ਰਾਜਸਥਾਨ ਦੇ ਕਿਸਾਨਾਂ ਨੂੰ ਰੋਕਣ ਲਈ ਹਰਿਆਣਾ ਪੁਲਿਸ ਨੇ ਦਾਗੇ 200 ਤੋਂ ਵੱਧ ਅਥਰੂ ਗੈਸ ਦੇ ਗੋਲੇ

TeamGlobalPunjab
2 Min Read

ਰੇਵਾੜੀ : ਜੈਪੁਰ-ਦਿੱਲੀ ਨੈਸ਼ਨਲ ਹਾਈਵੇ ‘ਤੇ ਕਿਸਾਨ ਜਥੇਬੰਦੀਆਂ ਨੇ ਦਿੱਲੀ ਅੰਦੋਲਨ ਲਈ ਚਾਲੇ ਪਾ ਲਏ ਹਨ। ਇਸ ਦੌਰਾਨ ਕਿਸਾਨਾਂ ਨੂੰ ਹਰਿਆਣਾ ਪੁਲਿਸ ਦੀਆਂ ਸਖ਼ਤੀਆਂ ਦਾ ਸਾਹਮਣਾ ਵੀ ਕਰਨਾ ਪਿਆ, ਪਰ ਇਹਨਾਂ ਸਾਰੀਆਂ ਰੋਕਾਂ ਨੂੰ ਤੋੜਦੇ ਹੋਏ ਕਿਸਾਨ ਅੱਗੇ ਵੱਧ ਰਹੇ ਹਨ। ਪਿਛਲੇ ਕਾਫ਼ੀ ਦਿਨਾਂ ਤੋਂ ਜੈਸਿੰਘਪੁਰ ਖੇੜਾ ਬੌਰਡਰ ‘ਤੇ ਰਾਜਸਥਾਨ ਦੇ ਕਿਸਾਨ ਧਰਨਾ ਦੇ ਰਹੇ ਸਨ। ਰੇਵਾੜੀ-ਰਾਜਸਥਾਨ ਸਰਹੱਦ ‘ਤੇ ਹੀ ਹਰਿਆਣਾ ਪੁਲਿਸ ਨੇ ਇਹਨਾਂ ਕਿਸਾਨਾਂ ਨੂੰ ਰੋਕ ਰੱਖਿਆ ਸੀ। ਪਰ ਅੱਜ ਕਿਸਾਨ ਜਥੇਬੰਦੀਆਂ ਦਾ ਸਬਰ ਟੁੱਟ ਗਿਆ ਤੇ ਰਾਜਸਥਾਨ ਦੇ ਕਿਸਾਨਾਂ ਨੇ ਵੀ ਦਿੱਲੀ ਨੂੰ ਕੂਚ ਕਰ ਲਿਆ ਹੈ।

ਇਸ ਦੌਰਾਨ ਕਿਸਾਨਾਂ ਨੂੰ ਰੋਕਣ ਲਈ ਹਰਿਆਣਾ ਪੁਲਿਸ ਵੱਲੋਂ ਅਥਰੂ ਗੈਸ ਦੇ ਗੋਲੋ ਦਾਗੇ ਗਏ। ਪੁਲਿਸ ਨੇ ਹੁਣ ਤਕ ਕਰੀਬ 200 ਗੋਲੇ ਦਾਗ ਦਿੱਤੇ ਹਨ। ਜੈਪੁਰ-ਦਿੱਲੀ ਨੈਸ਼ਨਲ ਹਾਈਵੇ ‘ਤੇ ਹੀ ਪੁਲਿਸ ਨੇ ਬੈਰੀਕੇਡਿੰਗ ਕੀਤੀ ਹੋਈ ਸੀ। ਰੇਵਾੜੀ ਪੁਲਿਸ ਨੇ ਕਿਸਾਨਾਂ ਨੂੰ ਰੋਕਣ ਲਈ ਮਸਾਨੀ ਓਵਰਬ੍ਰਿਜ ਨੂੰ ਵੀ ਪੂਰੀ ਤਰ੍ਹਾ ਸੀਲ ਕਰ ਦਿੱਤਾ ਸੀ। ਪਰ ਇਹ ਰੋਕ ਵੀ ਕਿਸਾਨਾਂ ਅੱਗੇ ਟਿੱਕ ਨਾ ਸਕੀ।

ਦਿੱਲੀ ਦੀਆਂ ਸਰਹੱਦਾਂ ‘ਤੇ ਕਿਸਾਨਾਂ ਦੇ ਅੰਦੋਲਨ ਨੂੰ ਚੱਲਦੇ ਹੋਏ 39 ਦਿਨ ਹੋ ਗਏ ਹਨ। ਕਿਸਾਨ ਮੰਗ ਕਰ ਰਹੇ ਹਨ ਕਿ ਤਿੰਨ ਖੇਤੀ ਕਾਨੂੰਨ ਰੱਦ ਕੀਤੇ ਜਾਣ, ਪਰ ਸਰਕਾਰ ਇਹਨਾਂ ਵਿੱਚ ਸਿਰਫ਼ ਸੋਧਾਂ ਕਰਨ ਲਈ ਹੀ ਤਿਆਰ ਹੈ। ਇਸ ਦੌਰਾਨ ਇਹ ਅੰਦੋਲਨ ਲਗਾਤਾਰ ਵੱਧਦਾ ਜਾ ਰਿਹਾ ਹੈ। ਪੰਜਾਬ ਹਰਿਆਣਾ ਦੇ ਨਾਲ ਨਾਲ ਹੁਣ ਪੂਰੇ ਭਾਰਤ ਵਿੱਚੋਂ ਕਿਸਾਨ ਦਿੱਲੀ ਨੂੰ ਕੂਚ ਕਰ ਰਹੇ ਹਨ।

Share This Article
Leave a Comment