂੰ ਚਲਾ ਗਿਆ। ਉਸ ਨੇ 1767 ਈ. ਵਿੱਚ ਆਖਰੀ ਹਮਲਾ ਕੀਤਾ। ਜਦ ਉਸ ਨੇ ਬਿਆਸ ਨਦੀ ਪਾਰ ਕੀਤੀ ਤਾਂ ਜੱਸਾ ਸਿੰਘ ਆਹਲੂਵਾਲੀਆ ਤੇ ਜੱਸਾ ਸਿੰਘ ਰਾਮਗੜ੍ਹੀਆ ਨੇ ਡੱਟ ਕੇ ਮੁਕਾਬਲਾ ਕੀਤਾ। ਇਸ ਲੜਾਈ ਵਿੱਚ ਜੱਸਾ ਸਿੰਘ ਆਹਲੂਵਾਲੀਆ ਫੱਟੜ ਹੋਇਆ ਤੇ ਉਹ ਰਾਏ ਕੋਟ ਵੱਲ ਚਲਾ ਗਿਆ ਤੇ ਫ਼ੋਜ ਦੀ ਸਾਰੀ ਕਮਾਨ ਸ. ਜੱਸਾ ਸਿੰਘ ਰਾਮਗੜ੍ਹੀਆ ਦੇ ਹੱਥ ਆ ਗਈ। ਉਸ ਦੀ ਬਹਾਦਰੀ ਦੀ ਧਾਕ ਅਬਦਾਲੀ ਦੀਆਂ ਫੌਜਾਂ ਵਿੱਚ ਪੈ ਗਈ।

ਜੱਸਾ ਸਿੰਘ ਨੇ 1767 ਤੋਂ ਪਿੱਛੋਂ ਕਈ ਇਲਾਕਿਆਂ ‘ਤੇ ਕਬਜ਼ਾ ਕੀਤਾ, ਸਭ ਤੋਂ ਪਹਿਲਾਂ ਬਟਾਲਾ, ਕਲਾਨੌਰ, ਦੀਨਾਨਗਰ, ਸ੍ਰੀ ਹਰਿਗੋਬਿੰਦਪੁਰ, ਸ਼ਾਹਪੁਰ ਕੰਢੀ, ਕਾਦੀਆਂ ਅਤੇ ਘੁੰਮਣ ‘ਤੇ ਕਬਜ਼ਾ ਕੀਤਾ। ਇਹ ਇਲਾਕਾ ਗੁਰਦਾਸਪੁਰ ਤੇ ਅੰਮ੍ਰਿਤਸਰ ਦੇ ਜ਼ਿਲ੍ਹਿਆਂ ਵਿੱਚੋਂ ਸਭ ਤੋਂ ਉਪਜਾਊ ਸੀ ਇਸ ਨੂੰ ਰਿਆੜਖਕੀ ਕਰਕੇ ਸੱਦਿਆ ਜਾਂਦਾ ਸੀ। ਇਨ੍ਹਾਂ ਇਲਾਕਿਆਂ ਤੋਂ ਉਸ ਨੂੰ ਛੇ ਤੋਂ ਲੈ ਕੇ ਦੱਸ ਲੱਖ ਰੁਪਏ ਤੱਕ ਦੀ ਸਾਲਾਨਾ ਕਮਾਈ ਹੁੰਦੀ ਸੀ।

ਇਸ ਤੋਂ ਪਿੱਛੋਂ ਉਸ ਨੇ ਮੌਜੂਦਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਨਾਲ ਲੱਗਦੇ ਇਲਾਕਿਆਂ ਵੱਲ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ। ਛੇਤੀ ਹੀ ਮਨੀਵਾਲ, ਉੜਮੜ ਟਾਂਡਾ, ਸਰਹੀ, ਮੰਗੇਵਾਲ, ਮਿਆਣੀ, ਦੀਪਾਲਪੁਰ, ਰੋਹਿਲ ਤੇ ਸ਼ਰੀਫ਼ ਜੰਗ ਆਦਿ ਇਲਾਕੇ ਆਪਣੇ ਅਧੀਨ ਕਰ ਲਏ। ਇਹ ਇਲਾਕੇ ਆਉਣ ਨਾਲ ਉਸ ਦੀ ਆਮਦਨ ਦਸ ਲੱਖ ਰੁਪਏ ਸਲਾਨਾ ਤੋਂ ਵੱਧ ਗਈ।

