Home / ਓਪੀਨੀਅਨ / ਹਿੰਦੂ-ਜਰਮਨ ਸਾਜ਼ਿਸ਼ ਕੇਸ ਕੈਲੇਫੋਰਨੀਆ – ਗਦਰ ਪਾਰਟੀ ਦਾ ਆਜ਼ਾਦੀ ਅੰਦਰ ਰੋਲ

ਹਿੰਦੂ-ਜਰਮਨ ਸਾਜ਼ਿਸ਼ ਕੇਸ ਕੈਲੇਫੋਰਨੀਆ – ਗਦਰ ਪਾਰਟੀ ਦਾ ਆਜ਼ਾਦੀ ਅੰਦਰ ਰੋਲ

 

ਰੂਸ ਅੰਦਰ ਜਦੋਂ ਮਹਾਨ ਸਮਾਜਵਾਦੀ (7-ਨਵੰਬਰ) ਅਕਤੂਬਰ ਇਨਕਲਾਬ ਦੀ ਲਾਲ-ਸੂਹੀ ਪਹਿਲੀ ਕਿਰਨ ਨੇ ਦੁਨੀਆਂ ਦੀ ਗੁਲਾਮੀ ਨੂੰ ਲਲਕਾਰਿਆ ਤਾਂ ਹਿੰਦੁਸਤਾਨ ਦੀ ਆਜ਼ਾਦੀ ਲਈ ਸਾਨ ਫ੍ਰਾਂਸਿਸਕੋ ਵਿਖੇ ਬਰਲਿਨ ਇੰਡੀਅਨ ਕਮੇਟੀ (ਇੰਡੀਅਨ ਇੰਡੀਪੈਂਡਿਸ ਕਮੇਟੀ) ਵੱਲੋਂ ਵੀ ਅਣਖੀਲੇ ਹਿੰਦੂਸਤਾਨੀਆਂ ਨੇ ਬਸਤੀਵਾਦੀ ਗੋਰੀ ਸਰਕਾਰ ਵਿਰੁਧ ਹਥਿਆਰਬੰਦ ਬਗਾਗ਼ਤ ਲਈ ਝੰਡਾ ਉਚਾ ਚੁੱਕਿਆ। ਪਹਿਲੀ ਸੰਸਾਰ ਜੰਗ 1914 ਵਿੱਚ ਹੀ ਸ਼ੁਰੂ ਹੋ ਗਈ ਸੀ। ਇਸ ਜੰਗ ਵਿੱਚ ਸਾਮਰਾਜੀ ਸ਼ਕਤੀਆਂ ਦੇ ਇਕ ਪਾਸੇ ਜਰਮਨੀ ਦੇ ਇਤਹਾਦੀ ਦੇਸ਼ ਆਸਟਰੀਆ, ਹੰਗਰੀ, ਬੁਲਗਾਰੀਆ, ਉਸਮਾਨੀ-ਸਾਮਰਾਜ ਅਤੇ ਦੂਸਰੇ ਪਾਸੇ ਇੰਗਲੈਂਡ ਤੇ ਉਸ ਦੇ ਧੜੇ ਦੇ ਦੇਸ਼ ਫਰਾਂਸ, ਰੂਸ, ਇਟਲੀ, ਰੁਮਾਨੀਆ, ਜਾਪਾਨ ਤੇ ਅਮਰੀਕਾ ਦੇਸ਼ ਆਹਮੋ-ਸਾਹਮਣੇ ਸਨ। ਹਿੰਦੂਸਤਾਨ ਕਿਉਂਕਿ ਬਰਤਾਨਵੀ ਸਾਮਰਾਜ ਦੇ ਅਧੀਨ ਸੀ, ‘ਇਸ ਨੂੰ ਵੀ ਬਦੋ-ਬਦੀ ਇਸ ਜੰਗ ਵਿੱਚ ਭਾਈਵਾਲ ਬਣਾ ਲਿਆ। ਲੱਖਾਂ ਹਿੰਦੂਸਤਾਨੀ ਫੌਜੀ ਜਿਨ੍ਹਾਂ ‘ਚ ਵੱਡੀ ਗਿਣਤੀ ਪੰਜਾਬੀ ਫੌਜੀਆਂ ਦੀ ਸੀ, ਜੰਗ ਬੰਦ ਹੋਣ ਕਾਰਨ ਕੁਝ ਚਿਰ ਪਹਿਲਾ ਫੌਜ ਛੱਡ ਗਏ ਤੇ ਬਹੁਤ ਸਾਰੇ ਕੱਢ ਦਿੱਤੇ ਗਏ। ਅਮਰੀਕਾ ਵੱਲੋਂ ਸਾਲ 1913 ਵਿੱਚ ਹੀ ਹਿੰਦੀ ਐਸੋਸੀਏਸ਼ਨ ਆਫ ਪੈਸਿਫਿਕ ਕੋਸਟ (ਗਦਰ ਪਾਰਟੀ) ਦਾ ਦਫਤਰ ਵੀ ਸਾਨ ਫ੍ਰਾਂਸਿਸਕੋ ਵਿਖੇ ਖੁਲ੍ਹ ਗਿਆ ਸੀ ਤੇ ਰਾਜਨੀਤਕ ਸਰਗਰਮੀਆਂ ਸ਼ੁਰੂ ਹੋ ਗਈਆਂ ਸਨ। ਜਰਮਨ ਤੇ ਇੰਗਲੈਂਡ ਵਿਚਕਾਰ ਤਣਾ-ਤਣਾਈ ਪਹਿਲਾਂ ਹੀ ਸੀ। ਜਰਮਨ ਵਿੱਚ ਬਣੀ ਬਰਲਿਨ-ਇੰਡੀਆ (ਇੰਡੀਪੈਂਡਿਸ) ਕਮੇਟੀ ਤੇ ਅਮਰੀਕਾ ਅੰਦਰ ਬਣੀ ਗਦਰ ਪਾਰਟੀ ਦਾ ਮੇਲ-ਜੋਲ ਹੀ ਇਸ ਮੁਕੱਦਮੇ ਦਾ (20-ਨਵੰਬਰ,1917-24-ਅਪ੍ਰੈਲ, 1918) ਸਬੱਬ ਬਣਿਆ ਸੀ।

