ਨਗਾਰਿਆਂ ਦੀ ਚੋਟ ਅਤੇ ਜੈਕਾਰਿਆਂ ਦੀ ਗੂੰਜ ਨਾਲ ਆਰੰਭ ਹੋਇਆ ਹੋਲਾ ਮਹੱਲਾ

TeamGlobalPunjab
2 Min Read

ਸ੍ਰੀ ਅਨੰਦਪੁਰ ਸਾਹਿਬ: ਖ਼ਾਲਸਾਈ ਜਾਹੋ ਜਲਾਲ ਦਾ ਪ੍ਰਤੀਕ ਹੋਲਾ ਮਹੱਲਾ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਖ਼ਾਲਸਾ ਪੰਥ ਦੇ ਪ੍ਰਗਟ ਅਸਥਾਨ ਸ੍ਰੀ ਆਨੰਦਪੁਰ ਸਾਹਿਬ ਵਿਖੇ ਸ਼ਰਧਾ ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਹੋਲੇ ਮਹੱਲੇ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਆਪਕ ਪ੍ਰਬੰਧ ਕੀਤੇ ਜਾ ਰਹੇ ਨੇ ਜਥੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਨੂੰ ਬੇਹੱਦ ਖ਼ੂਬਸੂਰਤ ਤਰੀਕੇ ਦੇ ਨਾਲ ਸਜਾਇਆ ਜਾ ਰਿਹਾ ਉੱਥੇ ਸੰਗਤਾਂ ਵੱਡੀ ਗਿਣਤੀ `ਚ ਗੁਰੂ ਘਰਾਂ `ਚ ਹਾਜ਼ਰੀਆਂ ਭਰਨ ਦੇ ਲਈ ਪੁੱਜਣੀਆਂ ਸ਼ੁਰੂ ਹੋ ਚੁੱਕੀਆਂ ਨੇ ।ਹੋਲਾ ਮਹੱਲਾ ਦੇ ਪ੍ਰੋਗਰਾਮਾਂ ਸਬੰਧੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਉੱਥੇ ਹੀ ਉਨ੍ਹਾਂ ਹੋਲਾ ਮਹੱਲਾ ਮੌਕੇ ਪੁੱਜਣ ਵਾਲੀਆਂ ਸੰਗਤਾਂ ਦੇ ਲਈ ਨੱਕੀਆਂ ਟੋਲ ਪਲਾਜ਼ੇ ਨੂੰ ਜਲਦ ਤੋਂ ਜਲਦ ਬੰਦ ਕਰਨ ਦੇ ਲਈ ਪ੍ਰਸ਼ਾਸਨ ਨੂੰ ਅਪੀਲ ਕੀਤੀ।

ਇਸ ਮੌਕੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਪਹੁੰਚੀ ਸੰਗਤ ਨੇ ਜਿਥੇ ਗੁਰੂਘਰਾਂ `ਚ ਨਤਮਸਤਕ ਹੋ ਕੇ ਅਰਦਾਸ ਕੀਤੀ ਉਥੇ ਹੀ ਹੋਰ ਸੰਗਤ ਨੂੰ ਵੀ ਅਪੀਲ ਕੀਤੀ ਕਿ ਉਹ  ਵੱਡੀ ਗਿਣਤੀ `ਚ ਹੋਲਾ ਮਹੱਲਾ `ਚ ਸ਼ਾਮਲ ਹੋਣ ।

ਦਸ ਦਈਏ ਕਿ 2 ਪੜਾਵਾਂ `ਚ ਮਨਾਇਆ ਜਾਣ ਵਾਲਾ ਹੋਲਾ ਮਹੱਲਾ 13 ਮਾਰਚ ਰਾਤ ਨੂੰ ਕਿਲ੍ਹਾ ਅਨੰਦਗੜ੍ਹ ਸਾਹਿਬ ਵਿਖੇ ਨਗਾਰਿਆਂ `ਤੇ ਚੋਟ ਲਗਾ ਕੇ ਸ਼ੁਰੂ ਕਰ ਦਿੱਤਾ ਗਿਆ ਅਤੇ ਉਸ ਤੋਂ ਬਾਅਦ ਪਹਿਲੇ ਪੜਾਅ ਦੇ ਤਹਿਤ ਸ੍ਰੀ ਕੀਰਤਪੁਰ ਸਾਹਿਬ ਵਿਖੇ ਵੱਖ-ਵੱਖ ਗੁਰੂ ਘਰਾਂ `ਚ 14 ਮਾਰਚ ਨੂੰ ਹੋਲਾ ਮਹੱਲਾ ਦੇ ਆਗਾਜ਼ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਆਰੰਭ ਕੀਤੇ ਗਏ ਹਨ, ਜਿਨ੍ਹਾਂ ਦੇ ਭੋਗ 16 ਮਾਰਚ ਨੂੰ ਪਾਏ ਜਾਣਗੇ। ਇਸ ਤੋਂ ਬਾਅਦ ਹੋਲਾ ਮਹੱਲਾ ਦਾ ਦੂਜਾ ਪੜਾਅ ਸ੍ਰੀ ਆਨੰਦਪੁਰ ਸਾਹਿਬ ਵਿਖੇ ਸ਼ੁਰੂ ਹੋਵੇਗਾ ਜਿੱਥੇ 17 ਮਾਰਚ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸਮੇਤ ਵੱਖ-ਵੱਖ ਗੁਰੂ ਘਰਾਂ `ਚ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਆਰੰਭ ਕੀਤੇ ਜਾਣਗੇ ਜਿਨ੍ਹਾਂ ਦੇ ਭੋਗ 19 ਮਾਰਚ ਨੂੰ ਪਾਏ ਜਾਣਗੇ ਅਤੇ ਹੋਲੇ ਮਹੱਲੇ ਦੀ ਸਭ ਤੋਂ ਵੱਡੀ ਖਿੱਚ ਮਹੱਲਾ ਤਕਰੀਬਨ 19 ਮਾਰਚ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਸ਼ੁਰੂ ਹੋਵੇਗਾ ਅਤੇ ਨਿਹੰਗ ਸਿੰਘ ਫੌਜਾਂ ਪੁਰਾਤਨ ਬਾਣਿਆਂ `ਚ ਸ਼ਸਤਰਾਂ ਨਾਲ ਲੈਸ ਮੁਹੱਲਾ ਸਜਾਉਣਗੇ ਅਤੇ ਪੁਰਾਤਨ ਚਰਨ ਗੰਗਾ ਸਟੇਡੀਅਮ `ਚ ਪੁੱਜ ਕੇ ਸੰਗਤਾਂ ਨੂੰ ਆਪਣੇ ਜੰਗਜੂ ਕਰਤੱਬ ਦਿਖਾ ਕੇ ਨਿਹਾਲ ਕਰਨਗੇ।

Share this Article
Leave a comment