ਹਰਿਆਣਾ ਵਿੱਚ ਇਹ ਕੀ ਭਾਣਾ ਵਰਤ ਗਿਆ ਸ਼੍ਰੋਮਣੀ ਅਕਾਲੀ ਦਲ ਨਾਲ

TeamGlobalPunjab
10 Min Read

-ਡਾ. ਰਤਨ ਸਿੰਘ ਢਿੱਲੋਂ

-ਸੀਨੀਅਰ ਪੱਤਰਕਾਰ

ਅਕਾਲੀਆਂ ਦੇ ਸਮਰਥਨ ਸਦਕਾ ਹਰਿਆਣਾ ਦੀਆਂ 10 ਦੀਆਂ 10 ਲੋਕ ਸਭਾ ਸੀਟਾਂ ਜਿੱਤ ਕੇ ਇਤਿਹਾਸ ਸਿਰਜਣ ਵਾਲੀ ਭਾਜਪਾ ਹੁਣ ਇਸੇ ਨਸ਼ੇ ਵਿਚ ਵਿਧਾਨ ਸਭਾ ਚੋਣਾਂ ਲਈ ‘ਅਬ ਕੀ ਬਾਰ-75 ਪਾਰ’ ਦਾ ਨਾ ਅਰਾ ਲਾ ਕੇ ਮਾਈਕ੍ਰੋ ਮੈਨੇਜਮੈਂਟ ਨੂੰ ਮੁੱਖ ਰਖਦਿਆਂ ਪੰਨਾ ਪ੍ਰਮੁੱਖਾਂ, ਸ਼ਕਤੀ ਪ੍ਰਮੁੱਖਾਂ ਅਤੇ ਆਮ ਵਰਕਰਾਂ ਦੇ ਆਸਰੇ ਆਪਣੇ ਨਾਅਰੇ ਨੂੰ ਅਮਲੀ ਰੂਪ ਦੇਣ ਲਈ ਜੋਰ ਲਾ ਰਹੀ ਹੈ।ਪਾਰਟੀ ਦੇ ਇਹ ਪ੍ਰਮੁੱਖ ਅਤੇ ਵਰਕਰ ਆਮ ਵੋਟਰਾਂ ਨੂੰ ਖੱਟਰ ਸਰਕਾਰ ਦੀਆਂ ਪਿਛਲੇ 5 ਸਾਲਾਂ ਦੀਆਂ ਪ੍ਰਾਪਤੀਆਂ, ਸਕੀਮਾਂ ਅਤੇ ਸਰਕਾਰੀ ਦਫ਼ਤਰਾਂ ਵਿਚ ਲਿਆਂਦੀ ਗਈ ਪਾਰਦਰਸ਼ਿਤਾ ਤੋਂ ਜਾਣੂ ਕਰਵਾ ਕੇ ਵੋਟਾਂ ਮੰਗ ਰਹੇ ਹਨ। ਮਨੋਹਰ ਲਾਲ ਖੱਟਰ ਚੋਣ ਰੈਲੀਆਂ ਵਿਚ ਦਾਅਵਾ ਕਰ ਰਹੇ ਹਨ ਕਿ ਉਨ੍ਹਾਂ ਦੀ ਸਰਕਾਰ ਨੇ ਕਾਂਗਰਸ ਦੀ ‘ਪਰਚੀ ਤੇ ਖਰਚੀ’ ਸੰਸਕ੍ਰਿਤੀ ਨੂੰ ਖਤਮ ਕਰਕੇ ਮੈਰਿਟ ਦੇ ਅਧਾਰ ‘ਤੇ ਨੌਕਰੀਆਂ ਦਿੱਤੀਆਂ ਹਨ ਅਤੇ ਸਰਕਾਰੀ ਕਰਮਚਾਰੀਆਂ ਦੀਆਂ ਤਬਦੀਲੀਆਂ ਆਨ ਲਾਈਨ ਕਰਕੇ ਭ੍ਰਿਸ਼ਟਾਚਾਰ ਨੂੰ ਖਤਮ ਕੀਤਾ ਹੈ। ਨਾਲ ਦੀ ਨਾਲ ਕਾਂਗਰਸ ਅਤੇ ਹੋਰ ਪਿਛਲੀਆਂ ਸਰਕਾਰਾਂ ਨੂੰ ਛੱਜ ਵਿਚ ਪਾ ਕੇ ਛੱਟਿਆ ਜਾ ਰਿਹਾ ਹੈ, ਕਿਸਾਨਾਂ ਦੀ ਆਮਦਨ ਵਧਾਉਣ ਅਤੇ ਹੋਰ ਸਹੂਲਤਾਂ ਦੇਣ ਦੇ ਵਾਅਦੇ ਕੀਤੇ ਜਾ ਰਹੇ ਹਨ। ਸਮੇਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਾਜਪਾ ਦੇ ਸਟਾਰ ਪ੍ਰਚਾਰਕ ਹਰਿਆਣਾ ਦੇ ਸਥਾਨਕ ਮੁੱਦਿਆਂ ਦੀ ਗੱਲ ਨਾ ਕਰਕੇ ਧਾਰਾ 370 ਹਟਾਉਣ, ਸਰਜੀਕਲ ਸਟਰਾਈਕ ਅਤੇ ਕੇਂਦਰ ਵੱਲੋਂ ਚਲਾਈਆਂ ਗਈਆਂ ਕਰੀਬ ਦੋ ਦਰਜਨ ਭਲਾਈ ਦੀਆਂ ਸਕੀਮਾਂ ਦਾ ਰਾਗ ਅਲਾਪੀ ਜਾ ਰਹੇ ਹਨ। ਇਹ ਪਾਰਟੀ ਹਰਿਆਣਾ ਦੇ ਮੁੱਖ ਮੁੱਦੇ ਬੇਰੁਜ਼ਗਾਰੀ ਬਾਰੇ ਖਾਮੋਸ਼ ਹੈ ਅਤੇ ਵਿਰੋਧੀਆਂ ਅਨੁਸਾਰ ਇਸ ਨੇ 2014 ਦੀਆਂ ਚੋਣਾਂ ਵਿਚ ਕੀਤੇ ਵਾਅਦੇ ਵੀ ਪੂਰੇ ਨਹੀਂ ਕੀਤੇ।

ਭਾਜਪਾ ਨੇ 1991, 2005, 2009 ਅਤੇ 2014 ਚਾਰ ਵਾਰ ਆਪਣੇ ਬਲ਼-ਬੂਤੇ ਤੇ ਚੋਣਾਂ ਲੜੀਆਂ। ਇਸ ਪਾਰਟੀ ਨੇ 1991 ਵਿਚ 89 ਸੀਟਾਂ ਤੇ ਚੋਣ ਲੜੀ ਅਤੇ ਕੇਵਲ ਦੋ ਸੀਟਾਂ (ਸ਼ਾਹਬਾਦ ਤੇ ਮਹਿੰਦਰਗੜ੍ਹ) ਹੀ ਜਿੱਤ ਸਕੀ। 2005 ਦੀਆਂ ਚੋਣਾਂ ਵਿਚ 90 ਸੀਟਾਂ ਤੇ ਉਮੀਦਵਾਰ ਖੜ੍ਹੇ ਕੀਤੇ ਪਰੰਤੂ ਸੀਟਾਂ ਫਿਰ ਵੀ ਦੋ ਹੀ (ਨਾਰਨੌਲ ਤੇ ਹਸਨਗੜ੍ਹ) ਮਿਲੀਆਂ। 2009 ਦੀਆਂ ਚੋਣਾਂ ਵਿਚ ਭਾਜਪਾ 90 ਵਿਚੋਂ ਚਾਰ ਸੀਟਾਂ (ਅੰਬਾਲਾ ਕੈਂਟ, ਸੋਨੀਪਤ, ਤਿਗਾਉਂ ਅਤੇ ਭਵਾਨੀ) ਜਿੱਤ ਸਕੀ। 2014 ਵਿਚ ਮੋਦੀ ਲਹਿਰ ਦੌਰਾਨ ਪਾਰਟੀ ਨੇ ਐਸਾ ਇਨਕਲਾਬ ਲਿਆਂਦਾ ਕਿ 47 ਸੀਟਾਂ ਜਿੱਤ ਕੇ 10 ਸਾਲ ਤੋਂ ਚਲੀ ਆ ਰਹੀ ਕਾਂਗਰਸ ਦੀ ਹੁੱਡਾ ਸਰਕਾਰ ਨੂੰ ਚਲਦਿਆਂ ਕੀਤਾ। ਜੀਂਦ ਤੋਂ ਇਨੈਲੋ ਵਿਧਾਇਕ ਹਰੀ ਚੰਦ ਮਿੱਢਾ ਦੀ ਮੌਤ ਤੋਂ ਬਾਅਦ ਜਿਮਨੀ ਚੋਣ ਵਿਚ ਭਾਜਪਾ ਨੇ ਮਿੱਢਾ ਦੇ ਬੇਟੇ ਕ੍ਰਿਸ਼ਨ ਲਾਲ ਮਿੱਢਾ ਨੂੰ ਮੈਦਾਨ ਵਿਚ ਉਤਾਰਿਆ ਜਿਸ ਨੇ ਕਾਂਗਰਸ ਦੇ ਕੌਮੀ ਬੁਲਾਰੇ ਰਣਦੀਪ ਸਿੰਘ ਸੁਰਜੇਵਾਲਾ ਨੂੰ ਹਰਾ ਕੇ ਇਹ ਸੀਟ ਭਾਜਪਾ ਦੀ ਝੋਲੀ ਪਾ ਦਿੱਤੀ।ਮਿੱਢਾ ਨੂੰ ਮਿਲੀਆਂ 50,566 ਵੋਟਾਂ ਦੇ ਮੁਕਾਬਲੇ ਸੁਰਜੇਵਾਲਾ ਕੇਵਲ 22,740 ਵੋਟਾਂ ਲੈ ਕੇ ਤੀਜੇ ਨੰਬਰ ‘ਤੇ ਰਿਹਾ।

- Advertisement -

ਵੈਸੇ ਤਾਂ ਕਾਂਗਰਸ ਦੀ ਹਾਲਤ ਪਹਿਲਾਂ ਹੀ ਪਤਲੀ ਸੀ ਪਰੰਤੂ ਜਿਮਨੀ ਚੋਣ ਵਿੱਚ ਹੋਈ ਹਾਰ ਤੋਂ ਬਾਅਦ ਇਹ ਹਾਲਤ ਹੋਰ ਵੀ ਮਾੜੀ ਹੋ ਗਈ। ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਅਤੇ ਸਾਬਕਾ ਪ੍ਰਦੇਸ਼ ਪ੍ਰਧਾਨ ਅਸ਼ੋਕ ਤੰਵਰ ਦੇ ਵਿਚਕਾਰ ਅਜਿਹਾ ਰੇੜਕਾ ਪਿਆ ਕਿ ਦਿੱਲੀ ਵਿੱਚ ਤੰਵਰ ਤੇ ਵਾਰ ਹੋਣ ਤੋਂ ਬਾਅਦ ਇਹ ਦਰਾੜ ਹੋਰ ਚੌੜੀ ਹੋ ਗਈ। ਪਾਰਟੀ ਵਿਚ ਹੁੱਡਾ, ਤੰਵਰ, ਸ਼ੈਲਜਾ, ਸੁਰਜੇਵਾਲਾ, ਕਿਰਨ ਚੌਧਰੀ ਆਦਿ ਕਈ ਗਰੁੱਪ ਬਣ ਗਏ। ਵਿਧਾਨ ਸਭਾ ਚੋਣਾਂ 2019 ਲਈ ਉਮੀਦਵਾਰਾਂ ਦੀ ਸੂਚੀ ਤਿਆਰ ਕਰਨ ਸਮੇ ਇਹ ਫੁੱਟ ਉਘੜ ਕੇ ਸਾਹਮਣੇ ਆ ਗਈ ਜਦੋਂ ਪ੍ਰਦੇਸ਼ ਪ੍ਰਧਾਨ ਬੀਬੀ ਸ਼ੈਲਜਾ ਅਤੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਆਪਣੇ ਆਪਣੇ ਉਮੀਦਵਾਰਾਂ ਦੇ ਨਾਂ ਸੂਚੀ ਵਿਚ ਦਰਜ ਕਰਦਿਆਂ ਤੰਵਰ ਅਤੇ ਕਈ ਸੀਨੀਅਰ ਕਾਂਗਰਸੀਆਂ ਨੂੰ ਨੇੜੇ ਨਾ ਲੱਗਣ ਦਿੱਤਾ। ਨਤੀਜਾ ਇਹ ਹੋਇਆ ਹੈ ਕਿ ਤੰਵਰ ਨੇ ਬਾਗੀ ਹੋ ਕੇ ਆਪਣੇ ਹਮਾਇਤੀਆਂ ਨੂੰ ਜਜਪਾ ਜਾਂ ਫਿਰ ਕੋਈ ਚੰਗਾ ਉਮੀਦਵਾਰ ਸਮਝ ਕੇ, ਭਾਵੇਂ ਉਹ ਭਾਜਪਾ ਦਾ ਹੀ ਕਿਉਂ ਨਾ ਹੋਵੇ, ਉਸ ਨੂੰ ਵੋਟ ਪਾਉਣ ਦੇ ਨਿਰਦੇਸ਼ ਦੇ ਦਿੱਤੇ ਹਨ। ਪ੍ਰੋ. ਸੰਪਤ ਸਿੰਘ ਅਤੇ ਚੌਧਰੀ ਨਿਰਮਲ ਸਿੰਘ ਵਰਗੇ ਸੀਨੀਅਰ ਆਗੂ ਕਾਂਗਰਸ ਛੱਡ ਗਏ ਹਨ। ਅੰਬਾਲਾ ਸ਼ਹਿਰ ਅਤੇ ਛਾਉਣੀ ਵਿਚ ਹੀ ਬਾਗੀ ਉਮੀਦਵਾਰ ਕਾਂਗਰਸ ਉਮੀਦਵਾਰਾਂ ਦੇ ਮੁਕਾਬਲੇ  ਚੋਣ ਲੜ ਰਹੇ ਹਨ ਜਿਸ ਦਾ ਲਾਭ ਨਿਸਚੇ ਹੀ ਭਾਜਪਾ ਨੂੰ ਮਿਲ ਰਿਹਾ ਹੈ। ਕਾਂਗਰਸ ਉਮੀਦਵਾਰਾਂ ਨੂੰ ਵਿਰੋਧੀਆਂ ਤੋਂ ਏਨਾ ਖਤਰਾ ਨਹੀਂ ਹੈ ਜਿੰਨਾ ਆਪਣੀ ਪਾਰਟੀ ਦੇ ਬਾਗੀਆਂ ਕੋਲੋਂ ਹੈ। ਇਕ ਰਿਪੋਰਟ ਅਨੁਸਾਰ 22 ਦੇ ਕਰੀਬ ਸਾਬਕਾ ਮੰਤਰੀ ਅਤੇ ਵਿਧਾਇਕ ਅਤੇ 36 ਹੈਵੀ ਵੇਟ ਆਗੂ ਕਾਂਗਰਸ ਛੱਡ ਚੁੱਕੇ ਹਨ। ਇਨ੍ਹਾਂ ਵਿਚ ਸਾਬਕਾ ਪ੍ਰਦੇਸ਼ ਪ੍ਰਧਾਨ ਅਸ਼ੋਕ ਤੰਵਰ, ਸਾਬਕਾ ਪਾਰਲੀਮਾਨੀ ਸਕੱਤਰ ਰਣ ਸਿੰਘ ਮਾਨ, ਸਾਬਕਾ ਮੰਤਰੀ ਏ.ਸੀ.ਚੌਧਰੀ, ਰਾਮ ਸਰੂਪ ਰਾਮਾ, ਸੁਭਾਸ਼ ਚੌਧਰੀ, ਪ੍ਰੋ. ਸੰਪਤ ਸਿੰਘ, ਰਣਜੀਤ ਚੌਟਾਲਾ, ਨਿਰਮਲ ਸਿੰਘ, ਸੱਤਪਾਲ ਸਾਂਗਵਾਨ, ਸਾਬਕਾ ਐਮ.ਪੀ ਕੈਲਾਸ਼ੋ ਸੈਣੀ, ਈਸ਼ਵਰ ਸਿੰਘ ਆਦਿ ਸ਼ਾਮਲ ਹਨ। ਭੁਪਿੰਦਰ ਸਿੰਘ ਹੁੱਡਾ ਅਤੇ ਪ੍ਰਦੇਸ਼ ਪ੍ਰਧਾਨ ਬੀਬੀ ਸ਼ੈਲਜਾ ਕਾਂਗਰਸ ਵਿਚਲੀ ਧੜੇਬੰਦੀ ਨੂੰ ਖਤਮ ਕਰਨ ਅਤੇ ਬਾਗੀਆਂ ਨੂੰ ਮਨਾਉਣ ਵਿਚ ਬੁਰੀ ਤਰ੍ਹਾਂ ਫੇਲ੍ਹ ਹੋਏ ਹਨ। ਉਂਝ ਭਾਜਪਾ ਵਿਚੋਂ ਵੀ ਕਈ ਨਰਾਜ਼ ਹੋ ਕੇ ਚਲੇ ਗਏ ਹਨ ਜਿਨ੍ਹਾਂ ਨੂੰ ਮੁੱਖ ਮੰਤਰੀ ਖੱਟਰ ਨੇ ਮਾਂ-ਪਾਰਟੀ ਵਿਚ ਵਾਪਸ ਆਉਣ ਦੀ ਅਪੀਲ ਕੀਤੀ ਹੈ।