ਸਾਨ ਫ੍ਰ੍ਰਾਂਸਿਸਕੋ ਵਿਖੇ ਜਰਮਨੀ ਦੇ ਵਾਇਸ ਕੌਂਸਲਰ ਜਨਰਲ, ਈ.ਐਚ.ਵੌਨਸ਼ੈਕ ਨਾਲ ਗਦਰ ਪਾਰਟੀ ਦੇ ਬਣਾਏ ਇਕ ਸੰਪਰਕ ਰਾਹੀਂ ਇਹ ਵਿਉਂਤ ਬਣਾਈ ਗਈ ਕਿ ਬ੍ਰਿਟਿਸ਼-ਇੰਡੀਅਨ ਫੌਜਾਂ ਵਿੱਚ ਬਗਾਵਤ ਕੀਤੀ ਜਾਵੇ। ਇਸ ਵਿਊਂਤ ਲਈ ਜਰਮਨ ਸਰਕਾਰ ਗਦਰ ਪਾਰਟੀ ਨੂੰ ਦਫਤਰੀ ਖਰਚਾ (1000 ਡਾਲਰ ਪ੍ਰਤੀ ਮਹੀਨਾ) ਅਤੇ ਫੌਜਾਂ ਅੰਦਰ ਬਗਾਵਤ ਲਈ ਹਥਿਆਰ ਤੇ ਦਾਰੂ ਸਿਕੇ ਦੇ ਖਰਚੇ ਲਈ 20-ਹਜਾਰ ਡਾਲਰ ਮਦਦ ਕਰੇਗੀ। ਇਸ ਸਕੀਮ ਨੂੰ ਨੇਪਰੇ ਚਾੜ੍ਹਨ ਲਈ ਪੰਜਾਬ ਦੀਆਂ ਫੌਜੀ ਛਾਉਣੀਆਂ ਤੋਂ ਲੈ ਕੇ ਸਿੰਘਾਪੁਰ, ਬਰਮਾ, ਮਲੇਸ਼ੀਆ ਅੰਦਰ ਬ੍ਰਿਟਿਸ਼-ਇੰਡੀਅਨ ਫੌਜਾਂ ਵਿੱਚ ਬਗਾਵਤਾਂ ਕੀਤੀਆਂ ਜਾਣ। ਇਸ ਯੋਜਨਾ ਨੂੰ ਸਿਰੇ ਚਾੜ੍ਹਨ ਲਈ ਅਮਰੀਕਾ ‘ਚੋਂ ਹਥਿਆਰ ਤੇ ਦਾਰੂ-ਸਿੱਕਾ ਖਰੀਦ ਕੇ ਸਮੁੰਦਰੀ ਜਹਾਜ਼ ਰਾਹੀਂ ਹਿੰਦੂਸਤਾਨ ਖੜ੍ਹਿਆ ਜਾਵੇਗਾ। ਮਾਰਚ 16, 1915 ਨੂੰ ਜਰਮਨ ਦੇ ਕੌਂਸਲ ਨੇ ਪੁਰਾਣਾ ਤੇਲ ਢੋਣ ਵਾਲਾ ਪੁਰਾਣਾ ਜਹਾਜ਼ ‘‘ਮੈਵਰਿਕ“ ਖਰੀਦ ਕੇ ਇਸ ਦੀ ‘‘ਮੈਵਰਿਕ ਸਟੀਮਸਿ਼ਪ ਕੰਪਨੀ“ ਦੇ ਨਾਂ ਰਜਿਸਟਰੇਸ਼ਨ ਕਰਾਈ। ਬਹਾਨਾ ਇਹ ਬਣਾਇਆ ਗਿਆ ਕਿ ‘ਜਾਵਾ` ਤੋਂ ਨਾਰੀਅਲ ਦਾਾ ਤੇਲ ਲਿਆ ਕੇ ਅਮਰੀਕਾ ਵਿੱਚ ਵੇਚਿਆ ਜਾਵੇਗਾ। ਪਰ ਯੋਜਨਾ ਇਹ ਵੀ ਬਣਾਈ ਗਈ ਕਿ ਮਵੈਰਿਕ ਵਿੱਚ ਹਥਿਆਰ ਨਿਊ-ਯਾਰਕ ਦੀ ਥਾਂ ਸ਼ਾਂਤਮਹਾਂਸਾਗਰ ਵਿੱਚ ਕਿਸੇ ਹੋਰ ਥਾਂ ਕਿਸੇ ਛੋਟੇ ਜਹਾਜ ਰਾਹੀਂ ਪਹੁੰਚਾ ਕੇ ਲੱਦੇ ਜਾਣ। ਇਸ ਕੰਮ ਲਈ ਜਰਮਨ ਦਾ ਇਕ ਕੰਪਨੀ ਦਾ ਛੋਟਾ ਜਹਾਜ ‘‘ਐਨੀ ਲਾਰਸਨ“ ਵਰਤਿਆ ਗਿਆ। ਜਰਮਨ-ਮਿਲਟਰੀ ਅਟੈਚੀ ਕੈਪਟਨ ਫਰੈਂਜ਼ ਵੌਨ ਪੇਪਨ ਨੇ ਫਿਲਾਡੈਲਫੀਆ ਤੋਂ 2-ਲੱਖ ਡਾਲਰ ਦੇ ਹਥਿਆਰ ਖਰੀਦ ਕੇ ਗੱਡੀ ਰਾਹੀਂ ਨਿਊਯਾਰਕ ਤੋਂ ਕੈਲੇਫੋਰਨੀਆ ਦੀ ਬੰਦਰਗਾਹ, ਸੈਨ ਡੀਐਗੋ ਪੁੱਚਾ ਦਿੱਤੇ ਗਏ।

ਗਦਰ ਪਾਰਟੀ ਵੱਲੋਂ ਬਾਬਾ ਹਰੀ ਸਿੰਘ ਉਸਮਾਨ ਜੋ ‘ਮੈਵਰਿਕ“ ਜਹਾਜ ਨਾਲ ਗਏ, ਉਨ੍ਹਾਂ ਦੇ ਕਹਿਣ ਅਨੁਸਾਰ ਲਗਪਗ 15-ਹਜਾਰ ਰਫ਼ਲਾਂ, ਪਿਸਤੌਲ ਤੇ ਬਹੁਤ ਸਾਰਾ ਦਾਰੂ-ਸਿਕਾ ਸੀ। ਹਥਿਆਰ ਖਰੀਦਣ ਵੇਲੇ ਬਹਾਨਾ ਇਹ ਬਣਾਇਆ ਗਿਆ ਕਿ ਇਹ ਮੈਕੇਸੀਕੋ ਦੀ ਖਾਨਾਜੰਗੀ ਵਿੱਚ ਅਮਰੀਕਾ ਧੜੇ ਦੀ ਮਦਦ ਲਈ ਲਿਜਾਣੇ ਸਨ। ਮਾਰਚ-8, 1915 ਨੂੰ ਸੈਨ-ਡੀਐਗੋ ਤੋਂ ਅਸਲਾ ‘‘ਐਨੀ ਲਾਰਸਨ“ ਵਿੱਚ ਲੱਦ ਕੇ, ‘‘ ਮੈਵਰਿਕ“ ਵੱਲ ਭੇਜ ਦਿੱਤਾ ਜੋ ਮੈਕਸੀਕੋ ਦੇ ਸੋਕੋਰੋ ਟਾਪੂ ਤੋਂ 100 ਕੁ ਮੀਲ ਦੀ ਵਿੱਥ ਤੇ ਖੜਾ ਸੀ। ਮੁਰੰਮਤ ਹੋਣ ਕਾਰਨ ਮੈਵਰਿਕ ਲੇਟ ਹੋ ਗਿਆ। 14-ਅਪ੍ਰੈਲ, 1915 ਤੋਂ ਤੁਰਕੇ ਉਹ 30-ਅਪ੍ਰੈਲ, 1915 ਨੂੰ ਸੋਕੋਰੋ ਟਾਪੂ ਪਹੰੁਚਿਆ। ਇਸ ਜਹਾਜ ਵਿੱਚ ਹਰੀ ਸਿੰਘ ਉਸਮਾਨ ਸਮੇਤ ਗਦਰੀ ਮੰਗੂ ਰਾਮ, ਹਰਚਰਨ ਦਾਸ, ਗੰਭੀਰ ਸਿੰਘ ਤੇ ਹਰਨਾਮ ਸਿੰਘ ਸਵਾਰ ਸਨ। ਤੇਲ ਵਾਲੇ ਟੈਂਕ ਵਿੱਚ ਕੁਝ ਬੰਦੂਕਾਂ ਛੁਪਾ ਲਈਆਂ ਤੇ ਕੈਬਿਨ ਵਿੱਚ ‘ਗਦਰ` ਅਖਬਾਰ ਦੀਆਂ 20-ਹਜ਼ਾਰ ਕਾਪੀਆਂ ਵੀ ਰੱਖੀਆਂ ਹੋਈਆਂ ਸਨ। ਐਨੀ ਲਾਰਸਨ, ਮੈਵਰਿਕ ਦੇ ਪਹੁੰਚਣ ਤੋਂ ਪਹਿਲਾ ਹੀ ਪਹੰੁਚ ਗਿਆ। ਤਿੰਨ ਕੁ ਹਫਤੇ ਤਕ ਮੈਵਰਿਕ ਨੂੰ ਉਡੀਕਿਆ ਗਿਆ। ਜਹਾਜ ਦਾ ਰਾਸ਼ਨ ਤੇ ਪਾਣੀ ਮੁਕਦਾ ਦੇਖ ਕੇ ਕੈਪਟਨ ਨੇ ਜਹਾਜ ਨੂੰ ਮੈਕਸੀਕੋ ਦੀ ਬੰਦਰਗਾਹ ਐਕੋਪੁਕੋ ‘ਤੇ ਲਾ ਦਿੱਤਾ। ਰਾਸ਼ਨ-ਪਾਣੀ ਲੈ ਕੇ ਦੁਬਾਰਾ ਮੈਵਰਿਕ ਨਾਲ ਤਾਲ-ਮੇਲ ਕਰਨ ਦਾ ਯਤਨ ਕੀਤਾ ਗਿਆ। ਰਾਸ਼ਨ ਪਾਣੀ ਲੈਣ ਗਏ ਦੌਰਾਨ ਐਨੀ ਲਾਰਸਨ ਦੀ ਗੈਰ ਹਾਜ਼ਰੀ ਦੌਰਾਨ ਮੈਵਰਿਕ ਪਹੰੁਚ ਗਿਆ। ਕੁਝ ਸਮਾਂ ਉਡੀਕਣ ਤੇ ਫਿਰ ਸੈਨ ਡਿਐਗੋ ਮੁੜ ਆਇਆ ਤੇ ਜਰਮਨ ਕੌਂਸਲ ਨੂੰ ਐਨੀ ਲਾਰਸਨ ਦੇ ਨਾ ਮਿਲਣ ਬਾਰੇ ਇਤਲਾਹ ਦਿੱਤੀ।

