ਨਵੀ ਦਿੱਲੀ : ਦੇਸ਼ ਭਰ ਦੇ ਮੌਸਮ ਵਿੱਚ ਇੱਕ ਵਾਰ ਫਿਰ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਪਹਾੜਾਂ ‘ਤੇ ਹੋ ਰਹੀ ਬਰਫ਼ਬਾਰੀ ਦਾ ਅਸਰ ਹੁਣ ਮੈਦਾਨੀ ਇਲਾਕਿਆਂ ਵਿੱਚ ਵੀ ਦਿਖਾਈ ਦੇਣ ਲੱਗਾ ਹੈ। ਭਾਰਤੀ ਮੌਸਮ ਵਿਭਾਗ ਅਨੁਸਾਰ, ਦਿੱਲੀ, ਉੱਤਰ ਪ੍ਰਦੇਸ਼, ਬਿਹਾਰ ਅਤੇ ਕਈ ਹੋਰ ਰਾਜਾਂ ਵਿੱਚ ਅੱਜ ਯਾਨੀ ਸ਼ਨੀਵਾਰ ਅਤੇ ਐਤਵਾਰ ਨੂੰ ਤੇਜ਼ ਹਵਾਵਾਂ ਅਤੇ ਬਾਰਿਸ਼ ਦੀ ਸੰਭਾਵਨਾ ਹੈ।
ਦੇਸ਼ ਦੀ ਰਾਜਧਾਨੀ ਦਿੱਲੀ ਅਤੇ ਇਸ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਅੱਜ ਮੌਸਮ ਵਿੱਚ ਬਦਲਾਅ ਦੇਖਿਆ ਜਾ ਸਕਦਾ ਹੈ। IMD ਨੇ ਦਿੱਲੀ ਅਤੇ ਨੋਇਡਾ ਵਿੱਚ ਬਾਰਿਸ਼ ਦਾ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਦੀ ਭਵਿੱਖਬਾਣੀ ਅਨੁਸਾਰ, 30 ਮਾਰਚ ਤੱਕ ਦਿੱਲੀ-ਐਨਸੀਆਰ ਵਿੱਚ ਗਰਜ-ਚਮਕ ਦੇ ਨਾਲ ਬਾਰਿਸ਼ ਹੋ ਸਕਦੀ ਹੈ।
ਇਸ ਤੋਂ ਇਲਾਵਾ ਪੰਜਾਬ ਅਤੇ ਚੰਡੀਗੜ੍ਹ ਵਿੱਚ ਵੀ ਅੱਜ ਤੋਂ ਮੌਸਮ ਪੂਰੀ ਤਰ੍ਹਾਂ ਬਦਲਣ ਵਾਲਾ ਹੈ। ਮੌਸਮ ਵਿਭਾਗ ਨੇ ਤਿੰਨ ਦਿਨਾਂ ਤੱਕ ਤੂਫ਼ਾਨ – ਬਿਜਲੀ ਦੇ ਨਾਲ ਤੇਜ਼ ਹਵਾਵਾਂ ਚੱਲਣ ਦਾ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਦੌਰਾਨ ਹਵਾਵਾਂ ਦੀ ਰਫ਼ਤਾਰ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਰਹੇਗੀ। ਮੌਸਮ ਵਿਭਾਗ ਮੁਤਾਬਕ ਅੱਜ ਲਗਭਗ ਸਾਰੇ ਜ਼ਿਲ੍ਹਿਆਂ ਵਿੱਚ ਕੁਝ ਥਾਵਾਂ ‘ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਉਮੀਦ ਹੈ।
ਜਦਕਿ ਦਸ ਜ਼ਿਲ੍ਹਿਆਂ ਵਿੱਚ 50–60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲਣ ਵਾਲੀਆਂ ਹਵਾਵਾਂ ਦੇ ਨਾਲ ਗਰਜ-ਚਮਕ ਦੀ ਸੰਭਾਵਨਾ ਹੈ। ਇਨ੍ਹਾਂ ਜ਼ਿਲ੍ਹਿਆਂ ਵਿੱਚ ਫ਼ਿਰੋਜ਼ਪੁਰ, ਫ਼ਾਜ਼ਿਲਕਾ, ਫ਼ਰੀਦਕੋਟ, ਮੁਕਤਸਰ, ਮੋਗਾ, ਬਠਿੰਡਾ, ਬਰਨਾਲਾ, ਮਾਨਸਾ, ਸੰਗਰੂਰ ਅਤੇ ਪਟਿਆਲਾ ਸ਼ਾਮਲ ਹਨ। ਮੌਸਮ ਵਿਭਾਗ ਦੇ ਮੁਤਾਬਕ 28 ਅਤੇ 31 ਤੋਂ 2 ਤਾਰੀਖ ਤੱਕ ਸੂਬੇ ਵਿੱਚ ਵੱਖ-ਵੱਖ ਥਾਵਾਂ ‘ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ, ਜਦਕਿ ਅਗਲੇ 24 ਘੰਟਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ ਵਿੱਚ 2 ਤੋਂ 4 ਡਿਗਰੀ ਦੀ ਗਿਰਾਵਟ ਆਵੇਗੀ।
ਇਸ ਤੋਂ ਇਲਾਵਾ ਮੱਧ ਪ੍ਰਦੇਸ਼ ਵਿੱਚ ਵੀ 29 ਮਾਰਚ ਤੋਂ ਲਗਾਤਾਰ 3 ਦਿਨ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਭੋਪਾਲ, ਉੱਜੈਨ, ਗਵਾਲੀਅਰ-ਜਬਲਪੁਰ ਸਮੇਤ ਸੂਬੇ ਦੇ ਕਰੀਬ 40 ਜ਼ਿਲ੍ਹਿਆਂ ਵਿੱਚ ਤੇਜ਼ ਬਾਰਿਸ਼ ਦਾ ਅਲਰਟ ਜਾਰੀ ਕੀਤਾ ਗਿਆ ਹੈ। ਉੱਤਰ ਪ੍ਰਦੇਸ਼ ਵਿੱਚ ਬੀਤੇ ਕੱਲ੍ਹ ਯਾਨੀ ਕਿ ਸ਼ੁੱਕਰਵਾਰ ਨੂੰ ਲਖਨਊ ਅਤੇ ਕਾਨਪੁਰ ਸਮੇਤ 10 ਜ਼ਿਲ੍ਹਿਆਂ ਵਿੱਚ ਰੁਕ-ਰੁਕ ਕੇ ਬਾਰਿਸ਼ ਹੋਈ। ਅਗਲੇ 5 ਦਿਨਾਂ ਤੱਕ ਮੌਸਮ ਅਜਿਹਾ ਹੀ ਰਹੇਗਾ ਅਤੇ ਕੁਝ ਥਾਵਾਂ ‘ਤੇ ਗੜੇ ਵੀ ਪੈ ਸਕਦੇ ਹਨ।

