ਵਾਸ਼ਿੰਗਟਨ: ਇਸ ਵਾਰ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਚੋਣ ਨਹੀਂ ਲੜਨਗੇ। ਉਨ੍ਹਾਂ ਨੇ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਵਜੋਂ ਕਮਲਾ ਹੈਰਿਸ ਦਾ ਨਾਮ ਅੱਗੇ ਰੱਖਿਆ ਹੈ, ਜਿਸ ਤੋਂ ਬਾਅਦ ਚੋਣ ਕਾਫੀ ਦਿਲਚਸਪ ਹੋ ਗਈ ਹੈ। ਅਮਰੀਕੀ ਰਾਸ਼ਟਰਪਤੀ ਚੋਣਾਂ ਲਈ ਹੁਣ ਸਿਰਫ 3 ਮਹੀਨੇ ਬਾਕੀ ਹਨ। ਜੋਅ ਬਾਇਡਨ ਦੇ ਚੁਣਾਵੀ ਦੌੜ ਤੋਂ ਹਟਣ ਨਾਲ ਟਰੰਪ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਇਸੇ ਦੌਰਾਨ ਇੱਕ ਸਰਵੇਖਣ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਕਮਲਾ ਹੈਰਿਸ ਨੇ ਚੋਣ ਦ੍ਰਿਸ਼ਟੀਕੋਣ ਤੋਂ ਵੱਡੇ ਰਾਜਾਂ ਵਿੱਚ ਲੀਡ ਹਾਸਲ ਕਰ ਲਈ ਹੈ। ਇਸ ਦੇ ਨਾਲ ਹੀ ਹੈਰਿਸ ਨੇ ਚੋਣ ਫੰਡ ਮੰਗਣਾ ਜਾਰੀ ਰੱਖਿਆ ਹੈ।
59 ਸਾਲਾ ਹੈਰਿਸ ਫੰਡ ਇਕੱਠਾ ਕਰਨ ਲਈ ਲਗਾਤਾਰ ਰੈਲੀਆਂ ਕਰ ਰਹੇ ਹੈ। ਉਹਨਾਂ ਨੇ ਐਤਵਾਰ ਨੂੰ ਸੈਨ ਫਰਾਂਸਿਸਕੋ ਵਿੱਚ ਇੱਕ ਸਮਾਗਮ ਵਿੱਚ ਕਿਹਾ ਅਸੀਂ ਇਹ ਚੋਣ ਜਿੱਤਾਂਗੇ। ਹੁਣ ਤੱਕ ਉਹ ਚੋਣ ਫੰਡ ਵਜੋਂ 12 ਮਿਲੀਅਨ ਅਮਰੀਕੀ ਡਾਲਰ (1,00,74,55,200 ਰੁਪਏ) ਤੋਂ ਵੱਧ ਇਕੱਠੇ ਕਰ ਚੁੱਕੇ ਹਨ।
ਸ਼ਨੀਵਾਰ ਨੂੰ, ਹੈਰਿਸ ਅਤੇ ਉਹਨਾਂ ਦੇ ਸਾਥੀ ਟਿਮ ਵਾਲਜ਼ ਨੇ ਨੇਵਾਡਾ ਵਿੱਚ 12,000 ਤੋਂ ਵੱਧ ਲੋਕਾਂ ਨੂੰ ਸੰਬੋਧਨ ਕੀਤਾ। ਇਹ ਰੈਲੀ ਨੇਵਾਡਾ ਦੇ ਇਤਿਹਾਸ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ ਚੋਣ ਰੈਲੀਆਂ ਵਿੱਚੋਂ ਇੱਕ ਹੈ। ਇਸ ਦੇ ਨਾਲ, ਹੈਰਿਸ ਅਤੇ ਵਾਲਜ਼ ਦੀ ਜੋੜੀ ਨੇ ਫਿਲਾਡੇਲਫੀਆ ਵਿੱਚ 14,000 ਤੋਂ ਵੱਧ ਅਤੇ ਐਰੀਜ਼ੋਨਾ ਵਿੱਚ 15,000 ਤੋਂ ਵੱਧ ਲੋਕਾਂ ਨੂੰ ਸੰਬੋਧਨ ਕੀਤਾ।
ਕਮਲਾ ਹੈਰਿਸ ਨੇ ਆਪਣੀ ਚੋਣ ਮੁਹਿੰਮ ਪਿੱਛੇ ਉਤਸ਼ਾਹ ਬਾਰੇ ਦੱਸਿਆ ਕਿ ਅਸੀਂ ਸ਼ੁਰੂਆਤੀ ਚੋਣਾਂ ਵਿੱਚ ਵਿਸ਼ਵਾਸ ਨਹੀਂ ਰੱਖਦੇ। ਇਸ ਸਮੇਂ ਕਿਸੇ ਵੀ ਚੀਜ਼ ਨੂੰ ਹਲਕੇ ਵਿੱਚ ਨਹੀਂ ਲਿਆ ਜਾ ਸਕਦਾ। ਹੈਰਿਸ ਨੇ ਕਿਹਾ ਕਿ ਇਹ ਕੁਝ ਹਫ਼ਤੇ ਬਹੁਤ ਵਧੀਆ ਰਹੇ ਹਨ, ਪਰ ਸਾਡੇ ਕੋਲ ਅਜੇ ਵੀ ਬਹੁਤ ਕੰਮ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਲੋਕ ਆਪਣੇ ਅਧਿਕਾਰਾਂ ਦੀ ਸਹੀ ਵਰਤੋਂ ਕਰਨ ਦਾ ਮਨ ਬਣਾ ਚੁੱਕੇ ਹਨ।
- Advertisement -
ਇੱਕ ਮਹੀਨੇ ਦੇ ਅੰਦਰ ਹੀ ਟਰੰਪ ਨੂੰ ਪਛਾੜਿਆ
ਦਾਅਵਾ ਕੀਤਾ ਜਾ ਰਿਹਾ ਹੈ ਕਿ ਡੈਮੋਕ੍ਰੇਟਿਕ ਪਾਰਟੀ ਦੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਕਮਲਾ ਹੈਰਿਸ ਨੇ ਸਿਰਫ਼ ਇੱਕ ਮਹੀਨੇ ਵਿੱਚ ਹੀ ਆਪਣੇ ਰਿਪਬਲਿਕਨ ਵਿਰੋਧੀ ਅਤੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਕੌਮੀ ਬੜ੍ਹਤ ਦਾ ਲਗਭਗ ਸਫਾਇਆ ਕਰ ਦਿੱਤਾ ਹੈ। ਰੀਅਲ ਕਲੀਅਰ ਪਾਲੀਟਿਕਸ ਦੇ ਅਨੁਸਾਰ, ਹੈਰਿਸ ਹੁਣ ਸਾਰੀਆਂ ਰਾਸ਼ਟਰੀ ਚੋਣਾਂ ਦੀ ਔਸਤ ਵਿੱਚ 0.5 ਫੀਸਦ ਅੰਕਾਂ ਨਾਲ ਟਰੰਪ ਤੋਂ ਅੱਗੇ ਹੈ। ਮੌਜੂਦਾ ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਚੋਣ ਨਾਂ ਲੜਨ ਦੇ ਫੈਸਲੇ ਤੋਂ ਬਾਅਦ ਡੈਮੋਕ੍ਰੇਟਿਕ ਪਾਰਟੀ ਨੇ ਹੈਰਿਸ ਨੂੰ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਐਲਾਨ ਦਿੱਤਾ ਸੀ।