ਜੂਨ-1, 1915 ਨੂੰ ਮੈਵਰਿਕ ਦੁਬਾਰਾ ਸਕੋਰੇ ਟਾਪੂ ‘ਤੇ ਪਹੰੁਚ ਗਿਆ। ਐਨੀ ਲਾਰਸਨ ਵੀ ਉਡੀਕ ਕਰਕੇ ਵਾਸਿ਼ੰਗਟਨ ਪ੍ਰਾਂਤ ਦੀ ਬੰਦਰਗਾਹ ‘‘ਹਕੂਇਮ“ ਵੱਲ ਮੁੜ ਗਿਆ। ਕੁਦਰਤ ਨੂੰ ਨਾ ਭਾਵੇਂ ਕਿ ਦੋਨੋ ਜਹਾਜ਼ ਇਕ ਦੂਜੇ ਨੂੰ ਨਾ ਮਿਲ ਸੱਕੇ। ਅਮਰੀਕਨ ਪੁਲਿਸ ਨੇ ‘‘ਐਨੀ ਲਾਰਸਨ“ ਨੂੰ ਕਾਬੂ ਕਰ ਲਿਆ ਤੇ ਅਸਲਾ ਬਰਾਮਦ ਕਰਕੇ ਕੈਪਟਨ ਨੂੰ ਹਿਰਾਸਤ ਵਿੱਚ ਲੈ ਲਿਆ। ਜਰਮਨ ਕੌਂਸਲ ਨੇ ਮੈਵਰਿਕ ਨੂੰ ‘‘ਜਾਵਾ“ ਪਹੁੰਚਣ ਦਾ ਆਦੇਸ਼ ਦਿੱਤਾ। ਬ੍ਰਿਟਿਸ਼ ਸਰਕਾਰ ਨੂੰ ਰਾਮ ਚੰਦਰਾ (ਗਦਰ ਪਾਰਟੀ ਦਾ ਗਦਾਰ ਮੈਂਬਰ) ਵੱਲੋਂ ਮਿਲੀ ਜਸੂਸੀ ਦੇ ਸਿੱਟੇ ਵੱਜੋ ਗੋਰੀ ਸਰਕਾਰ ਨੇ ਮੈਵਰਿਕ ਦੇ ਪਿਛੇ ਜੰਗੀ ਜਹਾਜ਼ ਲਾ ਦਿੱਤੇ। ਨਾਲ ਹੀ ਹੌਂਗਕੌਂਗ, ਸਿੰਘਾਪੁਰ ਤੇ ਰੰਗੂਨ ਦੇ ਬ੍ਰਿਟਿਸ਼ ਕੌਂਸਲਰਾਂ ਨੂੰ ਮੈਵਰਿਕ ਜਹਾਜ਼ ਨੂੰ ਹਿਰਾਸਤ ਵਿੱਚ ਲੈਣ ਲਈ ਕਹਿ ਦਿੱਤਾ। ਕਈ ਦਿਨਾਂ ਦੀ ਖੱਜਲ ਖੁਆਰੀ ਤੋਂ ਬਾਅਦ ‘‘ਮੈਵਰਿਕ“ ਸਤੰਬਰ, 1915 ਨੂੰ ‘‘ਜਾਵਾ“ ਪੁੱਜ ਗਿਆ ਜੋ ਡੱਚ ਦੇਸ਼ (ਬਸਤੀ) ਅਧੀਨ ਸੀ। ਉਥੋਂ ਦੇ ਜਰਮਨ ਕੌਂਸਲ, ਥਿਉਡਰ ਹੈਲਫ੍ਰਿਕਸ ਨੇ ਜਹਾਜ ਨੂੰ ਤਬਾਹ ਕਰਨ ਦੀ ਸਲਾਹ ਦਿੱਤੀ। ਪਰ ਡੱਚ ਸਰਕਾਰ ਨੇ ਜਹਾਜ ਕਾਬੂ ਕਰ ਲਿਆ। ਬ੍ਰਿਟਿਸ਼ ਕੌਂਸਲ ਨੇ ਡੱਚ ਸਰਕਾਰ ਤੇ ਦਬਾਅ ਪਾ ਕੇ ਜਹਾਜ਼ ਆਪਣੇ ਕਬਜੇ ‘ਚ ਲੈ ਲਿਆ। ਜਹਾਜ ਵਿੱਚ ਜਰਮਨ ਅਮਲੇ ਸਮੇਤ ਪੰਜ ਗਦਰੀ ਜੋ ਈਰਾਨੀਆ ਦੇ ਭੇਸ ‘ਚ ਕੁੱਕ ਦੀ ਡਿਊਟੀ ਦਿੰਦੇ ਦਿਖਾਈ ਗਏ ਸਨ। ਗੋਰੇ ਸਿਪਾਹੀਆ ਨੇ ਜਹਾਜ਼ ‘ਚ ਵੜ੍ਹਦਿਆ ਸਾਰ ਹੀ ਹਰੀ ਸਿੰਘ ਉਸਮਾਨ ਬਾਰੇ ਪੁਛਿਆ। ਇਹ ਪੱਕਾ ਯਕੀਨ ਹੋ ਗਿਆ ਕਿ ਗੋਰੀ ਸਰਕਾਰ ਨੂੰ ਇਸ ਸਾਰੀ ਸਕੀਮ ਬਾਰੇ ਇਤਲਾਹ ਰਾਮਚੰਦਰਾ ਨੇ ਹੀ ਦਿੱਤੀ ਸੀ, ਕਿ ਮੈਵਰਿਕ ਜਹਾਜ਼ ਵਿੱਚ ਹਰੀ ਸਿੰਘ ਉਸਮਾਨ ਸਵਾਰ ਹੈ।

