ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਸੂਬਾ ਸਰਕਾਰਾਂ ਬਾਰੇ ਸਰਕਾਰੀ ਨੌਕਰੀਆਂ ‘ਚ ਨਿਯੁਕਤੀਆਂ ਅਤੇ ਤਰੱਕੀਆਂ ਬਾਰੇ ਸੁਪਰੀਮ ਕੋਰਟ ਦੇ ਫ਼ੈਸਲੇ ਨਾਲ ਅਸਹਿਮਤੀ ਜਤਾਉਂਦੇ ਹੋਏ ਭਾਜਪਾ ‘ਤੇ ਦਲਿਤ ਵਿਰੋਧੀ ਹੋਣ ਦਾ ਦੋਸ਼ ਲਗਾਇਆ ਹੈ।
ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਅਨੁਸੂਚਿਤ ਜਾਤਾਂ ਅਤੇ ਕਬੀਲਿਆਂ (ਐਸਸੀ-ਐਸਟੀ) ਨੂੰ ਸਰਕਾਰੀ ਨੌਕਰੀਆਂ ਅਤੇ ਮਿਆਰੀ ਸਿੱਖਿਆ ਤੋਂ ਗਿਣੀ ਮਿਥੀ ਸਾਜ਼ਿਸ਼ ਤਹਿਤ ਬਾਹਰ ਰੱਖਿਆ ਜਾ ਰਿਹਾ ਹੈ। ਭਾਜਪਾ ਅਤੇ ਕਾਂਗਰਸ ਇਸ ਮਾਮਲੇ ‘ਚ ਬਰਾਬਰ ਦੀਆਂ ਭਾਗੀਦਾਰ ਹਨ। ਚੀਮਾ ਨੇ ਦੋਸ਼ ਲਗਾਇਆ ਕਿ ਭਾਜਪਾ ਦਾ ਦਲਿਤ ਵਿਰੋਧੀ ਚਿਹਰਾ ਵਾਰ-ਵਾਰ ਨੰਗਾ ਹੋ ਰਿਹਾ ਹੈ। ਉੱਤਰਾਖੰਡ ਸੂਬੇ ਦੇ ਸੰਦਰਭ ‘ਚ ਤਾਜ਼ਾ ਫ਼ੈਸਲੇ ਨੇ ਭਾਜਪਾ ਦੀ ਨੀਅਤ ‘ਤੇ ਸਵਾਲ ਖੜੇ ਕੀਤੇ ਹਨ। ਭਾਜਪਾ ਡੂੰਘੀ ਚਾਲ ਨਾਲ ਇਸ ਮਾਮਲੇ ਨੂੰ ਕੇਂਦਰ ਅਤੇ ਸੂਬਾ ਸਰਕਾਰ ਦਾ ਮਸਲਾ ਬਣਾ ਕੇ ਐਸਸੀ-ਐਸਟੀ ਭਾਈਚਾਰੇ ਨੂੰ ਪੀਸਣ ਲੱਗੀ ਹੋਈ ਹੈ।