ਸਮੁੰਦਰ ਵਿਚਾਲੇ ਜਹਾਜ਼ ‘ਚ ਕਿਵੇਂ ਫੈਲਿਆ ‘ਹੰਟਾਵਾਇਰਸ’? 3 ਦੀ ਮੌਤ, ਇਨਸਾਨਾਂ ਲਈ ਕਿੰਨਾ ਖਤਰਨਾਕ? ਜਾਣੋ ਕੀ ਹੈ ਇਲਾਜ

Global Team
4 Min Read

ਨਿਊਜ਼ ਡੈਸਕ: ਅਟਲਾਂਟਿਕ ਮਹਾਸਾਗਰ ਵਿੱਚ ਕੇਪ ਵਰਡੇ ਦੇ ਨੇੜੇ ਖੜ੍ਹੇ ਕਰੂਜ਼ ਜਹਾਜ਼ ਐਮਵੀ ਹੋਂਡੀਅਸ ਤੋਂ ਹੰਟਾਵਾਇਰਸ ਨਾਲ ਸੰਕਰਮਿਤ ਤਿੰਨ ਮਰੀਜ਼ਾਂ ਨੂੰ ਬਾਹਰ ਕੱਢ ਕੇ ਇਲਾਜ ਲਈ ਨੀਦਰਲੈਂਡ ਭੇਜਿਆ ਗਿਆ ਹੈ। ਵਿਸ਼ਵ ਸਿਹਤ ਸੰਸਥਾ ਦੇ ਮੁਤਾਬਕ ਇਹ ਮਰੀਜ਼ ਜਰਮਨੀ, ਨੀਦਰਲੈਂਡ ਅਤੇ ਬ੍ਰਿਟੇਨ ਨਾਲ ਸੰਬੰਧਤ ਹਨ, ਜਿਨ੍ਹਾਂ ਵਿੱਚ ਇੱਕ ਬ੍ਰਿਟਿਸ਼ ਕਰਿਊ ਮੈਂਬਰ ਵੀ ਸ਼ਾਮਲ ਹੈ।

ਇਸ ਵਾਇਰਸ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਚੁੱਕੀ ਹੈ। ਹੁਣ ਤੱਕ ਦੋ ਮਾਮਲੇ ਪੱਕੇ ਹੋ ਚੁੱਕੇ ਹਨ, ਜਦਕਿ ਪੰਜ ਹੋਰ ਲੋਕਾਂ ਦੇ ਸੈਂਪਲਾਂ ਦੀ ਜਾਂਚ ਕੀਤੀ ਜਾ ਰਹੀ ਹੈ। ਕੁੱਲ ਸੱਤ ਮਾਮਲਿਆਂ ਵਿੱਚੋਂ ਤਿੰਨ ਦੀ ਮੌਤ ਹੋ ਗਈ, ਇੱਕ ਮਰੀਜ਼ ਦੀ ਹਾਲਤ ਗੰਭੀਰ ਹੈ ਅਤੇ ਤਿੰਨ ਵਿੱਚ ਹਲਕੇ ਲੱਛਣ ਮਿਲੇ ਹਨ।

ਕਰੂਜ਼ ਕੰਪਨੀ ਓਸ਼ਨਵਾਇਡ ਐਕਸਪੀਡੀਸ਼ਨਜ਼ ਨੇ ਦੱਸਿਆ ਕਿ ਮਰੀਜ਼ਾਂ ਨੂੰ ਬਾਹਰ ਕੱਢਣ ਤੋਂ ਬਾਅਦ ਜਹਾਜ਼ ਦੀ ਪੂਰੀ ਜਾਂਚ ਕੀਤੀ ਜਾਵੇਗੀ ਅਤੇ ਇਸ ਲਈ ਜਹਾਜ਼ ਨੂੰ ਕੈਨਰੀ ਟਾਪੂਆਂ ਵੱਲ ਲਿਜਾਣ ਦੀ ਯੋਜਨਾ ਸੀ। ਪਰ ਕੈਨਰੀ ਟਾਪੂਆਂ ਦੀ ਖੇਤਰੀ ਸਰਕਾਰ ਦੇ ਮੁਖੀ ਫਰਨਾਂਡੋ ਕਲਾਵਿਜੋ ਨੇ ਇਸ ਦੀ ਇਜਾਜ਼ਤ ਨਹੀਂ ਦਿੱਤੀ।

ਸੂਤਰਾਂ ਮੁਤਾਬਕ ਜਹਾਜ਼ ਨੂੰ ਹੁਣ ਸਪੇਨ ਦੇ ਟੇਨੇਰਿਫ ਵਿੱਚ ਡੌਕ ਕੀਤਾ ਜਾ ਸਕਦਾ ਹੈ। ਇਹ ਲਗਜ਼ਰੀ ਕਰੂਜ਼ 1 ਅਪ੍ਰੈਲ ਨੂੰ ਅਰਜਨਟੀਨਾ ਦੇ ਉਸ਼ੁਆਇਆ ਤੋਂ ਰਵਾਨਾ ਹੋਇਆ ਸੀ ਅਤੇ ਐਤਵਾਰ ਤੋਂ ਕੇਪ ਵਰਡੇ ਦੇ ਨੇੜੇ ਅੱਡਾ ਬਣਾਕੇ ਖੜ੍ਹਾ ਹੈ। ਕੇਪ ਵਰਡੇ ਅਫਰੀਕਾ ਦੇ ਪੱਛਮੀ ਤਟ ਦੇ ਨੇੜੇ ਅਟਲਾਂਟਿਕ ਮਹਾਸਾਗਰ ਵਿੱਚ ਸਥਿਤ ਟਾਪੂ ਹੈ।