ਰਾਮ ਚੰਦਰਾ ਗਦਰ ਪਾਰਟੀ ਅਤੇ ਗਦਰ ਅਖਬਾਰ ਅੰਦਰ ਅਹਿਮ ਸਥਾਨ ਰੱਖਦਾ ਸੀ। ਪਰ ਮਨੁੱਖ ਕਦੋਂ ਮਾਨਸਿਕ ਤੌਰ ਤੇ ਵਿਚਾਰਾਂ ਨੂੰ ਬਦਲ ਦੇਵੇ ਤਾਂ ਕੁਝ ਕਿਹਾ ਨਹੀਂ ਜਾ ਸਕਦਾ ਹੈ। ਰਾਮ ਚੰਦਰਾ ਨੇ ਬ੍ਰਿਟਿਸ਼ ਕੌਂਸਲ ਕੋਲ ਗਦਰ ਪਾਰਟੀ ਦੀਆਂ ਅੰਦਰੂਨੀ ਗੱਲਾਂ ਤੇ ਫੈਸਲਿਆਂ ਨੂੰ ਦੱਸਣ ਲਈ ਮਿਸਟਰ ਬਗਾਈ ਨਾਂ ਦੇ ਵਿਅਕਤੀ ਨਾਲ ਸੰਪਰਕ ਕਾਇਮ ਕੀਤਾ। ਇਸ ਵਿਅੱਕਤੀ ਰਾਹੀਂ ਬ੍ਰਿਟਿਸ਼ ਕੌਂਸਲ ਨੂੰ ਗਦਰ ਪਾਰਟੀ ਸਬੰਧੀ ਰਿਪੋਰਟਾਂ ਦੇਣ ਬਦਲੇ 375 ਡਾਲਰ ਵੀ ਪ੍ਰਾਪਤ ਕੀਤੇ।ਭਾਵ ਮੈਵਰਿਕ ਜਹਾਜ਼ ਸਬੰਧੀ ਵੀ ਇਸ ਨੇ ਹੀ ਗੋਰਿਆ ਨੂੰ ਸਾਰੀ ਸੂਚਨਾ ਪੁਚਾਈ। ‘‘ਜਾਵਾ“ ਵਿੱਚ ‘‘ਮੈਵਰਿਕ“ ਜਹਾਜ਼ ‘ਚ ਫੜੇ ਗਏ ਜਰਮਨਾਂ ਅਤੇ ਗਦਰੀਆਂ ਤੇ ਮੁਕੱਦਮਾ ਚਲਾਇਆ ਗਿਆ। ਹਰੀ ਸਿੰਘ (ਉਸਮਾਨ) ਨੂੰ ਬ੍ਰਿਟਿਸ਼ ਸਰਕਾਰ ਮੌਤ ਦੀ ਸਜ਼ਾ ਦੇਣਾ ਚਾਹੁੰਦੀ ਸੀ। ਪਰ ‘‘ਜਾਵਾ“ ਦੇ ਜਰਮਨ ਕੌਂਸਲ ਨੇ ਜ਼ਮਾਨਤ ‘ਤੇ ਛੁਡਾ ਲਿਆ ਤੇ ਉਹ ਰਿਹਾਈ ਬਾਦ ਜੰਗਲਾਂ ‘ਚ ਲੁਕ ਗਿਆ। ਕੁਝ ਅਰਸੇ ਬਾਦ ਹਰੀ ਸਿੰਘ ਜਕਾਰਤਾ ਸ਼ਹਿਰ ਪਹੰੁਚ ਗਿਆ। ਉਥੇ ਇਕ ਡੇਅਰੀ-ਮੈਨ ਮੁਹੰਮਦ ਅਲੀ ਨਾਲ ਸੰਪਰਕ ਹੋਇਆ ਜਿਸ ਪਾਸ 150 ਗਾਂਈਆਂ ਦਾ ਬਾੜਾ ਸੀ। ਇਨ੍ਹਾਂ ਗਾਂਈਆਂ ਦੀ ਦੇਖ-ਭਾਲ ਉਸਮਾਨ ਖਾਂ ਨਾਂ ਦਾ ਇਕ ਨੌਕਰ ਕਰਦਾ ਸੀ ਜੋ ਅਚਾਨਕ ਮਰ ਗਿਆ। ਮੁਹੰਮਦ ਅਲੀ ਨੇ ਉਸਮਾਨ ਖਾਂ ਦੀ ਥਾਂ ਹਰੀ ਸਿੰਘ ਨੂੰ ਰੱਖ ਲਿਆ। ਉਸਮਾਨ ਖਾਂ ਦਾ ਪਾਸ-ਪੋਰਟ ਵੀ ਹਰੀ ਸਿੰਘ ਦੇ ਹਵਾਲੇ ਕਰ ਦਿੱਤਾ ਕਿ ਕੋਈ ਸਰਕਾਰੀ ਪੁੱਛ-ਗਿੱਛ ਨਾ ਹੋਵੇ। ਪਾਸ-ਪੋਰਟ ਤੇ ਫੋਟੋ ਨਹੀਂ ਹੁੰਦੀ ਸਿਰਫ ਦਸਤਖਤ ਜਾਂ ਅੰਗੂਠਾ ਲਾਇਆ ਹੁੰਦਾ ਸੀ। ਇਸ ਤਰ੍ਹਾਂ ਹਰੀ ਸਿੰਘ ਦੇ ਨਾਂ ਨਾਲ ਉਸਮਾਨ ਜੁੜ ਗਿਆ। ਪੁਲਿਸ ਭਾਲਦੀ ਰਹੀ ਪਰ ਉਹ ਉਸਮਾਨ ਖਾਂ ਬਣ ਗਿਆ ਹੋਇਆ ਸੀ। ਹਾਲਾਤ ਠੀਕ ਹੋਣ ਤੇ ਉਸ ਨੇ ਉਥੇ ਇਕ ਮੁਸਲਮਾਨ ਸੁਡਾਨੀ ਔਰਤ ‘‘ਰੰਗ ਹਾਲੂ“ ਨਾਲ ਸ਼ਾਦੀ ਕਰ ਲਈ। ਦੂਸਰੀ ਜੰਗ ਤਕ ਦਿਨ ਕੱਟੀ ਕਰਦਾ ਰਿਹਾ ਤੇ 24-ਸਾਲਾਂ ਬਾਦ ਜਾਵਾ ਛੱਡ ਕੇ ਭਾਰਤ ਮੁੜਿਆ।

