ਚੰਡੀਗੜ੍ਹ : ਬੀਤੇ ਦਿਨੀਂ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ‘ਤੇ ਹੋਏ ਹਮਲੇ ਨੂੰ ਲੈ ਕੇ ਸਿਆਸਤਦਾਨ ਆਪੋ ਆਪਣੀਆਂ ਬਿਆਨਬਾਜੀਆਂ ਕਰ ਰਹੇ ਹਨ। ਇਸੇ ਸਿਲਸਿਲੇ ਨੂੰ ਲੈ ਹਰਸਿਮਰਤ ਕੌਰ ਬਾਦਲ ਨੇ ਵੀ ਪਾਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਕਾਂਗਰਸੀ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਲੰਮੇ ਹੱਥੀਂ ਲਿਆ ਹੈ। ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਸ੍ਰੀ ਨਨਕਾਣਾ ਸਾਹਿਬ ਦੇ ਗ੍ਰੰਥੀ ਦੀ ਲੜਕੀ ਨੂੰ ਜ਼ਬਰਦਸਤੀ ਅਗਵਾਹ ਕਰਕੇ ਅੱਜ ਪਰਿਵਾਰ ਨਾਲ ਧੱਕਾ ਕੀਤਾ ਜਾ ਰਿਹਾ ਹੈ ਤਾਂ ਕੀ ਇਹ ਪਾਕਿਸਤਾਨ ਦੀ ਸਰਕਾਰ ਨੂੰ ਦਿਖਾਈ ਨਹੀਂ ਦੇ ਰਿਹਾ।
ਹਰਸਿਮਰਤ ਕੌਰ ਬਾਦਲ ਨੇ ਬੋਲਦਿਆਂ ਪਾਕਿ ਸਰਕਾਰ ਦੀ ਜਾਂਚ ਏਜੰਸੀ ਨੂੰ ਵੀ ਫੇਲ੍ਹ ਕਰਾਰ ਦੇ ਦਿੱਤਾ। ਉਨ੍ਹਾਂ ਸਵਾਲ ਕੀਤਾ ਕਿ ਕੀ ਇਹ ਸਭ ਕੁਝ ਸਿੱਖ ਭਾਈਚਾਰੇ ਨੂੰ ਧਮਕੀਆਂ ਪਾਕਿ ਸਰਕਾਰ ਦਿਵਾ ਰਹੀ ਹੈ। ਇੱਥੇ ਹੀ ਉਨ੍ਹਾਂ ਕਾਂਗਰਸ ਪਾਰਟੀ ‘ਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਇਸ ਗੰਭੀਰ ਅਤੇ ਇੰਨੇ ਵੱਡੇ ਮਸਲੇ ‘ਤੇ ਚੁੱਪੀ ਧਾਰੀ ਹੋਈ ਹੈ। ਉਨ੍ਹਾਂ ਅਸਿੱਧੇ ਢੰਗ ਨਾਲ ਸਿੱਧੂ ਦਾ ਨਾਮ ਲਏ ਬਿਨਾਂ ਬੋਲਦਿਆਂ ਕਿਹਾ ਕਿ ਇਨ੍ਹਾਂ ਦੇ ਮੰਤਰੀ ਉੱਧਰ ਜਾ ਕੇ ਜੱਫੀ ਪੱਪੀ ਕਰਦੇ ਹਨ ਅੱਜ ਉਹ ਸਾਰੇ ਚੁੱਪ ਬੈਠੇ ਹਨ।