ਰਾਸ਼ਟਰਪਤੀ ਬਣਿਆ ਤਾਂ ਐਚ-1 ਬੀ ਵੀਜ਼ਾ ਮੁਅੱਤਲ ਨੂੰ ਰੱਦ ਕੀਤਾ ਜਾਵੇਗਾ : ਜੋ ਬਿਡੇਨ

TeamGlobalPunjab
2 Min Read

ਵਾਸ਼ਿੰਗਟਨ : ਅਮਰੀਕਾ ਵਿਚ ਡੈਮੋਕ੍ਰੇਟਿਕ ਪਾਰਟੀ ਤੋਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜੋ ਬਿਡੇਨ ਨੇ ਕਿਹਾ ਹੈ ਕਿ ਜੇਕਰ ਉਹ ਨਵੰਬਰ ਵਿਚ ਚੋਣ ਜਿੱਤ ਜਾਂਦੇ ਹਨ ਤਾਂ ਉਹ ਭਾਰਤੀ ਆਈਟੀ ਪੇਸ਼ੇਵਰਾਂ ਵਿਚ ਸਭ ਤੋਂ ਮਸ਼ਹੂਰ ਐਚ -1 ਬੀ ਵੀਜ਼ਾ ‘ਤੇ ਲਾਗੂ ਆਰਜ਼ੀ ਮੁਅੱਤਲੀ ਖ਼ਤਮ ਕਰ ਦੇਣਗੇ। ਦੱਸ ਦਈਏ ਕਿ 23 ਜੂਨ ਨੂੰ ਟਰੰਪ ਪ੍ਰਸ਼ਾਸਨ ਨੇ ਐਚ -1 ਬੀ ਅਤੇ ਹੋਰ ਵਿਦੇਸ਼ੀ ਕੰਮਾਂ ਲਈ ਜ਼ਰੂਰੀ ਵੀਜ਼ਾ ਨੂੰ 2020 ਦੇ ਅੰਤ ਤੱਕ ਮੁਅੱਤਲ ਕਰ ਦਿੱਤਾ ਸੀ।

ਬਿਡੇਨ ਨੇ ਏਨ.ਬੀ.ਸੀ. ਨਿਉਜ਼ ਦੁਆਰਾ ਏਸ਼ੀਅਨ ਅਮਰੀਕੀ ਅਤੇ ਪ੍ਰਸ਼ਾਂਤ ਦੀਪ ਸਮੂਹ ਦੇ ਲੋਕਾਂ ਲਈ (ਏਏਪੀਆਈ) ਦੇ ਮੁੱਦਿਆਂ ‘ਤੇ ਆਯੋਜਿਤ ਕੀਤੀ ਗਈ ਇੱਕ ਡਿਜੀਟਲ ਟਾਊਨ ਹਾਲ ਮੀਟਿੰਗ ਵਿੱਚ ਐਚ -1 ਬੀ ਵੀਜ਼ਾ ਧਾਰਕਾਂ ਦੇ ਯੋਗਦਾਨ ਦੀ ਪ੍ਰਸ਼ੰਸਾ ਕੀਤੀ। ਬਿਡੇਨ ਨੇ ਕਿਹਾ ਕਿ ਰਾਸ਼ਟਰਪਤੀ ਟਰੰਪ ਨੇ ਇਸ ਸਾਲ ਦੇ ਬਾਕੀ ਸਮੇਂ ਲਈ ਐਚ -1 ਬੀ ਵੀਜ਼ਾ ਖਤਮ ਕਰ ਦਿੱਤਾ, ਪਰ ਮੇਰੇ ਪ੍ਰਸ਼ਾਸਨ ਵਿਚ ਅਜਿਹਾ ਨਹੀਂ ਹੋਵੇਗਾ।

