ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਪਾਰਟੀ ਵਰਕਰਾਂ ਨਾਲ ਕੀਤੀ ਮੀਟਿੰਗ; ਆਗਾਮੀ ਲੋਕ ਸਭਾ ਚੋਣਾਂ ਲਈ ਜ਼ਿੰਮੇਵਾਰੀਆਂ ਤੈਅ ਕੀਤੀਆਂ ਗਈਆਂ

Prabhjot Kaur
3 Min Read

ਨਵਾਂਸ਼ਹਿਰ: ਆਗਾਮੀ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਸਬੰਧੀ ਪਾਰਟੀ ਵਰਕਰਾਂ ਦੀ ਮੀਟਿੰਗ ਸਾਬਕਾ ਵਿਧਾਇਕ ਅੰਗਦ ਸਿੰਘ ਦੇ ਗ੍ਰਹਿ ਵਿਖੇ ਹੋਈ, ਜਿਸ ਵਿਚ ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਲੋਕ ਹਿੱਤ ਵਿੱਚ ਕਾਂਗਰਸ ਪਾਰਟੀ ਦੀ ਨੀਤੀਆਂ ਨੂੰ ਲੋਕਾਂ ਚ ਲਿਜਾਣ ਅਤੇ ਕੇਂਦਰ ਦੀ ਭਾਜਪਾ ਅਗਵਾਈ ਵਾਲੀ ਮੋਦੀ ਸਰਕਾਰ ਦੇ ਝੂਠੇ ਦਾਅਵਿਆਂ ਤੇ ਵਾਅਦਿਆਂ ਦੀ ਪੋਲ ਖੋਲਣ ਲਈ ਵਰਕਰਾਂ ਦੀਆਂ ਜਿੰਮੇਵਾਰੀਆਂ ਤੈਅ ਕੀਤੀਆਂ।

ਸੰਸਦ ਮੈਂਬਰ ਨੇ ਕਿਹਾ ਕਿ ਮੋਦੀ ਸਰਕਾਰ ਦੀਆਂ ਤਾਨਾਸ਼ਾਹੀ ਅਤੇ ਲੋਕ ਵਿਰੋਧੀ ਨੀਤੀਆਂ ਤੋਂ ਦੁਖੀ ਲੋਕ ਕਾਂਗਰਸ ਵੱਲ ਆਸ ਨਾਲ ਦੇਖ ਰਹੇ ਹਨ ਅਤੇ ਇਹ ਸਾਡੀ ਜ਼ਿੰਮੇਵਾਰੀ ਹੈ ਕਿ ਦੇਸ਼ ਨੂੰ ਬਚਾਉਣ ਲਈ ਪਾਰਟੀ ਦੇ ਵਰਕਰ ਹਰ ਘਰ ਤੱਕ ਪਹੁੰਚਣ। ਸੰਸਦ ਮੈਂਬਰ ਨੇ ਕਿਹਾ ਕਿ ਕਾਂਗਰਸ ਸਿਰਫ਼ ਦਾਅਵੇ ਹੀ ਨਹੀਂ ਕਰਦੀ, ਸਗੋਂ ਵਾਅਦੇ ਪੂਰੇ ਕਰਨ ਦੀ ਗਾਰੰਟੀ ਦਿੰਦੀ ਹੈ।

