ਕਿਸਾਨਾਂ ਨੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦਾ ਕੀਤਾ ਘੇਰਾਓ, ਸੋਮ ਪ੍ਰਕਾਸ਼- ਗੋ ਬੈਕ’ ਦੇ ਲਗਾਏ ਨਾਅਰੇ

TeamGlobalPunjab
2 Min Read

ਹੁਸ਼ਿਆਰਪੁਰ : ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਕਾਲੇ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਲਈ ਸੰਯੁਕਤ ਕਿਸਾਨ ਮੋਰਚਾ ਵੱਲੋਂ ਦਿੱਤੇ ਗਏ ਸੱਦੇ ‘ਤੇ ਹਰ ਜਗ੍ਹਾ ਭਾਜਪਾ ਦੇ ਆਗੂਆਂ ਦਾ ਵਿਰੋਧ ਹੋ ਰਿਹਾ ਹੈ। ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਭਾਜਪਾ ਆਗੂਆਂ ਦੇ ਘਰ ਦੇ ਬਾਹਰ ਧਰਨੇ ਲਗਾਏ ਜਾ ਰਹੇ ਹਨ ਤੇ ਉਨ੍ਹਾਂ ਖਿਲਾਫ ਨਾਅਰੇਬਾਜ਼ੀ  ਕੀਤੀ ਜਾ ਰਹੀ ਹੈ।

ਮਾਮਲਾ ਹੁਸ਼ਿਆਰਪੁਰ ਦੇ ਛੱਬੇਵਾਲ ਦਾ ਹੈ। ਕਿਸਾਨਾਂ ਨੇ  ਹੁਸ਼ਿਆਰਪੁਰ ਵਿੱਚ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੂੰ ਕਾਲੇ ਝੰਡੇ ਦਿਖਾਏ ਤੇ ‘ਸੋਮ ਪ੍ਰਕਾਸ਼ ਗੋ ਬੈਕ’, ‘ਕਾਲੇ ਖੇਤੀ ਕਾਨੂੰਨ ਵਾਪਸ ਲਓ’ ਦੇ ਨਾਅਰੇ ਲਗਾਏ । ਇਸ ਦੌਰਾਨ ਭਾਰੀ ਪੁਲਿਸ ਫੋਰਸ ਮੌਜੂਦ ਸੀ। ਵੱਖ-ਵੱਖ ਕਿਸਾਨ ਜੱਥੇਬੰਦੀਆਂ ਨੇ ਕੇਂਦਰ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦਿਆਂ ਪ੍ਰਦਰਸ਼ਨ ਕੀਤਾ ਅਤੇ ਪੁਤਲੇ ਸਾੜੇ। ਸੋਮ ਪ੍ਰਕਾਸ਼ ਪ੍ਰੈਸ ਕਾਨਫਰੰਸ ਕਰਨ ਲਈ ਲੋਕ ਨਿਰਮਾਣ ਵਿਭਾਗ ਦੇ ਰੈਸਟ ਹਾਊਸ ਪਹੁੰਚੇ ਸਨ। ਜਦੋਂ ਕਿਸਾਨਾਂ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਹ ਵਿਰੋਧ ਕਰਨ ਲਈ ਪਹੁੰਚ ਗਏ। ਸਵੇਰ ਸਾਰ ਆਏ ਤੇਜ਼ ਹਨੇਰੀ ਤੇ ਝੱਖੜ ਦੇ ਬਾਵਜੂਦ ਮੌਕੇ ‘ਤੇ ਜਦੋਂ ਕਿਸਾਨ ਧਿਰਾਂ ਇਕੱਠੀਆਂ ਹੋ ਰਹੀਆਂ ਸਨ ਉਸੇ ਸਮੇਂ ਮੰਤਰੀ ਦੇ ਆਉਣ ਦਾ ਪਤਾ ਲੱਗਣ ‘ਤੇ ਥਾਣਾ ਸਦਰ ਦੇ ਚੌਕ ਵਿਚ ਕਾਲੀਆਂ ਝੰਡੀਆਂ ਨਾਲ ਜ਼ੋਰਦਾਰ ਵਿਰੋਧ ਕਰ ਕੇ ਮੰਤਰੀ ਦੇ ਕਾਫ਼ਲੇ ਨੂੰ ਰੋਕਣ ਦਾ ਯਤਨ ਕੀਤਾ ਗਿਆ। ਤੁਰੰਤ ਹੀ ਕਿਸਾਨਾਂ ਨੇ ਮੰਤਰੀ ਦੀ ਅਰਥੀ ਬਣਾ ਕੇ ਪੁਲਿਸ ਦੀਆਂ ਰੋਕਾਂ ਤੋੜ ਕੇ ਅੱਗੇ ਵਧਦਿਆਂ ਪੀਡਬਲਿਊਡੀ ਰੈਸਟ ਹਾਊਸ ਵੱਲ ਨੂੰ ਮਾਰਚ ਕੀਤਾ। ਰਸਤੇ ‘ਚ ਵੱਡੀ ਗਿਣਤੀ ਪੁਲਿਸ ਨੇ ਬੱਸਾਂ ਤੇ ਬੈਰੀਕੇਡ ਲਗਾ ਕੇ ਰੋਸ ਮਾਰਚ ਕਰਦੇ ਕਿਸਾਨਾਂ ਨੂੰ ਰੋਕ ਲਿਆ।

ਕਿਸਾਨ ਜਥੇਬੰਦੀਆਂ ਵੱਲੋਂ ਪਿਛਲੇ ਲਗਭਗ 6 ਮਹੀਨਿਆਂ ਤੋਂ ਵੱਧ ਦੇ ਸਮੇਂ ਤੋਂ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਪਰ ਕੇਂਦਰ ਵੱਲੋਂ ਅਜੇ ਤੱਕ ਇਸ ਦਾ ਕੋਈ ਹੱਲ ਨਹੀਂ ਕੀਤਾ ਗਿਆ।

- Advertisement -

 

Share this Article
Leave a comment