ਪਹਿਲੀ ਸੰਸਾਰ ਜੰਗ ਦੇ ਆਸਾਰ ਦੇਖ ਕੇ ਬਹੁਤ ਸਾਰੇ ਗਦਰੀ ਹਿੰਦੁਸਤਾਨ ਚਲੇ ਗਏ। ਗਦਰ ਪਾਰਟੀ ਦਾ ਦਫਤਰ ਤੇ ‘ਗਦਰ` ਅਖਬਾਰ ਦਾ ਸਾਰਾ ਇੰਤਜ਼ਾਮ ਰਾਮ ਚੰਦਰਾ ਦੇ ਹੱਥ ਆ ਗਿਆ। ਗਦਰ ਪਾਰਟੀ ਨੇ ਰਾਮਚੰਦਰਾ ਨੂੰ ਹਿਦਾਇਤ ਕੀਤੀ ਕਿ ਜਰਮਨ ਕੌਂਸਲ ਦੀ ਮਦਦ ਨਾਲ ਏਸ਼ੀਆ ਦੇ ਪਾਰਟੀ ਦੇ ਮੋਰਚਿਆ ਲਈ ਹਥਿਆਰ, ਪੈਸੇ ਤੇ ਬੰਦਿਆ ਦੀ ਮਦਦ ਭੇਜੇ। ਪਰ ਰਾਮਚੰਦਰਾ ਨੇ ਅੰਦਰ ਖਾਤੇ ਸੂਹਾ ਦੇਣ ਲਈ ਬ੍ਰਿਟਿਸ਼ ਕੌਂਸਲ ਨਾਲ ਨਾਤਾ ਜੋੜ ਲਿਆ। ਸਗੋਂ ਉਸ ਨੇ ਬ੍ਰਿਟਿਸ਼ ਕੌਂਸਲ ਪਾਸੋਂ ਮੁਖਬਰੀ ਤੇ ਜਰਮਨੀ ਤੋਂ ਜੋ ਸਹਾਇਤਾ ਵੀ ਮਿਲਦੀ ਸੀ ਖੁਦ ਡਿਕਾਰਨ ਲੱਗ ਪਿਆ। ਗਦਰ ਪਾਰਟੀ ਵੱਲੋਂ ਸੌਂਪੇ ਸਾਰੇ ਕਾਰਜ ਭੁੱਲ ਗਿਆ। ਪਾਰਟੀ ਨੂੰ ਨਾ ਹਥਿਆਰ ਭੇਜੇ ਨਾ ਕੋਈ ਪੈਸਾ। ਦਫਤਰ ਦੇ ਕੁਝ ਕਾਮੇ ਭੇਜੇ, ਪਰ ਬਿਨ੍ਹਾਂ ਖਰਚੇ। ਭਾਈ ਭਗਵਾਨ ਸਿੰਘ ਇਸ ਸਮੇਂ ਪਾਰਟੀ ਦੀਆਂ ਸਰਗਰਮੀਆਂ ਜਾਰੀ ਰੱਖਣ ਲਈ ਜਾਪਾਨ ਚਲੇ ਗਏ ਸਨ। ਭਗਵਾਨ ਸਿੰਘ ਨੂੰ ਵੀ ਵਾਪਸਸੀ ਲਈ ਕੇਵਲ 200 ਡਾਲਰ ਕਿਰਾਏ ਲਈ ਭੇਜੇ, ਹੋਰ ਕੋਈ ਖਰਚਾ ਨਾ ਭੇਜਿਆ। ਰਾਮਚੰਦਰਾ ਦੇ ਘੱਪਲਿਆ ਅਤੇ ਬਈਮਾਨੀ ਲਾਹੌਰ ਸਾਜ਼ਿਸ਼ ਕੇਸਾਂ ਦੀ ਸੁਣਵਾਈ ਤੋਂ ਵੀ ਮਿਲਦੀ ਹੈ। ਅਮਰੀਕਾ ਤੋਂ ਪਾਰਟੀ ਨੂੰ ਨਾ ਕੋਈ ਅਸਲਾ ਤੇ ਨਾ ਪੈਸਾ ਪ੍ਰਾਪਤ ਹੋਣ ਦਾ ਜ਼ਿਕਰ ਆਉਂਦਾ ਹੈ, ਸਿਵਾਏ ਗਦਰ ਅਖਬਾਰ ਦੇ। ਪਾਰਟੀ ਨੂੰ ਖੋਰਾ ਲੱਗਦਿਆ ਸੁਣ ਕੇ ਭਾਈ ਭਗਵਾਨ ਸਿੰਘ ਜਾਪਾਨ ਤੋਂ ਸਾਨ-ਫ੍ਰਾਂਸਿਸਕੋ ਨੂੰ ਵਾਪਸ ਆ ਗਏ ਤੇ ਮਿਸਟਰ ਬਗਾਈ ਨਾਲ ਰਾਬਤਾ ਪੈਦਾ ਕੀਤਾ। ਉਸ ਨੇ ਰਾਮਚੰਦਰਾ ਦੇ ਘੱਪਲਿਆ ਸਬੰਧੀ ਪੂਰੀ ਤਫ਼ਸੀਲ ਨੋਟ ਕਰਾਈ।

