ਨਿਊਯਾਰਕ ਵਿਖੇ ਮਨਾਇਆ ਗਿਆ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਦਿਹਾੜਾ,ਵੱਡੀ ਗਿਣਤੀ ‘ਚ ਸੰਗਤ ਹੋਈ ਸ਼ਾਮਲ

TeamGlobalPunjab
3 Min Read

                                          ਜਾਤਿ-ਜਾਤਿ ਮੇਂ ਜਾਤਿ ਹੈਂ, ਜੋ ਕੇਤਨ ਕੇ ਪਾਤ।।

                                        ਰੈਦਾਸ ਮਨੁਸ਼ ਨਾ ਜੁੜ ਸਕੇ ਜਬ ਤਕ ਜਾਤਿ ਨ ਜਾਤ।।

ਨਿਊਯਾਰਕ (ਗਿੱਲ ਪ੍ਰਦੀਪ): ਸ੍ਰੀ ਗੁਰੂ ਰਵਿਦਾਸ ਜੀ ਦਾ ਜਨਮ ਪੰਦਰਵੀਂ ਸਦੀ ਵਿਚ ਹੋਇਆ ਉਨ੍ਹਾਂ ਦੀ ਰਚਨਾ ਦਾ ਭਗਤੀ ਵਿਚਾਰਧਾਰਾ ਉਤੇ ਡੂੰਘਾ ਪ੍ਰਭਾਵ ਪਿਆ । ਉਹ ਇਕ ਸਮਾਜ ਸੁਧਾਰਕ, ਮਾਨਵਵਾਦੀ, ਧਾਰਮਿਕ ਮਨੁੱਖ, ਚਿੰਤਕ ਅਤੇ ਮਹਾਨ ਕਵੀ ਸਨ । ਉਨ੍ਹਾਂ ਦੇ ਚਾਲੀ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹਨ । ਇਸ ਤੋਂ ਇਲਾਵਾ ਵੀ ਉਨ੍ਹਾਂ ਦੀ ਕਾਫੀ ਰਚਨਾ ਮਿਲਦੀ ਹੈ । ਉਨ੍ਹਾਂ ਦੀ ਰਚਨਾ ਰੱਬ, ਗੁਰੂ, ਬ੍ਰਹਮੰਡ ਅਤੇ ਕੁਦਰਤ ਨਾਲ ਪ੍ਰੇਮ ਦਾ ਸੁਨੇਹਾ ਦਿੰਦੀ ਹੋਈ ਮਨੁੱਖ ਦੀ ਭਲਾਈ ਤੇ ਜੋਰ ਦਿੰਦੀ ਹੈ ।

ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਦਿਹਾੜਾ ਪੂਰੀ ਦੁਨੀਆਂ ਵਿੱਚ ਬੜੀ ਹੀ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ, ਇਸੇ ਲੜੀ ਦੇ ਚੱਲਦਿਆਂ ਸ੍ਰੀ ਗੁਰੂ ਰਵਿਦਾਸ ਸਭਾ ਆਫ਼ ਨਿਊਯਾਰਕ ਵੱਲੋਂ ਵੀ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 645ਵਾਂ ਪ੍ਰਕਾਸ਼ ਪੁਰਬ ਸ੍ਰੀ ਗੁਰੂ ਰਵਿਦਾਸ ਟੈਂਪਲ ਆਫ ਨਿਊਯਾਰਕ ਵਿਖੇ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਗਿਆ।  ਇਸ ਮੌਕੇ ਤੇ ਪੰਥ ਪ੍ਰਸਿੱਧ ਕੀਰਤਨੀ ਜਥਿਆਂ ਵੱਲੋਂ ਕੀਰਤਨ ਰਾਹੀਂ ਸੰਗਤ ਨੂੰ ਰੱਬੀ ਬਾਣੀ ਦੇ ਨਾਲ ਨਿਹਾਲ ਕੀਤਾ।

