ਚੰਡੀਗੜ੍ਹ: ਆਸਟ੍ਰੇਲੀਆ ਇਸ ਸਮੇਂ ਗਲੋਬਲ ਵਾਰਮਿੰਗ ਕਾਰਨ ਵਿਨਾਸ਼ਕਾਰੀ ਮੌਸਮੀ ਘਟਨਾਵਾਂ ਦਾ ਸਾਹਮਣਾ ਕਰ ਰਿਹਾ ਹੈ। ਬ੍ਰਿਸਬੇਨ, ਆਸਟ੍ਰੇਲੀਆ ਦਾ ਤੀਜਾ ਸਭ ਤੋਂ ਵੱਧ ਆਬਾਦੀ ਵਾਲਾ ਸ਼ਹਿਰ ਸੋਮਵਾਰ ਨੂੰ ਪਾਣੀ ਦੇ ਹੇਠਾਂ ਆ ਗਿਆ ਅਤੇ ਅੱਠ ਲੋਕਾਂ ਦੀ ਮੌਤ ਹੋ ਗਈ।
ਏਜੰਸੀ ਦੀਆਂ ਰਿਪੋਰਟਾਂ ਮੁਤਾਬਕ ਕੁਈਨਜ਼ਲੈਂਡ ਅਤੇ ਨਿਊ ਸਾਊਥ ਵੇਲਜ਼ ਦੇ ਵੱਡੇ ਹਿੱਸੇ ਅਚਾਨਕ ਹੜ੍ਹਾਂ ਦਾ ਸਾਹਮਣਾ ਕਰ ਰਹੇ ਹਨ, ਜਿਸ ਨਾਲ ਸੰਪੱਤੀ ਦਾ ਵਿਆਪਕ ਨੁਕਸਾਨ ਹੋ ਰਿਹਾ ਹੈ । ਭਿਆਨਕ ਤੂਫਾਨ ਦੇ ਮੱਦੇਨਜ਼ਰ, ਕੁਈਨਜ਼ਲੈਂਡ ਰਾਜ ਦੀ ਰਾਜਧਾਨੀ ਬ੍ਰਿਸਬੇਨ ਵਿੱਚ 1,400 ਤੋਂ ਵੱਧ ਘਰ ਹੜ੍ਹ ਦੇ ਖ਼ਤਰੇ ਵਿੱਚ ਸਨ ਜਦੋਂ ਕਿ 28,000 ਤੋਂ ਵੱਧ ਘਰ ‘ਚ ਬਿਜਲੀ ਨਹੀਂ ਹੈ।
ਕੁਈਨਜ਼ਲੈਂਡ ਦੀ ਪ੍ਰੀਮੀਅਰ ਅੰਨਾਸਤਾਸੀਆ ਪਲਾਸਜ਼ੁਕ ਨੇ ਕਿਹਾ ਕਿ ਨਵੰਬਰ ਤੋਂ ਬ੍ਰਿਸਬੇਨ ਵਿੱਚ ਬਾਰਿਸ਼ ਬੇਮਿਸਾਲ ਰਹੀ ਹੈ। ਸਾਨੂੰ ਇਸ ਬਾਰਿਸ਼ ਦੀ ਕਦੇ ਉਮੀਦ ਨਹੀਂ ਸੀ। ਇਹ ਮੀਂਹ ਵਾਲਾ ਬੰਬ ਅਸਲ ਵਿੱਚ ਖ਼ਤਰਨਾਕ ਹੈ। ਇਹ ਅਵਿਸ਼ਵਾਸ਼ਯੋਗ ਹੈ।
‘Rain Bomb’ ਦਾ ਵਰਤਾਰਾ ਉਦੋਂ ਵਾਪਰਦਾ ਹੈ ਜਦੋਂ ਹਵਾ ਜ਼ਮੀਨ ਨਾਲ ਇੰਨੀ ਜ਼ੋਰ ਨਾਲ ਟਕਰਾਉਂਦੀ ਹੈ ਕਿ ਇਹ ਤੂਫ਼ਾਨ-ਸ਼ਕਤੀ ਵਾਲੀਆਂ ਹਵਾਵਾਂ ਬਣਾਉਂਦੀ ਹੈ। ਆਸਟਰੇਲੀਆ ਦੇ ਤੀਜੇ ਸਭ ਤੋਂ ਵੱਧ ਆਬਾਦੀ ਵਾਲੇ ਸ਼ਹਿਰ, ਬ੍ਰਿਸਬੇਨ ਵਿੱਚ ਇੱਕ ਮੀਂਹ ਵਾਲੇ ਬੰਬ ਨੇ ਬਿਜਲੀ ਦੀਆਂ ਲਾਈਨਾਂ ਨੂੰ ਤੋੜ ਦਿੱਤਾ ਅਤੇ ਘੰਟਿਆਂ ਵਿੱਚ ਵਿਆਪਕ ਤਬਾਹੀ ਮਚਾਈ।