ਕਾਂਗੜਾ ਤੇ ਹੋਰ ਪਹਾੜੀ ਰਾਜਿਆਂ ਨੇ ਜੱਸਾ ਸਿੰਘ ਰਾਮਗੜ੍ਹੀਆਂ ਦੀ ਈਨ ਮੰਨ ਕੇ ਸਾਲਾਨ ਕਰ ਦੇਣਾ ਪ੍ਰਵਾਨ ਕਰ ਲਿਆ। ਜਸਵਾਂ, ਦੀਪਾਲਪੁਰ, ਅਨਾਰਪੁਰ, ਹਰੀਪੁਰ, ਦਾਤਾਰਪੁਰ ਤੇ ਜੇਠੋਵਾਲ ਦੀਆਂ ਛੋਟੀਆਂ ਛੋਟੀਆਂ ਰਿਆਸਤਾਂ ਆਪਣੇ ਅਧੀਨ ਕਰ ਲਈਆਂ। ਇਨ੍ਹਾਂ ਤੋਂ ਦੋ ਲੱਖ ਰੁਪਏ ਸਾਲਾਨਾ ਕਰ ਆਉਂਦਾ ਸੀ।ਇਨ੍ਹਾਂ ਜਿੱਤਾਂ ਨਾਲ ਉਸ ਦੇ ਰਾਜ ਦੀਆਂ ਹੱਦਾਂ ਦੂਰ ਦੂਰ ਤੀਕ ਵਧ ਗਈਆਂ।ਬਿਆਸ ਅਤੇ ਰਾਵੀ ਦੇ ਵਿਚਕਾਰ ਦਾ ਸਾਰਾ ਇਲਾਕਾ ਅਤੇ ਜਲੰਧਰ ਦੁਆਬੇ ਦਾ ਮੈਦਾਨੀ ਇਲਾਕਾ ਉਸ ਦੇ ਰਾਜ ਵਿਚ ਸ਼ਾਮਲ ਸੀ। (ਕਪੂਰ ਪੰਨੇ 64,65)ਉਸ ਨੇ ਪਹਿਲਾਂ ਰਾਮਗੜ੍ਹ ਨੂੰ ਆਪਣੀ ਰਾਜਧਾਨੀ ਬਣਾਇਆ ਸੀ। ਜੋ ਕਿ ਇੱਕ ਪਾਸੇ ਸੀ, ਉਸ ਨੇ ਸੋਚ ਵਿਚਾਰ ਕਰਕੇ ਸ੍ਰੀ ਹਰਿਗੋਬਿੰਦਪੁਰ ਨੂੰ ਆਪਣੀ ਰਾਜਧਾਨੀ ਬਣਾਇਆ ਜੋ ਕਿ ਜਿੱਤੇ ਇਲਾਕਿਆਂ ਦੇ ਐਨ ਵਿਚਕਾਰ ਸੀ।

ਪਹਾੜੀ ਰਿਆਸਤਾਂ ਰਿਆੜਕੀ ਅਤੇ ਦੁਆਬ ਦੀ ਜਿੱਤ ਨੇ ਜੱਸਾ ਸਿੰਘ ਦਾ ਤੇਜ ਪ੍ਰਤਾਪ ਸਿਖਰਾਂ ‘ਤੇ ਪਹੁੰਚਾ ਦਿੱਤਾ। ਪਰ ਪਿੱਛੋਂ ਐਸੇ ਹਾਲਾਤ ਪੈਦਾ ਹੋ ਗਏ ਕਿ ਮਿਸਲਾਂ ਵਿੱਚ ਆਪਸੀ ਗ੍ਰਹਿ ਯੁੱਧ ਸ਼ੁਰੂ ਹੋ ਗਏ। ਰਾਮਗੜ੍ਹੀਆ ਤੇ ਕਨ੍ਹਈਆ ਮਿਸਲ ਨੇ ਉਸ ਸਮੇਂ ਸਭ ਤੋਂ ਅਮੀਰ ਸ਼ਹਿਰ ਕਸੂਰ ਇਕੱਠੇ ਜਿੱਤਿਆ। ਪਰ ਸ਼ਹਿਰ ਦੇ ਸਭ ਤੋਂ ਅਮੀਰ ਹਿੰਦੂ ਹਿਰਦੇ ਰਾਮ ਦੇ ਖਜ਼ਾਨੇ ਦੀ ਵੰਡ ਤੋਂ ਆਪਸੀ ਦੁਸ਼ਮਣੀ ਪੈ ਗਈ ਕਿ ਉਹ ਮੁੜ ਕਦੇ ਇਕੱਠੇ ਨਹੀਂ ਹੋਏ। ਪਠਾਨਕੋਟ ਨੂੰ ਲੈ ਕੇ ਇਨ੍ਹਾਂ ਵਿੱਚ ਅਣਬਣ ਹੋ ਗਈ। ਭੰਗੀਆਂ ਨੇ ਪਠਾਣਕੋਟ ਉੱਤੇ ਧਾਵਾਂ ਬੋਲ ਦਿੱਤਾ। ਤਵੀ ਨਦੀ ਦੇ ਨੇੜੇ ਬੜੀ ਭਾਰੀ ਲੜਾਈ ਹੋਈ। ਭੰਗੀ, ਰਾਮਗੜ੍ਹੀਏ. ਰਣਜੀਤ ਦਿਓ ਤੇ ਪੀਰ ਮੁਹੰਮਦ ਚੱਠਾ ਇੱਕ ਪਾਸੇ ਕੰਨ੍ਹਈਏ, ਆਹਲੂਵਾਲੀਏ ਤੇ ਸ਼ੁਕਰਚੱਕੀਏ ਦੂਜੇ ਪਾਸੇ। ਅਖ਼ੀਰ ਭੰਗੀਆਂ ਦੀ ਹਾਰ ਹੋਈ। ਇਸਦਾ ਸਭ ਤੋਂ ਮਾੜਾ ਸਿੱਟਾ ਇਹ ਨਿਕਲਿਆ ਕਿ ਆਹਲੂਵਾਲੀਏ ਤੇ ਸ਼ੁਕਰਚਕੀਏ, ਜੱਸਾ ਸਿੰਘ ਦੇ ਪੱਕੇ ਦੁਸ਼ਮਣ ਬਣ ਗਏ। ਆਪਣੀ ਸ਼ਾਨ ਨੂੰ ਘੱਟਦੇ ਵੇਖ ਕੇ ਜੱਸਾ ਸਿੰਘ ਨੇ ਕਪੂਰਥਲਾ ਦੇ ਰਾਇ ਨੂੰ ਚੁੱਕਿਆ ਕਿ ਉਹ ਆਹਲੂਵਾਲੀਏ ਨੂੰ ਕਰ ਦੇਣ ਤੋਂ ਇਨਕਾਰ ਕਰ ਦੇਵੇ ਪਰ ਜੱਸਾ ਸਿੰਘ ਦੀ ਇਹ ਚਾਲ ਸਫ਼ਲ ਨਾ ਹੋ ਸਕੀ ਕਿਉਂਕਿ ਆਹਲੂਵਾਲੀਏ ਨੇ ਆਪਣੀ 30 ਹਜ਼ਾਰ ਫ਼ੌਜ ਨਾਲ ਕਪੂਰਥਲੇ ‘ਤੇ ਹਮਲਾ ਕਰਕੇ ਉਸ ਨੂੰ ਆਪਣੇ ਅਧੀਨ ਕਰ ਲਿਆ।

ਜੱਸਾ ਸਿੰਘ ਆਹਲੂਵਾਲੀਆ ਅਜਿਹੇ ਮੌਕੇ ਦੀ ਭਾਲ ਵਿੱਚ ਸੀ ਕਿ ਉਹ ਰਾਮਗੜ੍ਹੀਆ ਪਾਸੋਂ ਇਸਦਾ ਬਦਲਾ ਲਵੇ। 1775 ਈ. ਵਿੱਚ ਬਿਆਸ ਦੇ ਕੰਢੇ ਜ਼ਹੂਰੇ ਪਿੰਡ ਵਿੱਚ ਇੱਕ ਛੋਟੀ ਜਿਹੀ ਮੁਠਭੇੜ ਹੋਈ ਜਿਸ ਵਿੱਚ ਜੱਸਾ ਸਿੰਘ ਰਾਮਗੜ੍ਹੀਆ, ਆਹਲੂਵਾਲੀਏ ਦੀ ਗੋਲੀ ਨਾਲ ਫੱਟੜ ਹੋ ਗਿਆ ਤੇ ਇਹ ਇਲਾਕਾ ਰਾਮਗੜ੍ਹੀਆ ਦੇ ਹੱਥੋਂ ਨਿਕਲ ਗਿਆ।