- Advertisement -

ਗੁਰੂ ਘਰ ਦੀ ਕਮੇਟੀ ਦੇ ਪ੍ਰੈਜ਼ੀਡੈਂਟ ਅਸ਼ੋਕ ਕੁਮਾਰ ਮਾਹੀ ਅਤੇ ਸੈਕਟਰੀ ਸੂਬੇਦਾਰ ਖ਼ੁਸ਼ਿਆ ਸਿੰਘ ਨੇ ਸਾਰਿਆਂ ਨੂੰ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੱਤੀਆਂ। ਇਲਾਕੇ ਦੀ ਸਾਰੀ ਸੰਗਤ ਇਸ ਸਮਾਗਮ ਵਿੱਚ ਸ਼ਾਮਲ ਹੋਣ ਲਈ ਗੁਰੂ ਘਰ ਵਿਖੇ ਨਤਮਸਤਕ ਹੋਏ ਜਿਨ੍ਹਾਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਫੁੱਲਾਂ ਦੀ ਵਰਖਾ ਕਰਕੇ ਉਨ੍ਹਾਂ ਦਾ ਸਤਿਕਾਰ ਕੀ‍ਤਾ ਗਿਆ।

ਇਨ੍ਹਾਂ ਸਮਾਗਮਾਂ  ਦੌਰਾਨ ਸੰਗਤ ਲਈ ਲੰਗਰ ਦਾ ਖਾਸ ਪ੍ਰਬੰਧ ਕੀਤਾ ਗਿਆ। ਪ੍ਰਬੰਧਕਾਂ ਵੱਲੋਂ ਆਪਣੀਆਂ ਡਿਊਟੀਆਂ ਨੂੰ ਤਨਦੇਹੀ ਨਾਲ ਨਿਭਾਇਆ ਗਿਆ।ਸਾਰੀ ਸੰਗਤ ਚ ਵੱਖਰਾ ਹੀ ਉਤਸ਼ਾਹ ਵੇਖਣ ਨੂੰ ਮਿਲਿਆ।

- Advertisement -

ਤੁਹਾਨੂੰ ਦੱਸ ਦਈਏ ਕਿ ਇਸ ਗੁਰੂ ਘਰ ਵੱਲੋਂ ਹਰ ਸਾਲ ਕਰਵਾਇਆ ਜਾਣ ਵਾਲਾ ਸਾਲਾਨਾ ਸਮਾਗਮ ਆਉਣ ਵਾਲੀ 3 ਅਪ੍ਰੈਲ ਨੂੰ ਸੰਗਤ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਜਿਸ ਵਿਚ ਗਿਆਰਾਂ ਅਖੰਡ ਪਾਠਾਂ ਦੀ ਲੜ੍ਹੀ ਦੇ ਭੋਗ ਪਾਏ ਜਾਣਗੇ।

ਸ੍ਰੀ ਗੁਰੂ ਰਵਿਦਾਸ ਸਭਾ ਆਫ਼ ਨਿਊਯਾਰਕ ਦੀ ਕਮੇਟੀ ਵਧਾਈ ਦੀ ਪਾਤਰ ਹੈ ਜੋ ਸਮੇਂ ਸਮੇਂ ਤੇ ਅਜਿਹੇ ਪ੍ਰੋਗਰਾਮ ਕਰਵਾਉਂਦੀ ਰਹਿੰਦੀ ਹੈ । ਜਿਸ ਨਾਲ ਸਾਰੀ ਸੰਗਤ ਪਰਿਵਾਰ ਸਮੇਤ ਗੁਰੂ ਘਰ ਵਿਖੇ ਨਤਮਸਤਕ ਹੁੰਦੀ ਹੈ।  ਨੌਜਵਾਨ ਪੀੜ੍ਹੀ ਅਤੇ ਬੱਚੇ ਸਾਡੇ ਗੁਰੂਆਂ ਦੇ ਇਤਿਹਾਸ ਤੋਂ ਜਾਣੂ ਹੁੰਦੇ ਹਨ।

Share this Article
Leave a comment