ਰਾਮਚੰਦਰਾ ਦੇ ਘਪਲਿਆ ਸੰਬੰਧੀ ਪਤਾ ਲੱਗਾ ਕਿ ਉਸ ਨੇ ਬਰਕਲੇ ਵਿੱਚ 1375 ਡਾਲਰ ‘ਚ ਇਕ ਮਕਾਨ ਖਰੀਦ ਕੇ ਆਪਣੇ ਨਾਂ ਲਾਇਆ ਹੋਇਆ ਹੈ। ਮਿਸ਼ਨ ਬਰਾਂਚ ਬੈਂਕ ਵਲੈਂਸੀਆ ਸੜਕ ਵਿੱਚ ਆਪਣੀ ਪਤਨੀ ਪਦਮਾਵਤੀ ਦੇ ਨਾਂ 16,500 ਡਾਲਰ ਜਮ੍ਹਾਂ ਕਰਾਏ ਹੋਏ ਹਨ। ਇਕ ਮਕਾਨ ਤੇ ਦੋ ਲਾਟਾਂ, 5-ਵੁੱਡ ਸਟਰੀਕ ‘ਤੇ ਇਕ ਅਮਰੀਕਨ ਦੋਸਤ ਲੇਡੀ, ਕੈਰਿੰਗਟਨ ਹਾਊਸ ਦੇ ਨਾਂ ਲਏ ਹੋਏ ਸਨ। ਭਾਈ ਭਗਵਾਨ ਸਿੰਘ ਨੇ ਕਿਉਂਕਿ ਜਾਣ ਤੋਂ ਪਹਿਲਾ ਅਸਤੀਫਾ ਨਹੀਂ ਦਿੱਤਾ ਸੀ ਉਹ ਗਦਰ ਪਾਰਟੀ ਦਾ ਪ੍ਰਧਾਨ ਸੀ। ਉਸ ਨੇ ਪ੍ਰਧਾਨ ਦੀ ਹੈਸੀਅਤ ‘ਚ ਰਾਮਚੰਦਰਾ ਤੋਂ ਪਾਰਟੀ ਦੇ ਹਿਸਾਬ-ਕਿਤਾਬ ਬਾਰੇ ਪੁਛਿਆ ਕਿ ਇਸ ਸੰਬੰਧੀ ਬਾਕੀ ਪਾਰਟੀ ਮੈਂਬਰ ਦੀ ਤਸੱਲੀ ਕਰਾਈ ਜਾ ਸਕੇ। ਪਰ ਰਾਮਚੰਦਰਾ ਨੇ ਮੋੜਵਾ ਜਵਾਬ ਦਿੱਤਾ ਕਿ ਤੁਸੀ ਫਿਕਰ ਨਾ ਕਰੋ ਬਾਕੀ ਸਾਥੀਆਂ ਨੂੰ ਕਹਿ ਦਿਓ ਕਿ ਸਭ ਠੀਕ ਠਾਕ ਹੈ। ਪਰ ਜਦੋਂ ਪ੍ਰਧਾਨ ਨੇ ਜਰਾਂ ਕਰਾਰੇ ਹੋ ਕੇ ਪੁਛਿਆ ਕਿ ਜਿਨਾ ਚਿਰ ਉਸ ਤੀ ਤਸੱਲੀ ਨਹੀਂ ਹੁੰਦੀ, ਬਾਕੀ ਸਾਥੀਆਂ ਨੂੰ ਨਹੀਂ ਦੱਸੇਗਾ। ਕਿਉਂਕਿ ਮੈਨੂੰ ਅੰਦਰਲੀ ਗੱਲ ਦਾ ਪਤਾ ਲੱਗ ਚੁੱਕਿਆ ਹੈ। ਰਾਮਚੰਦਰਾ ਨੇ ਹਿਸਾਬ-ਕਿਤਾਬ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ, ਕਿਹਾ ਕਿ ਕਮੇਟੀ ਨੂੰ ਪੁਛੋ। ਬਾਬਾ ਸੋਹਣ ਸਿੰਘ ਭਕਨਾ ਪ੍ਰਧਾਨ ਨੇ ਹਿੰਦੂਸਤਾਨ ਨੂੰ ਜਾਣ ਤੋਂ ਪਹਿਲਾ ਭਗਵਾਨ ਸਿੰਘ ਨੂੰ ਪਾਰਟੀ ਪ੍ਰਧਾਨ, ਮੌਲਵੀ ਬਰਕਤਉੱਲਾ ਨੂੰ ਮੀਤ-ਪ੍ਰਧਾਨ ਤੇ ‘‘ਗਦਰ“ ਦੀ ਛਪਾਈ ਤੇ ਐਡੀਟਰੀ ਦੀ ਡਿਊਟੀ ਰਾਮਚੰਦਰਾਂ ਨੂੰ ਸੌਂਪ ਦਿੱਤੀ ਸੀ। ਰਾਮਚੰਦਰਾ ਨੇ ਪਹਿਲੀ ਕਮੇਟੀ ‘ਚ ਭੰਨ-ਤੋੜ ਕਰਕੇ ਕੁਝ ਆਪਣੇ ਪੱਖੀ ਮੈਂਬਰ ਬਣਾ ਲਏ ਸਨ ਜੋ ਉਸ ਦਾ ਪੱਖ ਪੂਰਦੇ ਸਨ। ਭਗਵਾਨ ਸਿੰਘ ਨੇ ਕਮੇਟੀ ਮੈਂਬਰਾਂ ਨੂੰ ਰਾਮਚੰਦਰਾ ਵੱਲੋਂ ਪਾਰਟੀ ਦੇ ਫੰਡਾਂ ‘ਚ ਕੀਤੀ ਘੱਪਲੇਬਾਜੀ, ਬੈਂਕਾ ‘ਚ ਜਮਾਂ ਕੀਤੇ ਪੈਸੇ, ਆਪਣੀ ਪਤਨੀ ਪਦਮਾਵਤੀ ਦੇ ਨਾਂ ਤੇ ਖਰੀਦੇ ਮਕਾਨ ਬਾਰੇ ਦੱਸ ਦਿੱਤਾ। ਮੀਟਿੰਗ ਵਿੱਚੋਂ ਰਾਮਚੰਦਰਾ ਉਠ ਕੇ ਭੱਜ ਗਿਆ ਕਿ ਮੇਰੀ ਪਤਨੀ ਦਾ ਨਾਂ ਲੈ ਕੇ ਮੇਰੀ ਬੇਇਜਤੀ ਕੀਤੀ ਹੈ।

