ਹਰਿਆਣਾ ਵਿੱਚ ਭਾਜਪਾ ਦੀਆਂ ਵੋਟਾਂ ਨੂੰ ਲੱਗਿਆ ਖੋਰਾ, ਪੈ ਸਕਦੀ ਹੈ ਵਿਚੋਲੇ ਦੀ ਲੋੜ?

TeamGlobalPunjab
3 Min Read

ਅਵਤਾਰ ਸਿੰਘ

-ਸੀਨੀਅਰ ਪੱਤਰਕਾਰ

ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੀਆਂ ਵੋਟਾਂ ਨੂੰ ਭਾਰਾ ਖੋਰਾ ਲੱਗਿਆ ਹੈ। 75 ਤੋਂ 80 ਸੀਟਾਂ ਲੈਣ ਦਾ ਦਾਅਵਾ ਕਰਨ ਵਾਲੀ ਭਾਜਪਾ ਨੂੰ 40-41 ਸੀਟਾਂ ਮਿਲਦੀਆਂ ਨਜ਼ਰ ਆ ਰਹੀਆਂ ਹਨ। ਸਾਢੇ ਤਿੰਨ ਵਜੇ ਤੱਕ ਭਾਜਪਾ 25 ਸੀਟਾਂ ‘ਤੇ ਅੱਗੇ ਅਤੇ 13 ਉਮੀਦਵਾਰ ਜਿੱਤ ਗਏ। ਕਾਂਗਰਸ 10 ਸੀਟਾਂ ‘ਤੇ ਅੱਗੇ ਅਤੇ 24 ਉਮੀਦਵਾਰ ਜਿੱਤ ਹਾਸਿਲ ਕਰ ਗਏ। ਇਸੇ ਤਰ੍ਹਾਂ ਜੇਜੇਪੀ ਨੇ 5 ਸੀਟਾਂ ਜਿਤੀਆਂ ਤੇ 5 ‘ਤੇ ਅੱਗੇ ਚਾਲ ਰਹੀ ਹੈ। ਭਾਰਤੀ ਜਨਤਾ ਪਾਰਟੀ ਸਰਕਾਰ ਤਾਂ ਭਾਵੇਂ ਬਣਾ ਲਵੇ ਪਰ ਇਸ ਦੇ ਕਈ ਮੰਤਰੀ ਚੋਣ ਹਾਰ ਗਏ। ਇਸ ਤੋਂ ਸਾਬਿਤ ਹੁੰਦਾ ਕਿ ਮਨੋਹਰ ਲਾਲ ਖੱਟਰ ਦੀ ਅਗਵਾਈ ਵਾਲੀ ਸਰਕਾਰ ਤੋਂ ਲੋਕ ਬਹੁਤੇ ਖੁਸ਼ ਨਹੀਂ। ਸਰਕਾਰ ਨੇ ਲੋਕ ਪੱਖੀ ਕੰਮਾਂ ਵਿੱਚ ਬਹੁਤੀ ਰੁਚੀ ਨਹੀਂ ਦਿਖਾਈ। ਸ਼ੁਰੂਆਤੀ ਰੁਝਾਨਾਂ ਤੋਂ ਕਿਸੇ ਵੀ ਪਾਰਟੀ ਨੂੰ ਸਪੱਸ਼ਟ ਬਹੁਮਤ ਮਿਲਦਾ ਨਜ਼ਰ ਨਹੀਂ ਆ ਰਿਹਾ ਸੀ। ਇਸ ਨਾਲ ਭਾਜਪਾ ਨੂੰ ਇਕੱਲਿਆਂ ਸਰਕਾਰ ਬਣਾਉਣ ਵਿੱਚ ਮੁਸ਼ਕਲ ਲੱਗਦਾ ਸੀ। ਇਹ ਵੀ ਕਿਆਸ ਲੱਗਣੇ ਸ਼ੁਰੂ ਹੋ ਗਏ ਸਨ ਕਿ ਇਸ ਮੁਸ਼ਕਲ ਨੂੰ ਹੱਲ ਕਰਵਾਉਣ ਲਈ ਭਾਰਤੀ ਜਨਤਾ ਪਾਰਟੀ ਦੇ ਆਗੂ ਪੰਜਾਬ ਦੇ ਘਾਗ ਨੇਤਾ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤਕ ਪਹੁੰਚ ਕਰਨਗੇ ਕਿਉਂਕਿ ਇਸ ਸੰਕਟ ਦੀ ਘੜੀ ਵਿਚ ਉਹ ਹੀ ਭਾਜਪਾ ਦਾ ਸਾਥ ਦੇ ਸਕਦੇ ਹਨ। ਉਹ ਹੀ ਵਿਚੋਲਗੀ ਕਰਕੇ ਭਾਜਪਾ ਅਤੇ ਤੀਜੇ ਨੰਬਰ ‘ਤੇ ਆ ਰਹੀ ਪਾਰਟੀ ਜੇਜੇਪੀ ਨਾਲ ਸਮਝੌਤਾ ਕਰਵਾ ਸਕਦੇ ਹਨ। ਰੁਝਾਨਾਂ ਅਨੁਸਾਰ ਜੇਜੇਪੀ ਦੇ ਦੁਸ਼ਯੰਤ ਚੌਟਾਲਾ ਕਿੰਗਮੇਕਰ ਦੀ ਭੂਮਿਕਾ ਨਿਭਾਉਣ ਦੇ ਆਸਾਰ ਬਣੇ ਸਨ। ਸੱਤਾ ਦੀ ਚਾਬੀ ਵੀ ਉਹਨਾਂ ਦੇ ਹੱਥ ਆਉਂਦੀ ਲੱਗ ਰਹੀ ਸੀ।
90 ਵਿਧਾਇਕਾਂ ਵਾਲੀ ਹਰਿਆਣਾ ਵਿਧਾਨ ਸਭਾ ਵਿੱਚ ਭਾਜਪਾ ਸੱਤਾ ਤੋਂ ਦੂਰ ਰਹਿੰਦੀ ਨਜ਼ਰ ਆ ਰਹੀ ਸੀ। ਇਸ ਤਰ੍ਹਾਂ ਦੁਸ਼ਯੰਤ ਚੌਟਾਲਾ ਦੀ ਭੂਮਿਕਾ ਅਹਿਮ ਬਣਦੀ ਹੈ। ਦੁਸ਼ਯੰਤ ਦੀ ਪਾਰਟੀ 7 ਤੋਂ 10 ਸੀਟਾਂ ਲਿਜਾ ਸਕਦੀ ਹੈ। ਇਸ ਤਰ੍ਹਾਂ ਸੱਤਾ ਦੀ ਚਾਬੀ ਉਸ ਦੇ ਹੱਥ ਆਉਂਦੀ ਲੱਗ ਰਹੀ ਸੀ।
ਹਰਿਆਣਾ ਦੇ ਮਰਹੂਮ ਮੁੱਖ ਮੰਤਰੀ ਦੇਵੀ ਲਾਲ ਪਰਿਵਾਰ ਦੇ ਪ੍ਰਕਾਸ਼ ਸਿੰਘ ਬਾਦਲ ਨਾਲ ਨਜ਼ਦੀਕੀ ਸੰਬੰਧ ਹੋਣ ਕਰਕੇ ਉਹ ਕਾਂਗਰਸ ਨੂੰ ਸੱਤਾ ਤੋਂ ਦੂਰ ਰੱਖ ਕੇ ਦੁਸ਼ਯੰਤ ਨੂੰ ਭਾਜਪਾ ਨਾਲ ਰਲ ਕੇ ਸਰਕਾਰ ਬਣਾਉਣ ਲਈ ਰਾਜ਼ੀ ਕਰ ਸਕਦੇ ਸਨ। ਪਰ ਦੁਸ਼ਯੰਤ ਅਜੇ ਢਿੱਡੋਂ ਨਹੀਂ ਬੋਲ ਰਹੇ।
ਦੁਸ਼ਯੰਤ ਚੌਟਾਲਾ ਕੈਲੇਫੋਰਨੀਆ ਯੂਨੀਵਰਸਿਟੀ ਤੋਂ ਗ੍ਰੈਜੂਏਟ ਹਨ। ਓਮ ਪ੍ਰਕਾਸ਼ ਚੌਟਾਲਾ ਦੀ ਪਾਰਟੀ ਇਨੈਲੋ ਵਿਚ ਪਰਿਵਾਰਿਕ ਕਲੇਸ਼ ਕਾਰਨ ਦੁਸ਼ਯੰਤ ਨੂੰ ਪਾਰਟੀ ਤੋਂ ਬਾਹਰ ਕਰ ਦਿੱਤਾ ਗਿਆ ਸੀ। ਦੁਸ਼ਯੰਤ ਦੇ ਦਾਦਾ ਓਮ ਪ੍ਰਕਾਸ਼ ਚੌਟਾਲਾ ਹਰਿਆਣਾ ਦੇ ਚਾਰ ਵਾਰ ਮੁੱਖ ਮੰਤਰੀ ਰਹਿ ਚੁਕੇ ਹਨ।
ਓਮ ਪ੍ਰਕਾਸ਼ ਚੌਟਾਲਾ ਦੇ ਦੋ ਪੁੱਤਰਾਂ ਅਜੈ ਅਤੇ ਅਭੈ ਵਿਚਕਾਰ ਝਗੜਾ ਹੋਣ ਕਾਰਨ ਇਨੈਲੋ ਟੁੱਟ ਗਈ ਸੀ। ਟੀਚਰ ਘੁਟਾਲਾ ਕੇਸ ਵਿਚ ਅਜੈ ਅਤੇ ਓ ਪੀ ਚੌਟਾਲਾ ਜੇਲ ਵਿਚ ਸਜਾ ਕਟ ਰਹੇ ਹਨ।
ਉਧਰ ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਕਾਂਗਰਸ ਦੀ ਸਰਕਾਰ ਬਣਾਉਣ ਦੇ ਦਾਅਵੇ ਕਰ ਰਹੇ ਹਨ। ਉਹਨਾਂ ਨੂੰ ਕਾਂਗਰਸ ਨੇਤਾ ਸੋਨੀਆ ਗਾਂਧੀ ਨੇ ਦਿੱਲੀ ਬੁਲਾ ਲਿਆ ਹੈ।

Share this Article
Leave a comment