ਜਿੱਥੇ ਭਾਜਪਾ 75 ਪਾਰ ਕਰਨ ਦਾ ਟੀਚਾ ਲੈ ਕੇ ਚੱਲ ਰਹੀ ਹੈ, ਉਥੇ ਕਾਂਗਰਸ ਬਿਨਾ ਖ਼ਜ਼ਾਨੇ ਦੀ ਪ੍ਰਵਾਹ ਕੀਤਿਆਂ ਆਪਣੇ ਸੰਕਲਪ ਪੱਤਰ ਕੀਤੇ ਲੋਕ ਲੁਭਾਵਣੇ ਵਾਅਦਿਆਂ ਦੇ ਸਿਰ ਤੇ ਆਪਣੀ ਜਿੱਤ ਦਾ ਦਾਅਵਾ ਕਰ ਰਹੀ ਹੈ।ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਕਾਂਗਰਸ ਵਿਚਲੀ ਫੁੱਟ ਕਰਕੇ ਇਸ ਦੇ ਉਮੀਦਵਾਰਾਂ ਦਾ ਜਿੱਤਣਾ ਏਨਾ ਸੌਖਾ ਨਹੀਂ। ਭਾਜਪਾ ਵਾਸਤੇ ਵੀ 75 ਦਾ ਅੰਕੜਾ ਪਾਸ ਕਰਨਾ ਅਸੰਭਵ ਜਾਪਦਾ ਹੈ। ਇਕ ਅਨੁਮਾਨ ਅਨੁਸਾਰ ਭਾਜਪਾ 50-55 ਸੀਟਾਂ ਲੈ ਜਾਵੇਗੀ ਜਦੋਂ ਕਿ ਕਾਂਗਰਸ 30-35 ਸੀਟਾਂ ਦੇ ਨੇੜੇ-ਤੇੜੇ ਪਹੁੰਚ ਜਾਵੇਗੀ।ਇਸ ਵਾਰ 10-12 ਆਜ਼ਾਦ ਉਮੀਦਵਾਰਾਂ ਦੇ ਜਿੱਤਣ ਦੀ ਵੀ ਉਮੀਦ ਹੈ ਜਿਨ੍ਹਾਂ ਦੇ ਹੱਥ ਸੱਤਾ ਦੀ ਚਾਬੀ ਆ ਸਕਦੀ ਹੈ।

