ਹਿਮਾਚਲ ਪ੍ਰਦੇਸ਼ ਦੇ ਕਈ ਹਿੱਸਿਆਂ ਵਿੱਚ ਭਾਰੀ ਮੀਂਹ ਅਤੇ ਗੜੇਮਾਰੀ, ਓਰੇਂਜ ਅਲਰਟ ਜਾਰੀ

Rajneet Kaur
2 Min Read

ਸ਼ਿਮਲਾ: ਹਿਮਾਚਲ ਪ੍ਰਦੇਸ਼ ਵਿੱਚ, ਮੰਗਲਵਾਰ ਨੂੰ ਓਰੇਂਜ ਅਲਰਟ ਦੇ ਵਿਚਕਾਰ ਕੁੱਲੂ ਅਤੇ ਲਾਹੌਲ-ਸਪੀਤੀ ਦੀਆਂ ਚੋਟੀਆਂ ‘ਤੇ ਭਾਰੀ ਬਰਫਬਾਰੀ ਦੇਖਣ ਨੂੰ ਮਿਲੀ। ਕਾਂਗੜਾ, ਸ਼ਿਮਲਾ ਅਤੇ ਮੰਡੀ ਦੇ ਕਈ ਇਲਾਕਿਆਂ ‘ਚ ਬਾਰਿਸ਼ ਦੇ ਨਾਲ ਹੀ ਗੜੇ ਵੀ ਪਏ ਹਨ।

ਮੌਸਮ ਵਿਗਿਆਨ ਕੇਂਦਰ ਸ਼ਿਮਲਾ ਨੇ ਬੁੱਧਵਾਰ ਨੂੰ ਰਾਜ ਦੇ ਕਈ ਖੇਤਰਾਂ ਵਿੱਚ ਭਾਰੀ ਮੀਂਹ, ਗੜੇਮਾਰੀ ਅਤੇ ਗਰਜ ਨਾਲ ਤੂਫ਼ਾਨ ਲਈ ਓਰੇਂਜ ਅਲਰਟ  ਜਾਰੀ ਕੀਤੀ ਹੈ। ਸੂਬੇ ਦੇ ਜ਼ਿਆਦਾਤਰ ਇਲਾਕਿਆਂ ‘ਚ 27 ਮਈ ਤੱਕ ਮੌਸਮ ਖਰਾਬ ਰਹਿਣ ਦੀ ਸੰਭਾਵਨਾ ਹੈ।ਸੂਬੇ ‘ਚ ਮੌਸਮ ਦੇ ਬਦਲੇ ਪੈਟਰਨ ਕਾਰਨ ਲੋਕਾਂ ਨੂੰ ਪਿਛਲੇ ਦੋ ਦਿਨਾਂ ਤੋਂ ਪੈ ਰਹੀ ਗਰਮੀ ਤੋਂ ਕੁਝ ਰਾਹਤ ਮਿਲੀ ਹੈ। ਮੌਸਮ ਵਿਭਾਗ ਅਨੁਸਾਰ ਭਾਰੀ ਮੀਂਹ, ਗੜੇਮਾਰੀ ਅਤੇ ਹਨੇਰੀ ਕਾਰਨ ਜ਼ਮੀਨ ਖਿਸਕਣ, ਖੜ੍ਹੀਆਂ ਫਸਲਾਂ, ਫਲਾਂ ਦੇ ਬੂਟਿਆਂ ਅਤੇ ਨਵੇਂ ਪੌਦਿਆਂ ਨੂੰ ਨੁਕਸਾਨ ਪਹੁੰਚ ਸਕਦਾ ਹੈ। ਹਵਾ ਦੀ ਰਫ਼ਤਾਰ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਰਹਿਣ ਦਾ ਵੀ ਅਨੁਮਾਨ ਹੈ। ਸਬੰਧਿਤ ਵਿਭਾਗਾਂ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਲਈ ਕਿਹਾ ਗਿਆ ਹੈ। ਗੜੇਮਾਰੀ ਅਤੇ ਤੇਜ਼ ਹਵਾਵਾਂ ਹਿਮਾਚਲ ਪ੍ਰਦੇਸ਼ ਵਿੱਚ ਸੇਬ ਦੇ ਬਾਗਾਂ ਨੂੰ ਵੀ ਨੁਕਸਾਨ ਪਹੁੰਚਾ ਸਕਦੀਆਂ ਹਨ।

ਦਸ ਦਈਏ ਕਿ  ਮੰਗਲਵਾਰ ਸ਼ਾਮ ਕੁੱਲੂ-ਮਨਾਲੀ ‘ਚ ਗਰਜ ਨਾਲ ਮੀਂਹ ਪਿਆ। ਉੱਚੀਆਂ ਚੋਟੀਆਂ ‘ਤੇ ਬਰਫ ਡਿੱਗਣ ਨਾਲ ਮੌਸਮ ‘ਚ ਠੰਡ ਵਧ ਗਈ ਹੈ। ਕੋਕਸਰ ‘ਚ ਬਰਫਬਾਰੀ ਵਿਚਾਲੇ ਸੈਲਾਨੀਆਂ ਨੇ ਆਨੰਦ ਮਾਣਿਆ। ਜ਼ਿਲ੍ਹਾ ਮੰਡੀ ਦੇ ਕਈ ਇਲਾਕਿਆਂ ਵਿੱਚ ਗੜੇਮਾਰੀ ਦੇ ਨਾਲ ਭਾਰੀ ਮੀਂਹ ਪਿਆ। ਕਈ ਥਾਵਾਂ ‘ਤੇ ਦਿਨ ਵੇਲੇ ਹੀ ਹਨੇਰਾ ਛਾ ਗਿਆ ਸੀ। ਇਸ ਕਾਰਨ ਵਾਹਨ ਚਾਲਕਾਂ ਅਤੇ ਸਵਾਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਬਲਦਵਾੜਾ ਅਤੇ ਧਰਮਪੁਰ ਵਿੱਚ ਗੜੇਮਾਰੀ ਹੋਈ ਹੈ। ਕਾਂਗੜਾ ਜ਼ਿਲ੍ਹੇ ਦੇ ਕਈ ਇਲਾਕਿਆਂ ਵਿੱਚ ਮੀਂਹ ਅਤੇ ਗੜੇਮਾਰੀ ਹੋਈ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment