ਕੈਨੇਡਾ ‘ਚ 27 ਸਾਲਾ ਭਾਰਤੀ ਨੌਜਵਾਨ ਦੀ ਰਿੱਛ ਨੇ ਲਈ ਜਾਨ

Global Team
3 Min Read

ਸਸਕਾਟੂਨ: ਕੈਨੇਡਾ ਦੇ ਸਸਕੈਚਵਨ ਸੂਬੇ ਵਿੱਚ ਇੱਕ ਬਹੁਤ ਹੀ ਦੁਖਦਾਈ ਅਤੇ ਹੈਰਾਨੀਜਨਕ ਘਟਨਾ ਵਾਪਰੀ ਹੈ, ਜਿੱਥੇ 27 ਸਾਲਾ ਭਾਰਤੀ ਨੌਜਵਾਨ ਦੀ ਰਿੱਛ ਦੇ ਹਮਲੇ ‘ਚ ਮੌਤ ਹੋ ਗਈ। ਇਹ ਨੌਜਵਾਨ ਤਿੰਨ ਸਾਲ ਪਹਿਲਾਂ ਰੋਜ਼ਗਾਰ ਦੀ ਖਾਤਰ ਕੈਨੇਡਾ ਗਿਆ ਸੀ ਅਤੇ ਬ੍ਰਿਟਿਸ਼ ਕੋਲੰਬੀਆ ਦੇ ਪੈਂਟੀਕਟਨ ਸ਼ਹਿਰ ਵਿੱਚ ਰਹਿ ਰਿਹਾ ਸੀ।

ਮਿਲੀ ਜਾਣਕਾਰੀ ਅਨੁਸਾਰ, ਉਹ ਉੱਤਰੀ ਸਸਕੈਚਵਨ ਦੇ ਦੂਰਦਰਾਡੇ ਇਲਾਕੇ Zoo Bay ਵਿੱਚ ਇੱਕ ਯੂਰੇਨੀਅਮ ਖੋਜ ਪ੍ਰੋਜੈਕਟ ‘ਤੇ ਠੇਕੇ ਦੇ ਤੌਰ ‘ਤੇ ਕੰਮ ਕਰ ਰਿਹਾ ਸੀ। ਇਹ ਇਲਾਕਾ ਸਸਕਾਟੂਨ ਤੋਂ ਲਗਭਗ 850 ਕਿਲੋਮੀਟਰ ਉੱਤਰ-ਪੂਰਬ ਵੱਲ ਸਥਿਤ ਹੈ ਅਤੇ ਕਾਫ਼ੀ ਸੁੰਨਸਾਨ ਅਤੇ ਜੰਗਲੀ ਖੇਤਰ ਵਿੱਚ ਆਉਂਦਾ ਹੈ, ਜਿੱਥੇ ਜੰਗਲੀ ਜਾਨਵਰਾਂ ਦੀ ਮੌਜੂਦਗੀ ਆਮ ਗੱਲ ਹੈ।

ਸੂਬਾਈ ਸੁਰੱਖਿਆ ਵਿਭਾਗ ਨੇ ਪੁਸ਼ਟੀ ਕੀਤੀ ਹੈ ਕਿ ਇਹ ਹਾਦਸਾ ਸ਼ੁੱਕਰਵਾਰ ਦੀ ਸ਼ਾਮ ਵਾਪਰਿਆ। ਪਹਿਲਾਂ ਦੱਸਿਆ ਗਿਆ ਸੀ ਕਿ ਹਮਲਾ ਪੁਆਇੰਟਸ ਨੌਰਥ ਨੇੜੇ ਹੋਇਆ, ਪਰ ਬਾਅਦ ਵਿੱਚ ਇਹ ਸਪੱਸ਼ਟ ਕੀਤਾ ਗਿਆ ਕਿ ਘਟਨਾ ਨੋਰਡਬਾਈ ਲੇਕ ਕੋਲ ਵਾਪਰੀ, ਜੋ ਪੁਆਇੰਟਸ ਨੌਰਥ ਲੈਂਡਿੰਗ ਤੋਂ ਕਰੀਬ 78 ਕਿਲੋਮੀਟਰ ਦੂਰ ਸਥਿਤ ਹੈ।

ਇਸ ਘਟਨਾ ਤੋਂ ਬਾਅਦ ਪੁਆਇੰਟਸ ਨੌਰਥ ਨਾਲ ਜੁੜੀ ਕੰਪਨੀ ਵੱਲੋਂ ਬਿਆਨ ਜਾਰੀ ਕਰਦਿਆਂ ਕਿਹਾ ਗਿਆ ਕਿ ਹਮਲਾ ਉਨ੍ਹਾਂ ਦੇ ਏਅਰਸਟ੍ਰਿਪ ਨੇੜੇ ਨਹੀਂ ਹੋਇਆ। ਹਾਲਾਂਕਿ, ਐਮਰਜੈਂਸੀ ਦੌਰਾਨ ਉਨ੍ਹਾਂ ਨੂੰ ਸਹਾਇਤਾ ਲਈ ਬੁਲਾਇਆ ਗਿਆ ਸੀ, ਜਿਸ ਵਿੱਚ ਉਨ੍ਹਾਂ ਨੇ ਜ਼ਰੂਰੀ ਸਾਮਾਨ ਅਤੇ ਸਹਾਇਤਾ ਮੁਹੱਈਆ ਕਰਵਾਈ।

ਮਾਹਿਰਾਂ ਦੇ ਅਨੁਸਾਰ, ਸਸਕੈਚਵਨ ਵਿੱਚ ਰਿੱਛ ਵੱਲੋਂ ਮਨੁੱਖ ‘ਤੇ ਇਸ ਤਰ੍ਹਾਂ ਦੇ ਘਾਤਕ ਹਮਲੇ ਬਹੁਤ ਹੀ ਵਿਰਲੇ ਹੁੰਦੇ ਹਨ। ਇਹ ਸੂਬੇ ਦੇ ਦਰਜ ਇਤਿਹਾਸ ਵਿੱਚ ਸਿਰਫ਼ ਚੌਥਾ ਮਾਮਲਾ ਹੈ। ਇਸ ਤੋਂ ਪਹਿਲਾਂ ਆਖਰੀ ਵਾਰ 2020 ਵਿੱਚ ਅਜਿਹਾ ਹਮਲਾ ਦਰਜ ਕੀਤਾ ਗਿਆ ਸੀ, ਜਿਸ ਵਿੱਚ ਇੱਕ ਔਰਤ ਦੀ ਮੌਤ ਹੋਈ ਸੀ।

ਮਾਹਰਾਂ ਨੇ ਇਹ ਵੀ ਦੱਸਿਆ ਕਿ ਇਸ ਵਾਰ ਉੱਤਰੀ ਇਲਾਕਿਆਂ ਵਿੱਚ ਲੰਬੀ ਸਰਦੀ ਕਾਰਨ ਹਾਲਾਤ ਕੁਝ ਵੱਖਰੇ ਹਨ। ਜ਼ਮੀਨ ‘ਤੇ ਹਜੇ ਵੀ ਬਰਫ਼ ਮੌਜੂਦ ਹੈ ਅਤੇ ਖਾਣ ਲਈ ਕੁਝ ਵੀ ਵੱਧ ਉਪਲਬਧ ਨਹੀਂ, ਜਿਸ ਕਾਰਨ ਰਿੱਛ ਭੁੱਖੇ ਹਨ ਹਾਈਬਰਨੇਸ਼ਨ ਤੋਂ ਬਾਹਰ ਆ ਕੇ  ਅਤੇ ਵਧੇਰੇ ਖੁਰਾਕ ਦੀ ਖੋਜ ਵਿੱਚ ਦੂਰ-ਦੂਰ ਤੱਕ ਘੁੰਮ ਰਹੇ ਹਨ। ਇਸ ਕਾਰਨ ਮਨੁੱਖਾਂ ਨਾਲ ਟਕਰਾਅ ਦੇ ਮਾਮਲੇ ਵੱਧ ਸਕਦੇ ਹਨ।

ਘਟਨਾ ਦੌਰਾਨ ਮੌਕੇ ‘ਤੇ ਮੌਜੂਦ ਇੱਕ ਵਿਅਕਤੀ ਨੇ ਆਪਣੀ ਸੁਰੱਖਿਆ ਲਈ ਰਿੱਛ ਨੂੰ ਮਾਰ ਦਿੱਤਾ। ਹੁਣ ਉਸ ਰਿੱਛ ਨੂੰ ਜਾਂਚ ਲਈ ਸਸਕਾਟੂਨ ਭੇਜਿਆ ਗਿਆ ਹੈ, ਜਿੱਥੇ ਉਸਦੀ ਸਿਹਤ, ਸਰੀਰਕ ਹਾਲਤ ਅਤੇ ਹੋਰ ਸਬੂਤਾਂ ਦੀ ਜਾਂਚ ਕਰਨਗੇ ਤਾਂ ਜੋ ਹਮਲੇ ਦੇ ਅਸਲ ਕਾਰਨਾਂ ਬਾਰੇ ਪਤਾ ਲੱਗ ਸਕੇ।

ਇਸ ਮਾਮਲੇ ਦੀ ਜਾਂਚ ਕਨਜ਼ਰਵੇਸ਼ਨ ਅਫਸਰ ਸਰਵਿਸ, ਪੁਲਿਸ ਅਤੇ ਹੋਰ ਏਜੰਸੀਆਂ ਵੱਲੋਂ ਮਿਲ ਕੇ ਕੀਤੀ ਜਾ ਰਹੀ ਹੈ। ਦੂਜੇ ਪਾਸੇ, ਯੂਰੇਨੀਅਮ ਕੰਪਨੀ ਨੇ ਘਟਨਾ ਤੋਂ ਬਾਅਦ ਸਾਈਟ ‘ਤੇ ਚੱਲ ਰਹੀਆਂ ਸਾਰੀਆਂ ਗਤੀਵਿਧੀਆਂ ਨੂੰ ਅਸਥਾਈ ਤੌਰ ‘ਤੇ ਰੋਕ ਦਿੱਤਾ ਹੈ ਅਤੇ ਕਿਹਾ ਹੈ ਕਿ ਮੁਲਾਜ਼ਮਾਂ ਦੀ ਸੁਰੱਖਿਆ ਉਨ੍ਹਾਂ ਲਈ ਸਭ ਤੋਂ ਵੱਡੀ ਤਰਜੀਹ ਹੈ।

Share This Article
Leave a Comment