ਲਖੀਮਪੁਰ ਖੀਰੀ ਹਿੰਸਾ: ਯੂ ਪੀ ਦੀ ਖੁਸ਼ਹਾਲੀ ਵਿੱਚ ਸਿੱਖਾਂ ਦਾ ਯੋਗਦਾਨ ਤੇ ਉਨ੍ਹਾਂ ਦੀ ਦਾਸਤਾਨ !

TeamGlobalPunjab
4 Min Read

-ਅਵਤਾਰ ਸਿੰਘ;

ਦੇਸ਼ ਦੀ ਸਭ ਤੋਂ ਵੱਧ ਅਬਾਦੀ ਵਾਲੇ ਸੂਬੇ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਜ਼ਿਲ੍ਹੇ ਦੇ ਪਿੰਡ ਤਿਕੂਨੀਆਂ ਨਜ਼ਦੀਕ ਚਾਰ ਕਿਸਾਨਾਂ ਨੂੰ ਇਕ ਕੇਂਦਰੀ ਮੰਤਰੀ ਦੇ ਪੁੱਤਰ ਨੇ ਗੱਡੀ ਹੇਠ ਦਰੜ ਕੇ ਮਾਰਨ ਦੀ ਦਰਦਨਾਕ ਘਟਨਾ ਨੇ ਯੂ ਪੀ ਵਿੱਚ ਵਸਦੇ ਸਿੱਖਾਂ ਬਾਰੇ ਹਰ ਵਰਗ ਜਾਣਕਾਰੀ ਹਾਸਿਲ ਕਰਨਾ ਚਾਹੁੰਦਾ ਹੈ। ਇਸ ਘਟਨਾ ਵਿੱਚ ਕਿਸਾਨ ਲਵਪ੍ਰੀਤ ਸਿੰਘ, ਦਿਲਜੀਤ ਸਿੰਘ, ਨਛੱਤਰ ਸਿੰਘ ਅਤੇ ਗੁਰਵਿੰਦਰ ਸਿੰਘ ਦੀ ਮੌਤ ਹੋ ਗਈ।

ਇਸ ਘਟਨਾ ਮਗਰੋਂ ਸਿਆਸਤ ਨੇ ਵੀ ਖੂਬ ਤੂਲ ਪਕੜ ਲਈ ਹੈ। ਇਸ ਕਾਂਡ ਤੋਂ ਬਾਅਦ ਸਿਆਸੀ ਵਿਰੋਧੀ ਪਾਰਟੀਆਂ ਦੇ ਦਬਾਅ ਕਾਰਨ ਯੋਗੀ ਅਦਿਤ੍ਯਨਾਥ ਦੀ ਅਗਵਾਈ ਵਾਲੀ ਸਰਕਾਰ ਦੇ ਪ੍ਰਸ਼ਾਸ਼ਨ ਨੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੇ ਪੁੱਤਰ ਮੋਨੂੰ ਮਿਸ਼ਰਾ ਅਤੇ ਉਸ ਦੇ ਸਾਥੀਆਂ ਖਿਲਾਫ ਐੱਫ਼ਆਈਆਰ ਦਰਜ ਕਰ ਲਈ ਹੈ। ਪਰ ਕੇਂਦਰੀ ਮੰਤਰੀ ਅਜੇ ਮਿਸ਼ਰਾ ਸਿੱਖਾਂ ਦੇ ਕਿਸਾਨ ਅੰਦੋਲਨ ਵਿੱਚ ਸ਼ਾਮਿਲ ਹੋਣ ਨੂੰ ਖਾਲਿਸਤਾਨ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੇ ਹਨ। ਜਦਕਿ ਇਹ ਸਿੱਖ ਪਰਿਵਾਰ ਪੰਜਾਬ ਦੇ ਕਾਲੇ ਦੌਰ ਦੌਰਾਨ ਉੱਤਰ ਪ੍ਰਦੇਸ਼ ਵਿੱਚ ਆ ਕੇ ਵਸ ਗਏ ਸਨ।

