ਹਾਂਗਕਾਂਗ : ਚੀਨ ਨੇ ਨਵੇਂ ਰਾਸ਼ਟਰੀ ਸੁਰੱਖਿਆ ਕਾਨੂੰਨ ਤਹਿਤ ਹਾਂਗਕਾਂਗ ਮੀਡੀਆ ਟਾਈਕੂਨ ਜਿੰਮੀ ਲਾਈ ਨੂੰ ਕੀਤਾ ਗ੍ਰਿਫਤਾਰ

TeamGlobalPunjab
2 Min Read

ਹਾਂਗਕਾਂਗ : ਚੀਨ ਵੱਲੋਂ ਹਾਂਗਕਾਂਗ ‘ਚ ਲਾਗੂ ਕੀਤੇ ਗਏ ਨਵੇਂ ਸੁਰੱਖਿਆ ਕਾਨੂੰੰਨ ਤਹਿਤ ਲੋਕਤੰਤਰ ਦੀ ਅਵਾਜ਼ ਉਠਾਉਣ ਵਾਲੇ ਲੋਕਾਂ ਖਿਲਾਫ ਧੱਕੇਸ਼ਾਹੀ ਵੱਧਦੀ ਹੀ ਜਾ ਰਹੀ ਹੈ। ਇਸ ਕੜੀ ਦੇ ਤਹਿਤ ਚੀਨ ਨੇ ਹਾਂਗਕਾਂਗ ਮੀਡੀਆ ਟਾਈਕੂਨ ਜਿੰਮੀ ਲਾਈ ਨੂੰ ਨਵੇਂ ਰਾਸ਼ਟਰੀ ਸੁਰੱਖਿਆ ਕਾਨੂੰਨ ਤਹਿਤ ਗ੍ਰਿਫਤਾਰ ਕੀਤਾ ਹੈ। ਜਿੰਮੀ ਲਾਈ ਦੇ ਸਹਿਯੋਗੀ ਨੇ ਕਿਹਾ ਕਿ ਲਾਈ ਨੂੰ ਸੋਮਵਾਰ ਦੀ ਸਵੇਰ ਨੂੰ ਵਿਦੇਸ਼ੀ ਸ਼ਕਤੀਆਂ ਦੇ ਮਿਲੀਭੁਗਤ ਦੇ ਸ਼ੱਕ ‘ਤੇ ਗ੍ਰਿਫਤਾਰ ਕੀਤਾ ਗਿਆ ਹੈ।

ਹਾਂਗਕਾਂਗ ਦੀਆਂ ਮੀਡੀਆ ਕੰਪਨੀਆ ਨੈਕਸਟ ਡਿਜੀਟਲ ਅਤੇ ਐਪਲ ਡੇਲੀ ਦੇ ਮਾਲਕ ਜਿੰਮੀ ਲਾਈ ਹਾਂਗਕਾਂਗ ਦੀ ਰਾਜਨੀਤੀ ‘ਚ ਲੋਕਤੰਤਰ ਦੇ ਇੱਕ ਵੱਡੇ ਸਮਰਥਕ ਮੰਨੇ ਜਾਂਦੇ ਹਨ। ਜਿੰਮੀ ਲਾਈ ਆਪਣੇ ਪੇਪਰ ਰਾਹੀਂ ਲੋਕਤੰਤਰ ਦੀ ਆਵਾਜ਼ ਬੁਲੰਦ ਕਰਦੇ ਆਏ ਹਨ। ਉਨ੍ਹਾਂ ਨੇ ਕਈ ਵਾਰ ਚੀਨੀ ਸਰਕਾਰ ਦੇ ਖਿਲਾਫ ਵੀ ਪੇਪਰ ‘ਚ ਛਾਪਿਆ ਹੈ। ਇਸ ਦੇ ਨਾਲ ਉਹ ਲੋਕਾਂ ਨੂੰ ਪੇਪਰ ਰਾਹੀਂ ਪ੍ਰਦਰਸ਼ਨਾਂ ‘ਚ ਹਿੱਸਾ ਲੈਣ ਲਈ ਵੀ ਪ੍ਰੇਰਿਤ ਕਰਦੇ ਰਹਿੰਦੇ ਹਨ।

ਮਿਲੀ ਜਾਣਕਾਰੀ ਅਨੁਸਾਰ ਚੀਨ ਨੇ ਲਾਈ ਦੇ ਦੋ ਪੁੱਤਰਾਂ, ਐਪਲ ਡੇਲੀ ਦੇ ਸੀਨੀਅਰ ਕਾਰਜਕਾਰੀ ਐਗਜ਼ੂਕੇਟਿਵ ਚੇਂਗ ਕਿਮ-ਹੁੰਮ ਅਤੇ ਚੀਫ ਫਾਇਨੈਨਸ਼ੀਅਲ ਅਧਿਕਾਰੀ ਚਾਉ ਟੈਟ-ਕਿਯੂਨ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਸਾਰਿਆਂ ਉੱਤੇ ਦੇਸ਼ਧ੍ਰੋਹ ਅਤੇ ਧੋਖਾਧੜੀ ਦਾ ਦੋਸ਼ ਲਗਾਇਆ ਗਿਆ ਹੈ।

ਦੱਸ ਦਈਏ ਕਿ ਚੀਨ ਦੇ ਨਵੇਂ ਸੁਰੱਖਿਆ ਕਾਨੂੰਨ ਹੇਠ ਹਾਂਗ ਕਾਂਗ ਵਿੱਚ ਦੇਸ਼ ਧ੍ਰੋਹ, ਅੱਤਵਾਦ, ਵਿਦੇਸ਼ੀ ਦਖਲਅੰਦਾਜ਼ੀ ਅਤੇ ਵਿਰੋਧ ਪ੍ਰਦਰਸ਼ਨ ਵਰਗੀਆਂ ਗਤੀਵਿਧੀਆਂ ਨੂੰ ਰੋਕਣ ਦੀ ਵਿਵਸਥਾ ਕੀਤੀ ਗਈ ਹੈ। ਇਸ ਕਾਨੂੰਨ ਦੇ ਤਹਿਤ ਚੀਨੀ ਸੁਰੱਖਿਆ ਏਜੰਸੀਆਂ ਹਾਂਗਕਾਂਗ ਵਿਚ ਕੰਮ ਕਰ ਸਕਦੀਆਂ ਹਨ ਜਦ ਕਿ ਪਹਿਲਾਂ ਚੀਨੀ ਏਜੰਸੀਆਂ ਕੋਲ ਇਹ ਅਧਿਕਾਰ ਨਹੀਂ ਸੀ। ਇਸ ਕਾਨੂੰਨ ਦੇ ਤਹਿਤ ਹਾਂਗ ਕਾਂਗ ਵਿਚ ਚੀਨ ਖਿਲਾਫ ਪ੍ਰਦਰਸ਼ਨ ਕਰਨਾ ਵੀ ਦੇਸ਼ਧ੍ਰੋਹੀ ਮੰਨਿਆ ਗਿਆ ਹੈ। ਅਮਰੀਕਾ ਸਮੇਤ ਕਈ ਮਨੁੱਖੀ ਅਧਿਕਾਰ ਸੰਗਠਨਾਂ ਅਤੇ ਅੰਤਰਰਾਸ਼ਟਰੀ ਸਰਕਾਰਾਂ ਨੇ ਵੀ ਇਸ ਕਾਨੂੰਨ ਦਾ ਵਿਰੋਧ ਕੀਤਾ ਹੈ।

- Advertisement -

Share this Article
Leave a comment