ਹਿੰਦੂ-ਜਰਮਨ ਸਾਜ਼ਿਸ਼ ਕੇਸ: ਗਦਰ ਪਾਰਟੀ ਅਤੇ ਜਰਮਨ ਸਰਕਾਰ ਵਿਚਕਾਰ ਹਿੰਦੂਸਤਾਨ ਨੂੰ ਆਜ਼ਾਦ ਕਰਾਉਣ ਸੰਬੰਧੀ ਮਨਸੂਬੇ ਦਾ ਬ੍ਰਿਟਿਸ਼ ਸਰਕਾਰ ਨੂੰ ਪਤਾ ਲੱਗ ਪਿਆ। ਹਿੰਦੂਸਤਾਨ ਦੇ ਬ੍ਰਿਟਿਸ਼-ਸਕੱਤਰ ਨੇ ਲੰਡਨ ਦੇ ਵਾਇਸਰਾਏ ਨੂੰ ਖਤ ਲਿਖ ਕੇ ਇਸ ਸਾਜ਼ਿਸ਼ ਸਬੰਧੀ ਅਮਰੀਕਨ ਸਰਕਾਰ ਨਾਲ ਰਾਬਤਾ ਕਰਕੇ ਇਸ ਸਾਜ਼ਿਸ਼ ਬਾਰੇ ਆਗਾਹ ਕਰਨ ਲਈ ਕਿਹਾ। ਇਸ ਸਬੰਧੀ ਲਾਹੌਰ ਸਾਜ਼ਿਸ਼ ਕੇਸ ਦਾ ਹਵਾਲਾ ਵੀ ਦਿੱਤਾ। ਪਹਿਲਾ ਤਾਂ ਅਮਰੀਕਾ ਨਿਰਪੱਖ ਦੇਸ਼ ਰਿਹਾ ਪਰ ਜਦੋਂ ਪਹਿਲੀ ਆਲਮੀ ਜੰਗ ਸ਼ੁਰੂ ਹੋ ਗਈ ਤੇ ਅਮਰੀਕਾ ਇੰਗਲੈਂਡ ਦੀ ਮਦਦ ਤੇ ਆਉਣ ਕਰਕੇ,‘ਬ੍ਰਿਟਿਸ਼ ਸਰਕਾਰ ਦੀ ਸ਼ਿਕਾਇਤ ‘ਤੇ ਤੁਰੰਤ ਅਮਲ ਸ਼ੁਰੂ ਕਰ ਦਿੱਤਾ। ਸਾਨ ਫ੍ਰਾਂਸਿਸਕੋ ਦੀ ਗਦਰ ਪਾਰਟੀ ਦੇ ਆਹੁੱਦੇਦਾਰ ਅਤੇ ਜਰਮਨ ਕੌਂਸਲ ਦੇ ਅਮਲੇ ਨੂੰ ਗ੍ਰਿਫਤਾਰ ਕਰ ਲਿਆ। ਗ੍ਰਿਫਤਾਰ ਹੋਣ ਵਾਲੇ ਗਦਰ ਪਾਰਟੀ ਦੇ ਆਗੂ ਭਗਵਾਨ ਸਿੰਘ, ਸੰਤੋਖ ਸਿੰਘ, ਤਾਰਕਨਾਥ ਦਾਸ, ਹਰੰਭਾ ਲਾਲ ਗੁਪਤਾ, ਰਾਮ ਸਿੰਘ ਧਲੇਤਾ, ਨਿਧਾਨ ਸਿੰਘ, ਸੀ.ਕੇ. ਚੱਕਰਵਰਤੀ, ਗੁਪਾਲ ਸਿੰਘ, ਬਿਸ਼ਨ ਸਿੰਘ ਹਿੰਦੀ, ਗੋਧਾ ਰਾਮ, ਸੁੰਦਰ ਸਿੰਘ ਘਾਲੀ ਤੇ ਦਫਤਰ ਦੇ ਸਟਾਫ ਸਣੇ ਕੁਲ 19-ਵਿਅਕਤੀ ਸ਼ਾਮਲ ਸਨ। ਨਵੰਬਰ 12, 1917 ਨੂੰ ਅਮਰੀਕਾ ਦੇ ਦੱਖਣੀ ਡਵੀਜ਼ਨ ਦੀ ਜਿ਼ਲ੍ਹਾ ਕੋਰਟ ਕੈਲੇਫੋਰਨੀਆ ਵਿੱਚ ਗਦਰੀਆਂ ਅਤੇ ਜਰਮਨਾਂ ਦੀ ਸਾਂਝੀ ਸਾਜ਼ਿਸ਼ ਵਿਰੁੱਧ ਮੁਕੱਦਮਾ ਦਾਇਰ ਹੋਇਆ ਕਿ ਅਮਰੀਕਾ ਦੀ ਨਿਰਪੱਖਤਾ ਦੀ ਨੀਤੀ ਦਾ ਲਾਭ ਲੈ ਕੇ ਇਨ੍ਹਾਂ ਲੋਕਾਂ ਨੇ ਅਮਰੀਕਾ ਦੀ ਧਰਤੀ ਤੇ ਬ੍ਰਿਟਿਸ਼ ਸਰਕਾਰ ਨੂੰ ਡੇਗਣ ਦੇ ਮਨਸੂਬੇ ਬਣਾਏ ਤਾਂ ਕਿ ਅਮਰੀਕਾ ਤੋਂ ਹਥਿਆਰ ਤੇ ਅਸਲਾ ਖਰੀਦ ਕੇ ‘‘ਮੈਵਰਿਕ“ ਰਾਹੀਂ ਇੰਡੀਆ, ਬਰਮਾ, ਸਿਆਮ ਆਦਿ ਮੁਲਕਾਂ ਅੰਦਰ ਇੰਡੀਅਨ ਫੌਜਾਂ ਵਿੱਚ ਖ਼ਲਬਲੀ ਮਚਾਈ ਜਾ ਸਕੇ।

ਹਿੰਦੂ-ਜਰਮਨ ਸਾਜ਼ਿਸ਼ ਕੇਸ ਲਈ ਬ੍ਰਿਟਿਸ਼ ਸਰਕਾਰ ਨੇ ਗਵਾਈ ਦੇਣ ਲਈ ਪੰਜਾਬ ਤੋਂ ਗਵਾਹ ਭੇਜੇ। ਇਹ ਮੁਕੱਦਮਾ 20-ਨਵੰਬਰ, 1917ਤੋਂ 24-ਅਪ੍ਰੈਲ, 1918 ਤੱਕ ਚਲਿਆ। ਕੇਸ ਦੀ ਸੁਣਵਾਈ ਤੋਂ ਬਾਅਦ ਅਦਾਲਤ ਨੇ ਗਦਰੀ ਬਾਬਿਆਂ ਨੂੰ ਵੱਖ-ਵੱਖ ਮਿਆਦਾਂ ਦੀਆਂ ਸਜ਼ਾਵਾਂ ਸੁਣਾਈਆਂ।

ਸਾਨ ਫ੍ਰਾਂਸਿਸਕੋ ਕਰੌਨੀਕਲ ਨੇ ਸੁਰਖੀ ਲਾਈ, 29 ਹਿੰਦੂ ਬਗਾਵਤ ਕੇਸ ਦੇ ਦੋਸ਼ੀ, ਅਦੁਤੀ ਇਤਿਹਾਸਕ ਕੇਸ, ਰਾਮ ਸਿੰਘ ਨੇੇ ਰਾਮਚੰਦਰਾ ਤੇ ਗੋਲੀ ਮਾਰੀ ਅਤੇ ਅਮਰੀਕੀ ਮਾਰਸ਼ਲ ਹੋਲੋਹਨ ਨੇ ਰਾਮ ਸਿੰਘ ਨੂੰ ਢੇਰੀ ਕਰ ਦਿੱਤਾ।

ਗਦਰੀਆਂ ਨੂੰ ਮਿਲੀ ਕੈਦ ਦੀ ਮਿਆਦ: ਤਾਰਕਨਾਥ ਦਾਸ ਨੂੰ 22-ਮਹੀਨੇ, ਭਗਵਾਨ ਸਿੰਘ ਨੂੰ 18-ਮਹੀਨੇ, ਗੋਪਾਲ ਸਿੰਘ ਸੋਹੀ ਨੂੰ 18-ਮਹੀਨੇ, ਗੋਧਾ ਰਾਮ ਨੂੰ 11-ਮਹੀਨੇ, ਗੋਬਿੰਦ ਬਿਹਾਰੀ ਲਾਲ ਨੂੰ 10-ਮਹੀਨੇ, ਸੰਤੋਖ ਸਿੰਘ (ਭਾਈ) ਨੂੰ 21-ਮਹੀਨੇ, ਨਿਰੰਜਨ ਦਾਸ ਨੂੰ 6-ਮਹੀਨੇ, ਸੰੁਦਰ ਸਿੰਘ ਨੂੰ 3-ਮਹੀਨੇ, ਬਿਸ਼ਨ ਬਿਹਾਰੀ ਹਿੰਦੀ ਨੂੰ 9-ਮਹੀਨੇ, ਮਹਾਂਦਿਓ ਅਬਾਜੀ ਨੂੰ 3-ਮਹੀਨੇ, ਮੁਨਸ਼ੀ ਰਾਮ ਨੂੰ 2-ਮਹੀਨੇ, ਨਿਧਾਨ ਸਿੰਘ ਨੂੰ 4-ਮਹੀਨੇ, ਇਮਾਮਦੀਨ ਨੂੰ 4-ਮਹੀਨੇ, ਧਰਿੰਦਰ ਸਰਕਾਰ ਨੂੰ 4-ਮਹੀਨੇ ਤੇ ਚੰਦਰ ਕਾਂਤਾ ਚਕਰ ਨੂੰ 1-ਮਹੀਨੇ ਦੀ ਸਜ਼ਾਅ ਦਿੱਤੀ ਗਈ। ਗਦਰ ਪਾਰਟੀ ਦੇ ਬਾਹਰਲੇ ਆਗੂਆ ਨੇ ਪੈਸੇ ਇਕੱਠੇ ਕਰਕੇ ਸਾਰਿਆਂ ਨੂੰ ਜਮਾਨਤ ਤੇ ਰਿਹਾਅ ਕਰਾ ਲਿਆ। ਜ਼ਮਾਨਤ ਦੀ ਰਾਸ਼ੀ 3000 ਤੋਂ ਲੈ ਕੇ 25-ਹਜ਼ਾਰ ਡਾਲਰ ਅਦਾ ਕੀਤੀ ਗਈ। ਭਾਈ ਭਗਵਾਨ ਸਿੰਘ ਪਾਰਟੀ ਦੇ ਪ੍ਰਧਾਨ ਦੀ ਪਹਿਲਾ ਜ਼ਮਾਨਤ ਰਾਸ਼ੀ 8-ਹਜ਼ਾਰ, ਫਿਰ ਵਧਾ ਕੇ 15-ਹਜ਼ਾਰ, ਫਿਰ 20-ਹਜ਼ਾਰ, ਫਿਰ 30-ਹਜ਼ਾਰ ਤੇ ਅਖੀਰ 35-ਹਜ਼ਾਰ ਡਾਲਰ ਕਰ ਦਿੱਤੀ, ਜੋ ਅਦਾ ਕਰਕੇ ਗਦਰ ਪਾਰਟੀ ਨੇ ਉਨ੍ਹਾਂ ਨੂੰ ਰਿਹਾਅ ਕਰਾਇਆ।

