ਓਟਾਵਾ : ਸਸਕੈਚਵਨ ਦੇ ਪੁਰਾਣੇ ਮੈਰੀਵਲ ਰੈਜ਼ੀਡੈਂਸ਼ੀਅਲ ਸਕੂਲ ਦੇ ਗ੍ਰਾਊਂਡਜ਼ ਤੋਂ ਮਿਲੀਆਂ 751 ਕਬਰਾਂ ਕਾਰਨ ਕਾਓਐਸਿਸ ਫਰਸਟ ਨੇਸ਼ਨ ਦੇ ਮੂਲਵਾਸੀ ਲੋਕਾਂ ਨੂੰ ਜਿਹੜੀ ਤਕਲੀਫ ਤੇ ਦਰਦ ਹੋਇਆ ਹੈ ਉਸ ਦਾ ਭਾਰ ਵੰਡਾਉਣਾ ਕੈਨੇਡਾ ਦੀ ਜਿ਼ੰਮੇਵਾਰੀ ਹੈ, ਇਹ ਪ੍ਰਗਟਾਵਾ ਕੀਤਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ।
ਇੱਕ ਬਿਆਨ ਵਿੱਚ ਟਰੂਡੋ ਨੇ ਆਖਿਆ ਕਿ ਇਨ੍ਹਾਂ ਖਬਰਾਂ ਕਾਰਨ ਉਨ੍ਹਾਂ ਦਾ ਦਿਲ ਟੁੱਟ ਗਿਆ ਹੈ। ਉਨ੍ਹਾਂ ਵਾਅਦਾ ਕੀਤਾ ਕਿ ਇਸ ਜਾਂਚ ਲਈ ਫੈਡਰਲ ਫੰਡ ਤੇ ਸਰੋਤ ਮੁਹੱਈਆ ਕਰਵਾਏ ਜਾਣਗੇ ਤਾਂ ਕਿ ਜੋ ਕੁੱਝ ਅਤੀਤ ਵਿੱਚ ਗਲਤ ਹੋਇਆ ਹੈ ਉਸ ਨੂੰ ਸੱਭ ਦੇ ਸਾਹਮਣੇ ਲਿਆਂਦਾ ਜਾ ਸਕੇ। ਟਰੂਡੋ ਨੇ ਆਖਿਆ ਕਿ ਜੋ ਚਲੇ ਗਏ ਅਸੀਂ ਉਨ੍ਹਾਂ ਨੂੰ ਵਾਪਿਸ ਨਹੀਂ ਲਿਆ ਸਕਦੇ ਪਰ ਅਸੀੱ ਇਸ ਅਨਿਆ ਦਾ ਸੱਚ ਸਾਰਿਆਂ ਨੂੰ ਦੱਸ ਸਕਦੇ ਹਾਂ ਤੇ ਉਨ੍ਹਾਂ ਦੀ ਯਾਦ ਨੂੰ ਤਾਜ਼ਾ ਰੱਖਣ ਦੇ ਨਾਲ ਨਾਲ ਹਮੇਸ਼ਾਂ ਉਨ੍ਹਾਂ ਨੂੰ ਸਨਮਾਨ ਦੇ ਸਕਦੇ ਹਾਂ।
ਟਰੂਡੋ ਨੇ ਆਖਿਆ ਕਿ ਮੈਰੀਵਲ ਤੇ ਕੈਮਲੂਪਸ ਦੀਆਂ ਲੱਭਤਾਂ ਤਾਂ ਵੱਡੀ ਤ੍ਰਾਸਦੀ ਦਾ ਛੋਟਾ ਜਿਹਾ ਹਿੱਸਾ ਹਨ। ਇਹ ਸੱਭ ਮੂਲਵਾਸੀ ਲੋਕਾਂ ਨਾਲ ਹੋਏ ਨਸਲਵਾਦ, ਪੱਖਪਾਤ ਤੇ ਅਨਿਆ ਦੀਆਂ ਘਟਨਾਵਾਂ ਦੀ ਮਿਸਾਲ ਹੈ। ਇਹ ਸੱਭ ਮੂਲਵਾਸੀ ਲੋਕਾਂ ਨੂੰ ਇਸ ਦੇਸ਼ ਵਿੱਚ ਅੱਜ ਵੀ ਸਹਿਣਾ ਪੈ ਰਿਹਾ ਹੈ। ਅੱਜ ਸਾਨੂੰ ਇਸ ਸੱਚ ਨੂੰ ਸਵੀਕਾਰਨ ਦੀ ਲੋੜ ਹੈ, ਆਪਣੇ ਅਤੀਤ ਤੋਂ ਕੁੱਝ ਸਿੱਖਣ ਦੀ ਲੋੜ ਹੈ ਤੇ ਸੁਲ੍ਹਾ ਦੇ ਰਾਹ ਉੱਤੇ ਇੱਕਠੇ ਤੁਰਨ ਦੀ ਲੋੜ ਹੈ ਤਾਂ ਕਿ ਅਸੀੱ ਬਿਹਤਰ ਭਵਿੱਖ ਦੀ ਉਸਾਰੀ ਕਰ ਸਕੀਏ।
I know these findings only deepen the pain that families, survivors, and all Indigenous communities are already feeling. If you need someone to talk to, please reach out to the National Indian Residential School Crisis Line at 1-866-925-4419. This support is available 24/7.
— Justin Trudeau (@JustinTrudeau) June 24, 2021
ਇਸੇ ਤਰਜ ਉੱਤੇ ਇੰਡੀਜੀਨਸ ਸਰਵਿਸ ਮਨਿਸਟਰ ਮਾਰਕ ਮਿਲਰ ਨੇ ਆਖਿਆ ਕਿ ਕਾਓਐਸਿਸ ਫਰਸਟ ਨੇਸਨ ਨੂੰ ਜਾਂਚ ਪ੍ਰਕਿਰਿਆ ਜਿਸ ਤਰ੍ਹਾਂ ਅੱਗੇ ਵਧਾਉਣੀ ਹੈ ਉਸ ਲਈ ਤੇ ਜਿਹੋ ਜਿਹੀ ਮਦਦ ਦੀ ਲੋੜ ਹੈ ਉਹ ਦੇਣ ਲਈ ਸਰਕਾਰ ਪੂਰੀ ਤਰ੍ਹਾਂ ਤਿਆਰ ਹੈ।