ਇਨ੍ਹਾਂ ਦੋਹਾਂ ਪਾਰਟੀਆਂ ਤੋਂ ਬਿਨਾ ਇਨੈਲੋ-ਅਕਾਲੀ ਗੱਠ-ਜੋੜ, ਜਨ ਨਾਇਕ ਜਨਤਾ ਪਾਰਟੀ, ਲੋਕ ਸੁਰੱਖਿਆ ਪਾਰਟੀ, ਬਸਪਾ ਅਤੇ ਆਮ ਆਦਮੀ ਪਾਰਟੀ ਆਦਿ ਪਾਰਟੀਆਂ ਵੀ ਇਸ ਚੋਣ ਵਿਚ ਜ਼ੋਰ ਅਜਮਾਈ ਕਰਦਿਆਂ ਜ਼ਮੀਨ ਤਲਾਸ਼ ਰਹੀਆਂ ਹਨ।

ਅਕਾਲੀ ਦਲ ਦਾ ਦੁਖਾਂਤ

ਹਰਿਆਣਾ ਵਿਚ ਸ਼੍ਰੋਮਣੀ ਅਕਾਲੀ ਦਲ ਨਾਲ ਜੋ ਹੋਇਆ ਅਜਿਹਾ ਰੱਬ ਕਿਸੇ ਨਾਲ ਨਾ ਕਰੇ। ਇਸ ਨੇ ਇਸ ਵਾਰ ਹਰਿਆਣਾ ਦੇ ਸਿੱਖਾਂ ਨੂੰ ਆਪਣੀ ਸਿਆਸੀ ਕਿਸਮਤ ਆਪ ਲਿਖਣ ਦੀ ਆਜ਼ਾਦੀ ਦੇ ਦਿੱਤੀ। ਇਸ ਸਬੰਧ ਵਿਚ ਅੰਬਾਲਾ ਸ਼ਹਿਰ, ਪਿਪਲੀ ਆਦਿ ਥਾਵਾਂ ਤੇ ਰੈਲੀਆਂ ਵੀ ਹੋਈਆਂ ਅਤੇ ਇਸ ਸਬੰਧ ਵਿਚ 22 ਸਤੰਬਰ ਨੂੰ ਕੁਰੂਕਸ਼ੇਤਰਾ ਵਿਚ ਮੀਟਿੰਗ ਵੀ ਕੀਤੀ ਗਈ।ਪਾਰਟੀ ਨੇ ਚੋਣਾਂ ਦੇ ਨੇੜੇ ਆ ਕੇ ਭਾਜਪਾ ਨਾਲ ਰਲ ਕੇ ਚੋਣ ਲੜਨ ਦਾ ਐਲਾਨ ਕਰ ਦਿੱਤਾ। ਅਕਾਲੀਆਂ ਨੇ ਭਾਜਪਾ ਕੋਲੋਂ 20-25 ਸੀਟਾਂ ਮੰਗੀਆਂ। ਇਸ ਲਈ ਹਰਿਆਣਾ ਮਾਮਲਿਆਂ ਦੇ ਇੰਚਾਰਜ ਬਲਵਿੰਦਰ ਸਿੰਘ ਭੂੰਦੜ ਨੂੰ ਜਿੰਮੇਵਾਰੀ ਸੌਂਪੀ ਗਈ। ਅਕਾਲੀ ਦਲ ਦੇ ਸਹਿਯੋਗ ਨਾਲ ਹਰਿਆਣਾ ਦੀਆਂ 10 ਦੀਆਂ 10 ਲੋਕ ਸਭਾ ਸੀਟਾਂ ਜਿੱਤਣ ਨਾਲ ਭਾਜਪਾ ਨੇ ਆਪਣੀ ਛਾਤੀ ਚੌੜੀ ਕਰ ਲਈ ਤੇ ਕਿਹਾ ਕਿ ਹਰਿਆਣਾ ਵਿਚ ਉਨ੍ਹਾਂ ਦਾ ਅਕਾਲੀ ਦਲ ਨਾਲ ਕੋਈ ਚੋਣ ਸਮਝੌਤਾ ਨਹੀਂ ਹੈ। ਗੱਲ ਕਿਸੇ ਸਿਰੇ ਨਾ ਲੱਗੀ।ਅਕਾਲੀਆਂ ਨੇ ਹਤਾਸ਼ ਹੋ ਕੇ ਜੇਜੇਪੀ ਨਾਲ ਸਮਝੌਤਾ ਕਰਨ ਦੀ ਗੱਲ ਤੋਰੀ ਉਹ ਵੀ ਸਿਰੇ ਨਾ ਚੜ੍ਹੀ। ਅਕਾਲ਼ੀਆਂ ਦੀ ਭਾਜਪਾ ਨਾਲ ਰਿਸ਼ਤੇ ਵਿਚ ਦਰਾੜ ਉਸ ਸਮੇ ਹੋਰ ਚੌੜੀ ਹੋ ਗਈ ਜਦੋਂ 2014 ਦੀ ਚੋਣ ਸਮੇ ਕਾਲਾਂਵਾਲੀ ਹਲਕੇ ਤੋਂ ਤੱਕੜੀ ਦੇ ਚੋਣ ਨਿਸ਼ਾਨ ਤੇ ਜਿੱਤੇ ਬਲਕੌਰ ਸਿੰਘ ਦੇ ਕੋਲੋਂ ਭਾਜਪਾ ਨੇ ਤੱਕੜੀ ਦੀ ਬੋਦੀ ਛੁਡਵਾ ਕੇ ਉਸ ਦੇ ਹੱਥ ਕਮਲ ਦਾ ਫੁਲ ਫੜਾ ਦਿੱਤਾ।ਉਸ ਨੇ ਕਾਂਗਰਸ ਦੇ ਉਮੀਦਵਾਰ ਸ਼ੀਸ਼ਪਾਲ ਕੇਹਰਵਾਲਾ ਨੂੰ 41147 ਦੇ ਮੁਕਾਬਲੇ 54112 ਵੋਟਾਂ ਲੈ ਕੇ ਹਰਾਇਆ ਸੀ। ਭਾਜਪਾ ਨੇ ਅਕਾਲੀ ਦਲ ਨੂੰ ਅਜਿਹਾ ਧੋਬੀ ਪਟਕਾ ਦਿੱਤਾ ਕਿ ਉਨ੍ਹਾਂ ਦੀ ਪਿੱਠ ਅਜੇ ਤੱਕ ਠੀਕ ਨਹੀਂ ਹੋਈ।

