Home / News / ਹਰਪਾਲ ਸਿੰਘ ਚੀਮਾ ਨੇ ਬਾਦਲਾਂ ਵੱਲੋਂ ਕੱਢੀਆਂ ਜਾ ਰਹੀਆਂ ਟਰੈਕਟਰ ਰੈਲੀਆਂ ਨੂੰ ਦਿੱਤਾ ਡਰਾਮਾ ਕਰਾਰ

ਹਰਪਾਲ ਸਿੰਘ ਚੀਮਾ ਨੇ ਬਾਦਲਾਂ ਵੱਲੋਂ ਕੱਢੀਆਂ ਜਾ ਰਹੀਆਂ ਟਰੈਕਟਰ ਰੈਲੀਆਂ ਨੂੰ ਦਿੱਤਾ ਡਰਾਮਾ ਕਰਾਰ

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਨੇਤਾ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਪੰਜਾਬ ਦੇ ਤਿੰਨੋਂ ਤਖ਼ਤਾਂ ਤੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ ਕੱਢੀਆਂ ਜਾ ਰਹੀਆਂ ਟਰੈਕਟਰ ਰੈਲੀਆਂ ਨੂੰ ਡਰਾਮਾ ਕਰਾਰ ਦਿੰਦਿਆਂ ਕਿਹਾ ਕਿ ਹੁਣ ਇਹੀ ਅਕਾਲੀ ਦਲ ਬਾਦਲ ਆਪਣੀ ਖੁੱਸੀ ਸਿਆਸੀ ਜ਼ਮੀਨ ਹਾਸਲ ਕਰਨ ਲਈ ਅਤੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਫ਼ਾਇਦਾ ਉਠਾ ਕੇ ਸਿਆਸੀ ਤਾਕਤ ਹਾਸਲ ਕਰਨ ਲਈ ਅੱਜ ਤੋਂ ਜੋ ਪੰਜਾਬ ਵਿਚਲੇ ਤਿੰਨਾਂ ਤਖ਼ਤਾਂ ਸਾਹਿਬਾਨਾਂ ਤੋਂ ਆਪਣੇ ਸਿਆਸੀ ਸ਼ਕਤੀ ਪ੍ਰਦਰਸ਼ਨਾਂ ਦੀ ਸ਼ੁਰੂਆਤ ਕੀਤੀ ਹੈ ਇਸ ਨਾਲ ਪੰਜਾਬੀਆਂ ਅਤੇ ਪੰਥ ਰੂਪੀ ਸੰਗਤ ‘ਚ ਭਾਰੀ ਗ਼ੁੱਸਾ ਹੈ।

ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਵਿਚ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਅੱਜ ਬਹੁਤ ਵੱਡਾ ਡਰਾਮਾ ਰਚ ਰਹੀ ਹੈ ਕੀ ਅਸੀਂ ਕਿਸਾਨ ਹਿਤੈਸ਼ੀ ਹਾਂ ਜੋ ਕਿ ਬਿਲਕੁਲ ਕੋਰਾ ਝੂਠ ਹੈ। ਚੀਮਾ ਨੇ ਕਿਹਾ ਕਿ ਜਦੋਂ ਤੱਕ ਮੋਦੀ ਸਰਕਾਰ ਨੇ ਕਿਸਾਨ ਮਾਰੂ ਬਿਲ ਪਾਸ ਨਹੀਂ ਕੀਤੇ ਸਨ, ਓਦੋਂ ਤੱਕ ਤਾਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਭਾਜਪਾ ਦੀ ਹਾਂ ‘ਚ ਹਾਂ ਮਿਲਾਉਂਦੇ ਹੋਏ ਸੁਖਬੀਰ ਬਾਦਲ ਭਾਜਪਾ ਦੇ ਗੁਣਗਾਨ ਕਰ ਰਹੇ ਸਨ ਅਤੇ ਮੀਟਿੰਗਾਂ ਵਿੱਚ ਖੇਤੀ ਵਿਰੋਧੀ ਕਾਲੇ-ਕਾਨੂੰਨਾਂ ਦੀ ਅੰਨ੍ਹੇਵਾਹ ਵਕਾਲਤ ਕਰਦੇ ਰਹੇ। ਅੰਤ ਜਦੋਂ ਬਾਦਲਾਂ ਨੇ ਪੰਜਾਬ ਦੀਆਂ ਸਮੂਹ ਕਿਸਾਨ ਜਥੇਬੰਦੀਆਂ ਅਤੇ ਆਮ ਆਦਮੀ ਪਾਰਟੀ ਦੇ ਸੰਘਰਸ਼ਾਂ ਅਤੇ ਖੇਤੀ-ਅਰਥ ਵਿਵਸਥਾ ਦੇ ਮਾਹਿਰਾਂ ਦੇ ਸੁਚੇਤ ਵਿਚਾਰਾਂ ਰਾਹੀਂ ਪੈਦਾ ਹੋਏ ‘ਲੋਕ-ਰੋਹ’ ਨੂੰ ਦੇਖਿਆ ਤਾਂ ਬਾਦਲਾਂ ਦੀ ਜੋੜੀ ਨੇ ਗਿਰਗਿਟ ਵਾਂਗ ਰੰਗ ਬਦਲ ਕੇ ਯੂ-ਟਰਨ ਲੈ ਲਿਆ।

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕਦੇ ਤਾਂ ਬਾਦਲ ਜੋੜੀ (ਸੁਖਬੀਰ ਅਤੇ ਹਰਸਿਮਰਤ) ਦੇਸ਼ ਦੇ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੂੰ ਚੰਡੀਗੜ੍ਹ ਬੁਲਾ ਕੇ ਉਨ੍ਹਾਂ ਦੇ ਮੂੰਹੋਂ ਪ੍ਰੈੱਸ ਕਾਨਫ਼ਰੰਸ ਵਿਚ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਦੇ ਫ਼ਾਇਦੇ ਗਿਣਵਾਏ ਜਾਂਦੇ ਰਹੇ ਅਤੇ ਜਦੋਂ ਪੰਜਾਬ ਦੇ ਸਮੂਹ ਕਿਸਾਨ ਜਥੇਬੰਦੀਆਂ ਇਨ੍ਹਾਂ ਖੇਤੀ ਬਿੱਲਾਂ ਨੂੰ ਲੈ ਕੇ ਪੂਰੀ ਤਰਾਂ ਜਾਗਰੂਕ ਹੋ ਕੇ ਸੜਕਾਂ ‘ਤੇ ਉਤਰ ਬਾਦਲਾਂ ਦੀਆਂ ਕੋਠੀਆਂ ਦਾ ਘਿਰਾਓ ਕਰਦੀ ਹੈ ਤਾਂ ਬਾਦਲਾਂ ਨੇ ਆਪਣੀ ਸਿਆਸੀ ਜ਼ਮੀਨ ਖਿਸਕਦੀ ਦੇਖ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਦਾ ਭਾਜਪਾ ਨਾਲ ਗੱਠਜੋੜ ਤੋੜ ਦਿੰਦੇ ਹਨ। ਇੱਥੇ ਮੈਂ (ਹਰਪਾਲ ਸਿੰਘ ਚੀਮਾ) ਬਾਦਲਾਂ ਨੂੰ ਇੱਕ ਗੱਲ ਜ਼ਰੂਰ ਕਹਿਣੀ ਚਾਹੁੰਦਾ ਹਾਂ ਕਿ ਹੁਣ ਪੰਜਾਬ ਦੇ ਕਿਸਾਨ ਅਤੇ ਲੋਕ ਬਾਦਲਾਂ ਦੀ ਕੋਝੀਆਂ ਚਾਲਾਂ ‘ਚ ਨਹੀਂ ਫਸਣਗੇ, ਕਿਉਂਕਿ ਪੰਜਾਬ ਦੇ ਲੋਕ ਸਭ ਜਾਣਦੇ ਹਨ ਕਿ ਬਾਦਲਾਂ ਨੇ ਆਪਣੇ ਨਿੱਜੀ ਹਿੱਤਾਂ ਦੀ ਪੂਰਤੀ ਲਈ ਕਿਸ ਤਰਾਂ ਪੰਜਾਬ ਦੇ ਕਿਸਾਨਾਂ ਨੂੰ ਬਰਬਾਦ ਕਰਨ ਲਈ ਖੇਤੀ ਵਿਰੋਧੀ ਬਿੱਲਾਂ ਨੂੰ ਪਾਸ ਕਰਵਾਉਣ ਵਿਚ ਆਪਣਾ ਅਹਿਮ ਯੋਗਦਾਨ ਦਿੱਤਾ ਹੈ।

Check Also

ਦੇਸ਼ ‘ਚ ਫਿਰ 50 ਹਜ਼ਾਰ ਤੋਂ ਜ਼ਿਆਦਾ ਕੋਰੋਨਾ ਦੇ ਮਾਮਲੇ ਆਏ ਸਾਹਮਣੇ

ਨਵੀਂ ਦਿੱਲੀ: ਭਾਰਤ ਵਿੱਚ ਕੋਰੋਨਾ ਸੰਕਰਮਣ ਦੇ ਨਵੇਂ ਮਾਮਲਿਆਂ ਵਿੱਚ ਗਿਰਾਵਟ ਤੋਂ ਬਾਅਦ ਇੱਕ ਵਾਰ …

Leave a Reply

Your email address will not be published. Required fields are marked *