ਇੱਕ ਵਾਰੀ ਜੱਸਾ ਸਿੰਘ ਆਹਲੂਵਾਲੀਆ ਸ਼ਿਕਾਰ ਖੇਡਦਾ ਨੰਗਲ ਪਿੰਡ ਨੇੜੇ ਆ ਨਿਕਲਿਆ। ਜੱਸਾ ਸਿੰਘ ਰਾਮਗੜ੍ਹੀਏ ਦੇ ਭਰਾ ਮਾਲੀ ਸਿੰਘ ਨੇ ਆਹਲੂਵਾਲੀਏ ‘ਤੇ ਹਮਲਾ ਕਰਕੇ ਉਸ ਨੂੰ ਫੱਟੜ ਕਰਕੇ ਕੈਦ ਕਰ ਲਿਆ ਤੇ ਉਸ ਨੂੰ ਸ੍ਰੀ ਹਰਿਗੋਬਿੰਦਪੁਰ ਲੈ ਗਿਆ। ਇਸ ਘਟਨਾ ਨਾਲ ਸਾਰੇ ਸਰਦਾਰ ਰਾਮਗੜ੍ਹੀਏ ਦੇ ਵਿਰੁੱਧ ਹੋ ਗਏ। ਇਸ ਖਿਚੋਤਾਣ ਵਿੱਚ ਰਾਮਗੜ੍ਹੀਆ ਤੇ ਸ਼ੁਕਰਚਕੀਆ ਵਿੱਚ ਲੜਾਈ ਹੋ ਗਈ ਤੇ ਜੱਸਾ ਸਿੰਘ ਨੇ ਚੜ੍ਹਤ ਸਿੰਘ ਨੂੰ ਹਾਰ ਦਿੱਤੀ ਤੇ ਉਸ ਦੀਆਂ ਬੰਦੂਕਾਂ ਤੇ ਹੋਰ ਬਹੁਤ ਸਾਰਾ ਜੰਗੀ ਸਮਾਨ ਕਾਬੂ ਕਰ ਲਿਆ।

1776 ਈ. ਵਿੱਚ ਰਾਮਗੜ੍ਹੀਏ ਸਰਦਾਰ ਨੂੰ ਖ਼ਤਮ ਕਰਨ ਲਈ ਆਹਲੂਵਾਲੀਏ ਨੇ ਬਾਕੀ ਦੇ ਸਰਦਾਰਾਂ ਪਾਸੋਂ ਮਦਦ ਮੰਗੀ। ਚੜ੍ਹਤ ਸਿੰਘ ਸ਼ੁਕਰਚੱਕੀਏ ਤੇ ਜੈ ਸਿੰਘ ਕਨ੍ਹਈਏ ਤੋਂ ਇਲਾਵਾ ਭੰਗੀ ਸਰਦਾਰ ਵੀ ਆਹਲੂਵਾਲੀਆ ਦੀ ਮਦਦ ਲਈ ਆ ਗਏ। ਇਨ੍ਹਾਂ ਚੋਹਾਂ ਮਿਸਲਾਂ ਦੀਆਂ ਸਾਂਝੀਆਂ ਫੌਜਾਂ ਨੇ ਸ੍ਰੀ ਹਰਿਗੋਬਿੰਦਪੁਰ ‘ਤੇ ਹਮਲਾ ਕੀਤਾ। ਰਾਮਗੜ੍ਹੀਆ ਦੀ ਪੇਸ਼ ਨਾ ਗਈ ਤੇ ਉਸ ਨੇ ਸ਼ਹਿਰ ਖਾਲੀ ਕਰ ਦਿੱਤਾ। ਇਸ ਤੋਂ ਪਿੱਛੋਂ ਉਨ੍ਹਾਂ ਬਟਾਲੇ ‘ਤੇ ਕਬਜ਼ਾ ਕੀਤਾ। ਇਸ ਪਿੱਛੋਂ ਕਲਾਨੌਰ ਉੱਤੇ ਧਾਵਾ ਬੋਲਿਆ। ਇਸ ਲੜਾਈ ਵਿੱਚ ਜੱਸਾ ਸਿੰਘ ਦਾ ਛੋਟਾ ਭਰਾ ਤਾਰਾ ਸਿੰਘ ਮਾਰਿਆ ਗਿਆ ਤੇ ਇਸ ਦਾ ਕਬਜ਼ਾ ਹਕੀਕਤ ਸਿੰਘ ਕਨ੍ਹਈਏ ਨੂੰ ਦੇ ਦਿੱਤਾ। ਇਸ ਪਿੱਛੋਂ ਸਾਂਝੀਆਂ ਫੌਜਾਂ ਨੇ ਨਾ ਕੇਵਲ ਉਸ ਨੂੰ ਉਸ ਦੇ ਇਲਾਕੇ ਵਿੱਚੋਂ ਕੱਢ ਦਿੱਤਾ ਸਗੋਂ ਸਤਲੁਜੋਂ ਪਾਰ ਜਾਣ ਲਈ ਮਜ਼ਬੂਰ ਕਰ ਦਿੱਤਾ। ਜੱਸਾ ਸਿੰਘ ਆਹਲੂਵਾਲੀਏ ਦੇ ਭਤੀਜੇ ਭਾਗ ਸਿੰਘ ਨੇ ਉਸ ਦਾ ਪਿੱਛਾ ਕਰਨ ਦਾ ਯਤਨ ਕੀਤਾ, ਪਰ ਜੱਸਾ ਸਿੰਘ ਆਹਲੂਵਾਲੀਏ ਨੇ ਉਸ ਨੂੰ ਰੋਕ ਦਿੱਤਾ।

ਜੱਸਾ ਸਿੰਘ ਆਪਣੀ ਚਾਰ ਹਜ਼ਾਰ ਫੌਜ ਨਾਲ ਪਟਿਆਲਾ ਦੇ ਨੇੜੇ ਘੁੰਮ ਰਿਹਾ ਸੀ ਕਿ ਪਟੌਦੀ ਦੇ ਨਵਾਬ ਦੀ ਕਮਾਨ ਹੇਠ ਕਈ ਛੋਟੇ ਰਾਜਿਆਂ ਪਟਿਆਲੇ ਦੇ ਰਾਜਾ ਅਮਰ ਸਿੰਘ ਉਪਰ ਹਮਲਾ ਕਰ ਦਿੱਤਾ। ਰਾਮਗੜ੍ਹੀਆ ਸਰਦਾਰ ਨੇ ਉਸ ਦੀ ਮਦਦ ਕੀਤੀ ਤੇ ਦੋਵਾਂ ਫ਼ੌਜਾਂ ਨੇ ਮਿਲ ਕੇ ਉਸ ਨੂੰ ਪਟਿਆਲਾ ਦੇ ਇਲਾਕੇ ਵਿੱਚੋਂ ਬਾਹਰ ਕੱਢ ਦਿੱਤਾ। ਰਾਮਗੜ੍ਹੀਆ ਦੀ ਮਦਦ ਨਾਲ ਰਾਜਾ ਅਮਰ ਸਿੰਘ ਨੇ 1778 ਈ. ਵਿੱਚ ਆਪਣੇ ਗੁਆਂਢੀ ਹਰੀ ਸਿੰਘ ਸਿਆਲਬਾ ਦੇ ਉਪਰ ਜਿੱਤ ਪ੍ਰਾਪਤ ਕੀਤੀ।

ਮੁਗ਼ਲ ਬਾਦਸ਼ਾਹ ਸ਼ਾਹ ਆਲਮ ਨੇ ਰਿਆਸਤ ਪਟਿਆਲਾ ਨੂੰ ਆਪਣੇ ਅਧੀਨ ਕਰਨ ਲਈ ਹਮਲਾ ਕਰ ਦਿੱਤਾ। ਜਦ ਸ਼ਾਹੀ ਫ਼ੌਜਾਂ ਕਰਨਾਲ ਨੇੜੇ ਪੁੱਜੀਆਂ ਤਾਂ ਕਈ ਸਰਦਾਰ ਜਿਵੇਂ ਸਾਹਿਬ ਸਿੰਘ ਕਾਂਡੀ, ਦੀਵਾਨ ਸਿੰਘ, ਬਘੇਲ ਸਿੰਘ ਅਤੇ ਦੇਸਾ ਸਿੰਘ ਕੈਂਥਲੀਆ ਆਦਿ ਜਿਨ੍ਹਾਂ ਦੀ ਰਾਜਾ ਅਮਰ ਸਿੰਘ ਨਾਲ ਲੱਗਦੀ ਸੀ ਵੀ ਮੁਗ਼ਲ ਫੌਜ ਦੀ ਮਦਦ ਲਈ ਆ ਗਏ। ਜੱਸਾ ਸਿੰਘ ਰਾਮਗੜ੍ਹੀਆ ਤੇ ਉਸ ਦਾ ਸੁਪੁੱਤਰ ਜੋਧ ਸਿੰਘ ਤੇ ਜੱਸਾ ਸਿੰਘ ਆਹਲੂਵਾਲੀਆ ਵੀ ਉਸ ਦੀ ਸਹਾਇਤਾ ਲਈ ਪੁੱਜ ਗਏ। ਰਾਜਾ ਅਮਰ ਸਿੰਘ ਦੀਆਂ ਫੌਜਾਂ ਨੂੰ ਭਾਰੀ ਜਿੱਤ ਹੋਈ ਤੇ ਪਾਨੀਪਤ ਵੱਲ ਨੂੰ ਨੱਸੀਆਂ ਜਾਂਦੀਆਂ ਸ਼ਾਹੀ ਫ਼ੌਜਾਂ ਦਾ ਪਿੱਛਾ ਕਰਕੇ ਸਿੱਖਾਂ ਨੇ ਲੁੱਟ ਦੇ ਮਾਲ ਨਾਲ ਖੂਬ ਹੱਥ ਰੰਗੇ।

ਜੱਸਾ ਸਿੰਘ ਰਾਮਗੜ੍ਹੀਏ ਨੇ ਬਘੇਲ ਸਿੰਘ ਅਤੇ ਗੁਰਦਿੱਤ ਸਿੰਘ ਦੀ ਸਹਾਇਤਾ ਨਾਲ ਤੀਹ ਹਜ਼ਾਰ ਫੌਜ ਲੈ ਕੇ ਮੁਜ਼ਫਰਪੁਰ ਤੇ ਮੀਰਾਂਪੁਰ ਦੇ ਇਲਾਕੇ ਵਿਚ ਲੁਟ ਮਾਰ ਕੀਤੀ ਤੇ ਫਿਰ ਮਾਰੋ ਮਾਰ ਕਰਦੇ ਮੇਰਠ ਸ਼ਹਿਰ ਵਿਚ ਜਾ ਨਿਕਲੇ।ਇਸ ਇਲਾਕੇ ਦੇ ਜ਼ਬੀਤਾ ਖ਼ਾਨ ਨੂੰ ਘੇਰ ਲਿਆ ਤੇ ਦਸ ਹਜ਼ਾਰ ਰੁਪਏ ਕਰ ਵਸੂਲ ਕੀਤਾ।ਉਸ ਨੇ ਹਰ ਸਾਲ ਕਰ ਦੇਣ ਦਾ ਇਕਰਾਰ ਵੀ ਕੀਤਾ। ਇੱਥੋਂ ਅੱਗੇ ਜੱਸਾ ਸਿੰਘ ਤੇ ਬਘੇਲ ਸਿੰਘ ਦੀਆਂ ਫੌਜਾਂ ਨੇ ਉੱਤਰ ਪ੍ਰਦੇਸ਼ ਦੇ ਉੱਘੇ ਵਪਾਰਕ ਕੇਂਦਰ ਚੌਣਸੀ ਉੱਤੇ ਹਮਲਾ ਕੀਤਾ, ਜਿੱਥੋਂ ਕਈ ਲੱਖ ਰੁਪਿਆ ਉਨ੍ਹਾਂ ਦੇ ਹੱਥ ਲੱਗਾ।

ਕੁਝ ਸਮੇਂ ਬਾਅਦ ਸਿੱਖ ਸਰਦਾਰਾਂ ਨੇ ਦਿੱਲੀ ਉਪਰ ਧਾਵਾ ਕਰਨ ਦਾ ਮਤਾ ਪਕਾਇਆ। ਮਾਰਚ 1783 ਵਿੱਚ ਸਿੱਖ ਦਿੱਲੀ ਸ਼ਹਿਰ ਵਿੱਚ ਦਾਖਲ ਹੋਏ। ਮੁਗ਼ਲ ਬਾਦਸ਼ਾਹ, ਸ਼ਾਹ ਆਲਮ ਦੂਜਾ ਉਨ੍ਹਾਂ ਦੇ ਮੁਕਾਬਲੇ ਲਈ ਤਿਆਰ ਨਹੀਂ ਸੀ। ਇਸ ਲਈ ਸਿੱਖ ਕਈ ਦਿਨ ਦਿੱਲੀ ਦੇ ਮਾਲਕ ਬਣੇ ਰਹੇ।