ਅਮਰੀਕੀ ਰਾਸ਼ਟਰਪਤੀ ਚੋਣਾਂ ‘ਚ ਕਮਲਾ ਹੈਰਿਸ ਤੇ ਟਰੰਪ ਵਿਚਾਲੇ ਕਰੀਬੀ ਮੁਕਾਬਲਾ

Global Team
2 Min Read

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਚੋਣਾਂ ‘ਚ ਦੋ ਹਫਤੇ ਤੋਂ ਵੀ ਘੱਟ ਸਮਾਂ ਬਚਿਆ ਹੈ। ਹਾਲਾਂਕਿ ਹਾਲੇ ਤੱਕ ਅਮਰੀਕਾ ‘ਚ ਇਹ ਤਸਵੀਰ ਸਾਫ ਨਹੀਂ ਹੋ ਸਕੀ ਹੈ ਕਿ ਅਮਰੀਕੀ ਲੋਕ ਕਿਸ ਨੂੰ ਆਪਣਾ ਰਾਸ਼ਰਪਤੀ ਚੁਣਨਾ ਚਾਹੁੰਦੇ ਹਨ। ਤਾਜ਼ਾ ਸਰਵੇਖਣ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਕਮਲਾ ਹੈਰਿਸ ਅਤੇ ਡੋਨਲਡ ਟਰੰਪ ਵਿਚਾਲੇ ਕਰੀਬੀ ਮੁਕਾਬਲਾ ਹੈ ਅਤੇ ਪਾਪੂਲਰ ਪੋਲ ਦੇ ਲਿਹਾਜ਼ ਨਾਲ ਦੋਵਾਂ ਨੂੰ 48-48 ਫੀਸਦੀ ਵੋਟਾਂ ਮਿਲੀਆਂ ਹਨ।

ਹੈਰਿਸ ਅਤੇ ਟਰੰਪ ਵਿਚਾਲੇ ਨਜ਼ਦੀਕੀ ਮੁਕਾਬਲਾ

ਕੁਝ ਸਮਾਂ ਪਹਿਲਾਂ ਤੱਕ ਕਮਲਾ ਹੈਰਿਸ , ਟਰੰਪ ਤੋਂ ਅੱਗੇ ਰਹੀ ਸੀ ਪਰ ਜਿਵੇਂ-ਜਿਵੇਂ ਚੋਣਾਂ ਨੇੜ੍ਹੇ ਆ ਰਹੀਆਂ ਹਨ, ਟਰੰਪ ਅਤੇ ਕਮਲਾ ਹੈਰਿਸ ਵਿਚਾਲੇ ਦੂਰੀ ਵੀ ਘਟਦੀ ਜਾ ਰਹੀ ਹੈ। ਇਹੀ ਕਾਰਨ ਹੈ ਕਿ ਕਿਹਾ ਜਾ ਰਿਹਾ ਹੈ ਕਿ ਦੋਵਾਂ ਵਿਚਾਲੇ ਕਰੀਬੀ ਮੁਕਾਬਲਾ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਨਤੀਜਾ ਕਿਸੇ ਦੇ ਵੀ ਹੱਕ ‘ਚ ਜਾ ਸਕਦਾ ਹੈ।

ਇਹੀ ਕਾਰਨ ਹੈ ਕਿ ਅਮਰੀਕਾ ਦੀਆਂ ਵੱਖ-ਵੱਖ ਮਸ਼ਹੂਰ ਹਸਤੀਆਂ ਵੀ ਆਪਣੀ ਪਸੰਦ ਦੇ ਉਮੀਦਵਾਰਾਂ ਦਾ ਖੁੱਲ੍ਹ ਕੇ ਸਮਰਥਨ ਕਰ ਰਹੀਆਂ ਹਨ। ਅਮਰੀਕੀ ਫਿਲਮ ਅਦਾਕਾਰ ਲਿਓਨਾਰਡੋ ਡੀਕੈਪਰੀਓ ਨੇ ਵੀ ਕਮਲਾ ਹੈਰਿਸ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਇਸ ਤੋਂ ਪਹਿਲਾਂ ਮਸ਼ਹੂਰ ਗਾਇਕਾ ਟੇਲਰ ਸਵਿਫਟ ਵੀ ਕਮਲਾ ਹੈਰਿਸ ਦੇ ਸਮਰਥਨ ‘ਚ ਆ ਚੁੱਕੀ ਹੈ। ਉੱਘੇ ਉਦਯੋਗਪਤੀ ਐਲੋਨ ਮਸਕ ਖੁੱਲ੍ਹੇਆਮ ਟਰੰਪ ਦਾ ਪ੍ਰਚਾਰ ਕਰ ਰਹੇ ਹਨ। ਬਿਲ ਗੇਟਸ ਨੇ ਵੀ ਕਮਲਾ ਹੈਰਿਸ ਦੀ ਮੁਹਿੰਮ ਲਈ ਲੱਖਾਂ ਡਾਲਰ ਦਾਨ ਕੀਤੇ ਹਨ।

ਅਮਰੀਕੀ ਇਤਿਹਾਸ ਦੀਆਂ ਸਭ ਤੋਂ ਮੁਸ਼ਕਿਲ ਚੋਣਾਂ ਵਿੱਚੋਂ ਇੱਕ

ਅਮਰੀਕਾ ਦੀਆਂ ਮੌਜੂਦਾ ਚੋਣਾਂ ਨੂੰ ਇਸ ਦੇ ਇਤਿਹਾਸ ਦੀਆਂ ਸਭ ਤੋਂ ਮੁਸ਼ਕਿਲ ਚੋਣਾਂ ਵਿੱਚੋਂ ਇੱਕ ਦੱਸਿਆ ਜਾ ਰਿਹਾ ਹੈ। ਅਮਰੀਕਾ ਵਿੱਚ ਹਾਲ ਹੀ ਦੇ ਸਮੇਂ ਵਿੱਚ ਬਹੁਤ ਕੁਝ ਵਾਪਰਿਆ ਹੈ, ਜਿਸ ਵਿੱਚ ਡੈਮੋਕਰੇਟ ਅਤੇ ਰਿਪਬਲਿਕਨ ਉਮੀਦਵਾਰਾਂ ਵਿਚਕਾਰ ਉੱਚ ਪੱਧਰੀ ਬਹਿਸ ਅਤੇ ਡੋਨਾਲਡ ਟਰੰਪ ‘ਤੇ ਦੋ ਘਾਤਕ ਹਮਲੇ ਸ਼ਾਮਲ ਹਨ। ਦੋਵੇਂ ਉਮੀਦਵਾਰ ਆਪਣੀਆਂ ਮੁਹਿੰਮਾਂ ‘ਤੇ ਲੱਖਾਂ ਡਾਲਰ ਖਰਚ ਕਰ ਰਹੇ ਹਨ। ਅਮਰੀਕਾ ਦੇ ਜਿਹੜੇ ਸੂਬੇ ਮਹੱਤਵਪੂਰਨ ਸਾਬਤ ਹੋਣਗੇ ਉਨ੍ਹਾਂ ਵਿੱਚ ਨੇਵਾਡਾ, ਉੱਤਰੀ ਕੈਰੋਲੀਨਾ, ਪੈਨਸਿਲਵੇਨੀਆ, ਵਿਸਕਾਨਸਿਨ, ਐਰੀਜ਼ੋਨਾ, ਜਾਰਜੀਆ, ਮਿਸ਼ੀਗਨ ਸ਼ਾਮਲ ਹਨ।

Share This Article
Leave a Comment