ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਅਤੇ ਮੋਗਾ ਰੈਲੀ ਅੱਜ

TeamGlobalPunjab
3 Min Read

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਇੱਕ ਸਿੱਖ ਧਰਮ ਕੇਂਦਰਤ ਭਾਰਤੀ ਸਿਆਸੀ ਦਲ ਹੈ। ਇਹ ਦੁਨੀਆਂ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਪ੍ਰਭਾਵਸ਼ਾਲੀ ਸਿੱਖ ਦਲ ਹੈ। ਅਕਾਲੀ ਦਲ ਦੇ ਮੂਲ ਮਕਸਦ ਸਿੱਖ ਮੁੱਦਿਆਂ ਨੂੰ ਸਿਆਸੀ ਆਵਾਜ਼ ਦੇਣਾ ਹੈ ਅਤੇ ਇਸਦਾ ਮੰਨਣਾ ​​ਹੈ ਕਿ ਧਰਮ ਅਤੇ ਸਿਆਸਤ ਇਕੱਠੇ ਚਲਦੇ ਹਨ।

ਅਕਾਲੀ ਦਲ ਦੇ ਗਠਨ ਲਈ ਗੁਰਦੁਆਰਾ ਸੇਵਕ ਦਲ ਜਾਂ ਅਕਾਲੀ ਦਲ ਦੀ ਸੈਂਟਰਲ ਬਾਡੀ ਦੀ ਕਾਇਮੀ ਵਾਸਤੇ ਪਹਿਲਾ ਇਕੱਠ 14 ਦਸੰਬਰ, 1920 ਦੇ ਦਿਨ ਅਕਾਲ ਤਖ਼ਤ ਸਾਹਿਬ ਤੇ ਬੁਲਾਇਆ ਗਿਆ।

ਇਸ ਵਿੱਚ ਜਥੇਦਾਰ ਕਰਤਾਰ ਸਿੰਘ ਝੱਬਰ ਨੇ ਤਜਵੀਜ਼ ਕੀਤੀ, ਸਮਾਂ ਸਾਨੂੰ ਮਜਬੂਰ ਕਰ ਰਿਹਾ ਹੈ ਕਿ ਗੁਰਦੁਆਰਿਆਂ ਦਾ ਸੁਧਾਰ ਝਟ-ਪਟ ਕੀਤਾ ਜਾਵੇ।ਇਸ ਲਈ ਅਕਾਲੀ ਦਲ ਕਾਇਮ ਕੀਤਾ ਜਾਵੇ।

ਇਸ ਦੇ ਸੇਵਕ ਸਾਲ ਵਿੱਚ ਘੱਟੋ-ਘੱਟ ਇਕ ਮਹੀਨਾ ਪੰਥ ਨੂੰ ਅਰਪਣ ਕਰਨ। ਕੇਂਦਰ ਅਮ੍ਰਿਤਸਰ ਹੋਵੇ, ਜਿਥੇ ਹਰ ਵੇਲੇ 100 ਸਿੰਘ ਹਾਜ਼ਰ ਰਹਿਣ ਅਤੇ ਜਿਥੇ ਜਿੰਨੇ ਸਿੰਘ ਲੋੜ ਪੈਣ ‘ਤੇ ਭੇਜੇ ਜਾਣ।

- Advertisement -

ਇਲਾਕਿਆਂ ਵਿੱਚ ਇਸ ਦੀਆਂ ਸ਼ਾਖਾਵਾਂ ਬਣਾਈਆਂ ਜਾਣ। ਇਸ ਤੇ ਇਕੱਠ ਨੇ ਇਕ-ਰਾਇ ਨਾਲ ਮਤਾ ਪਾਸ ਕੀਤਾ ਕਿ 23 ਜਨਵਰੀ ਨੂੰ ਸੰਗਤ ਤਖ਼ਤ ਅਕਾਲ ਬੁੰਗੇ ਵਿਖੇ ਹੁੰਮ-ਹੁੰਮਾ ਕੇ ਪਹੁੰਚੇ ਤੇ ਜਥਾ ਕਾਇਮ ਕੀਤਾ ਜਾਵੇ।

23 ਜਨਵਰੀ, 1921 ਦੇ ਦਿਨ ਅਕਾਲ ਤਖ਼ਤ ਸਾਹਿਬ ‘ਤੇ ਹੋਏ ਇਕੱਠ ਵਿੱਚ ਜਥੇਬੰਦੀ ਦਾ ਨਾਂ ਮਨਜ਼ੂਰ ਕਰਨਾ ਸੀ ਅਤੇ ਸੇਵਕ (ਅਹੁਦੇਦਾਰ) ਚੁਣੇ ਜਾਣੇ ਸਨ।

ਇਹ ਮੀਟਿੰਗ ਦੋ ਦਿਨ ਚੱਲੀ। ਇਸ ਵਿਚ ਭਾਈ ਅਰਜਨ ਸਿੰਘ ਧੀਰਕੇ ਨੇ ਸੁਝਾਅ ਦਿੱਤਾ ਕਿ ਜਥੇਬੰਦੀ ਦਾ ਨਾਂ ਗੁਰਦੁਆਰਾ ਸੇਵਕ ਦਲ ਰੱਖਿਆ ਜਾਵੇ ਪਰ ਅਖ਼ੀਰ ਇਸ ਦਾ ਨਾਂ ‘ਅਕਾਲੀ ਦਲ’ ਹੀ ਸਭ ਨੇ ਮਨਜ਼ੂਰ ਕੀਤਾ।

24 ਜਨਵਰੀ,1921 ਦੇ ਦਿਨ ਇਸ ਦਲ ਦੇ ਪਹਿਲੇ ਜਥੇਦਾਰ ਸੁਰਮੁਖ ਸਿੰਘ ਝਬਾਲ ਚੁਣੇ ਗਏ। ਅਕਾਲੀ ਦਲ ਦਾ ਇਤਿਹਾਸ ਵੰਡਾਂ ਤੇ ਧੜੇਬੰਦੀ ਦੀ ਕਹਾਣੀ ਹੈ।

ਹਰ ਧੜਾ ਅਸਲੀ ਅਕਾਲੀ ਦਲ ਹੋਣ ਦਾ ਦਾਅਵਾ ਕਰਦਾ ਹੈ। 2003 ਵਿੱਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਸਭ ਤੋਂ ਵੱਡਾ ਧੜਾ ਸੀ ਜਿਸ ਦੇ ਪ੍ਰਧਾਨ ਪ੍ਰਕਾਸ਼ ਸਿੰਘ ਬਾਦਲ ਸਨ।

- Advertisement -

ਇਸ ਦਲ ਨੂੰ ਭਾਰਤ ਦੇ ਚੋਣ ਕਮਿਸ਼ਨ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਜੋਂ ਮਾਨਤਾ ਦਿੱਤੀ ਹੈ। ਉਸ ਸਮੇਂ ਹੋਰ ਸਰਗਰਮ ਧੜਿਆਂ ਵਿੱਚ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਅਗਵਾਈ ਹੇਠ ਸਰਬ ਹਿੰਦ ਅਕਾਲੀ ਦਲ, ਕੈਪਟਨ ਅਮਰਿੰਦਰ ਸਿੰਘ ਸ਼੍ਰੋਮਣੀ ਅਕਾਲੀ ਦਲ (ਪੰਥਕ) ਜੋ ਬਾਅਦ ਵਿੱਚ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ।

ਜਥੇਦਾਰ ਕੁਲਦੀਪ ਸਿੰਘ ਵਡਾਲਾ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ (ਡੈਮੋਕਰੇਟਿਕ), ਸਵਰਗੀ ਹਰਚੰਦ ਸਿੰਘ ਲੌਂਗੋਵਾਲ ਦਾ ਸ਼੍ਰੋਮਣੀ ਅਕਾਲੀ ਦਲ (ਲੋਂਗੋਵਾਲ), ਸ਼੍ਰੋਮਣੀ ਅਕਾਲੀ ਦਲ (1920) ਅਤੇ ਹਰਿਆਣਾ ਸਟੇਟ ਅਕਾਲੀ ਦਲ ਬਾਦਲ ਗਰੁਪ ਦਾ ਭਾਗ ਆਦਿ ਸਨ। ਸਾਲ 2003 ਵਿੱਚ ਬਾਦਲ ਤੇ ਟੌਹੜਾ ਧੜੇ ਇੱਕਠੇ ਹੋ ਗਏ।

ਸ਼੍ਰੋਮਣੀ ਅਕਾਲੀ ਦਲ ਵੱਲੋਂ ਪਾਰਟੀ ਦੀ ਸਥਾਪਨਾ ਦੇ 100 ਵਰ੍ਹੇ ਪੂਰੇ ਹੋਣ ਮੌਕੇ ਮੋਗਾ ਦੇ ਪਿੰਡ ਕਿੱਲੀ ਚਹਿਲਾ ਵਿੱਚ 14 ਦਸੰਬਰ ਨੂੰ ਇੱਕ ਰੈਲੀ ਕੀਤੀ ਜਾ ਰਹੀ ਹੈ। ਇਸ ਰੈਲੀ ਨਾਲ ਸ਼੍ਰੋਮਣੀ ਅਕਾਲੀ ਦਲ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਆਪਣੇ ਚੋਣ ਪ੍ਰਚਾਰ ਦੇ ਦੂਜੇ ਗੇੜ ਦੀ ਰਸਮੀ ਸ਼ੁਰੂਆਤ ਵੀ ਕੀਤੀ ਜਾ ਰਹੀ ਹੈ।

Share this Article
Leave a comment