ਹੁਸ਼ਿਆਰਪੁਰ: ਹੋਸ਼ਿਆਰਪੁਰ ਦੇ ਖੁਰਾਲਗੜ੍ਹ ਇਲਾਕੇ ਦੇ ਜੰਗਲ ਵਿੱਚ ਸੂਟਕੇਸ ਵਿਚੋਂ ਮਿਲੀ 16 ਸਾਲਾ ਲੜਕੀ ਦੀ ਸੜੀ ਹੋਈ ਮ੍ਰਿਤਕ ਦੇਹ ਮਿਲਣ ਮਾਮਲੇ ਵਿੱਚ ਪੁਲਿਸ ਨੇ ਵੱਡਾ ਖੁਲਾਸਾ ਕੀਤਾ ਹੈ। ਜਾਂਚ ਦੌਰਾਨ ਸਾਹਮਣੇ ਆਇਆ ਕਿ ਇਸ ਕਤਲ ਨੂੰ ਲੜਕੀ ਦੀ ਮਾਂ ਦੇ ਲਿਵ-ਇਨ ਪਾਰਟਨਰ ਨੇ ਅੰਜਾਮ ਦਿੱਤਾ ਸੀ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ ਨੇ ਪੁੱਛਗਿੱਛ ਦੌਰਾਨ ਆਪਣਾ ਜੁਰਮ ਕਬੂਲ ਵੀ ਕਰ ਲਿਆ ਹੈ।
ਸ਼ੁੱਕਰਵਾਰ 5 ਜੂਨ ਨੂੰ ਖੁਰਾਲਗੜ੍ਹ ਦੇ ਜੰਗਲ ਵਿੱਚ ਇੱਕ ਸੂਟਕੇਸ ਵਿਚੋਂ ਬੁਰੀ ਤਰ੍ਹਾਂ ਸੜੀ ਹੋਈ ਦੇਹ ਬਰਾਮਦ ਹੋਈ ਸੀ। ਦੇਹ ਇੰਨੀ ਜ਼ਿਆਦਾ ਸੜ ਚੁੱਕੀ ਸੀ ਕਿ ਸਿਰਫ਼ ਹੱਡੀਆਂ ਹੀ ਬਾਕੀ ਰਹਿ ਗਈਆਂ ਸਨ। ਸੂਚਨਾ ਮਿਲਣ ‘ਤੇ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ।
ਗੁੰਮਸ਼ੁਦਗੀ ਦੀ ਸ਼ਿਕਾਇਤ ਤੋਂ ਖੁੱਲ੍ਹਿਆ ਕਤਲ ਦਾ ਭੇਤ
ਮ੍ਰਿਤਕਾ ਦੀ ਮਾਂ ਊਸ਼ਾ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੀ ਧੀ ਰਾਧਿਕਾ ਨੂੰ ਕੋਈ ਨੌਜਵਾਨ ਆਪਣੇ ਨਾਲ ਲੈ ਗਿਆ ਹੈ। ਰਾਧਿਕਾ 10ਵੀਂ ਜਮਾਤ ਦੀ ਵਿਦਿਆਰਥਣ ਸੀ। ਇਸ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਅਤੇ ਸ਼ੱਕੀ ਨੌਜਵਾਨਾਂ ਤੋਂ ਪੁੱਛਗਿੱਛ ਕੀਤੀ।