ਰਾਮਚੰਦਰਾ ਦਾ ਕੇਸ: ਰਾਮ ਚੰਦਰਾ ਨੇ ਆਪਣਾ ਕੇਸ ਅਲੱਗ ਲੜਿਆ। ਗਦਰ ਪਾਰਟੀ ਨੇ ਉਸ ਨੂੰ ਵਰਜਿਆ ਕਿ ਵੱਖਰਾ ਕੇਸ ਲੜਨ ਨਾਲਾ ਸਾਰਾ ਕੇਸ ਕਮਜ਼ੋਰ ਹੋ ਜਾਵੇਗਾ ? ਪਰ ਉਸ ਨੂੰ ਇਹ ਅਹਿਸਾਸ ਹੋ ਗਿਆ ਸੀ ਕਿ ਮੈਨੂੰ ਵਾਅਦਾ-ਮੁਆਫ਼ ਗਵਾਹ ‘ਤੇ ਤੌਰ ਤੇ ਸਰਕਾਰੀ ਗਵਾਹੀ ਦੇਣ ਤੇ ਮੈਂ ਬਰੀ ਹੋ ਜਾਵਾਂਗਾ ? ਕਿਉਂਕਿ ਉਹ ਪਾਰਟੀ ਦੀਆਂ ਖਬਰਾਂ ਗੋਰੀ ਸਰਕਾਰ ਨੂੰ ਦਿੰਦਾ ਰਿਹਾ ਸੀ। ਇਹ ਵੀ ਡਰ ਅਮਰੀਕੀ ਸਰਕਾਰ ਨੂੰ ਤੇ ਖੁਦ ਰਾਮਚੰਦਰਾ ਨੂੰ ਵੀ ਸੀ, ‘ਕਿ ਗਵਾਹੀ ਦੇਣ ਤੋਂ ਪਹਿਲਾ ਉਸ ਦਾ ਮੂੰਹ ਬੰਦ ਹੋ ਜਾਵੇਗਾ ? ਪਰ ਗਦਰ ਪਾਰਟੀ ਨੇ ਅੱਜੇ ਅਜਿਹਾ ਕੋਈ ਫੈਸਲਾ ਨਹੀਂ ਲਿਆ ਸੀ।

ਪਰ ਭਾਈ ਰਾਮ ਸਿੰਘ ਧਲੇਤਾ ਕੇਸ ਦੀ ਸੁਣਵਾਈ ਸਮੇਂ 21-ਅਪ੍ਰੈਲ, 1918 ਨੂੰ ਪਾਰਟੀ ਦੀ ਸਲਾਹ ਤੋਂ ਬਿਨਾਂ ਪੱਗ ਵਿੱਚ ਰਿਵਾਲਰ ਛੁਪਾਅ ਦੇ ਅਦਾਲਤ ਦੇ ਕਮਰੇ ਵਿੱਚ ਜਾ ਕੇ ਦਰਸ਼ਕਾਂ ਵਿੱਚ ਜਾ ਬੈਠਾ। ਹਰ ਬੰਦੇ ਦੀ ਤਲਾਸ਼ੀ ਬਾਦ ਹੀ ਅਦਾਲਤ ਵਿੱਚ ਦਾਖਲ ਹੋਣ ਦਿੱਤਾ ਜਾਂਦਾ ਸੀ। ਸਰਕਾਰੀ ਗਵਾਹ ਭੁਗਤ ਰਹੇ ਸਨ। ਰਾਮਚੰਦਰਾ ਦੀ ਵਾਰੀ ਆਈ ਤਾਂ ਸਰਕਾਰੀ ਗਵਾਹ ਵਜੋ ਉਸ ਨੇ ਹਾਮੀ ਭਰੀ। ਅੱਜੇ ਉਸ ਨੇ ਮੂੰਹ ਖੋਲ੍ਹਿਆ ਹੀ ਸੀ ਕਿ ਰਾਮ ਸਿੰਘ ਧੁਲੇਤਾ ਨੇ ਫੌਰੀ ਪੱਗ ‘ਚ ਰਿਵਾਲਵਰ ਕੱਢ ਕੇ ਉਸ ਦੇ ਸੀਨੇ ‘ਚ ਗੋਲੀਆਂ ਦਾਗ ਦਿੱਤੀਆਂ ! ਪਾਰਟੀ ਦਾ ਗਦਾਰ ਢੈਅ-ਢੇਰੀ ਹੋ ਗਿਆ।

ਅਦਾਲਤ ਦੇ ਮਾਰਸ਼ਲ ਨੇ ਰਾਮ ਸਿੰਘ ਧੁਲੇਤਾ ਨੂੰ ਗ੍ਰਿਫਤਾਰ ਕਰਨ ਦੀ ਥਾਂ ਉਸ ਨੂੰ ਗੋਲੀ ਮਾਰ ਕੇ ਸ਼ਹੀਦ ਦਾ ਰੁਤਬਾ ਦੇ ਦਿੱਤਾ । ਇਸ ਤਰ੍ਹਾਂ ਗਦਰੀ ਦੇਸ਼ ਭਗਤਾਂ ਨੇ ਹਿੰਦੂਸਤਾਨ ਦੀ ਆਜ਼ਾਦੀ ਲਈ ਮਹਾਨ ਕੁਰਬਾਨੀ ਕਰਕੇ ਇਕ ਸੁਨੈਹਿਰੀ ਇਤਿਹਾਸ ਸਿਰਜਿਆ।

-ਜਗਦੀਸ਼ ਸਿੰਘ ਚੋਹਕਾ

Check Also

ਸਿੰਗਲਾ ‘ਤੇ ਕਾਰਵਾਈ ਬਾਅਦ ਕਈ ਸਾਬਕਾ ਮੰਤਰੀ ਪਰੇਸ਼ਾਨ

ਜਗਤਾਰ ਸਿੰਘ ਸਿੱਧੂ ਐਡੀਟਰ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭ੍ਰਿਸ਼ਟਾਚਾਰ ਦੇ ਮੁੱਦੇ ਨੂੰ …

Leave a Reply

Your email address will not be published.