- Advertisement -

ਅਖੀਰ ਬਾਦਲ-ਚੌਟਾਲਾ ਪਰਿਵਾਰ ਦੇ ਪੁਰਾਣੇ ਰਿਸ਼ਤੇ ਨੂੰ ਬਹਾਲ ਕਰਦਿਆਂ ਵਡੇ ਬਾਦਲ ਸਾਹਿਬ ਨੇ ਇਨੇਲੋ ਨਾਲ ਰਲ ਕੇ ਚੋਣ ਲੜਨ ਲਈ ਨਿਰਦੇਸ਼ ਦੇ ਦਿੱਤੇ। ਅਕਾਲੀਆਂ ਨੇ ਹੁਣ ਇਨੈਲੋ ਨਾਲ ਰਲ਼ ਕੇ ਰਤੀਆ ਤੋਂ ਕੁਲਵਿੰਦਰ ਸਿੰਘ ਕੁਨਾਲ, ਗੂਹਲਾ-ਚੀਕਾ ਤੋਂ ਰਾਮ ਕੁਮਾਰ ਵਾਲਮੀਕੀ ਅਤੇ ਕਾਲਾਂਵਾਲੀ ਤੋਂ ਰਾਜਿੰਦਰ ਸਿੰਘ ਨੂੰ ਖੜਾ ਕੀਤਾ ਹੈ ਜਦੋਂਕਿ ਚੌਥੀ ਅੰਬਾਲਾ ਸ਼ਹਿਰ ਦੀ ਸੀਟ ਤੋਂ ਇੰਜ. ਬਲਬੀਰ ਸਿੰਘ ਨੇ ਟਿਕਟ ਲੈਣ ਤੋਂ ਬਾਅਦ ਇਹ ਕਹਿ ਕੇ ਕਾਗਜ਼ ਦਾਖਲ ਤੋਂ ਇਨਕਾਰ ਕਰ ਦਿੱਤਾ ਕਿ ਉਹ ਇਨੈਲੋ ਨਾਲ ਰਲ ਕੇ ਚੋਣ ਨਹੀਂ ਲੜੇਗਾ ਕਿਉਂਕਿ ਇਸ ਪਾਰਟੀ ਦਾ ਕੋਈ ਆਧਾਰ ਨਹੀਂ ਰਹਿ ਗਿਆ। ਉਸ ਨੇ ਭਾਜਪਾ ਉਮੀਦਵਾਰ ਅਸੀਮ ਗੋਇਲ ਨੂੰ ਸਮਰਥਨ ਦੇ ਕੇ ਅਕਾਲੀ ਦਲ ਹਾਈ ਕਮਾਂਡ ਦੇ ਨਿਰਦੇਸ਼ਾਂ ਦੀ ਸ਼ਰੇਆਮ ਵਿਰੋਧਤਾ ਕਰ ਦਿੱਤੀ ਹੈ।

ਅਕਾਲੀ ਦਲ ਨੇ ਭਾਜਪਾ ਤੇ ਮਰਿਆਦਾ ਤੋੜਨ ਅਤੇ ਅਨੈਤਿਕਤਾ ਦਾ ਦੋਸ਼ ਲਾਇਆ ਹੈ।ਦੂਜੇ ਪਾਸੇ ਮੁੱਖ ਮੰਤਰੀ ਮਨੋਹਰ ਲਾਲ ਨੇ ਏਨੀ ਤੇਜੀ ਫੜ ਲਈ ਹੈ ਕਿ ਉਸ ਨੇ ਅਕਾਲੀ ਦਲ ਨੂੰ ਸੀਟਾਂ ਲਈ ਤਰਲੇ ਲੈਣ ਵਾਲੇ ਕਹਿ ਦਿੱਤਾ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਤਾਂ ਭਾਜਪਾ ਨੂੰ ਸਰਾਪ ਦੇਣੇ ਸ਼ੁਰੂ ਕਰ ਦਿੱਤੇ ਹਨ। ਪਿਛਲੇ ਦਿਨੀਂ ਮੁੱਖ ਮੰਤਰੀ ਮਨੋਹਰ ਲਾਲ ਅਤੇ ਸੁਖਬੀਰ ਬਾਦਲ ਵਿਚਕਾਰ ਸ਼ਬਦੀ ਜੰਗ ਤੇਜ ਹੋ ਗਈ। ਸੁਖਬੀਰ ਨੇ ਮੀਡੀਆ ਨੂੰ ਕਿਹਾ ਕਿ ਜੋ ਇਸ ਸਮੇ ਸੱਤਾ ਵਿਚ ਹਨ, ਉਹ ਵਿਰੋਧੀ ਬੈਂਚਾਂ ‘ਤੇ ਬੈਠਣਗੇ।ਮਨੋਹਰ ਲਾਲ ਨੇ ਕਿਹਾ ਕਿ ਅਕਾਲੀ ਸੀਟਾਂ ਮੰਗਣ ਆਏ ਸਾਡੇ ਤਰਲੇ ਕਰਦੇ ਰਹੇ ਪਰੰਤੂ ਅਸੀਂ ਐਸਵਾਈਐਲ ਰਾਹੀਂ ਆਪਣੇ ਹਿੱਸੇ ਦਾ ਪਾਣੀ ਮੰਗ ਲਿਆ। ਜੇ ਉਹ ਪਾਣੀ ਦੇਣ ਲਈ ਸਹਿਮਤ ਹੋ ਜਾਂਦੇ ਤਾਂ 2-3 ਸੀਟਾਂ ਦਿੱਤੀਆਂ ਜਾ ਸਕਦੀਆਂ ਸਨ।

Share this Article
Leave a comment