Home / ਓਪੀਨੀਅਨ / ਚੰਡੀਗੜ੍ਹ ਕਿਵੇਂ ਵੱਸਿਆ ? (ਭਾਗ-3)

ਚੰਡੀਗੜ੍ਹ ਕਿਵੇਂ ਵੱਸਿਆ ? (ਭਾਗ-3)

-ਅਵਤਾਰ ਸਿੰਘ

ਦੇਸ਼ ਦੀ ਵੰਡ ਹੋਣ ਤੋਂ ਬਾਅਦ ਪੰਜਾਬ ਦੋ ਹਿੱਸਿਆ ਵਿੱਚ ਵੰਡਿਆ ਗਿਆ। ਹਿੰਦੋਸਤਾਨ ਵਾਲੇ ਹਿੱਸੇ ਆਏ ਪੰਜਾਬ ਦੀ ਰਾਜਧਾਨੀ ਬਣਾਉਣ ਲਈ ਚੰਡੀਗੜ ਵਸਾਉਣਾ ਪਿਆ, ਜਿਸ ਨੂੰ ਸਿਟੀ ਬਿਊਟੀਫੁੱਲ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਸ ਸ਼ਹਿਰ ਦੀ ਨੀਂਹ 2 ਅਪ੍ਰੈਲ 1952 ਨੂੰ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਵੱਲੋਂ ਰੱਖੀ ਗਈ। ਲੀ-ਕਾਰਬੂਜ਼ੀਅਰ ਵੱਲੋਂ ਤਿਆਰ ਕੀਤੇ ਪਲਾਨ ਮੁਤਾਬਿਕ ਤਕਰੀਬਨ 50 ਪਿੰਡਾਂ ਉੱਤੇ ਚੰਡੀਗੜ ਵਸਾਉਣ ਦੀ ਲੀਕ ਖਿੱਚੀ ਗਈ, ਜਿਹਨਾਂ ਵਿੱਚ 28 ਪਿੰਡਾਂ ਦਾ ਬਿਲਕੁੱਲ ਨਾਮੋ ਨਿਸ਼ਾਨ ਖਤਮ ਹੋ ਚੁੱਕਾ ਹੈ ਅਤੇ 22 ਪਿੰਡ ਇਸ ਸਮੇਂ ਵੀ ਚੰਡੀਗੜ੍ਹ ਵਿੱਚ ਮੌਜੂਦ ਹਨ। ਉੱਜੜ ਚੁੱਕੇ ਇਹਨਾਂ ਪਿੰਡਾਂ ਦੀ ਲੜੀ ਦੇ ਤੀਜੇ ਭਾਗ ਵਿੱਚ ਅੱਜ ਚੰਡੀਗੜ੍ਹ ਦੇ ਸੈਕਟਰ 8 ਹੇਠ ਆ ਚੁੱਕੇ ਪਿੰਡ ਕਾਲੀਬੜ ਦੀ ਗੱਲ ਕਰਾਂਗੇ। ਇਸ ਲੜੀ ਤਹਿਤ ਚੰਡੀਗੜ੍ਹ ਦੇ ਵੱਖ ਵੱਖ ਸੈਕਟਰਾਂ ਬਾਰੇ ਵੀ ਸ਼੍ਰੀ ਮਲਕੀਤ ਸਿੰਘ ਔਜਲਾ ਵਲੋਂ ਇਕੱਤਰ ਕੀਤੀ ਗਈ ਜਾਣਕਾਰੀ ਐਤਵਾਰ ਨੂੰ ਪਾਠਕਾਂ ਨਾਲ ਸਾਂਝੀ ਕੀਤੀ ਜਾ ਰਹੀ ਹੈ।

ਪਿੰਡ ਕਾਲੀਬੜ (ਹੁਣ ਸੈਕਟਰ 8 ਹੇਠ)