ਉਨ੍ਹਾਂ ਕਿਹਾ ਕਿ, “ਕੰਪਨੀ ਵੀਜ਼ਾ ‘ਤੇ ਆਏ ਲੋਕਾਂ ਨੇ ਇਸ ਦੇਸ਼ ਦਾ ਨਿਰਮਾਣ ਕੀਤਾ ਹੈ।” ਉਨ੍ਹਾਂ ਅੱਗੇ ਕਿਹਾ ਕਿ ਮੈਂ ਆਪਣੇ ਕਾਰਜਕਾਲ ਦੇ ਪਹਿਲੇ ਹੀ ਦਿਨ 1.1 ਕਰੋੜ ਦਸਤਾਵੇਜ਼ ਰਹਿਤ ਅਪ੍ਰਵਾਸੀਆਂ ਦੀ ਨਾਗਰਿਕਤਾ ਦੇ ਰਾਹ ਨੂੰ ਸੌਖਾ ਕਰਨ ਲਈ ਕਾਂਗਰਸ ‘ਚ ਇਮੀਗ੍ਰੇਸ਼ਨ ਸੁਧਾਰ ਬਿੱਲ ਭੇਜਾਂਗਾ। ਇਥੋਂ ਤੱਕ ਕਿ ਉਨ੍ਹਾਂ ਨੇ ਟਰੰਪ ਦੀਆਂ ਇਮੀਗ੍ਰੇਸ਼ਨ ਨੀਤੀਆਂ ਨੂੰ ਗ਼ਲਤ ਕਰਾਰ ਦਿੱਤਾ। ਭਾਰਤ ਨੂੰ ‘ਕੁਦਰਤੀ ਭਾਈਵਾਲ’ ਦੱਸਦਿਆਂ ਬਿਦੇਨ ਨੇ ਇਹ ਵੀ ਕਿਹਾ ਕਿ ਜੇ ਉਹ ਰਾਸ਼ਟਰਪਤੀ ਚੋਣ ਜਿੱਤ ਜਾਂਦੇ ਹਨ ਤਾਂ ਉਹ ਪਹਿਲੀ ਤਰਜੀਹ ‘ਤੇ ਭਾਰਤ ਨਾਲ ਸਬੰਧ ਮਜ਼ਬੂਤ ​​ਕਰਨਗੇ।

ਇਸ ਦੇ ਨਾਲ ਹੀ ਉਪ ਰਾਸ਼ਟਰਪਤੀ ਵਜੋਂ ਆਪਣੇ ਅੱਠ ਸਾਲਾਂ ਦਾ ਜ਼ਿਕਰ ਕਰਦਿਆਂ ਜੋ ਬਿਡੇਨ ਨੇ ਕਿਹਾ ਕਿ ਲਗਭਗ ਇੱਕ ਦਹਾਕੇ ਪਹਿਲਾਂ ਅਮਰੀਕਾ-ਭਾਰਤ ਸਿਵਲ ਪਰਮਾਣੂ ਸਮਝੌਤਾ ਲਿਆਉਣ ‘ਚ ਸਾਡੇ ਪ੍ਰਸ਼ਾਸਨ ਵੱਲੋਂ ਅਹਿਮ ਭੂਮਿਕਾ ਨਿਭਾਉਣ ‘ਤੇ ਮੈਨੂੰ ਮਾਣ ਹੈ। ਉਨ੍ਹਾਂ ਕਿਹਾ ਕਿ ਸੱਤਾ ‘ਚ ਆਉਣ ਤੋਂ ਬਾਅਦ ਉਹ ਮੁਸਲਿਮ ਯਾਤਰਾ ਪਾਬੰਦੀ ਨੂੰ ਰੱਦ ਕਰਨਗੇ ਅਤੇ ਅਮਰੀਕੀ ਕਦਰਾਂ-ਕੀਮਤਾਂ ਅਤੇ ਇਤਿਹਾਸਕ ਲੀਡਰਸ਼ਿਪ ਦੇ ਅਨੁਸਾਰ ਸ਼ਰਨਾਰਥੀ ਪ੍ਰਵੇਸ਼ ਨੂੰ ਤੁਰੰਤ ਬਹਾਲ ਕਰਨਗੇ।

Share This Article
Leave a Comment