ਕੋਰੋਨਾ ਸੰਕਟ : ਭਾਰਤ ਸਰਕਾਰ ਨੇ ਹਾਈਡਰੋਕਸਾਈਕਲੋਰੋਕਿਨ ਦਵਾਈਆਂ ਦੇ ਨਿਰਯਾਤ ਨੂੰ ਲੈ ਕੇ ਲਿਆ ਵੱਡਾ ਫੈਸਲਾ

TeamGlobalPunjab
3 Min Read

ਨਵੀਂ ਦਿੱਲੀ : ਇਸ ਸਮੇਂ ਦੁਨੀਆ ‘ਚ ਕੋਰੋਨਾ ਮਹਾਮਾਰੀ ਦਾ ਕਹਿਰ ਜਾਰੀ ਹੈ। ਇਸ ‘ਚ ਹੀ ਭਾਰਤ ਸਰਕਾਰ ਨੇ ਅੱਜ ਐਂਟੀ-ਮਲੇਰੀਆ ਦਵਾਈ ਹਾਈਡਰੋਕਸਾਈਕਲੋਰੋਕਿਨ ਦੇ ਨਿਰਯਾਤ ਨੂੰ ਲੈ ਕੇ ਇੱਕ ਵੱਡਾ ਫੈਸਲਾ ਲਿਆ ਹੈ। ਸਰਕਾਰ ਨੇ ਆਪਣੇ ਇਸ ਫੈਸਲੇ ਰਾਹੀਂ ਹਾਈਡਰੋਕਸਾਈਕਲੋਰੋਕਿਨ ਦਵਾਈ ਦੇ ਨਿਰਯਾਤ ‘ਤੇ ਲਗਾਈ ਗਈ ਪਾਬੰਦੀ ਨੂੰ ਹਟਾ ਦਿੱਤਾ ਹੈ। ਦੱਸ ਦਈਏ ਕਿ ਇਹ ਦਵਾਈ ਕੋਰੋਨਾ ਵਾਇਰਸ ਦੇ ਮਰੀਜ਼ਾਂ ਲਈ ਕਾਰਗਰ ਮੰਨੀ ਜਾ ਰਹੀ ਹੈ। ਇਹ ਜਾਣਕਾਰੀ ਵਿਦੇਸ਼ ਮੰਤਰਾਲੇ ਦੁਆਰਾ ਦਿੱਤੀ ਗਈ ਹੈ।

ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਇਹ ਫੈਸਲਾ ਮਨੁੱਖਤਾ ਦੇ ਅਧਾਰ ‘ਤੇ ਲਿਆ ਗਿਆ ਹੈ ਤੇ ਇਹ ਦਵਾਈਆਂ ਉਨ੍ਹਾਂ ਦੇਸ਼ਾਂ ਨੂੰ ਭੇਜੀਆਂ ਜਾਣਗੀਆਂ ਜਿਨ੍ਹਾਂ ਤੋਂ ਭਾਰਤ ਨੇ ਮਦਦ ਦੀ ਉਮੀਦ ਕੀਤੀ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵੱਲੋਂ ਇਸ ਦਵਾਈ ਦੀ ਕੀਤੀ ਜਾ ਰਹੀ ਮੰਗ ਨੂੰ ਵੇਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ। ਕੋਰੋਨਾ ਮਹਾਮਾਰੀ ਨਾਲ ਸਾਰੀ ਦੁਨੀਆ ਦੇ ਦੇਸ਼ ਇੱਕ ਮੱਤ ਹੋ ਕੇ ਲੜਨ ਲਈ ਤਿਆਰ ਹਨ। ਵਿਦੇਸ਼ ਮੰਤਰਾਨੇ ਨੇ ਕਿਹਾ ਹੈ ਕਿ ਅਜੇ ਇਹ ਫੈਸਲਾ ਲੈਣਾ ਬਾਕੀ ਹੈ ਕਿ ਕਿਸ ਦੇਸ਼ ਨੂੰ ਇਸ ਦਵਾਈ ਦੀ ਕਿੰਨੀ ਕਿੰਨੀ ਸਪਲਾਈ ਕੀਤੀ ਜਾਏਗੀ। ਨਾਲ ਹੀ ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਕੋਰੋਨਾ ਤੋਂ ਬੁਰੀ ਤਰ੍ਹਾਂ ਪ੍ਰਭਾਵਤ ਕੁਝ ਦੇਸ਼ਾਂ ਨੂੰ ਇਸ ਦਵਾਈ ਦੀ ਸਪਲਾਈ ਕੀਤੀ ਜਾਵੇਗੀ। ਉਨ੍ਹਾਂ ਦਾ ਕਹਿਣਾ ਹੈ ਕਿ ਵਿਗਿਆਨੀਆਂ ਨੇ ਮਲੇਰੀਆ ਵਿਚ ਦਿੱਤੀ ਗਈ ਹਾਈਡ੍ਰੋਸਾਈਕਲੋਰੋਕੋਇਨ ਨੂੰ ਕੋਰੋਨਾ ਨਾਲ ਲੜਨ ਵਿਚ ਕਾਰਗਰ ਦੱਸਿਆ ਹੈ।

ਜ਼ਿਕਰਯੋਗ ਹੈ ਕਿ ਦੋ ਦਿਨ ਪਹਿਲਾਂ, ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਨੂੰ ਕੋਵਿਡ-19 ਵਿਰੁੱਧ ਲੜਨ ਲਈ ਹਾਈਡ੍ਰੋਕਸਾਈਕਲੋਰੋਕਿਨ ਦਵਾਈ ਦਾ ਸਟਾਕ ਭੇਜਣ ਲਈ ਬੇਨਤੀ ਕੀਤੀ ਸੀ। ਅਮਰੀਕਾ ਵੱਲੋਂ ਇਸ ਦਵਾਈ ਨੂੰ ਕੋਰੋਨਾ ਦੇ ਮਰੀਜ਼ਾਂ ਲਈ ਇਸਤੇਮਾਲ ਕੀਤਾ ਜਾ ਰਿਹਾ ਹੈ। ਅਮਰੀਕਾ ਵਿੱਚ ਕੋਰੋਨਾ ਨਾਲ 10 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ ਤੇ 3 ਲੱਖ ਤੋਂ ਵੱਧ ਲੋਕ ਇਸ ਵਾਇਰਸ ਨਾਲ ਸੰਕਰਮਿਤ ਹਨ।

ਤਾਜਾ ਜਾਣਕਾਰੀ ਅਨੁਸਾਰ ਦੇਸ਼ ਵਿੱਚ ਹੁਣ ਤੱਕ ਕੋਰੋਨਾ ਦੇ 4600 ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ ਤੇ 120 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ। ਦੂਜੇ ਪਾਸੇ ਵਿਸ਼ਵ ਪੱਧਰ ‘ਤੇ ਕੋਰੋਨਾ ਨਾਲ 75 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ ਤੇ 14 ਲੱਖ ਲੋਕ ਇਸ ਵਾਇਰਸ ਦੀ ਲਪੇਟ ‘ਚ ਹਨ।

- Advertisement -


Share this Article
Leave a comment