ਜੱਸਾ ਸਿੰਘ ਰਾਮਗੜ੍ਹੀਆ ਹੋਰ ਸਰਦਾਰਾਂ ਤੋਂ ਵੱਖਰੇ ਹੋ ਕੇ ਹਮਲੇ ਕਰਦਾ ਰਿਹਾ। ਪਹਿਲਾਂ ਉਸ ਨੇ ਮੁਗ਼ਲਪੁਰੀ ਖ਼ਤਮ ਕੀਤਾ ਤੇ ਫਿਰ ਲਾਲ ਕਿਲ੍ਹੇ ਜਾ ਵੜਿਆ। ਉੱਥੋਂ ਧਨ ਤੋਂ ਇਲਾਵਾ ਮੁਗ਼ਲ ਦੇ ਤੋਪਖਾਨੇ ਦੀਆਂ ਚਾਰ ਬੰਦੂਕਾਂ ਤੇ ਮੁਗ਼ਲਾਂ ਦੇ ਤਾਜਪੋਸ਼ੀ ਵਾਲੀ ਰੰਗ ਬਰੰਗੇ ਪੱਥਰ ਦੀ ਇੱਕ ਸੁੰਦਰ ਸਿੱਲ ਹੱਥ ਲੱਗੀ। ਇਹ 6 ਫੁੱਟ ਲੰਬੀ, 4 ਫੁੱਟ ਚੌੜੀ ਤੇ 9 ਇੰਚ ਮੋਟੀ ਸਿੱਲ ਇਸ ਸਮੇਂ ਰਾਮਗੜ੍ਹੀਏ ਬੁੰਗੇ ਵਿੱਚ ਪਈ ਹੈ।

1783 ਈ. ਵਿੱਚ ਜੱਸਾ ਸਿੰਘ ਆਹਲੂਵਾਲੀਆ ਅਕਾਲ ਚਲਾਣਾ ਕਰ ਗਿਆ। ਜੱਸਾ ਸਿੰਘ ਰਾਮਗੜ੍ਹੀਆ ਨੇ ਵਾਪਸ ਪੰਜਾਬ ਆ ਕੇ ਆਪਣੇ ਇਲਾਕੇ ਮੁੜ ਪ੍ਰਾਪਤ ਕਰ ਲਏ। 1796 ਈ. ਵਿੱਚ ਸ਼ਾਹ ਜ਼ਮਾਨ ਲਾਹੌਰ ਤੀਕ ਪਹੁੰਚ ਗਿਆ ਤੇ ਉਸ ਨੇ ਅੰਮ੍ਰਿਤਸਰ ਉੱਤੇ ਹਮਲਾ ਕਰਨ ਦੀ ਸਕੀਮ ਬਣਾਈ। ਹੋਰ ਸਰਦਾਰਾਂ ਦੇ ਨਾਲ ਜੱਸਾ ਸਿੰਘ ਰਾਮਗੜ੍ਹੀਆ ਵੀ ਪਵਿੱਤਰ ਸ਼ਹਿਰ ਦੀ ਰੱਖਿਆ ਲਈ ਪੁੱਜ ਗਿਆ। ਸ਼ਾਹ ਜ਼ਮਾਨ ਨੇ ਲਾਹੌਰ ਫਤਹਿ ਕਰ ਲਿਆ ਪਰ ਉਸ ਨੂ ਛੇਤੀ ਹੀ ਵਾਪਿਸ ਕਾਬਲ ਜਾਣਾ ਪਿਆ ਕਿਉਂਕਿ ਉਸ ਦੇ ਮਤਰਏ ਭਰਾ ਮਹਿਮੂਦ ਨੇ ਬਗ਼ਾਵਤ ਕਰ ਦਿੱਤੀ। ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ‘ਤੇ 1799 ਈ. ਵਿੱਚ ਮੁੜ ਕਬਜ਼ਾ ਕਰ ਲਿਆ। ਮਹਾਰਾਜਾ ਰਣਜੀਤ ਸਿੰਘ ਨੇ ਰਾਮਗੜ੍ਹੀਆ ਦੇ ਉੱਘੇ ਕਿਲ੍ਹੇ ਮਿਆਣੀ ਉਪਰ ਹਮਲਾ ਕਰਕੇ ਉਸ ਨੂੰ ਆਪਣੇ ਕਬਜ਼ੇ ਵਿੱਚ ਕਰ ਲਿਆ। ਇਸ ਲੜਾਈ ਵਿੱਚ ਭਾਗ ਸਿੰਘ ਆਹਲੂਵਾਲੀਆ ਨੇ ਮਹਾਰਾਜਾ ਰਣਜੀਤ ਸਿੰਘ ਦੀ ਮਦਦ ਕੀਤੀ। ਜੱਸਾ ਸਿੰਘ ਰਾਮਗੜ੍ਹੀਆ ਨੇ ਇਸ ਦਾ ਬਦਲਾ ਲੈਣ ਲਈ ਆਹਲੂਵਾਲੀਆ ਸਰਦਾਰ ਦੇ ਇਲਾਕੇ ਉੱਤੇ ਹੱਲਾ ਬੋਲ ਦਿੱਤਾ। ਕਾਂਗੜੇ ਦਾ ਰਾਜਾ ਸੰਸਰ ਚੰਦ ਕਟੋਚ ਵੀ ਮਹਾਰਾਜਾ ਰਣਜੀਤ ਸਿੰਘ ਦੀ ਵੱਧਦੀ ਤਾਕਤ ਤੋਂ ਖ਼ਤਰਾ ਮਹਿਸੂਸ ਕਰਦਾ ਸੀ, ਉਸ ਨੇ ਵੀ ਜੱਸਾ ਸਿੰਘ ਰਾਮਗੜ੍ਹੀਆ ਦਾ ਸਾਥ ਦਿੱਤਾ। ਭਾਗ ਸਿੰਘ ਆਹਲੂਵਾਲੀਆ ਨੇ ਆਪਣੇ ਜਰਨੈਲ ਹਮੀਰ ਸਿੰਘ ਨੂੰ ਭੇਜਿਆ ਪ੍ਰੰਤੂ ਹਮੀਰ ਸਿੰਘ ਨੂੰ ਇਸ ਲੜਾਈ ਵਿੱਚ ਹਾਰ ਹੋਈ ਤੇ ਉਹ ਜਖਮੀ ਹੋ ਗਿਆ। ਫਗਵਾੜਾ ਪਹੁੰਚ ਕੇ ਆਹਲੂਵਾਲੀਆ ਸਰਦਾਰ ਕੁਝ ਦਿਨਾਂ ਦੀ ਬੀਮਾਰੀ ਤੋਂ ਬਾਅਦ ਅਕਾਲ ਚਲਾਣਾ ਕਰ ਗਿਆ। ਇਸ ਲਈ ਜੱਸਾ ਸਿੰਘ ਦੀ ਆਹਲੂਵਾਲੀਆ ਵਿਰੁੱਧ ਇਹ ਮੁਹਿੰਮ ਸਫ਼ਲ ਰਹੀ।

80 ਸਾਲ ਦੀ ਉਮਰ ਭੋਗ ਕੇ 1803 ਈ. ਵਿੱਚ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਅਕਾਲ ਚਲਾਣਾ ਕਰ ਗਿਆ। ਉਸ ਦੇ ਪੁੱਤਰ ਜੋਧ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਨਾਲ ਦੋਸਤੀ ਪਾ ਲਈ ਤੇ ਉਸ ਦੇ ਜੀਉਂਦੇ ਜੀਅ 1816 ਈ. ਤੱਕ ਮਹਾਰਾਜਾ ਰਣਜੀਤ ਸਿੰਘ ਨੂੰ ਲੜਾਈ ਕਰਨ ਦਾ ਕਦੇ ਖਿਆਲ ਨਾ ਆਇਆ।

Share this Article
Leave a comment