ਚੰਡੀਗੜ੍ਹ : ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਨਵੀਂ ਪਾਰਟੀ ਬਣਾਉਣ ਦੇ ਐਲਾਨ ਤੋਂ ਬਾਅਦ ਪੰਜਾਬ ਦੀ ਸਿਆਸਤ ‘ਚ ਭੂਚਾਲ ਆ ਗਿਆ ਹੈ। ਕੈਪਟਨ ਦੇ ਇਸ ਐਲਾਨ ਤੋਂ ਬਾਅਦ ਪੰਜਾਬ ਕਾਂਗਰਸ ਦੇ ਆਗੂਆਂ ਵਲੋਂ ਉਨ੍ਹਾਂ ’ਤੇ ਲਗਾਤਾਰ ਹਮਲੇ ਬੋਲੇ ਜਾ ਰਹੇ ਹਨ। ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕੈਪਟਨ ਦੇ ਫ਼ੈਸਲੇ ‘ਤੇ ਬੋਲਦਿਆਂ ਕਿਹਾ ਕਿ ਉਨ੍ਹਾਂ ਨੂੰ ਕੈਪਟਨ ਦੇ ਇਸ ਫ਼ੈਸਲੇ ਨਾਲ ਦੁੱਖ ਹੋਇਆ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਨਵੀਂ ਪਾਰਟੀ ਬਣਾਉਣ ਦਾ ਫ਼ੈਸਲਾ ਕਾਂਗਰਸ ਪਾਰਟੀ ਦੀ ਪਿੱਠ ਪਿੱਛੇ ਛੁਰਾ ਮਾਰਨ ਵਰਗਾ ਹੈ।
ਰੰਧਾਵਾ ਨੇ ਕਿਹਾ ਕਿ ਜਦੋਂ ਬਾਦਲਾਂ ਨੇ ਕੈਪਟਨ ਨੂੰ ਬੇਇੱਜ਼ਤ ਕਰ ਕੇ ਕੱਢਿਆ ਸੀ ਤਾਂ ਉਸ ਸਮੇਂ ਕਾਂਗਰਸ ਨੇ ਉਨ੍ਹਾਂ ਦੀ ਬਾਂਹ ਫੜੀ ਸੀ। ਕੈਪਟਨ ਅਮਰਿੰਦਰ ਸਿੰਘ ਨੂੰ ਇਕ ਮੌਕਾਪ੍ਰਸਤ ਆਗੂ ਦੱਸਦੇ ਹੋਏ ਰੰਧਾਵਾ ਨੇ ਕਿਹਾ ਕਿ ਸਾਢੇ ਚਾਰ ਸਾਲਾਂ ਵਿਚ ਕੈਪਟਨ ਪ੍ਰਧਾਨ ਮੰਤਰੀ ਨੂੰ ਨਹੀਂ ਮਿਲੇ ਜਦਕਿ ਹੁਣ ਕੁੱਝ ਦਿਨਾਂ ‘ਚ ਹੀ ਤਿੰਨ ਵਾਰ ਜਾ ਕੇ ਮਿਲ ਆਏ ਹਨ।
ਉਨ੍ਹਾਂ ਕਿਹਾ ਕਿ ਅੱਜ ਕੈਪਟਨ ਪੰਜਾਬ ਨੂੰ ਗੁਆਂਢੀ ਦੇਸ਼ ਤੋਂ ਖ਼ਤਰਾ ਦੱਸ ਰਹੇ ਹਨ ਪਰ ਉਹ ਪਹਿਲਾਂ ਇਹ ਦੱਸਣ ਕਿ ਸਾਢੇ ਚਾਰ ਸਾਲ ਤੱਕ ਪੰਜਾਬ ਵਿਚ ਟਿਫਿਨ ਬੰਬ ਕਿਵੇਂ ਆ ਗਏ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਪਾਕਿਸਤਾਨ ਜਾਂ ਚੀਨ ਤੋਂ ਖ਼ਤਰਾ ਨਹੀਂ ਹੈ ਪਰ ਕੈਪਟਨ ਅਮਰਿੰਦਰ ਸਿੰਘ ਦੀ ਗੱਦਾਰੀ ਤੋਂ ਖਤਰਾ ਜ਼ਰੂਰ ਹੈ।
ਰੰਧਾਵਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਕਰਕੇ ਹੀ ਕੇਂਦਰ ਸਰਕਾਰ ਨੇ ਪੰਜਾਬ ਵਿਚ BSF ਦਾ ਦਾਇਰਾ ਵਧਾਇਆ ਹੈ। ਕੈਪਟਨ ਪਹਿਲਾਂ ਇਹ ਦੱਸਣ ਕਿ ਉਸ ਸਮੇਂ ਪੰਜਾਬ ਨੂੰ ਖ਼ਤਰਾ ਨਹੀਂ ਸੀ ਜਦੋਂ ਉਨ੍ਹਾਂ ਸਾਢੇ ਚਾਰ ਸਾਲ ਆਪਣੇ ਕੋਲ ਪਾਕਿਸਤਾਨੀ ਦੋਸਤ ਅਰੂਸਾ ਆਲਮ ਨੂੰ ਰੱਖਿਆ ਸੀ, ਇਸ ਦੇ ਬਾਵਜੂਦ ਕੇਂਦਰ ਦੀ ਭਾਜਪਾ ਸਰਕਾਰ ਨੇ ਅਰੂਸਾ ਨੂੰ ਵੀਜ਼ਾ ਦਿੱਤਾ ਪਰ ਜਦੋਂ ਅਸੀਂ ਇਸ ਦਾ ਵਿਰੋਧ ਕੀਤਾ ਤਾਂ ਅਰੂਸਾ ਵਾਪਸ ਚਲੀ ਗਈ। ਉਨ੍ਹਾਂ ਕਿਹਾ ਕਿ ਅਸੀਂ ਜਿਸ ਕੈਪਟਨ ਅਮਰਿੰਦਰ ਸਿੰਘ ਨਾਲ ਸਾਰੀ ਜ਼ਿੰਦਗੀ ਕੱਢ ਦਿੱਤੀ ਉਸ ਨੇ ਅਖਰੀਲੇ ਦਿਨਾਂ ਵਿਚ ਜਾ ਕੇ ਪੰਜਾਬ ਨਾਲ ਧੋਖਾ ਕੀਤਾ ਹੈ।
ਰੰਧਾਵਾ ਨੇ ਕਿਹਾ ਕਿ ਕੈਪਟਨ ਕਾਂਗਰਸ ਨੂੰ ਡੋਬਣ ਦੀਆਂ ਗੱਲਾਂ ਕਰ ਰਹੇ ਹਨ ਪਰ ਕਾਂਗਰਸ ਨੇ ਉਨ੍ਹਾਂ ਨੂੰ ਮਿੱਟੀ ’ਚ ਮਿਲਾ ਦਿੱਤਾ ਹੈ।