ਓਟਾਵਾ : ਹੈਲਥ ਕੈਨੇਡਾ ਵੱਲੋਂ ਪੰਜ ਤੋਂ 11 ਸਾਲ ਦੇ ਬੱਚਿਆਂ ਲਈ ਫਾਈਜ਼ਰ ਦੀ ਕੋਵਿਡ-19 ਵੈਕਸੀਨ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ।
ਕੈਨੇਡਾ ਨੂੰ ਆਸ ਹੈ ਕਿ ਪੰਜ ਤੋਂ 11 ਸਾਲ ਦੇ ਬੱਚਿਆਂ ਲਈ ਇਹ ਪਹਿਲੀ ਡੋਜ਼ ਕਾਫੀ ਹੋਵੇਗੀ। ਫਾਈਜ਼ਰ ਤੇ ਉਸ ਦੀ ਪਾਰਟਨਰ ਬਾਇਓਐਨਟੈਕ ਦਾ ਕਹਿਣਾ ਹੈ ਕਿ ਬੱਚਿਆਂ ਉੱਤੇ ਕੀਤੇ ਗਏ ਟ੍ਰਾਇਲਜ਼ ਦੇ ਨਤੀਜੇ ਸੇਫ ਆਏ ਹਨ ਤੇ 16 ਤੋਂ 25 ਸਾਲ ਦੇ ਬਾਲਗਾਂ ਦੇ ਟ੍ਰਾਇਲਜ਼ ਦੇ ਨਤੀਜੇ ਵੀ ਚੰਗੇ ਰਹੇ ਹਨ।
ਹੈਲਥ ਕੈਨੇਡਾ ਵੱਲੋਂ ਇਸ ਉਮਰ ਵਰਗ ਦੇ ਬੱਚਿਆਂ ਲਈ ਤਿੰਨ ਹਫਤਿਆਂ ਦੇ ਵਕਫੇ ਨਾਲ 10 ਮਾਈਕ੍ਰੋਗ੍ਰਾਮ ਵੈਕਸੀਨ ਦੀਆਂ ਦੋ ਡੋਜ਼ਾਂ ਨਿਰਧਾਰਤ ਕੀਤੀਆਂ ਗਈਆਂ ਹਨ।
ਨੈਸ਼ਨਲ ਐਡਵਾਈਜ਼ਰੀ ਕਮੇਟੀ ਆਨ ਇਮਿਊਨਾਈਜ਼ੇਸ਼ਨ ਵੱਲੋਂ ਇਹ ਸੁਝਾਅ ਦਿੱਤਾ ਗਿਆ ਹੈ ਕਿ ਪੰਜ ਤੋਂ 11 ਸਾਲਾਂ ਦੇ ਬੱਚਿਆਂ ਨੂੰ ਅੱਠ ਹਫਤਿਆਂ ਦੇ ਫਰਕ ਨਾਲ ਦੋ ਡੋਜ਼ਾਂ ਦਿੱਤੀਆਂ ਜਾਣ।
ਐਨਏਸੀਆਈ ਨੇ ਇਹ ਵੀ ਸੁਝਾਅ ਦਿੱਤਾ ਹੈ ਕਿ ਬੱਚਿਆਂ ਨੂੰ ਕੋਈ ਹੋਰ ਵੈਕਸੀਨ ਲੈਣ, ਜਿਵੇਂ ਕਿ ਫਲੂ ਆਦਿ ਦਾ ਸ਼ਾਟ, ਤੋਂ ਪਹਿਲਾਂ ਤੇ ਬਾਅਦ ਵਿੱਚ 14 ਦਿਨਾਂ ਦੇ ਫਰਕ ਨਾਲ ਹੀ ਕੋਵਿਡ-19 ਵੈਕਸੀਨ ਲਵਾਉਣੀ ਚਾਹੀਦੀ ਹੈ ਤਾਂ ਕਿ ਅਧਿਕਾਰੀਆਂ ਨੂੰ ਸੰਭਵ ਸਾਈਡ ਇਫੈਕਟਸ ਦਾ ਵੱਖ ਤੋਂ ਪਤਾ ਲੱਗ ਸਕੇ।