ਜਾਂਚ ਦੌਰਾਨ ਪਤਾ ਲੱਗਿਆ ਕਿ ਐਸਬੀਐਸ ਨਗਰ ਦੇ ਪਿੰਡ ਜਾਡਲੀ ਦਾ ਰਹਿਣ ਵਾਲਾ 23 ਸਾਲਾ ਗੁਰਵਿੰਦਰ ਸਿੰਘ ਪਿਛਲੇ ਦੋ ਸਾਲਾਂ ਤੋਂ ਰਾਧਿਕਾ ਦੀ ਮਾਂ ਨਾਲ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਰਹਿ ਰਿਹਾ ਸੀ। ਮਹਿਲਾ ਦੀ ਉਮਰ ਲਗਭਗ 32 ਸਾਲ ਦੱਸੀ ਗਈ ਹੈ ਅਤੇ ਉਹ ਤਲਾਕਸ਼ੁਦਾ ਹੈ। ਪੁਲਿਸ ਮੁਤਾਬਕ ਗੁਰਵਿੰਦਰ ਦੁਬਈ ਤੋਂ ਵਾਪਸ ਆਉਣ ਮਗਰੋਂ ਮਹਿਲਾ ਦੇ ਸੰਪਰਕ ਵਿੱਚ ਆਇਆ ਸੀ ਅਤੇ ਦੋਵੇਂ ਨਵਾਂਸ਼ਹਿਰ ਵਿੱਚ ਕਿਰਾਏ ਦੇ ਮਕਾਨ ਵਿੱਚ ਇਕੱਠੇ ਰਹਿ ਰਹੇ ਸਨ।
ਪਹਿਲਾਂ ਗਲਾ ਘੁੱਟਿਆ, ਫਿਰ ਲਾਸ਼ ਨੂੰ ਅੱਗ ਲਗਾ ਦਿੱਤੀ
ਪੁਲਿਸ ਦੇ ਅਨੁਸਾਰ ਮੁਲਜ਼ਮ ਨੂੰ ਲੜਕੀ ਦਾ ਲੜਕਿਆਂ ਨਾਲ ਮਿਲਣਾ-ਜੁਲਣਾ ਪਸੰਦ ਨਹੀਂ ਸੀ ਅਤੇ ਉਹ ਅਕਸਰ ਉਸ ਨੂੰ ਇਸ ਗੱਲ ਲਈ ਟੋਕਦਾ ਸੀ। ਪੁੱਛਗਿੱਛ ਦੌਰਾਨ ਮੁਲਜ਼ਮ ਨੇ ਦੱਸਿਆ ਕਿ ਲੜਕੀ ਉਸ ਨੂੰ ਧਮਕੀ ਦਿੰਦੀ ਸੀ ਕਿ ਉਹ ਉਸ ਅਤੇ ਆਪਣੀ ਮਾਂ ਦੇ ਰਿਸ਼ਤੇ ਬਾਰੇ ਸਭ ਨੂੰ ਦੱਸ ਦੇਵੇਗੀ।
ਜਾਂਚ ਵਿੱਚ ਸਾਹਮਣੇ ਆਇਆ ਕਿ 29 ਮਈ ਨੂੰ ਉਸ ਨੇ ਪਹਿਲਾਂ ਆਪਣੀ ਲਿਵ-ਇਨ ਪਾਰਟਨਰ ਨੂੰ ਰਾਹੋਂ ਜਾਣ ਵਾਲੀ ਬੱਸ ਵਿੱਚ ਬਿਠਾਇਆ ਅਤੇ ਫਿਰ ਕਿਰਾਏ ਦੇ ਕਮਰੇ ਵਿੱਚ ਵਾਪਸ ਆ ਗਿਆ। ਪੁਲਿਸ ਦਾ ਕਹਿਣਾ ਹੈ ਕਿ ਉਹ ਪਹਿਲਾਂ ਹੀ ਕਤਲ ਦੀ ਯੋਜਨਾ ਬਣਾ ਚੁੱਕਾ ਸੀ। ਉਸ ਨੇ ਕਮਰੇ ਵਿੱਚ ਰਾਧਿਕਾ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਇਸ ਤੋਂ ਬਾਅਦ ਲਾਸ਼ ਨੂੰ ਸੂਟਕੇਸ ਵਿੱਚ ਪੈਕ ਕੀਤਾ ਅਤੇ ਹਨੇਰਾ ਹੋਣ ‘ਤੇ ਮੋਟਰਸਾਈਕਲ ‘ਤੇ ਲੈ ਕੇ ਖੁਰਾਲਗੜ੍ਹ ਦੇ ਜੰਗਲ ਵਿੱਚ ਪਹੁੰਚ ਗਿਆ। ਉੱਥੇ ਉਸ ਨੇ ਪਛਾਣ ਮਿਟਾਉਣ ਦੇ ਇਰਾਦੇ ਨਾਲ ਸੂਟਕੇਸ ਸਮੇਤ ਲਾਸ਼ ‘ਤੇ ਤੇਲ ਪਾ ਕੇ ਅੱਗ ਲਗਾ ਦਿੱਤੀ।