ਚੰਡੀਗੜ੍ਹ ਵਸਾਉਣ ਉਜਾੜੇ ਗਏੋ ਪੰਜਾਬ ਦੇ 28 ਪਿੰਡਾਂ ਵਿੱਚ ਕਾਲੀਬੜ ਦਾ ਨਾਮ ਵੀ ਸ਼ਾਮਿਲ ਸੀ ਜਿਸ ਨੂੰ 1952 ਵਾਲੇ ਪਹਿਲੇ ਉਠਾਲੇ ਵਿੱਚ ਉਠਾਇਆ ਗਿਆ। ਹੁਣ, ਜੇਕਰ ਸਤਾਰਾਂ ਵਾਲੇ ਬੱਸ ਅੱਡੇ ਤੋਂ ਚੜਦੇ ਪਾਸੇ ਰਾਕ ਗਾਰਡਨ/ਹਾਈਕੋਰਟ ਵੱਲ ਨੂੰ ਜਾਈਏ ਤਾਂ 17/18 ਦੇ ਪ੍ਰੈਸ ਚੌਂਕ ਵਾਲੀਆਂ ਲਾਈਟਾਂ ਟੱਪ ਕੇ ਸੈਕਟਰ 8-9 ਨੂੰ ਵੰਡਦੀ ਸੜਕ ਉੱਤੇ ਅੱਧਾ ਕੁ ਕਿਲੋਮੀਟਰ ਅੱਗੇ ਘੁੱਗ ਵਸਦਾ ਪਿੰਡ ਕਾਲੀਬੜ ਹੁੰਦਾ ਸੀ, ਜਿਹੜਾ ਹੁਣ ਸੈਕਟਰ 8 ਅਤੇ 9 ਦੀਆਂ ਕੋਠੀਆਂ ਹੇਠ ਦੱਬ ਚੁੱਕਾ ਹੈ। ਗੁਰਦੁਆਰਾ ਪਾਤਸ਼ਾਹੀ ਦਸਵੀਂ ਸੈਕਟਰ 8-ਸੀ ਕਿਸੇ ਵੇਲੇ ਕਾਲੀਬੜ ਦੀ ਧਰਮਸ਼ਾਲਾ ਵਿੱਚ ਹੁੰਦਾ ਸੀ। ਭਾਵੇਂ ਗੁਰਦੁਆਰਾ ਕਮੇਟੀ ਦੇ ਪ੍ਰਬੰਧਕਾਂ ਨੇ ਗੁਰਦੁਆਰੇ ਦੇ ਬੋਰਡ ਉਪਰ ਪਿੰਡ ਕਾਲੀਬੜ ਦਾ ਨਾਮ ਨਹੀਂ ਲਿਖਿਆ ਪਰ ਇਤਿਹਾਸ ਗਵਾਹ ਹੈ ਇਥੇ ਕਾਲੀਬੜ ਦੀ ਧਰਮਸ਼ਾਲਾ ਹੁੰਦੀ ਸੀ ਜਿਥੇ ਜੰਝਾਂ ਠਹਿਰਦੀਆਂ ਸਨ। ਜੈਲਦਾਰ ਲਹਿਣਾ ਸਿੰਘ ਅਤੇ ਹੋਰ ਪਿੰਡ ਵਾਸੀਆਂ ਨੇ ਇਸ ਦੀ ਉਪਰਲੀ ਮੰਜਿਲ ਵਿੱਚ ਗੁਰਦੁਆਰਾ ਬਣਾਇਆ ਸੀ। ਇਸ ਗੁਰਦੁਆਰਾ ਸਾਹਿਬ ਦੀ ਇਮਾਰਤ ਬਹੁਤ ਸ਼ਾਨਦਾਰ ਹੈ। ਗੁਰਦੁਆਰਾ ਕਮੇਟੀ ਨੂੰ ਪਿੰਡ ਕਾਲੀਬੜ ਦਾ ਨਾਮ ਜਰੂਰ ਲਿਖਦਾ ਚਾਹੀਦਾ ਹੈ। ਜਿਕਰਯੋਗ ਹੈ ਕਿ ਸ਼੍ਰੋਮਣੀ ਕਮੇਟੀ ਮੈਂਬਰ ਸ੍ਰ. ਹਰਦੀਪ ਸਿੰਘ ਮੋਹਾਲੀ ਦਾ ਪਿੰਡ ਵੀ ਕਾਲੀਬੜ ਹੈ।

*ਗੁਰਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ ਕੋਠੀ ਦੇ ਅੱਗੇ ਕਾਲੀਬੜ ਦਾ ਪੁਰਾਣਾ ਪਿੱਪਲ ਖੜਾ ਹੈ ਜੋ ਸਮੇਂ ਸਮੇਂ ਕੁਹਾੜੀਆਂ ਦੇ ਵਾਰ ਸਹਿ ਸਹਿ ਕੇ ਅਧਰੰਗ ਹੋਏ ਬੰਦੇ ਵਾਂਗ ਹਾਲ ਤੋਂ ਬੇਹਾਲ ਹੋਇਆ ਪਿਆ ਲੇਕਿਨ ਫਿਰ ਵੀ ਆਪਣੀ ਹੋਂਦ ਨੂੰ ਬਰਕਰਾਰ ਰੱਖੀ ਖੜਾ ਹੈ, ਇਸ ਥਾਂ ਤੇ ਪਿੰਡ ਦਾ ਖੇੜਾ ਹੁੰਦਾ ਸੀ। ਗੁਰਦੁਆਰਾ ਸਾਹਿਬ ਦੇ ਸੱਜੇ ਹੱਥ ਜੋ ਮੰਦਰ ਹੈ ਇਸ ਦੇ ਬਾਹਰ ਵੀ ਇੱਕ ਪਿੱਪਲ ਹੈ ਜਿਥੇ ਪਿੰਡ ਦੇ ਪੰਡਤਾਂ ਦੀ ਕੁੜੀ ਪਾਠ ਪੂਜਾ ਕਰਦੀ ਹੁੰਦੀ ਸੀ।

*ਕਾਲੀਬੜ ਇੱਕ ਬੜਾ ਮੰਨਿਆ ਹੋਇਆ ਪਿੰਡ ਸੀ ਜਿਸ ਦਾ ਪਿਛੋਕੜ ਪਟਿਆਲਾ ਜਿਲ੍ਹੇ ਦੇ ਦਿੱਤੂਪੁਰ ਪਿੰਡ ਨਾਲ ਜੁੜਦਾ ਸੀ। ਪਿੰਡ ਵਿੱਚ ਟਿਵਾਣਾ ਅਤੇ ਛੜਾਨ ਗੋਤ ਦੀਆਂ ਦੋ ਪੱਤੀਆਂ ਸਨ ਅਤੇ ਦੋਹਾਂ ਵਿੱਚ ਦੋ ਖੂਹ ਲੱਗੇ ਹੋਏ ਸਨ। ਕਾਲੀਬੜ ਵਿੱਚ ਲਗਭਗ 350 ਘਰ ਸਨ, ਪਿੰਡ ਦੀ ਅਬਾਦੀ ਦੋ ਹਜਾਰ ਦੇ ਕਰੀਬ ਸੀ। ਇਸ ਪਿੰਡ ਵਿੱਚ ਮਿਡਲ ਸਕੂਲ ਹੁੰਦਾ ਸੀ ਜਿਥੇ ਇਲਾਕੇ ਦੇ ਬੱਚੇ ਪੜਨ ਆਉਂਦੇ ਸਨ। ਕਾਲੀਬੜ ਦੇ ਛਿਪਦੇ ਪਾਸੇ ਰੁੜਕੀ ਪੜਾਓ ਸੀ। ਭਾਵੇ ਇਨਾਂ ਦੋਵਾਂ ਪਿੰਡਾਂ ਵਿੱਚ ਦੋ ਕੁ ਮੀਲ ਦਾ ਹੀ ਫਾਸਲਾ ਸੀ ਪਰ ਪੱਤਣ ਦਾ ਬਹੁਤ ਫਰਕ ਸੀ। ਰੁੜਕੀ ਵਿੱਚ ਪਾਣੀ 20 ਕੁ ਫੁੱਟ ਤੇ ਸੀ ਜਦੋਂ ਕਿ ਕਾਲੀਬੜ ਵਿੱਚ 80 ਫੁੱਟ ਤੋਂ ਵੀ ਡੂੰਘਾ ਸੀ। ਪਿੰਡ ਦੀ ਜਮੀਨ ਉਪਜਾਊ ਸੀ, ਜਿਮੀਂਦਾਰਾਂ ਦੇ 40 ਗੱਡੇ ਸਨ। ਕਾਲੀਬੜ ਦੇ ਰੌਣਕ ਸਿੰਘ ਦਾ ਰੱਥ ਇਲਾਕੇ ਵਿੱਚ ਬੜਾ ਮਸ਼ਹੂਰ ਸੀ।

