Canada ਭੇਜਣ ਲਈ ਪਤੀ ਨੇ ਲਾਏ ਲੱਖਾਂ, ਹੁਣ ਪਤਨੀ ਨਾਂ ਫੋਨ ਵੀ ਨਹੀਂ ਚੁੱਕਦੀ ; ਪੰਜਾਬੀ ਗੀਤਾਂ ’ਚ ਵੀ ਕਰ ਚੁੱਕੀ ਮਾਡਲਿੰਗ

Global Team
3 Min Read

ਚੱਬੇਵਾਲ: ਹੁਸ਼ਿਆਰਪੁਰ ਦੇ ਚੱਬੇਵਾਲ ਤੋਂ ਚਾਰ ਸਾਲ ਪਹਿਲਾਂ ਕੈਨੇਡਾ ਗਈ ਇੱਕ ਔਰਤ ’ਤੇ ਉਸ ਦੇ ਪਤੀ ਨੇ ਉਸ ਨੂੰ ਛੱਡਣ ਦੇ ਦੋਸ਼ ਲਗਾਏ ਹਨ। ਪਤੀ ਦਾ ਦਾਅਵਾ ਹੈ ਕਿ ਪਤਨੀ ਹੁਣ ਉਸ ਦੇ ਫੋਨ ਨਹੀਂ ਚੁੱਕਦੀ ਅਤੇ ਨਾ ਹੀ ਕੋਈ ਜਵਾਬ ਦਿੰਦੀ ਹੈ। ਉਸ ਮੁਤਾਬਕ ਪਤਨੀ ਰਾਜਪ੍ਰੀਤ ਕੌਰ ਮਠਾੜੂ ਕੈਨੇਡਾ ਵਿੱਚ ਕਿਸੇ ਹੋਰ ਨੌਜਵਾਨ ਨਾਲ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਰਹਿ ਰਹੀ ਹੈ। ਪਤੀ ਨੇ ਦੱਸਿਆ ਕਿ ਪਤਨੀ ਨੇ ਉਸ ਨੂੰ ਕੈਨੇਡਾ ਨਹੀਂ ਬੁਲਾਇਆ, ਜਿਸ ਤੋਂ ਬਾਅਦ ਉਸ ਨੇ ਹੁਣ ਤਲਾਕ ਦਾ ਕੇਸ ਦਾਇਰ ਕੀਤਾ ਹੈ।

28 ਲੱਖ ਰੁਪਏ ਤੋਂ ਵੱਧ ਭੇਜਣ ਦਾ ਦਾਅਵਾ

ਪਿੰਡ ਸੀਣਾ ਦੇ ਰਹਿਣ ਵਾਲੇ ਨਵਜੀਤ ਸਿੰਘ ਮਾਨ ਮੁਤਾਬਕ ਉਸ ਦਾ ਵਿਆਹ ਮਾਰਚ 2019 ਵਿੱਚ ਰਾਜਪ੍ਰੀਤ ਕੌਰ ਨਾਲ ਹੋਇਆ ਸੀ। ਉਸ ਨੇ ਦੱਸਿਆ ਕਿ ਰਾਜਪ੍ਰੀਤ ਦੇ ਪਰਿਵਾਰ ਦੀ ਆਰਥਿਕ ਹਾਲਤ ਠੀਕ ਨਾ ਹੋਣ ਕਾਰਨ ਵਿਆਹ ਦਾ ਪੂਰਾ ਖਰਚਾ ਉਸ ਨੇ ਖੁਦ ਚੁੱਕਿਆ ਸੀ।

ਨਵਜੀਤ ਦੇ ਮੁਤਾਬਕ ਰਾਜਪ੍ਰੀਤ ਨੂੰ ਕੈਨੇਡਾ ਭੇਜਣ ਲਈ ਵੀ ਉਸ ਨੇ ਪੈਸੇ ਖਰਚ ਕੀਤੇ। ਸਤੰਬਰ 2019 ਵਿੱਚ ਰਾਜਪ੍ਰੀਤ ਸਟੱਡੀ ਵੀਜ਼ੇ ’ਤੇ ਬਰੈਂਪਟਨ ਚਲੀ ਗਈ।

ਨਵਜੀਤ ਦਾ ਦਾਅਵਾ ਹੈ ਕਿ ਰਾਜਪ੍ਰੀਤ ਦੇ ਭਾਰਤ ਤੋਂ ਕੈਨੇਡਾ ਜਾਣ ਤੱਕ ਅਤੇ ਉਸ ਦੇ ਉੱਥੇ ਪਹੁੰਚਣ ਤੋਂ ਬਾਅਦ ਵੀ ਉਸ ਨੇ ਕਰੀਬ 28 ਲੱਖ ਰੁਪਏ ਤੋਂ ਵੱਧ ਦੀ ਰਕਮ ਭੇਜੀ।

ਉਸ ਮੁਤਾਬਕ ਸ਼ੁਰੂ ਵਿੱਚ ਦੋਵਾਂ ਵਿਚਾਲੇ ਸਭ ਕੁਝ ਠੀਕ ਸੀ। ਪਰ ਜਦੋਂ ਰਾਜਪ੍ਰੀਤ ਦੀ ਪੜ੍ਹਾਈ ਪੂਰੀ ਹੋ ਗਈ ਅਤੇ ਉਸ ਨੂੰ ਵਰਕ ਪਰਮਿਟ ਮਿਲ ਗਿਆ ਤਾਂ ਉਸ ਦੇ ਰਵੱਈਏ ਵਿੱਚ ਕਥਿਤ ਤੌਰ ’ਤੇ ਬਦਲਾਅ ਆ ਗਿਆ। ਨਵਜੀਤ ਦਾ ਕਹਿਣਾ ਹੈ ਕਿ ਇਸ ਤੋਂ ਬਾਅਦ ਪਤਨੀ ਨੇ ਉਸ ਨੂੰ ਕੈਨੇਡਾ ਬੁਲਾਉਣ ਲਈ ਲੋੜੀਂਦੇ ਕਾਗਜ਼ ਭੇਜਣੇ ਬੰਦ ਕਰ ਦਿੱਤੇ।

ਕਿਸੇ ਹੋਰ ਨੌਜਵਾਨ ਨਾਲ ਰਹਿਣ ਦਾ ਦੋਸ਼

ਨਵਜੀਤ ਨੇ ਦਾਅਵਾ ਕੀਤਾ ਕਿ ਜਦੋਂ ਉਸ ਨੇ ਇਸ ਬਾਰੇ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਜਾਣਕਾਰੀ ਮਿਲੀ ਕਿ ਰਾਜਪ੍ਰੀਤ ਬ੍ਰੈਂਪਟਨ ਵਿੱਚ ਰੇਸ਼ਮ ਨਾਮ ਦੇ ਇੱਕ ਨੌਜਵਾਨ ਨਾਲ ਲਿਵ-ਇਨ ਵਿੱਚ ਰਹਿ ਰਹੀ ਹੈ।

ਉਸ ਮੁਤਾਬਕ ਜਦੋਂ ਇਸ ਮਾਮਲੇ ਬਾਰੇ ਰਾਜਪ੍ਰੀਤ ਦੇ ਪਰਿਵਾਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਵੱਲੋਂ ਮਾਮਲਾ ਸੁਲਝਾਉਣ ਦੀ ਬਜਾਏ ਉਸ ਦੇ ਪਰਿਵਾਰ ਨੂੰ ਦਾਜ ਦਾ ਝੂਠਾ ਕੇਸ ਦਰਜ ਕਰਵਾਉਣ ਦੀਆਂ ਧਮਕੀਆਂ ਦਿੱਤੀਆਂ ਗਈਆਂ।

ਸੋਸ਼ਲ ਮੀਡੀਆ ’ਤੇ ਵੀ ਕਾਫ਼ੀ ਸਰਗਰਮ

ਨਵਜੀਤ ਨੇ ਦੱਸਿਆ ਕਿ ਉਸ ਦੀ ਪਤਨੀ ਸੋਸ਼ਲ ਮੀਡੀਆ ’ਤੇ ਕਾਫ਼ੀ ਮਸ਼ਹੂਰ ਹੈ ਅਤੇ ਉਸ ਦੇ ਡੇਢ ਲੱਖ ਤੋਂ ਵੱਧ ਫਾਲੋਅਰਜ਼ ਹਨ। ਉਹ ਕਈ ਪੰਜਾਬੀ ਗੀਤਾਂ ਵਿੱਚ ਮਾਡਲਿੰਗ ਵੀ ਕਰ ਚੁੱਕੀ ਹੈ।

ਪਤੀ ਦਾ ਦਾਅਵਾ ਹੈ ਕਿ ਇਸ ਪੂਰੇ ਮਾਮਲੇ ਕਾਰਨ ਉਸ ਨੂੰ ਮਾਨਸਿਕ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਉਸ ਦੀ ਮਾਂ ਦੀ ਸਿਹਤ ਵੀ ਕਾਫ਼ੀ ਵਿਗੜ ਗਈ ਹੈ। ਨਵਜੀਤ ਨੇ ਇਸ ਸਬੰਧੀ ਹੁਸ਼ਿਆਰਪੁਰ ਦੇ ਐੱਸਐੱਸਪੀ ਦਫ਼ਤਰ ਵਿੱਚ ਸ਼ਿਕਾਇਤ ਵੀ ਦਿੱਤੀ ਹੈ।

ਹਾਲਾਂਕਿ, ਖ਼ਬਰ ਵਿੱਚ ਲਗਾਏ ਗਏ ਇਹ ਦੋਸ਼ ਪਤੀ ਦੇ ਬਿਆਨਾਂ ’ਤੇ ਆਧਾਰਿਤ ਹਨ। ਪਤਨੀ ਜਾਂ ਉਸ ਦੇ ਪਰਿਵਾਰ ਦਾ ਪੱਖ ਹਾਲੇ ਸਾਹਮਣੇ ਨਹੀਂ ਅਇਆ ਹੈ।

Share This Article
Leave a Comment