ਇਸ ਦਿਸ਼ਾ ‘ਚ, ਕੇਂਦਰ ‘ਚ ਕਾਂਗਰਸ ਦੀ ਸਰਕਾਰ ਬਣਨ ‘ਤੇ ਗਰੀਬ ਪਰਿਵਾਰ ਦੀ ਇਕ ਔਰਤ ਨੂੰ 1 ਲੱਖ ਰੁਪਏ ਦੀ ਸਾਲਾਨਾ ਸਹਾਇਤਾ ਦਿੱਤੀ ਜਾਵੇਗੀ; ਕੇਂਦਰ ਸਰਕਾਰ ਦੀਆਂ ਨਵੀਆਂ ਨਿਯੁਕਤੀਆਂ ਵਿੱਚ ਔਰਤਾਂ ਨੂੰ 50 ਫੀਸਦੀ ਰਾਖਵਾਂਕਰਨ ਮਿਲੇਗਾ; ਆਂਗਣਵਾੜੀ, ਆਸ਼ਾ ਅਤੇ ਮਿਡ-ਡੇ-ਮੀਲ ਵਰਕਰਾਂ ਦੀ ਮਹੀਨਾਵਾਰ ਤਨਖਾਹ ਵਿੱਚ ਕੇਂਦਰ ਸਰਕਾਰ ਦਾ ਯੋਗਦਾਨ ਦੁੱਗਣਾ ਕੀਤਾ ਜਾਵੇਗਾ; ਔਰਤਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਪ੍ਰਤੀ ਜਾਗਰੂਕ ਕਰਨ ਅਤੇ ਲੋੜੀਂਦੀ ਸਹਾਇਤਾ ਪ੍ਰਦਾਨ ਕਰਨ ਲਈ ਹਰ ਪੰਚਾਇਤ ਵਿੱਚ ਇੱਕ ਕਾਨੂੰਨੀ ਸਹਾਇਕ ਨਿਯੁਕਤ ਕੀਤਾ ਜਾਵੇਗਾ ਅਤੇ ਜ਼ਿਲ੍ਹਾ ਹੈੱਡਕੁਆਰਟਰ ਵਿੱਚ ਕੰਮਕਾਜੀ ਔਰਤਾਂ ਲਈ ਘੱਟੋ-ਘੱਟ ਇੱਕ ਹੋਸਟਲ ਬਣਾਇਆ ਜਾਵੇਗਾ ਅਤੇ ਦੇਸ਼ ਭਰ ਵਿੱਚ ਇਨ੍ਹਾਂ ਹੋਸਟਲਾਂ ਦੀ ਗਿਣਤੀ ਦੁੱਗਣੀ ਕੀਤੀ ਜਾਵੇਗੀ। ਉਨ੍ਹਾਂ ਮਨਰੇਗਾ ਸਕੀਮ ਤਹਿਤ ਸਾਲ ਵਿੱਚ 365 ਦਿਨ ਰੁਜ਼ਗਾਰ ਦੇਣ ਦੇ ਨਾਲ-ਨਾਲ ਦਿਹਾੜੀ ਦੀ ਦਰ ਵਿੱਚ ਵਾਧਾ ਕਰਨ ਦਾ ਵਾਅਦਾ ਵੀ ਦੁਹਰਾਇਆ।

ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਦਿਆਂ ਸੰਸਦ ਮੈਂਬਰ ਨੇ ਕਿਹਾ ਕਿ ਕਿਸਾਨ ਘੱਟੋ-ਘੱਟ ਸਮਰਥਨ ਮੁੱਲ ਦੀ ਗਰੰਟੀ ਲਈ ਹਰਿਆਣਾ ਦੀਆਂ ਸਰਹੱਦਾਂ ’ਤੇ ਸੰਘਰਸ਼ ਕਰ ਰਹੇ ਹਨ। ਇਸੇ ਤਰ੍ਹਾਂ, ਕਿਸਾਨ ਵੀ ਕਿਸਾਨ ਮਹਾਂਪੰਚਾਇਤ ਰਾਹੀਂ ਅਗਲੀ ਰਣਨੀਤੀ ਤੈਅ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਕੇਂਦਰ ਦੀ ਭਾਜਪਾ ਸਰਕਾਰ ਨੇ ਇਹ ਕਦਮ ਚੁੱਕਣ ਲਈ ਮਜਬੂਰ ਕੀਤਾ ਹੈ। ਇੱਥੋਂ ਤੱਕ ਕਿ ਕਈ ਕਿਸਾਨਾਂ ਨੂੰ ਦਿੱਲੀ ਜਾਂਦੇ ਸਮੇਂ ਰੋਕ ਲਿਆ ਗਿਆ ਹੈ। ਕਾਂਗਰਸ ਪਹਿਲਾਂ ਵੀ ਸੰਸਦ ਤੋਂ ਲੈ ਕੇ ਸੜਕਾਂ ਤੱਕ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਉਠਾਉਂਦੀ ਰਹੀ ਹੈ ਅਤੇ ਅੱਗੇ ਵੀ ਉਠਾਉਂਦੀ ਰਹੇਗੀ।

- Advertisement -

ਇਸ ਤੋਂ ਪਹਿਲਾਂ, ਉਨ੍ਹਾਂ ਨੇ ਪਿੰਡ ਬੇਗਮਪੁਰ ਜਨਤਕ ਮੀਟਿੰਗ ਨੂੰ ਵੀ ਸੰਬੋਧਨ ਕੀਤਾ। ਸੰਸਦ ਮੈਂਬਰ ਨੇ ਕਿਹਾ ਕਿ ਲੋਕ ਸਭਾ ਹਲਕੇ ਦਾ ਸਰਬਪੱਖੀ ਵਿਕਾਸ ਉਨ੍ਹਾਂ ਦੀ ਤਰਜੀਹ ਹੈ ਅਤੇ ਲੋਕ ਹਿੱਤ ਵਿੱਚ ਉਨ੍ਹਾਂ ਦੇ ਯਤਨ ਹਮੇਸ਼ਾ ਜਾਰੀ ਰਹਿਣਗੇ।

Share this Article
Leave a comment