* ਗੁਰਦੁਆਰਾ ਸਾਹਿਬ ਦੇ ਸਾਹਮਣੇ ਸੈਕਟਰ 9 ਦੀਆਂ ਕੋਠੀਆਂ ਤੋਂ ਅੱਗੇ ਚੜਦੇ ਕਮਿਊਨਿਟੀ ਸੈਂਟਰ ਦੇ ਪਿਛੇ ਮੋੜ ਤੇ ਆਰਮੀ ਦਾ ਦਫਤਰ ਹੈ, ਜਿਥੇ ਪੁਰਾਣੇ ਪਿੱਪਲ, ਬਰੋਟੇ ਅੱਜ ਵੀ ਖੜੇ ਹਨ, ਇਸ ਪਾਸੇ ਹੀ ਪਿੰਡ ਦਾ ਟੋਬਾ ਸੀ। ਇਸੇ ਤਰਾਂ ਸੈਕਟਰ 9 ਵਿੱਚ ਕਾਰਮਲ ਕਾਨਵੈਂਟ ਸਕੂਲ ਦੇ ਸਾਹਮਣੇ ਚੜਦੇ ਪਾਸੇ ਬਣੇ ਪਾਰਕ ਦੇ ਵਿੱਚ ਕੋਈ ਢਾਈ ਤਿੰਨ ਸੌ ਸਾਲ ਪੁਰਾਣੇ ਕਾਲੀਬੜ ਦੇ ਵਿਸ਼ਾਲ ਪਿੱਪਲ ਖੜੇ ਹਨ, ਇੱਕ ਦੇ ਥੱਲੇ ਅੰਗਰੇਜੀ ਵਿੱਚ 250 ਸਾਲ ਪੁਰਾਣਾ ਕਾਲੀਬੜ ਦਾ ਪਿੱਪਲ ਲਿਖ ਕੇ ਬੋਰਡ ਵੀ ਲੱਗਿਆ ਹੋਇਆ ਹੈ। ਇਸ ਦੇ ਨੇੜੇ ਹੀ ਕੋਠੀ ਨੰਬਰ 154 ਦੇ ਬਾਹਰ ਕੋਨੇ ਵਿੱਚ ਕੋਈ ਡੇਢ ਦੋ ਸੌ ਸਾਲ ਪੁਰਾਣਾ ਕਾਲੀਬੜ ਦਾ ਪਿੱਪਲ ਉਸੇ ਤਰਾਂ ਖੜਾ ਹੈ। ਕਾਲੀਬੜ ਪਿੰਡ ਦੇ ਚਾਰੇ ਪਾਸੇ ਬਾਹਰੋਂ ਆਉਣ ਵਾਲੇ ਰਸਤਿਆਂ ਤੇ ਚਾਰ ਚਬੂਤਰੇ ਬਣੇ ਹੋਏ ਸਨ ਅਤੇ ਪਿੱਪਲ ਅਤੇ ਬਰੋਟੇ ਲਾਏ ਹੋਏ ਸੀ, ਜਿਥੇ ਪਿੰਡ ਦੀਆਂ ਸੱਥਾਂ ਜੁੜਦੀਆਂ ਸਨ। ਦੂਰੋ ਖੜ ਕੇ ਜੇਕਰ ਇਹਨਾਂ ਪਿੱਪਲ ਬਰੋਟਿਆਂ ਨੂੰ ਤੱਕੀਏ ਤਾਂ ਇੰਜ ਲਗਦਾ ਹੈ ਜਿਵੇਂ ਇਹਨਾਂ ਨੂੰ ਅੱਜ ਵੀ ਉਜਾੜੇ ਗਏ ਕਾਲੀਬੜੀਆਂ ਦੇ ਮੁੜ ਪਰਤਣ ਦੀ ਉਮੀਦ ਹੋਵੇ।

*ਜਿਸ ਸਮੇਂ ਕਾਲੀਬੜ ਦਾ ਉਜਾੜਾ ਕੀਤਾ ਗਿਆ ੳਸ ਸਮੇਂ ਪਿੰਡ ਦਾ ਚੌਂਕੀਦਾਰ ਮੌਲਾ ਤੇਲੀ ਸੀ ਅਤੇ ਪਟਵਾਰੀ ਕੁਰਾਲੀ ਵਾਲਾ ਕਰਤਾ ਰਾਮ ਸੀ। ਪਿੰਡ ਵਿੱਚ ਰੁਲੀਆ ਹਕੀਮ ਹੁੰਦਾ ਸੀ। ਸੌਣ ਸਿੰਘ ਨੇ 30 ਸਾਲ ਇਸ ਪਿੰਡ ਦੀ ਸਰਪੰਚੀ ਕੀਤੀ। ਰਣ ਸਿੰਘ ਪਿੰਡ ਵਿੱਚ ਡਾਕਟਰ ਹੁੰਦਾ ਸੀ। ਕਾਲੀਬੜ ਦੇ ਵਸਨੀਕਾਂ ਨੇ 1914 ਅਤੇ 1942 ਦੀਆਂ ਜੰਗਾਂ ਵਿੱਚ ਹਿੱਸਾ ਲਿਆ ਅਤੇ ਸ੍ਰ. ਹਜੂਰਾ ਸਿੰਘ ਨੂੰ ਬਹਾਦਰੀ ਦਾ ਪੁਰਸਕਾਰ ਵਿਕਟੋਰੀਆ ਕਰਾਸ ਵੀ ਮਿਲਿਆ ਹੋਇਆ ਸੀ। ਰਣ ਸਿੰਘ, ਉਤਮ ਸਿੰਘ, ਰਤਨ ਸਿੰਘ ਅਤੇ ਉਜਾਗਰ ਸਿੰਘ ਪਿੰਡ ਦੇ ਨੰਬਰਦਾਰ ਸਨ। ਕਾਲੀਬੜ ਦੀ ਉਪਰਲੀ ਹੱਦ ਹਾਈਕੋਰਟ ਤੱਕ ਲਗਦੀ ਸੀ। ਕੁੱਲ ਮਿਲਾ ਕੇ ਕਾਲੀਬੜ ਦਾ ਇਲਾਕੇ ਵਿੱਚ ਪੂਰਾ ਦਬਦਬਾ ਸੀ ਪਰ ਚੰਡੀਗੜ ਵਸਾਉਣ ਲਈ ਚੱਲੇ ਬਲਡੋਜਰ ਤੋਂ ਕਾਲੀਬੜ ਆਪਣੇ ਆਪ ਨੂੰ ਨਾ ਬਚਾ ਸਕਿਆ।

*ਚੰਡੀਗੜ੍ਹ ਲਈ ਕੁਰਬਾਨੀ ਕਰ ਚੁੱਕੇ ਪਿੰਡ ਕਾਲੀਬੜ ਦੀ ਯਾਦ ਵਿੱਚ ਸੈਕਟਰ 8-9-17-18 ਵਾਲੇ ਪ੍ਰੈਸ ਚੌਂਕ ਦਾ ਨਾਂ ਕਾਲੀਬੜ ਚੌਂਕ ਅਤੇ ਸੈਕਟਰ 8-9 ਨੁੰ ਵੰਡਦੀ ਸੜਕ ਦਾ ਨਾਮ ਕਾਲੀਬੜ ਰੋਡ ਰੱਖਣ ਬਾਰੇ ਚੰਡੀਗੜ ਪ੍ਰਸ਼ਾਸ਼ਨ ਨੂੰ ਲੋਕ ਹਿੱਤ ਵਿੱਚ ਫੈਸਲਾ ਲੈਣਾ ਚਾਹੀਦਾ ਹੈ ਤਾਂ ਜੋ ਆਉਣ ਵਾਲੀਆਂ ਪੀੜੀਆਂ ਨੂੰ ਜਾਣਕਾਰੀ ਮਿਲਦੀ ਰਹੇ। ਇਸ ਤੋਂ ਇਲਾਵਾ ਗੁਰਦੁਆਰਾ ਕਮੇਟੀ ਨੂੰ ਵੀ ਪਿੰਡ ਦਾ ਇਤਹਾਸ ਲਿਖ ਕੇ ਬਾਹਰ ਬੋਰਡ ਲਗਾਉਣਾ ਚਾਹੀਦਾ ਹੈ।

ਲੇਖਕ: ਮਲਕੀਤ ਸਿੰਘ ਔਜਲਾ

ਪਿੰਡ ਮੁੱਲਾਂਪੁਰ ਗਰੀਬਦਾਸ

ਮੋਬਾਈਲ: 9914992424

Check Also

ਕੂਕਿਆਂ ਦੀ ਕੁਰਬਾਨੀ :ਤਿਕੋਨਾ ਝੰਡਾ ਝੁਲਾ ਕੇ ਅੰਗਰੇਜ਼ਾਂ ਖਿਲਾਫ ਅਸਹਿਯੋਗ ਦੀ ਨੀਤੀ ਸ਼ੁਰੂ ਕਰਨ ਵਾਲੇ ਯੋਧੇ

-ਅਵਤਾਰ ਸਿੰਘ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਅੰਗਰੇਜ਼ਾਂ ਨੇ ਸਿੱਖ ਫੌਜਾਂ ਨੂੰ ਹਰਾ …

Leave a Reply

Your email address will not be published. Required fields are marked *