ਜਨਗਣਨਾ 2021 ਲਈ ਮਾਸਟਰ ਟ੍ਰੇਨਰਾਂ ਦਾ ਸਿਖਲਾਈ ਪ੍ਰੋਗਰਾਮ ਆਯੋਜਿਤ

TeamGlobalPunjab
2 Min Read

ਚੰਡੀਗੜ੍ਹ: ਡਾਇਰੈਕਟੋਰੇਟ ਆਫ਼ ਜਨਗਣਨਾ ਆਪਰੇਸ਼ਨਸ, ਪੰਜਾਬ ਵਲੋਂ ਸੋਮਵਾਰ ਨੂੰ ਇਥੇ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਿਨਿਸਟ੍ਰੇਸ਼ਨ, ਪੰਜਾਬ (ਮੈਗਸੀਪਾ) ਵਿਖੇ ਘਰਾਂ ਦੀ ਗਣਨਾ ਅਤੇ ਰਾਸ਼ਟਰੀ ਜਨਸੰਖਿਆ ਰਜਿਸਟਰ ਅਪਡੇਟ ਕਰਨ ਸਬੰਧੀ ਜਨਗਣਨਾ -2021 ਦੇ ਪਹਿਲੇ ਪੜਾਅ ਤਹਿਤ ਮਾਸਟਰ ਟ੍ਰੇਨਰਾਂ ਦਾ ਸਿਖਲਾਈ ਪ੍ਰੋਗਰਾਮ ਆਯੋਜਿਤ ਕੀਤਾ ਗਿਆ।

ਪੰਜਾਬ ਅਤੇ ਯੂ.ਟੀ. ਚੰਡੀਗੜ੍ਹ ਦੇ ਮਾਸਟਰ ਟ੍ਰੇਨਰਾਂ ਦੇ 6 ਰੋਜ਼ਾ ਸਿਖਲਾਈ ਪ੍ਰੋਗਰਾਮ ਦਾ ਉਦਘਾਟਨ ਵਿਸ਼ੇਸ਼ ਮੁੱਖ ਸਕੱਤਰ-ਕਮ-ਐਫ.ਸੀ.ਆਰ. ਅਤੇ ਡਾਇਰੈਕਟਰ ਜਨਰਲ ਮੈਗਸੀਪਾ ਸ੍ਰੀ ਕੇ.ਬੀ.ਐੱਸ. ਸਿੱਧੂ ਅਤੇ ਜਨਗਣਨਾ ਅਪਰੇਸ਼ਨਸ ਦੇ ਡਾਇਰੈਕਟਰ ਡਾ. ਅਭਿਸ਼ੇਕ ਜੈਨ ਵੱਲੋਂ ਕੀਤਾ ਗਿਆ।

ਉਦਘਾਟਨੀ ਸੈਸ਼ਨ ਦੌਰਾਨ ਸਿੱਧੂ ਨੇ ਸਮੂਹ ਟ੍ਰੇਨਰਾਂ ਨੂੰ ਜਨਗਣਨਾ 2021 ਦੇ ਰਾਸ਼ਟਰੀ ਕਾਰਜ ਵਿੱਚ ਪੂਰੀ ਇਮਾਨਦਾਰੀ ਨਾਲ ਆਪਣੀ ਭੂਮਿਕਾ ਨਿਭਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਹਰੇਕ ਪੜ੍ਹਾਅ ‘ਤੇ  ਜਨਗਣਨਾ ਦੇ ਅੰਕੜਿਆਂ ਦੀ ਇਕਸਾਰਤਾ ਅਤੇ ਸਟੀਕਤਾ ਨੂੰ ਬਣਾਏ ਰੱਖਣ ‘ਤੇ ਵੀ ਜ਼ੋਰ ਦਿੱਤਾ।

ਡਾ. ਅਭਿਸ਼ੇਕ ਜੈਨ ਨੇ ਜਨਗਣਨਾ ਦੀ ਮਹੱਤਤਾ ਨੂੰ ਦੁਨੀਆ ਦੇ ਸਭ ਤੋਂ ਵੱਡੇ ਪ੍ਰਸ਼ਾਸਕੀ ਅਭਿਆਸ ਵਜੋਂ ਦਰਸਾਇਆ। ਜਨਗਣਨਾ 2021 ਕਾਰਜ ਯੋਜਨਾ ਵਿੱਚ ਤਬਦੀਲੀ ਨੂੰ ਦਰਸਾਉਂਦੀ ਹੈ ਕਿਉਂਕਿ ਪਹਿਲੀ ਵਾਰ ਅੰਕੜੇ ਇਕ ਵਿਸ਼ੇਸ਼ ਡਿਜ਼ਾਇਨ ਕੀਤੇ ਮੋਬਾਈਲ ਐਪ ਰਾਹੀਂ ਇਕੱਤਰ ਕੀਤੇ ਜਾਣਗੇ। ਗਣਨਾ ਕਰਨ ਵਾਲਿਆਂ ਅਤੇ ਸੁਪਰਵਾਈਜ਼ਰਾਂ ਵਲੋਂ ਬਰਿੰਗ ਯੂਅਰ ਆਨ ਡਿਵਾਈਸ (ਬੀ.ਵਾਈ.ਓ.ਐਡ.) ਮਾਡਲ ਅਪਣਾਇਆ ਜਾਵੇਗਾ। ਇਸ ਤੋਂ ਇਲਾਵਾ ਸਮੂਹ ਫੀਲਡ ਆਪਰੇਸ਼ਨ ‘ਤੇ ਜਨਗਣਨਾ ਮੋਨੀਟਰਿੰਗ ਅਤੇ ਮੈਨੇਜਮੈਂਟ ਪ੍ਰਣਾਲੀ (ਸੀ ਐਮ ਐਮ ਐਸ) ਦੁਆਰਾ ਨਿਗਰਾਨੀ ਰੱਖੀ ਜਾਵੇਗੀ। ਇਹ ਜਨਗਣਨਾ ਵਿਭਾਗ ਦੇ ਕੇਂਦਰੀ ਸਰਵਰ ‘ਤੇ ਡਾਟੇ ਨੂੰ ਤੇਜ਼ੀ ਨਾਲ ਅਤੇ ਸਿੱਧਾ ਅਪਲੋਡ ਕਰਨ ਦੇ ਸਮਰੱਥ ਬਣਾਏਗੀ।

- Advertisement -

ਇਹ ਸਿਖਲਾਈ ਪ੍ਰੋਗਰਾਮ ਪੰਜਾਬ ਸਰਕਾਰ ਦੇ ਰਾਸ਼ਟਰੀ ਟ੍ਰੇਨਰਾਂ ਅਤੇ ਡਾਇਰੈਕਟੋਰੇਟ ਆਫ਼ ਜਨਗਣਨਾ ਆਪਰੇਸ਼ਨਸ, ਪੰਜਾਬ ਦੀ ਟੀਮ ਦੁਆਰਾ ਚਲਾਇਆ ਜਾ ਰਿਹਾ ਹੈ। ਬੁਲਾਰੇ ਨੇ ਦੱਸਿਆ ਕਿ ਇਸ ਮਾਡਿਊਲ ਨੂੰ ਵਿਸ਼ੇਸ਼ ਤੌਰ ‘ਤੇ ਮੋਬਾਈਲ ਐਪ ਦੀ ਵਰਤੋਂ ਅਤੇ ਜਨਗਣਨਾ ਦੀ ਸਿਖਲਾਈ ਦੇਣ ਲਈ ਤਿਆਰ ਕੀਤਾ ਗਿਆ ਹੈ। ਸਾਰੇ ਮਾਸਟਰ ਟ੍ਰੇਨਰ ਮੋਬਾਈਲ ਐਪ ਦਾ ਪ੍ਰੈਕਟੀਕਲ ਤਜਰਬਾ ਕਰਨ ਲਈ ਫੀਲਡ ਦਾ ਦੌਰਾ ਵੀ ਕਰਨਗੇ। ਇਹ 42 ਮਾਸਟਰ ਟ੍ਰੇਨਰ ਅੱਗੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਅਤੇ ਯੂ.ਟੀ., ਚੰਡੀਗੜ੍ਹ ਦੇ ਫੀਲਡ ਟ੍ਰੇਨਰਾਂ ਨੂੰ ਅਗਲੇ ਸਾਲ ਜਨਵਰੀ ਅਤੇ ਫਰਵਰੀ ਦੌਰਾਨ ਸਿਖਲਾਈ ਦੇਣਗੇ। ਇਹ ਫੀਲਡ ਟ੍ਰੇਨਰ ਅੱਗੇ ਗਣਨਾ ਕਰਨ ਵਾਲਿਆਂ ਅਤੇ ਸੁਪਰਵਾਈਜ਼ਰਾਂ ਨੂੰ ਸਿਖਲਾਈ ਦੇਣਗੇ।

Share this Article
Leave a comment