ਪੂਰਾ ਮਾਮਲਾ

ਇਸ ਘਟਨਾ ਦੀ ਸ਼ੁਰੂਆਤ ਉਸ ਵੇਲੇ ਹੋਈ ਜਦੋਂ ਅਟਲਾਂਟਿਕ ਮਹਾਸਾਗਰ ਵਿੱਚ ਕੇਪ ਵਰਡੇ ਨੇੜੇ ਖੜ੍ਹੇ ਕ੍ਰੂਜ਼ ਜਹਾਜ਼ ਐਮਵੀ ਹੋਂਡੀਅਸ ‘ਤੇ ਕੁਝ ਯਾਤਰੀ ਬਿਮਾਰ ਪਾਏ ਗਏ। ਜਾਂਚ ਦੌਰਾਨ ਹੰਟਾਵਾਇਰਸ ਦੇ ਸੰਦੇਹ ਸਾਹਮਣੇ ਆਏ, ਜਿਸ ਤੋਂ ਬਾਅਦ ਹਾਲਾਤ ਗੰਭੀਰ ਬਣ ਗਏ। ਕੁੱਲ ਸੱਤ ਲੋਕਾਂ ਵਿੱਚ ਲੱਛਣ ਮਿਲੇ, ਜਿਨ੍ਹਾਂ ਵਿੱਚੋਂ ਤਿੰਨ ਦੀ ਮੌਤ ਹੋ ਗਈ, ਇੱਕ ਦੀ ਹਾਲਤ ਨਾਜੁਕ ਰਹੀ ਅਤੇ ਹੋਰਾਂ ਵਿੱਚ ਹਲਕੇ ਲੱਛਣ ਸਨ।

ਕੀ ਹੈ ਹੰਟਾਵਾਇਰਸ?

ਚੂਹਿਆਂ ਰਾਹੀਂ ਫੈਲਣ ਵਾਲੀ ਖਤਰਨਾਕ ਬਿਮਾਰੀ: ਹੰਟਾਵਾਇਰਸ ਇੱਕ ਵਿਰਲੀ ਪਰ ਖਤਰਨਾਕ ਬਿਮਾਰੀ ਹੈ, ਜੋ ਜ਼ਿਆਦਾਤਰ ਚੂਹਿਆਂ ਦੇ ਮਲ, ਪੇਸ਼ਾਬ ਜਾਂ ਲਾਰ ਦੇ ਸੰਪਰਕ ਨਾਲ ਫੈਲਦੀ ਹੈ।

ਫੇਫੜਿਆਂ ਤੇ ਕਿਡਨੀ ਨੂੰ ਨੁਕਸਾਨ: ਇਹ ਵਾਇਰਸ ਸਰੀਰ ਵਿੱਚ ਦਾਖਲ ਹੋਣ ਤੋਂ ਬਾਅਦ ਫੇਫੜਿਆਂ ਜਾਂ ਗੁਰਦਿਆਂ ਨੂੰ ਗੰਭੀਰ ਤੌਰ ‘ਤੇ ਪ੍ਰਭਾਵਿਤ ਕਰ ਸਕਦਾ ਹੈ।

ਸ਼ੁਰੂਆਤੀ ਲੱਛਣ ਫਲੂ ਵਰਗੇ: ਇਸ ਦੇ ਪਹਿਲੇ ਲੱਛਣ ਬੁਖਾਰ, ਸਿਰ ਦਰਦ, ਸਰੀਰ ਦਰਦ ਅਤੇ ਥਕਾਵਟ ਵਰਗੇ ਹੁੰਦੇ ਹਨ।

ਗੰਭੀਰ ਹਾਲਤ ‘ਚ ਸਾਹ ਲੈਣ ਵਿੱਚ ਦਿੱਕਤ: ਕੁਝ ਮਾਮਲਿਆਂ ਵਿੱਚ ਇਹ ਬਿਮਾਰੀ ਤੇਜ਼ੀ ਨਾਲ ਵਧਦੀ ਹੈ, ਜਿਸ ਨਾਲ ਸਾਹ ਲੈਣ ਵਿੱਚ ਮੁਸ਼ਕਲ ਅਤੇ ਜਾਨ ਨੂੰ ਖਤਰਾ ਹੋ ਸਕਦਾ ਹੈ।

ਕੀ ਹੈ ਇਲਾਜ?

ਕੋਈ ਖਾਸ ਟੀਕਾ ਜਾਂ ਦਵਾਈ ਨਹੀਂ: ਹੰਟਾਵਾਇਰਸ ਲਈ ਅਜੇ ਤੱਕ ਕੋਈ ਟੀਕਾ ਜਾਂ ਖਾਸ ਇਲਾਜ ਉਪਲਬਧ ਨਹੀਂ ਹੈ।

ਗੰਭੀਰ ਮਾਮਲਿਆਂ ‘ਚ ਸਹਾਇਕ ਇਲਾਜ: ਜ਼ਿਆਦਾ ਗੰਭੀਰ ਹਾਲਤ ਵਿੱਚ ਮਰੀਜ਼ ਨੂੰ ਆਕਸੀਜਨ ਸਹਾਇਤਾ ਜਾਂ ਵੈਂਟੀਲੇਟਰ ਦੀ ਲੋੜ ਪੈ ਸਕਦੀ ਹੈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment