ਨਿਊਜ਼ ਡੈਸਕ: ਪਾਕਿਸਤਾਨ ਦੇ ਸਿੰਧ ਸੂਬੇ ‘ਚ ਇੱਕ ਹਿੰਦੂ ਔਰਤ ਅਤੇ ਦੋ ਨਾਬਾਲਗ ਲੜਕੀਆਂ ਨੂੰ ਅਗਵਾ ਕਰ ਲਿਆ ਗਿਆ। ਇਨ੍ਹਾਂ ‘ਚੋਂ ਦੋ ਨੂੰ ਜ਼ਬਰਦਸਤੀ ਇਸਲਾਮ ‘ਚ ਧਰਮ ਪਰਿਵਰਤਨ ਅਤੇ ਵਿਆਹ ਕਰਵਾਇਆ ਗਿਆ। ਪੁਲਿਸ ਨੇ ਸ਼ਨੀਵਾਰ ਨੂੰ ਇਸ ਘਟਨਾ ਸਬੰਧੀ ਜਾਣਕਾਰੀ ਦਿੱਤੀ। ਪੁਲਿਸ ਨੇ ਦੱਸਿਆ ਕਿ 14 ਸਾਲ ਦੀ ਮੀਨਾ ਮੇਘਵਾਰ ਨੂੰ ਨਾਸਰਪੁਰ ਇਲਾਕੇ ਤੋਂ ਅਗਵਾ ਕਰ ਲਿਆ ਗਿਆ ਸੀ ਅਤੇ ਇਕ ਹੋਰ ਹਿੰਦੂ ਨਾਬਾਲਗ ਨੂੰ ਮੀਰਪੁਰਖਾਸ ਸ਼ਹਿਰ ਦੇ ਬਾਜ਼ਾਰ ਤੋਂ ਘਰ ਪਰਤਦੇ ਸਮੇਂ ਅਗਵਾ ਕਰ ਲਿਆ ਗਿਆ ਸੀ। ਇਸ ਦੇ ਨਾਲ ਹੀ ਮੀਰਪੁਰਖਾਸ ਤੋਂ ਵਿਆਹੀ ਹੋਈ ਇਕ ਔਰਤ ਅਚਾਨਕ ਗਾਇਬ ਹੋ ਗਈ ਅਤੇ ਬਾਅਦ ਵਿਚ ਜਦੋਂ ਉਹ ਸਾਹਮਣੇ ਆਈ ਤਾਂ ਉਹ ਇਸਲਾਮ ਕਬੂਲ ਕਰਕੇ ਅਤੇ ਇਕ ਮੁਸਲਮਾਨ ਨਾਲ ਵਿਆਹ ਕਰਵਾ ਚੁੱਕੀ ਸੀ। ਦੱਸਿਆ ਜਾ ਰਿਹਾ ਹੈ ਕਿ ਹਿੰਦੂ ਵਿਆਹੁਤਾ ਔਰਤ ਤਿੰਨ ਬੱਚਿਆਂ ਦੀ ਮਾਂ ਸੀ।
ਇਸ ਮਾਮਲੇ ‘ਚ ਪੁਲਿਸ ਨੇ ਔਰਤ ਦੇ ਪਤੀ ਰਵੀ ਕੁਰਮੀ ਦੀ ਸ਼ਿਕਾਇਤ ‘ਤੇ ਐਫਆਈਆਰ ਦਰਜ ਕਰਨ ਤੋਂ ਇਨਕਾਰ ਕਰ ਦਿੱਤਾ। ਰਵੀ ਕੁਰਮੀ ਦਾ ਕਹਿਣਾ ਹੈ ਕਿ ਉਸ ਦਾ ਗੁਆਂਢੀ ਅਹਿਮਦ ਚਾਂਦਿਓ ਪਹਿਲਾਂ ਉਸ ਦੀ ਪਤਨੀ ਨੂੰ ਪਰੇਸ਼ਾਨ ਕਰਦਾ ਸੀ, ਬਾਅਦ ਵਿਚ ਉਸ ਨੇ ਉਸ ਨੂੰ ਅਗਵਾ ਕਰਕੇ ਇਸਲਾਮ ਕਬੂਲ ਕਰਵਾ ਲਿਆ। ਮੀਰਪੁਰਖਾਸ ਦੇ ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਤਿੰਨੋਂ ਮਾਮਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਉਸ ਨੇ ਕਿਹਾ ਕਿ ਵਿਆਹੁਤਾ ਔਰਤ ਰਾਖੀ ਦਾ ਦਾਅਵਾ ਹੈ ਕਿ ਉਸ ਨੇ ਆਪਣੀ ਮਰਜ਼ੀ ਨਾਲ ਧਰਮ ਪਰਿਵਰਤਨ ਕੀਤਾ ਅਤੇ ਇੱਕ ਮੁਸਲਮਾਨ ਨਾਲ ਵਿਆਹ ਕਿਰਵਾਇਆ।
ਸਿੰਧ ਸੂਬੇ ਦੇ ਅੰਦਰੂਨੀ ਹਿੱਸੇ ਵਿੱਚ ਲੜਕੀਆਂ ਦਾ ਅਗਵਾ ਅਤੇ ਜਬਰੀ ਧਰਮ ਪਰਿਵਰਤਨ ਇੱਕ ਵੱਡੀ ਸਮੱਸਿਆ ਬਣ ਗਈ ਹੈ। ਇਸ ਸੂਬੇ ਵਿੱਚ ਥਾਰ, ਉਮਰਕੋਟ, ਮੀਰਪੁਰਖਾਸ, ਗੋਟਕੀ, ਖੈਰਪੁਰ ਖੇਤਰਾਂ ਵਿੱਚ ਹਿੰਦੂਆਂ ਦੀ ਗਿਣਤੀ ਚੰਗੀ ਹੈ। ਹਿੰਦੂਆਂ ‘ਚ ਜ਼ਿਆਦਾਤਰ ਮਜ਼ਦੂਰ ਹਨ। ਸਿੰਧ ਸੂਬੇ ਤੋਂ ਅਜਿਹੀਆਂ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ। ਇਸੇ ਮਹੀਨੇ ਸਿੰਧ ਸੂਬੇ ‘ਚ ਇਕ ਨਾਬਾਲਗ ਹਿੰਦੂ ਲੜਕੀ ਨਾਲ ਸਮੂਹਿਕ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਸੀ, ਜਿੱਥੇ ਮੁਫਤ ਅਨਾਜ ਦਾ ਲਾਲਚ ਦੇ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ। ਮਾਮਲਾ ਸਿੰਧ ਸੂਬੇ ਦੇ ਸੰਘਰ ਜ਼ਿਲ੍ਹੇ ਦੇ ਪਿੰਡ ਸ਼ਾਹਦਾਦਪੁਰ ਦਾ ਸੀ। ਲੜਕੀ ਦੀ ਉਮਰ 13 ਸਾਲ ਸੀ।