ਪੰਜਾਬੀ ਭਾਈਚਾਰਾ ਮੇਹਨਤੀ ਹੋਣ ਕਰਕੇ ਉਨ੍ਹਾਂ ਨੇ ਇਸ ਸੂਬੇ ਦੇ ਤਰਾਈ,ਪੀਲੀਭੀਤ ਸਮੇਤ ਹੋਰ ਬਹੁਤ ਸਾਰੇ ਇਲਾਕਿਆਂ ਦੀ ਬੰਜਰ ਧਰਤੀ ਨੂੰ ਉਪਜਾਊ ਬਣਾ ਕੇ ਇਸ ਸੂਬੇ ਦੀ ਖੁਸ਼ਹਾਲੀ ਵਿੱਚ ਆਪਣਾ ਯੋਗਦਾਨ ਪਾਇਆ। ਬਹੁਤੇ ਸਿੱਖ ਪਰਿਵਾਰ ਲੰਮਾ ਸਮਾਂ ਪਹਿਲਾਂ ਇਥੇ ਆ ਕੇ ਵਸ ਗਏ ਸਨ। ਲਖੀਮਪੁਰ ਖੀਰੀ ਨੇਪਾਲ ਬਾਰਡਰ ਨੇੜੇ ਪਿੰਡ ਪਸ਼ਤੌਰ ‘ਚ ਕਈ ਪੰਜਾਬੀ ਪਰਿਵਾਰ ਵਸਦੇ ਹਨ। ਕਈ ਪਰਿਵਾਰ ਛੇ ਦਹਾਕੇ ਪਹਿਲਾਂ ਪੰਜਾਬ ਤੋਂ ਇਥੇ ਆਏ ਸੀ। ਕਈ ਪਰਿਵਾਰ ਦੋਆਬੇ ਦੇ ਪਿੰਡ ਮਾਹਲ ਗਹਿਲਾਂ ਨਾਲ ਸੰਬੰਧਤ ਹਨ। ਉਨ੍ਹਾਂ ਨੂੰ ਉਸ ਸਮੇਂ ਪਤਾ ਲੱਗਿਆ ਸੀ ਕਿ ਯੂਪੀ ਦੇ ਇਸ ਇਲਾਕੇ ਵਿੱਚ ਬੰਜ਼ਰ ਜ਼ਮੀਨ ਸਸਤੀ ਮਿਲਦੀ। ਤਰਾਈ ਖਿੱਤੇ ਵਿੱਚ ਆਏ ਪੰਜਾਬੀ ਕਿਸਾਨ ਭਾਈਚਾਰੇ ਨੇ ਖੂਨ ਪਸੀਨੇ ਨਾਲ ਇਨ੍ਹਾਂ ਜ਼ਮੀਨਾਂ ਨੂੰ ਆਬਾਦ ਕੀਤਾ।

- Advertisement -

ਮੀਡੀਆ ਰਿਪੋਰਟਾਂ ਅਨੁਸਾਰ ਉੱਤਰ ਪ੍ਰਦੇਸ਼ ਵਿੱਚ ਤਿੰਨ ਤਰ੍ਹਾਂ ਦੇ ਸਿੱਖਾਂ ਦੀ ਵਸੋਂ ਹੈ। ਇਨ੍ਹਾਂ ਵਿੱਚ ਕੁਝ ਦੇਸ਼ ਦੀ ਵੰਡ (1947) ਦੌਰਾਨ ਪਾਕਿਸਤਾਨ ਤੋਂ ਆਏ। ਉਨ੍ਹਾਂ ਦਾ ਜੰਗਲੀ ਤੇ ਬੇਆਬਾਦ ਇਲਾਕੇ ਵਿੱਚ ਮੁੜ ਵਸੇਬਾ ਕੀਤਾ ਗਿਆ। ਦੂਜੇ ਉਹ ਲੋਕ ਜਿਹੜੇ ਇਨ੍ਹਾਂ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਸਸਤੀਆਂ ਜ਼ਮੀਨਾਂ ਇਥੇ ਆ ਕੇ ਸਸਤੀਆਂ ਜ਼ਮੀਨਾਂ ਖਰੀਦਣ ਲੱਗੇ। ਸਭ ਤੋਂ ਵੱਧ ਸਿੱਖ ਪਰਿਵਾਰ 70ਵਿਆਂ ਦੌਰਾਨ ਪੰਜਾਬ ਤੋਂ ਉੱਤਰ ਪ੍ਰਦੇਸ਼ ਆਏ। ਪੰਜਾਬੀ ਪਰਿਵਾਰ ਪੰਜ ਜ਼ਿਲ੍ਹਿਆਂ ਲਖੀਮਪੁਰ, ਪੀਲੀਭੀਤ, ਸ਼ਾਹਜਹਾਂਪੁਰ, ਬਿਜਨੌਰ ਅਤੇ ਰਾਮਪੁਰ ਵਿੱਚ ਮੁੱਖ ਤੌਰ ‘ਤੇ ਵਸੇ ਹੋਏ ਹਨ।

ਉਤਰਾਖੰਡ ਦਾ ਊਧਮ ਸਿੰਘ ਨਗਰ ਜ਼ਿਲ੍ਹਾ ਇਥੋਂ ਦੀ ਸਿੱਖ ਆ ਆਬਾਦੀ ਦਾ ਗੜ੍ਹ ਮੰਨਿਆ ਗਿਆ ਹੈ। ਇਸੇ ਤਰ੍ਹਾਂ ਉੱਤਰ ਪ੍ਰਦੇਸ਼ ਅਤੇ ਉਤਰਾਖੰਡ ਦੇ ਕਾਨਪੁਰ, ਵਾਰਾਣਸੀ, ਆਗਰਾ ਸਮੇਤ ਹੋਰ ਸ਼ਹਿਰਾਂ ਵਿੱਚ ਵੀ ਸਿੱਖ ਭਾਈਚਾਰੇ ਦੀ ਵਸੋਂ ਹੈ। ਇਥੇ ਬਹੁਤ ਸਾਰੇ ਲੋਕ ਪੰਜਾਬ ਨਾਲ ਸਬੰਧ ਨਹੀਂ ਰੱਖਦੇ। ਇਹ ਸਿੱਖ ਗੁਰਧਾਮਾਂ ਦੀਆਂ ਯਾਤਰਾਵਾਂ ਦੌਰਾਨ ਸਿੱਖ ਬਣ ਗਏ।

ਉੱਤਰ ਪ੍ਰਦੇਸ਼ ਅਤੇ ਉਤਰਾਖੰਡ ਦੇ ਕਈ ਸ਼ਹਿਰਾਂ ਵਿੱਚ ਇਤਿਹਾਸਕ ਗੁਰਦੁਆਰੇ ਹਨ। ਜੇ ਸਾਲ 2011 ਦੀ ਜਨਗਣਨਾ ਉਪਰ ਝਾਤ ਮਾਰੀ ਜਾਵੇ ਤਾਂ ਯੂ ਪੀ ਵਿੱਚ ਸਿੱਖਾਂ ਦੀ ਆਬਾਦੀ 6,43,500 ਦੇ ਕਰੀਬ ਸੀ ਅਤੇ ਉੱਤਰਾਖੰਡ ‘ਚ 2,36,340 ਸੀ। ਇਸ ਤਰ੍ਹਾਂ ਉੱਤਰ ਪ੍ਰਦੇਸ਼ ਦੀ ਕੁੱਲ ਅਬਾਦੀ ਦਾ 0.32 ਫ਼ੀਸਦ ਅਤੇ ਉਤਰਾਖੰਡ ‘ਚ 2.34 ਫ਼ੀਸਦ ਹਿੱਸਾ ਹੈ। ਇਥੋਂ ਦੇ ਪਿੰਡਾਂ ਵਿੱਚ ਵਸਦੇ ਪਿੰਡਾਂ ਵਿੱਚ ਵਸਦੇ ਲੋਕ ਖੇਤੀ ‘ਤੇ ਨਿਰਭਰ ਹਨ। ਕਣਕ ਅਤੇ ਝੋਨਾ ਮੁੱਖ ਫ਼ਸਲਾਂ ਹਨ। ਕੁਝ ਲੋਕ ਟਰਾਂਸਪੋਰਟ ਦਾ ਕਾਰੋਬਾਰ ਵੀ ਕਰਦੇ ਹਨ।

ਪੰਜਾਬੀ ਭਾਈਚਾਰੇ ਵਲੋਂ ਆਪਣੇ ਖੂਨ ਪਸੀਨੇ ਨਾਲ ਖੁਸ਼ਹਾਲ ਬਣਾਏ ਇਨ੍ਹਾਂ ਇਲਾਕਿਆਂ ਦੇ ਘਟ ਗਿਣਤੀ ਸਿੱਖ ਪਰਿਵਾਰਾਂ ਨੂੰ ਖਦਸ਼ਾ ਹੈ ਕਿ ਅਜਿਹੇ ਹਾਲਾਤ ਉਨ੍ਹਾਂ ਨੂੰ ਘਰੋਂ ਬੇਘਰ ਨਾ ਕਰ ਦੇਣ। ਉਨ੍ਹਾਂ ਦਾ ਕਹਿਣਾ ਹੈ ਕਿ ਭਾਜਪਾ ਸਰਕਾਰ ਨੇ ਗੁਜਰਾਤ ਦੇ ਕੱਛ ਖੇਤਰ ਤੋਂ ਪੰਜਾਬੀ ਕਿਸਾਨਾਂ ਨੂੰ ਇਸੇ ਤਰ੍ਹਾਂ ਉਜਾੜਿਆ ਸੀ।25 ਸਤੰਬਰ, 2021 ਦੇ ਸਮਾਗਮ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਵੀ ਸ਼ਾਇਦ ਇਸੇ ਹਵਾਲੇ ਨਾਲ ਕਿਸਾਨਾਂ ਨੂੰ ਧਮਕਾਉਂਦੇ ਨਜ਼ਰ ਆ ਰਹੇ ਹਨ ਜਿਸ ਵਿੱਚ ਉਹ ਕਹਿ ਰਹੇ ਜੇ ਉਸ ਦਾ ਵਿਰੋਧ ਕਰੋਗੇ ਤਾਂ ਲਖੀਮਪੁਰ ਖ਼ੀਰੀ ਤੋਂ ਬਾਹਰ ਜਾਣਾ ਪਵੇਗਾ। ਲੋਕਤੰਤਰਿਕ ਦੇਸ਼ ਵਿੱਚ ਜੇ ਅਜਿਹਾ ਕੁਝ ਵਾਪਰਦਾ ਤਾਂ ਇਸ ਦੇ ਕੀ ਮਾਅਨੇ ਨਿਕਲਦੇ ਹਨ ?

Share this Article
Leave a comment